August 30, 2017 | By ਸਿੱਖ ਸਿਆਸਤ ਬਿਊਰੋ
ਨਵੀਂ ਦਿੱਲੀ: ਸਿੱਕਿਮ ਦੇ ਗੁਰਦੁਆਰਾ ਡਾਂਗਮਾਰ ਸਾਹਿਬ ਨੂੰ ਲੈ ਕੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅੱਜ ਇੱਕ ਵਫ਼ਦ ਨੇ ਕੇਂਦਰੀ ਮੰਤਰੀ ਡਾ. ਜਿਤੇਂਦਰ ਸਿੰਘ ਨਾਲ ਮੁਲਾਕਾਤ ਕੀਤੀ। ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ., ਕਮੇਟੀ ਮੈਂਬਰ ਪਰਮਜੀਤ ਸਿੰਘ ਰਾਣਾ ਅਤੇ ਭਾਰਤੀ ਜਨਤਾ ਪਾਰਟੀ ਦੇ ਕੌਮੀ ਸਕੱਤਰ ਆਰ.ਪੀ.ਸਿੰਘ ਦੀ ਉੱਤਰ ਪੂਰਬੀ ਸੂਬਿਆਂ ਦੇ ਮਾਮਲਿਆਂ ਦੇ ਮੰਤਰੀ ਨਾਲ ਹੋਈ ਮੁਲਾਕਾਤ ਦੌਰਾਨ ਸਿੱਕਿਮ ਸਰਕਾਰ ਦੇ ਦਿੱਲੀ ਵਿਖੇ ਰੈਜ਼ੀਡੈਂਟ ਕਮਿਸ਼ਨਰ ਵੀ ਮੌਜੂਦ ਸਨ।
ਜੀ.ਕੇ. ਨੇ ਜਿਤੇਂਦਰ ਸਿੰਘ ਨੂੰ ਸੁਪਰੀਮ ਕੋਰਟ ਵੱਲੋਂ ਗੁਰਦੁਆਰਾ ਸਾਹਿਬ ਦੀ ਮੌਜੂਦਾ ਹਾਲਾਤ ਨੂੰ ਬਰਕਰਾਰ ਰੱਖਣ ਦੇ ਦਿੱਤੇ ਗਏ ਫੈਸਲੇ ਦਾ ਹਵਾਲਾ ਦਿੰਦੇ ਹੋਏ ਇਸ ਮਸਲੇ ’ਤੇ ਸਿੱਕਿਮ ਦੇ ਮੁਖ ਮੰਤਰੀ ਪਵਨ ਚਾਂਮਲਿੰਗ ਨਾਲ ਮੁਲਾਕਾਤ ਕਰਨ ਦੀ ਇੱਛਾ ਪ੍ਰਗਟਾਈ। ਜੀ.ਕੇ. ਨੇ ਕਿਹਾ ਕਿ ਸਮੁੰਦਰ ਤਲ ਤੋਂ 17,500 ਫੁੱਟ ਦੀ ਉੱਚਾਈ ’ਤੇ ਗੁਰੂ ਨਾਨਕ ਸਾਹਿਬ ਦੀ ਪਵਿੱਤਰ ਛੋਹ ਪ੍ਰਾਪਤ ਉਕਤ ਗੁਰਦੁਆਰਾ ਸਾਹਿਬ ਨੇੜੇ ਸਿੱਖ ਬੇਸ਼ਕ ਘੱਟ ਰਹਿੰਦੇ ਹਨ ਪਰ ਸੰਸਾਰ ਭਰ ਵਿਚ ਵਸਦੇ ਸਿੱਖਾਂ ਦੀ ਭਾਵਨਾ ਹੈ ਕਿ ਗੁਰਦੁਆਰਾ ਸਾਹਿਬ ਦੀ ਹੋਂਦ ਹਰ ਹਾਲਾਤ ’ਚ ਬਰਕਰਾਰ ਰਹਿਣੀ ਚਾਹੀਦੀ ਹੈ।
ਗੁਰਦੁਆਰਾ ਸਾਹਿਬ ਵਾਲੀ ਥਾਂ ਦੇ ਚੀਨ ਸਰਹੱਦ ਦੇ ਨੇੜੇ ਹੋਣ ਕਰਕੇ ਆਮ ਨਾਗਰਿਕਾਂ ਲਈ ਬਿਨਾਂ ਮਨਜ਼ੂਰੀ ਉਕਤ ਥਾਂ ’ਤੇ ਜਾਣ ਦੀ ਪਾਬੰਦੀ ਹੈ। ਜੀ.ਕੇ. ਨੇ ਇਸ ਮਸਲੇ ’ਤੇ ਸਥਾਨਕ ਲਾਮਾਵਾਂ ਦੇ ਨਾਲ ਹੀ ਦਲਾਈਲਾਮਾ ਦੇ ਨਾਲ ਵੀ ਮੁਲਾਕਾਤ ਕਰਨ ਦੀ ਗੱਲ ਕਹੀ।
ਦਿੱਲੀ ਕਮੇਟੀ ਵਲੋਂ ਜਾਰੀ ਪ੍ਰੈਸ ਬਿਆਨ ਮੁਤਾਬਕ 1991 ’ਚ ਸਿੱਕਿਮ ਸਰਕਾਰ ਵੱਲੋਂ ਗੁਰੂ ਡਾਂਗਮਾਰ ਝੀਲ ’ਤੇ ਬਣੇ ਧਾਰਮਿਕ ਸਥਾਨਾਂ ਨੂੰ ਸਰਬ ਧਰਮ ਥਾਂ ਵੱਜੋਂ ਮਾਨਤਾ ਦਿੱਤੀ ਗਈ ਸੀ।
ਸਬੰਧਤ ਖ਼ਬਰ:
ਗੁ: ਡਾਂਗਮਾਰ (ਸਿੱਕਮ) ਦੀ ਹੋਂਦ ਨੂੰ ਬਚਾਉਣ ਲਈ ਦਿੱਲੀ ਕਮੇਟੀ ਪੂਰੀ ਕੋਸ਼ਿਸ਼ ਕਰੇਗੀ: ਮਨਜੀਤ ਸਿੰਘ ਜੀਕੇ …
Related Topics: DSGMC, Gurduara Dangmar Sahib Sikkim, Manjit Singh GK, North East, Sikhs in Sikkim, Sikkim