March 1, 2016 | By ਸਿੱਖ ਸਿਆਸਤ ਬਿਊਰੋ
ਨਵੀਂ ਦਿੱਲੀ: 1984 ਸਿੱਖ ਕਤਲੇਆਮ ਦੌਰਾਨ ਹਰਿਆਣਾ ਦੇ ਗੁੜਗਾਂਵਾ ਅਤੇ ਰੇਵਾੜੀ ਜਿਲ੍ਹੇ ਵਿਚ ਮਾਰੇ ਗਏ 79 ਸਿੱਖਾਂ ਦੇ ਨਾਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਯਾਦਗਾਰ ’ਤੇ ਉਕੇਰੇ ਜਾਣਗੇ। ਇਸ ਗੱਲ ਦਾ ਭਰੋਸਾ ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਹੋਂਦ ਚਿੱਲੜ ਤਾਲਮੇਲ ਕਮੇਟੀ ਦੇ ਆਗੂਆਂ ਇੰਜੀ. ਮਨਵਿੰਦਰ ਸਿੰਘ ਗਿਆਸਪੁਰਾ ਅਤੇ ਭਾਈ ਦਰਸ਼ਨ ਸਿੰਘ ਘੋਲਿਆ ਦੀ ਅਗਵਾਈ ਹੇਠ ਆਏ ਪੀੜਿਤਾਂ ਦੇ ਵਫ਼ਦ ਨੂੰ ਮੁਲਾਕਾਤ ਦੌਰਾਨ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਦਿੱਤਾ।
ਗਿਆਸਪੁਰਾ ਨੇ ਇਸ ਕਤਲੇਆਮ ਦੀ ਜਾਂਚ ਕਰ ਚੁੱਕੇ ਜਸਟਿਸ ਟੀ.ਪੀ.ਗਰਗ ਵਲੋਂ ਦਿੱਤੀ ਗਈ ਫਾਈਨਲ ਰਿਪੋਰਟ ਤੋਂ ਬਾਅਦ ਪੀੜਿਤਾਂ ਨੂੰ 10 ਕਰੋੜ ਦੀ ਸਹਾਇਤਾ ਰਾਸ਼ੀ ਹਰਿਆਣਾ ਸਰਕਾਰ ਵਲੋਂ ਜਾਰੀ ਕਰਨ ਦੀ ਜੀ.ਕੇ. ਨੂੰ ਜਾਣਕਾਰੀ ਦਿੱਤੀ। ਜਸਟਿਸ ਗਰਗ ਵਲੋਂ ਹਿਸਾਰ ਵਿਖੇ ਕੀਤੀ ਗਈ ਲੰਬੀ ਸੁਣਵਾਈ ਦੌਰਾਨ ਦਿੱਲੀ ਕਮੇਟੀ ਵਲੋਂ ਦਿੱਤੇ ਗਏ ਮਾਲੀ ਅਤੇ ਕਾਨੂੰਨੀ ਸਹਾਇਤਾ ਦੇ ਸਹਿਯੋਗ ਲਈ ਜੀ.ਕੇ. ਦਾ ਵਫ਼ਦ ਨੇ ਧੰਨਵਾਦ ਵੀ ਕੀਤਾ।
ਉਕਤ ਰਿਪੋਰਟ ਦੇ ਆਧਾਰ ’ਚ ਦੋਸ਼ੀ ਦਰਸਾਏ ਗਏ ਪੁਲਿਸ ਅਧਿਕਾਰੀ ਰਾਮ ਕਿਸ਼ੋਰ ਅਤੇ ਰਾਮ ਭੱਜ ਨੂੰ ਸਜ਼ਾਵਾਂ ਦਿਵਾਉਣ ਲਈ ਦਿੱਲੀ ਕਮੇਟੀ ਵੱਲੋਂ ਸਹਿਯੋਗ ਦੇਣ ਦੀ ਵੀ ਵਫ਼ਦ ਵਲੋਂ ਮੰਗ ਕੀਤੀ ਗਈ। ਵਫ਼ਦ ਨੇ ਹੋਂਦ ਚਿੱਲੜ ਵਿਖੇ ਕਤਲ ਹੋਏ 32, ਗੁੜਗਾਂਵਾ ਦੇ 30 ਅਤੇ ਪਟੌਦੀ ਦੇ 17 ਸਿੱਖਾਂ ਦੀ ਸੂਚੀ ਫੋਟੋਆਂ ਸਣੇ ਜੀ.ਕੇ. ਨੂੰ ਸੌਂਪਦੇ ਹੋਏ ਕਮੇਟੀ ਵੱਲੋਂ ਨਵੰਬਰ 1984 ਵਿਚ ਮਾਰੇ ਗਏ ਸਿੱਖਾਂ ਦੀ ਯਾਦ ਵਿਚ ਗੁਰਦੁਆਰਾ ਰਕਾਬ ਗੰਜ ਸਾਹਿਬ ਵਿਖੇ ਬਣ ਰਹੀ ਯਾਦਗਾਰ ’ਤੇ ਉਕਤ ਨਾਵਾਂ ਨੂੰ ਉਕੇਰਨ ਦੀ ਬੇਨਤੀ ਕੀਤੀ।
ਜੀ.ਕੇ. ਨੇ ਯਾਦਗਾਰ ’ਤੇ ਹਰਿਆਣਾ ਦੇ ਉਕਤ 79 ਸਿੱਖਾਂ ਦੇ ਨਾਂ ਉਕੇਰਨ ਦਾ ਵਫ਼ਦ ਨੂੰ ਭਰੋਸਾ ਦਿੰਦੇ ਹੋਏ ਦੋਸ਼ੀ ਪੁਲਿਸ ਅਧਿਕਾਰੀਆਂ ਖਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕਮੇਟੀ ਵਲੋਂ ਕਰਨ ਦਾ ਵੀ ਐਲਾਨ ਕੀਤਾ। ਹਰਿਆਣਾ ਸਰਕਾਰ ਵੱਲੋਂ ਉਕਤ ਕਤਲੇਆਮ ’ਚ ਮਾਰੇ ਗਏ ਸਿੱਖਾਂ ਦੇ ਪਰਿਵਾਰਾਂ ਨੂੰ ਪ੍ਰਤੀ ਸਿੱਖ 20 ਲੱਖ ਰੁਪਏ ਦੀ ਸਹਾਇਤਾ ਰਾਸ਼ੀ ਦਿੱਤੇ ਜਾਣ ਦਾ ਸਵਾਗਤ ਕਰਦੇ ਹੋਏ ਦਿੱਲੀ ਦੇ ਮੁਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਦਿੱਲੀ ਵਿਖੇ ਕਤਲੇਆਮ ਦੌਰਾਨ ਮਾਰੇ ਗਏ ਸਿੱਖਾਂ ਦੇ ਪਰਿਵਾਰਾਂ ਨੂੰ ਦਿੱਲੀ ਸਰਕਾਰ ਵਲੋਂ ਆਪਣੇ ਖਜਾਨੇ ਤੋਂ 20 ਲੱਖ ਰੁਪਏ ਪ੍ਰਤੀ ਸਿੱਖ ਵੱਖਰੀ ਸਹਾਇਤਾ ਰਾਸ਼ੀ ਉਪਲਬੱਧ ਕਰਾਉਣ ਦੀ ਵੀ ਮੰਗ ਕੀਤੀ।
ਮੌਜੂਦਾ ਕੇਂਦਰ ਸਰਕਾਰ ਵਲੋਂ ਇਸ ਮੁੱਦੇ ’ਚ 5 ਲੱਖ ਰੁਪਏ ਪ੍ਰਤੀ ਮ੍ਰਿਤਕ ਜਾਰੀ ਕੀਤੀ ਗਈ ਰਾਸ਼ੀ ਨੂੰ ਜੀ.ਕੇ. ਨੇ ਨਾਕਾਫ਼ੀ ਕਰਾਰ ਦਿੰਦੇ ਹੋਏ ਮੁਆਵਜਾ ਰਾਸ਼ੀ ਤੋਂ ਵੱਧ ਇਨਸਾਫ਼ ਮਿਲਣ ਨੂੰ ਜਰੂਰੀ ਦੱਸਿਆ। ਇਸ ਮੌਕੇ ਕਮੇਟੀ ਦੇ ਜੁਆਇੰਟ ਸਕੱਤਰ ਅਮਰਜੀਤ ਸਿੰਘ ਪੱਪੂ, ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਪਰਮਜੀਤ ਸਿੰਘ ਰਾਣਾ ਅਤੇ ਕਮੇਟੀ ਮੈਂਬਰ ਹਰਵਿੰਦਰ ਸਿੰਘ ਕੇ.ਪੀ., ਪੀੜਿਤ ਮੇਜਰ ਸਿੰਘ ਰੇਵਾੜੀ, ਕੀਰਤਨ ਸਿੰਘ, ਉੱਤਮ ਸਿੰਘ ਅਤੇ ਮਨਜੀਤ ਸਿੰਘ ਮੌਜੂਦ ਸਨ।
Related Topics: DSGMC, Hond Chilar Sikh massacre, Manjit Singh G.K