ਖਾਸ ਖਬਰਾਂ » ਪੰਜਾਬ ਦੀ ਰਾਜਨੀਤੀ

ਆਖਿਰਕਾਰ ਮੁੱਖ ਮੰਤਰੀ ਪੰਜਾਬ ਨੇ ਮੰਨਿਆ ਕਿ ਹਾਲੀਆ ਮੌਤਾਂ ਨਸ਼ੇ ਕਾਰਨ ਹੀ ਹੋਈਆਂ ਨੇ

July 4, 2018 | By

ਚੰਡੀਗੜ੍ਹ: ਲੱਗਦਾ ਹੈ ਕਿ ‘ਮਰੋ ਜਾਂ ਵਿਰੋਧ ਕਰੋ’ ਦੇ ਨਾਅਰੇ ਹੇਠ ਚਲਾਈ ਜਾ ਰਹੀ “ਚਿੱਟੇ ਖਿਲਾਫ ਕਾਲਾ ਹਫਤਾ’ ਮੁਹਿੰਮ ਦਾ ਪੰਜਾਬ ਸਰਕਾਰ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ‘ਤੇ ਕੁਝ ਤਾਂ ਅਸਰ ਹੋਇਆ ਹੈ। ਬੀਤੇ ਦਿਨ (4 ਜੁਲਾਈ ਨੂੰ) ਮੁਹਿੰਮ ਦੇ ਮੂਹਰੀ ਸੰਚਾਲਕਾਂ ਨਾਲ ਚੰਡੀਗੜ੍ਹ ਵਿਖੇ ਮੁਲਾਕਾਤ ਕਰਨ ਤੋਂ ਬਾਅਦ ਅਮਰਿੰਦਰ ਸਿੰਘ ਨੇ ਸੂਬੇ ਵਿੱਚ ਹਾਲੀਆ ਦਿਨਾਂ ਦੌਰਾਨ ਨਸ਼ੇ ਕਾਰਨ ਹੋਈਆਂ ਮੌਤਾਂ ਦੀ ਜਾਂਚ ਦੇ ਹੁਕਮ ਜਾਰੀ ਕੀਤੇ ਹਨ।
ਮੁੱਖ ਮੰਤਰੀ ਪੰਜਾਬ ਦੇ ਦਫਤਰ ਵੱਲੋਂ ਜਾਰੀ ਕੀਤੇ ਗਏ ਬਿਆਨ ਤੋਂ ਸਾਫ ਹੈ ਕਿ ਘੱਟੋ-ਘੱਟ ਹੁਣ ਮੁੱਖ ਮੰਤਰੀ ਨੇ ਇਹ ਤਾਂ ਮੰਨ ਲਿਆ ਹੈ ਕਿ ਇਨ੍ਹਾਂ ਮੌਤਾਂ ਪਿਛਲਾ ਕਾਰਨ ਨਸ਼ਾ ਹੀ ਹੈ ਨਹੀਂ ਤੇ ਪਹਿਲਾਂ ਤਾਂ ਪੰਜਾਬ ਸਰਕਾਰ ਇਸ ਗੱਲ ਤੋਂ ਵੀ ਮੁੱਕਰ ਰਹੀ ਸੀ।
ਜਦੋਂ ਨਸ਼ੇ ਕਾਰਨ ਸੂਬੇ ਭਰ ਵਿੱਚ ਮੌਤਾਂ ਹੋਣ ਦੀਆਂ ਖਬਰਾਂ ਆਉਣੀਆਂ ਸ਼ੁਰੂ ਹੋਈਆਂ ਤਾਂ ਕਈ ਦਿਨ ਮੁੱਖ ਮੰਤਰੀ ਨੇ ਮੂੰਹ ਵਿੱਚ ਘੁੰਗਣੀਆਂ ਪਾਈ ਰੱਖੀਆਂ। ਫਿਰ ਜਦੋਂ ਇਸ ਮਾਮਲੇ ਵਿੱਚ ਸਰਕਾਰ ਦੀ ਬਦਖੋਹੀ ਹੋਣ ਲੱਗੀ ਤਾਂ ਇਹ ਬਿਆਨ ਦਿੱਤਾ ਕਿ ਇਹ ਮੌਤਾਂ ਨਸ਼ੇ ਕਾਰਨ ਨਹੀਂ ਹੋਈਆਂ ਬਲਕਿ ਪੀੜਤਾਂ ਵੱਲੋਂ ਨਸ਼ਾ ਛੁਡਾਉਣ ਵਾਲੀ ਦਵਾਈ ਘੋਲ ਕੇ ਟੀਕੇ ਲਾਉਣ ਨਾਲ ਹੋਈਆਂ ਹਨ। ਹਾਲੀ ਦੋ-ਤਿੰਨ ਦਿਨ ਪਹਿਲਾਂ ਹੀ ਪੰਜਾਬ ਕਾਂਗਰਸ ਦੇ ਆਗੂ ਸੁਨੀਲ ਜਖੜ ਨੇ ਵੀ ਇਹੀ ਗੱਲ ਦਹੁਰਾਈ ਸੀ। ਪਰ ਬੀਤੇ ਕੱਲ ਜਾਰੀ ਬਿਆਨ ਵਿੱਚ ਮੁੱਖ ਮੰਤਰੀ ਨੇ ਇਹ ਤਾਂ ਮੰਨ ਲਿਆ ਹੈ ਕਿ ਇਨ੍ਹਾਂ ਮੌਤਾਂ ਦਾ ਕਾਰਨ ਨਸ਼ਾ ਹੀ ਹੈ।
ਮੁੱਖ ਮੰਤਰੀ ਦਫਤਰ ਮੁਤਾਬਕ ਕੈਪਟਨ ਅਮਰਿੰਦਰ ਸਿੰਘ ਨੂੰ ਮਿਲਣ ਵਾਲਿਆਂ ਵਿੱਚ ਬਲਤੇਜ ਪੰਨੂ, ਡਾ. ਭੁਪਿੰਦਰ ਸਿੰਘ, ਹਾਕਮ ਸਿੰਘ ਅਤੇ ਬਲਜਿੰਦਰ ਸਿੰਘ ਉਰਫ ਮਿੰਟੂ ਗੁਰੂਸਰੀਆ ਸ਼ਾਮਲ ਸਨ।
ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਮੁੱਖ ਮੰਤਰੀ “ਨਸ਼ਿਆਂ ਖਿਲਾਫ ਜੰਗ” ਦੇ ਹਾਲਾਤ ਬਾਰੇ ਹਰ ਸੋਮਵਾਰ 3 ਵਜੇ ਆਪ ਜਾਇਜ਼ਾ ਲਿਆ ਕਰੇਗਾ।
ਭਾਵੇਂ ਕਿ ਮੁੱਖ ਮੰਤਰੀ ਨੂੰ ਮਿਲ ਕੇ ਆਉਣ ਵਾਲੇ ਕਾਰਕੁੰਨਾਂ ਨੇ ਫੁੇਸਬੁੱਕ ਦੇ ਸਿੱਧੇ ਪਰਸਾਰਣ ਵਿੱਚ ਦੱਸਿਆ ਕਿ ਉਨ੍ਹਾਂ ਸਾਰੀਆਂ ਪਾਰਟੀਆਂ ਦੇ ਸਿਆਸੀ ਆਗੂਆਂ ਵੱਲੋਂ ਨਸ਼ਿਆਂ ਦੇ ਕਾਰੋਬਾਰ ਵਿੱਚ ਸ਼ਾਮਲ ਹੋਣ ਦਾ ਮੁੱਦਾ ਵੀ ਮੁੱਖ ਮੰਤਰੀ ਨਾਲ ਚੁੱਕਿਆ ਸੀ ਪਰ ਸਰਕਾਰੀ ਬਿਆਨ ਵਿੱਚ ਇਸ ਗੱਲ ਦਾ ਜ਼ਿਕਰ ਨਹੀਂ ਆਇਆ ਤੇ ਇਸ ਬਿਆਨ ਵਿੱਚ ਸਿਰਫ ਇਹੀ ਕਿਹਾ ਗਿਆ ਹੈ ਕਿ: “ਇਨ੍ਹਾਂ ਕਾਰਕੁੰਨਾਂ ਨੇ ਇਸ ਸਬੰਧ ਵਿਚ ਅਕਾਲੀਆਂ ‘ਤੇ ਦੋਸ਼ ਮੜ੍ਹਿਆ ਜਿਨ੍ਹਾਂ ਨੇ ਨੌਜਵਾਨਾਂ ਦੀ ਊਰਜਾ ਨੂੰ ਸਹੀ ਪਾਸੇ ਲਾਉਣ ਲਈ ਕੁਝ ਵੀ ਨਹੀਂ ਕੀਤਾ | ਉਨ੍ਹਾਂ ਕਿਹਾ ਕਿ ਪਿਛਲੀ ਅਕਾਲੀ ਸਰਕਾਰ ਨੇ ਖੇਡਾਂ ਅਤੇ ਹੋਰ ਸਰਗਰਮੀਆਂ ਵਿਚ ਫੰਡਾਂ ਨੂੰ ਘਟਾ ਦਿੱਤਾ ਜਿਸ ਨਾਲ ਇਨ੍ਹਾਂ ਨੌਜਵਾਨਾਂ ਨੂੰ ਰੁਝੇਵੇਂ ਵਿਚ ਰੱਖਿਆ ਜਾ ਸਕਦਾ ਸੀ ਅਤੇ ਉਸ ਨੇ ਇਨ੍ਹਾਂ ਨੌਜਵਾਨਾਂ ਨੂੰ ਨਸ਼ਿਆਂ ਵੱਲ ਜਾਣ ਲਈ ਖੁੱਲਾ ਛੱਡ ਦਿੱਤਾ “|
ਚਿੱਟੇ ਖਿਲਾਫ ਕਾਲਾ ਹਫਤਾ ਮੁਹਿੰਮ ਦੇ ਸੰਚਾਲਕਾਂ ਵੱਲੋਂ ਮੁੱਖ ਮੰਤਰੀ ਨੂੰ ਦਿੱਤੀ ਗਈ ਚਿੱਠੀ ਦੀ ਨਕਲ ਪਾਠਕ ਹੇਠਾਂ ਪੜ੍ਹ ਸਕਦੇ ਹਨ:

Download (PDF, 339KB)

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: ,