June 28, 2017 | By ਸਿੱਖ ਸਿਆਸਤ ਬਿਊਰੋ
ਚੰਡੀਗੜ੍ਹ: ਨਸ਼ੇ ਦੇ ਕਾਰੋਬਾਰ ‘ਚ ਜੁੜੇ ਪੰਜਾਬ ਪੁਲਿਸ ਦੇ ਇੰਸਪੈਕਟਰ ਇੰਦਰਜੀਤ ਸਿੰਘ ਦੇ ਮਾਮਲੇ ਵਿੱਚ ਦੋ ਉੱਚ ਪੁਲਿਸ ਅਧਿਕਾਰੀਆਂ ਦੇ ਨਾਮ ਆਉਣ ਦੀ ਚਰਚਾ ਮੀਡੀਆ ‘ਚ ਚੱਲ ਰਹੀ ਹੈ। ਮੀਡੀਆ ਰਿਪੋਰਟਾਂ ਮੁਤਾਬਕ ਇੱਕ ਸੀਨੀਅਰ ਅਧਿਕਾਰੀ ਨੇ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ ’ਤੇ ਦੱਸਿਆ ਕਿ ਇੱਕ ਵਿਸ਼ੇਸ਼ ਮੀਟਿੰਗ ਦੌਰਾਨ ਸਪੈਸ਼ਲ ਟਾਸਕ ਫੋਰਸ (ਐਸਟੀਐਫ) ਦੇ ਮੁਖੀ ਹਰਪ੍ਰੀਤ ਸਿੰਘ ਸਿੱਧੂ ਵੱਲੋਂ ਅਕਸਰ ਵਿਵਾਦਾਂ ’ਚ ਘਿਰੇ ਰਹਿਣ ਵਾਲੇ ਪੁਲਿਸ ਦੇ ਇੱਕ ਆਈਜੀ, ਇੱਕ ਡੀਆਈਜੀ ਤੇ ਹੋਰਨਾਂ ਅਫ਼ਸਰਾਂ ਸਮੇਤ ਅੱਧੀ ਦਰਜਨ ਤੋਂ ਵੱਧ ਪੁਲਿਸ ਅਧਿਕਾਰੀਆਂ ਵੱਲੋਂ ਇੰਦਰਜੀਤ ਸਿੰਘ ਦੀ ਪੁਸ਼ਤਪਨਾਹੀ ਕਰਨ ਦੇ ਤੱਥ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸਾਹਮਣੇ ਰੱਖ ਦਿੱਤੇ ਹਨ। ਮੀਟਿੰਗ ਵਿੱਚ ਵਧੀਕ ਮੁੱਖ ਸਕੱਤਰ (ਗ੍ਰਹਿ) ਨਿਰਮਲਜੀਤ ਸਿੰਘ ਕਲਸੀ ਅਤੇ ਮੁੱਖ ਮੰਤਰੀ ਦਫ਼ਤਰ ਦੇ ਕੁਝ ਅਧਿਕਾਰੀ ਵੀ ਸ਼ਾਮਲ ਸਨ। ਐਸਟੀਐਫ ਵੱਲੋਂ ਇੰਦਰਜੀਤ ਸਿੰਘ ਦੀ ਤਫ਼ਤੀਸ਼ ਦੇ ਅਧਾਰ ’ਤੇ ਕੀਤੇ ਖ਼ੁਲਾਸਿਆਂ ਕਾਰਨ ਪੁਲਿਸ ’ਚ ਘਬਰਾਹਟ ਫੈਲੀ ਹੋਈ ਹੈ। ਸ਼ੱਕੀ ਕਿਰਦਾਰ ਵਾਲੇ ਪੁਲਿਸ ਅਫ਼ਸਰਾਂ ਵੱਲੋਂ ਆਪਣੀ ਚਮੜੀ ਬਚਾਉਣ ਲਈ ਭੱਜ-ਨੱਠ ਕੀਤੀ ਜਾਣ ਲੱਗੀ ਹੈ। ਐਸਟੀਐਫ ਦੇ ਅਧਿਕਾਰੀਆਂ ਵੱਲੋਂ ਭਾਵੇਂ ਮੋਗਾ ਦੇ ਐਸਐਸਪੀ ਰਾਜਜੀਤ ਸਿੰਘ ਹੁੰਦਲ ਤੋਂ ਪੁੱਛ-ਗਿੱਛ ਕੀਤੀ ਜਾ ਚੁੱਕੀ ਹੈ ਪਰ ਹੋਰਨਾਂ ਅਧਿਕਾਰੀਆਂ ਵਿਰੁਧ ਕਾਰਵਾਈ ਲਈ ਮੁੱਖ ਮੰਤਰੀ ਦੇ ਇਸ਼ਾਰੇ ਦੀ ਉਡੀਕ ਕੀਤੀ ਜਾ ਰਹੀ ਹੈ।
ਸੂਤਰਾਂ ਮੁਤਾਬਕ ਦੋ ਸੀਨੀਅਰ ਪੁਲਿਸ ਅਧਿਕਾਰੀਆਂ ਵੱਲੋਂ ਇੰਦਰਜੀਤ ਸਿੰਘ ਅਤੇ ਉਸ ਦੇ ਸਾਥੀ ਪੁਲਿਸ ਅਧਿਕਾਰੀਆਂ ਨੂੰ ਬਚਾਉਣ ਲਈ ਮੁੱਖ ਮੰਤਰੀ ਤੱਕ ਲਗਾਤਾਰ ਪਹੁੰਚ ਕੀਤੀ ਜਾ ਰਹੀ ਹੈ। ਇਨ੍ਹਾਂ ਪੁਲਿਸ ਅਧਿਕਾਰੀਆਂ ਨੇ ਕੈਪਟਨ ਅਮਰਿੰਦਰ ਸਿੰਘ ਅੱਗੇ ‘ਦੁਹਾਈ’ ਪਾਈ ਹੈ ਕਿ ਇੰਦਰਜੀਤ ਸਿੰਘ ਦੇ ਮਾਮਲੇ ਵਿੱਚ ਜੇਕਰ ਪੁਲਿਸ ਅਫ਼ਸਰਾਂ ਦੀਆਂ ਕਰਤੂਤਾਂ ਨੂੰ ਜਨਤਕ ਕੀਤਾ ਗਿਆ ਤਾਂ ਸਾਰੀ ਪੁਲਿਸ ਵਿੱਚ ਨਿਰਾਸ਼ਾ ਫੈਲ ਜਾਵੇਗੀ। ਸੂਤਰਾਂ ਅਨੁਸਾਰ ਪੁਲਿਸ ਅਧਿਕਾਰੀਆਂ ਦੇ ਕੇਸ ਦੀ ਪੈਰਵੀ ਕਰਨ ਵਾਲੇ ਅਧਿਕਾਰੀਆਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਨੇ ਉਨ੍ਹਾਂ ਦੀ ਝਾੜ-ਝੰਬ ਵੀ ਕੀਤੀ ਹੈ। ਸੀਨੀਅਰ ਅਧਿਕਾਰੀਆਂ ਨੇ ਦੱਸਿਆ ਕਿ ਇੰਦਰਜੀਤ ਦੇ ਸਾਥੀਆਂ ਦੀ ਹਮਾਇਤ ’ਚ ਉਤਰੇ ਦੋ ਸੀਨੀਅਰ ਪੁਲਿਸ ਅਧਿਕਾਰੀਆਂ ਨੂੰ ਮੁੱਖ ਮੰਤਰੀ ਨੇ ਸਪੱਸ਼ਟ ਕੀਤਾ ਹੈ ਕਿ ਐਸਟੀਐਫ ਅਧਿਕਾਰੀਆਂ ਵੱਲੋਂ ਠੀਕ ਦਿਸ਼ਾ ਵਿੱਚ ਕਾਰਵਾਈ ਕੀਤੀ ਜਾ ਰਹੀ ਹੈ। ਮੁੱਖ ਮੰਤਰੀ ਨੇ ਐਸਟੀਐਫ ਦੇ ਅਧਿਕਾਰੀਆਂ ਨੂੰ ਪੁਲਿਸ ਅਫ਼ਸਰਾਂ ਦੀ ਸ਼ਮੂਲੀਅਤ ਦੇ ਤੱਥ ਇਕੱਤਰ ਕਰਨ ਲਈ ਤਾਂ ਆਖ ਦਿੱਤਾ ਹੈ ਪਰ ਕਾਰਵਾਈ ਦਾ ਅਧਿਕਾਰ ਆਪਣੇ ਕੋਲ ਰਾਖਵਾਂ ਰੱਖਿਆ ਹੋਇਆ ਹੈ।
ਮੀਡੀਆ ਰਿਪੋਰਟਾਂ ਮੁਤਾਬਕ ਪੁਲਿਸ ਸੂਤਰਾਂ ਦਾ ਦੱਸਣਾ ਹੈ ਕਿ ਐਸਟੀਐਫ ਦੀਆਂ ਗਤੀਵਿਧੀਆਂ ਕਾਰਨ ਕਈ ਸੀਨੀਅਰ ਪੁਲਿਸ ਅਧਿਕਾਰੀਆਂ ’ਚ ਆਪਣੇ ਰਾਜ਼ ਖੁੱਲ੍ਹਣ ਦਾ ਡਰ ਪਾਇਆ ਜਾ ਰਿਹਾ ਹੈ। ਪੁਲੀਸ ਅਧਿਕਾਰੀਆਂ ਵੱਲੋਂ ਐਸਟੀਐਫ ਦੇ ਕੰਮਾਂ ’ਚ ਰੁਕਾਵਟ ਖੜ੍ਹੀ ਕਰਨ ਦੇ ਯਤਨ ਵੀ ਕੀਤੇ ਜਾ ਰਹੇ ਹਨ। ਸੀਨੀਅਰ ਪ੍ਰਸ਼ਾਸਕੀ ਅਧਿਕਾਰੀਆਂ ਨੇ ਪੁਲੀਸ ਅਧਿਕਾਰੀਆਂ ਦਰਮਿਆਨ ਚੱਲ ਰਹੀ ਇਸ ਖਹਿਬਾਜ਼ੀ ਦਾ ਸਾਰਾ ਮਾਮਲਾ ਮੁੱਖ ਮੰਤਰੀ ਦੇ ਧਿਆਨ ’ਚ ਲਿਆ ਦਿੱਤਾ ਹੈ। ਕੈਪਟਨ ਅਮਰਿੰਦਰ ਸਿੰਘ ਦੇ ਭਲਕ ਤੱਕ ਚੰਡੀਗੜ੍ਹ ਵਾਪਸ ਆਉਣ ਦੀ ਉਮੀਦ ਹੈ। ਸੂਤਰਾਂ ਅਨੁਸਾਰ ਮੁੱਖ ਮੰਤਰੀ ਦਫ਼ਤਰ ਦੇ ਅਧਿਕਾਰੀਆਂ ਤੇ ਐਸਟੀਐਫ ਨਾਲ ਜੁੜੇ ਪੁਲਿਸ ਅਫ਼ਸਰਾਂ ਵੱਲੋਂ ਮੁੱਖ ਮੰਤਰੀ ਨਾਲ ਮੀਟਿੰਗ ਕੀਤੀ ਜਾਵੇਗੀ ਅਤੇ ਦਿਸ਼ਾ ਨਿਰਦੇਸ਼ ਲਏ ਜਾ ਸਕਦੇ ਹਨ। ਮੁੱਖ ਮੰਤਰੀ ਵਿਧਾਨ ਸਭਾ ਸੈਸ਼ਨ ਤੋਂ ਬਾਅਦ ਹਿਮਾਚਲ ਪ੍ਰਦੇਸ਼ ਚਲੇ ਗਏ ਸਨ ਤੇ ਮੀਰਾ ਕੁਮਾਰ ਵੱਲੋਂ ਨਾਮਜ਼ਦਗੀ ਕਾਗਜ਼ ਭਰਨ ਤੋਂ ਬਾਅਦ ਹੀ ਚੰਡੀਗੜ੍ਹ ਪਰਤਣਗੇ।
ਸਬੰਧਤ ਖ਼ਬਰ:
ਸਿੱਖ ਨੌਜਵਾਨਾਂ ਨੂੰ ਮਾਰ ਮੁਕਾਉਣ ਲਈ ਅਪਣਾਏ ਗਏ ਕੈਟ ਸਿਸਟਮ ਦਾ ਹਿੱਸਾ ਰਿਹੈ ਇੰਦਰਜੀਤ ਸਿੰਘ? …
Related Topics: Drugs Abuse and Drugs Trafficking in Punjab, inspector inderjit singh, Punjab Police, Punjab Politics