South Asian Language And Culture Centre ਦੱਖਣੀ ਏਸ਼ੀਆ ਭਾਖਾ ਅਤੇ ਸੱਭਿਆਚਾਰ ਕੇਂਦਰ ਦਾ ਉਦੇਸ਼ ਗੁਰਮੁਖੀ ਲਿਪੀ ਅਤੇ ਸਿੱਖ ਸੱਭਿਆਚਾਰ ਦੀ ਸ਼ਾਨ ਬੁਲੰਦ ਕਰਨ ਦੇ ਨਾਲ-ਨਾਲ ਦੱਖਣੀ ਏਸ਼ੀਆ ਦੀਆਂ ਬੋਲੀਆਂ ਅਤੇ ਸੱਭਿਆਚਾਰਾਂ ਸਬੰਧੀ ਵਿਚਾਰ-ਵਟਾਂਦਰੇ ਨਾਲ ਦੱਖਣੀ ਏਸ਼ੀਆ ਦੇ ਵੱਖੋ-ਵੱਖਰੇ ਸਮਾਜਾਂ ਵਿਚ ਸਾਂਝ ਅਤੇ ਸਹਿਹੋਂਦ ਦਾ ਪਸਾਰਾ ਕਰਨਾ ਹੈ। ਇਸ ਉਦੇਸ਼ ਨੂੰ ਸਰ ਕਰਨ ਹਿਤ ਬੋਲੀਆਂ ਅਤੇ ਸੱਭਿਆਚਾਰਕ ਭਿੰਨਤਾਵਾਂ ਦੇ ਹੱਕ-ਹਕੂਕ ਦੀ ਰਾਖੀ ਵਾਸਤੇ ਹੋਈ ਖੋਜ ਨੂੰ ਛਾਪਣਾ ਇਸ ਕੇਂਦਰ ਦਾ ਮੁੱਖ ਕਾਰਜ ਹੈ। ਬਸਤੀਵਾਦੀ ਅਤੇ ਰਾਸ਼ਟਰਵਾਦੀ ਰਾਜਨੀਤਕ ਢਾਂਚਿਆਂ ਵਿਚ ਇਕ ਖਾਸ ਕਿਸਮ ਦਾ ਭਾਖਾਈ ਸਾਮਰਾਜਵਾਦ ਉਭਰ ਕੇ ਸਾਹਮਣੇ ਆਇਆ ਹੈ ਜਿਸ ਨਾਲ ਦੁਨੀਆ ਭਰ ਦੀਆਂ ਅਨੇਕਾਂ ਬੋਲੀਆਂ ਖਤਮ ਹੋ ਚੁੱਕੀਆਂ ਹਨ ਅਤੇ ਕਿੰਨੀਆਂ ਦੀ ਹੋਂਦ ਖਤਰੇ ਵਿਚ ਹੈ। ਇਸ ਦੌਰਾਨ ਦੱਖਣੀ ਏਸ਼ੀਆ ਵਿਚ ਅੰਗਰੇਜੀ, ਹਿੰਦੀ ਅਤੇ ਉਰਦੂ ਹਕੂਮਤੀ ਅਤੇ ਤਾਕਤ ਦੀ ਸਰਪ੍ਰਸਤੀ ਨਾਲ ਕਾਤਲ ਬੋਲੀਆਂ ਬਣ ਕੇ ਉਭਰੀਆਂ ਹਨ ਜਿਨ੍ਹਾਂ ਦੀ ਕਾਤਲਾਨਾ ਕਵਾਇਦ ਦੱਖਣੀ ਏਸ਼ੀਆ ਵਿੱਚ ਹੁਣ ਵੀ ਪੂਰੇ ਜੋਰ ਨਾਲ ਜਾਰੀ ਹੈ। ਪੰਜਾਬੀ ਇੱਕ ਅਜਿਹੀ ਬੋਲੀ ਹੈ ਜਿਸ ਉਪਰ ਇਨ੍ਹਾਂ ਤਿੰਨਾਂ ਹਕੂਮਤੀ ਬੋਲੀਆਂ ਦੇ ਕਾਤਲਾਨਾ ਹਮਲੇ ਹੋਏ ਹਨ। ਪੰਜਾਬੀ ਮਨ ਉਪਰ ਅੰਗਰੇਜੀ ਦਾ ਲੰਮੇ ਅਰਸੇ ਤੋਂ ਡੂੰਘਾ ਅਸਰ ਹੋਇਆ ਹੈ। ਇਹ ਅਸਰ ਅਜੇ ਘੱਟ ਨਹੀਂ ਸੀ ਹੋਇਆ ਕਿ ਨਾਲ ਹੀ ਹਿੰਦੀ ਦਾ ਬਹੁਤ ਤਾਕਤਵਰ ਹਮਲਾ ਸ਼ੁਰੂ ਹੋ ਗਿਆ। ਇਸ ਨਾਲ ਪੰਜਾਬੀ ਬੁਲਾਰਿਆਂ ਦੀ ਵਿੱਦਿਆ, ਗਿਆਨ ਅਤੇ ਪਰੰਪਰਾ ਨਾਲ ਸਾਂਝ ਦੇ ਹੱਕ ਮਾਰੇ ਗਏ ਜਿਸ ਨਾਲ ਪੰਜਾਬ ਦੀਆਂ ਨਵੀਆਂ ਪੀੜ੍ਹੀਆਂ ਪੰਜਾਬੀ ਤੋਂ ਘੱਟ ਜਾਂ ਵੱਧ ਦੂਰ ਹੋਣ ਲੱਗੀਆਂ।
ਕਿਤਾਬ ਮੰਗਵਾਉਣ ਦੇ ਲਈ ਸੁਨੇਹਾ ਭੇਜੋ
ਡਾ. ਜੋਗਾ ਸਿੰਘ ਨੇ ਪੰਜਾਬੀ ਬੋਲੀ ਅਤੇ ਇਸ ਵਰਗੀਆਂ ਦੱਖਣੀ ਏਸ਼ੀਆ ਦੀਆਂ ਹੋਰ ਬੋਲੀਆਂ ਦੇ ਦਰਦ ਨੂੰ ਗੰਭੀਰਤਾ ਨਾਲ ਸਮਝਿਆ ਹੈ ਅਤੇ ਇਸ ਉਪਰ ਆਪਣੀ ਜੋਰਦਾਰ ਰਾਏ ਦਰਜ ਕੀਤੀ ਹੈ। ਹਥਲਾ ਦਸਤਾਵੇਜ ਬੋਲੀਆਂ ਉਪਰ ਮੰਡਰਾ ਰਹੇ ਭਾਖਾਈ ਸਾਮਰਾਜ ਦੇ ਖਤਰੇ ਬਾਬਤ ਉਨ੍ਹਾਂ ਦੀ ਕੌਮਾਂਤਰੀ ਪੱਧਰ ਦੀ ਭਰਪੂਰ ਖੋਜ ਦਾ ਸਿੱਟਾ ਹੈ। ਵਰਤਮਾਨ ਭਾਖਾਵਿਗਿਆਨਕ ਖੋਜਾਂ ਨੇ ਸਿੱਧ ਕੀਤਾ ਹੈ ਕਿ ਸਿੱਖਿਆ ਸਕੂਲ ਤੋਂ ਆਰੰਭ ਨਹੀਂ ਹੁੰਦੀ ਬਲਕਿ ਸਰੀਰਕ ਤੌਰ ‘ਤੇ ਇਹ ਮਾਂ ਦੇ ਗਰਭ ਵਿੱਚੋਂ ਹੀ ਆਰੰਭ ਹੋ ਜਾਂਦੀ ਹੈ। ਵਿਰਾਸਤੀ ਤੌਰ ਤੇ ਤਾਂ ਇਹ ਪੀੜ੍ਹੀਆਂ ਪੁਰਾਣੀ ਹੁੰਦੀ ਹੈ। ਹਥਲਾ ਦਸਤਾਵੇਜ ਜਿਥੇ ਬੋਲੀ ਦੇ ਸਾਰੇ ਖੇਤਰਾਂ ਵਿਚ ਮਾਂ-ਬੋਲੀ ਦੀ ਲੋੜ ਤੇ ਜੋਰ ਦਿੰਦਾ ਹੈ ਉਥੇ ਇਸ ਦਾ ਅਹਿਮ ਤਰਕ ਇਹ ਹੈ ਕਿ ਜੇ ਵਿੱਦਿਆ ਕਿਸੇ ਹੋਰ ਬੋਲੀ ਵਿੱਚ ਸ਼ੁਰੂ ਕੀਤੀ ਤਾਂ ਸਕੂਲ ਤੋਂ ਪਹਿਲਾਂ ਦਾ ਸਾਰਾ ਗਿਆਨ ਜਾਇਆ ਹੋ ਜਾਂਦਾ ਹੈ ਅਤੇ ਉਲਟਾ ਬੱਚੇ ਦੀ ਦਿਸ਼ਾ ਬਦਲ ਜਾਂਦੀ ਹੈ। ਪਰਾਈ ਬੋਲੀ ਵਿਚ ਵਿੱਦਿਆ ਨਸ਼ੇ, ਸਮਾਜਿਕ ਗੜਬੜ, ਮਾਨਸਿਕ ਪ੍ਰੇਸ਼ਾਨੀ, ਸ਼ਖਸੀਅਤ ਵਿੱਚ ਵਿਗਾੜ ਆਦਿ ਅਲਾਮਤਾਂ ਦਾ ਕਾਰਨ ਬਣਦੀ ਹੈ।
ਪ੍ਰੋ. ਜੋਗਾ ਸਿੰਘ ਨੇ ਮਾਂ-ਬੋਲੀ ਨਾਲ ਜੁੜੇ ਸਾਰੇ ਸਵਾਲਾਂ ਨੂੰ ਵਿਗਿਆਨਕ ਤੱਥ ਸਬੂਤਾਂ ਅਤੇ ਤਾਰਕਿਕ ਤਰੀਕੇ ਨਾਲ ਸਾਹਮਣੇ ਰੱਖਿਆ ਹੈ। ਪੰਜਾਬੀ ਦੇ ਪ੍ਰਸੰਗ ਵਿੱਚ ਸਾਡੀ ਪਹੁੰਚ ਜੇ ਪੂਰਨ ਅਤਾਰਕਿਕ ਨਹੀਂ ਤਾਂ ਭਾਵੁਕ ਪੱਧਰ ਦੀ ਜਰੂਰ ਰਹਿੰਦੀ ਹੈ। ਇਸ ਦਸਤਾਵੇਜ ਦਾ ਦੂਜਾ ਪਾਠ ਸਪੱਸ਼ਟ ਤੌਰ ‘ਤੇ ਪੰਜਾਬੀ ਦੇ ਸਾਰੇ ਪੱਖਾਂ ਤੋਂ ਦੱਸਦਾ ਹੈ ਕਿ ਇਸ ਨੂੰ ਕਿਥੇ-ਕਿਥੇ ਅਤੇ ਕਿੰਨਾ-ਕਿੰਨਾ ਕੁ ਖਤਰਾ ਹੈ।
ਇਹ ਦਸਤਾਵੇਜ ਦੱਖਣੀ ਏਸ਼ੀਆ ਦੀਆਂ ੧੧ ਬੋਲੀਆਂ ਦੇ ਸਮੇਤ ਪੰਜਾਬੀ ਦੀਆਂ ਦੋਵਾਂ ਲਿਪੀਆਂ ਗੁਰਮੁਖੀ ਅਤੇ ਸ਼ਾਹਮੁਖੀ ਵਿਚ ਪਹਿਲਾਂ ਛਪ ਚੁੱਕਿਆ ਹੈ। ਪਾਠਕਾਂ ਮਾਂ-ਬੋਲੀ ਦੇ ਹੱਕਾਂ ਖਾਤਰ ਕੰਮ ਕਰ ਰਹੀਆਂ ਵੱਖੋ ਵੱਖਰੀਆਂ ਸੰਸਥਾਵਾਂ ਦੀ ਭਰਪੂਰ ਮੰਗ ਦੇ ਮੱਦੇਨਜਰ ਇਸ ਨੂੰ ਹੁਣ ਦੱਖਣੀ ਏਸ਼ੀਆ ਭਾਖਾ ਅਤੇ ਸੱਭਿਆਚਾਰ ਕੇਂਦਰ ਵੱਲੋਂ ਛਾਪਣ ਦਾ ਉਪਰਾਲਾ ਕਰ ਰਹੇ ਹਾਂ। ਆਸ ਹੈ ਕਿ ਸੰਗਤ ਇਸ ਨੂੰ ਭਰਪੂਰ ਹੁੰਗਾਰਾ ਦੇਵੇਗੀ। ਹਰੇਕ ਨਿਮਾਣੇ-ਨਿਤਾਣੇ ਦੀ ਆਪਣੀ ਬੋਲੀ ਅਤੇ ਸੱਭਿਆਚਾਰ ਦੀ ਰਾਖੀ ਲਈ ਇਸ ਨੂੰ ਵੱਧ ਤੋਂ ਵੱਧ ਪਾਠਕਾਂ ਤਕ ਪਹੁੰਚਾਉਣ ਦੇ ਉਪਰਾਲੇ ਕਰੇਗੀ।