June 14, 2016 | By ਸਿੱਖ ਸਿਆਸਤ ਬਿਊਰੋ
ਚੰਡੀਗੜ੍ਹ: ਆਮ ਆਦਮੀ ਪਾਰਟੀ ਨੇ ਸੋਮਵਾਰ ਨੂੰ ਮੁੰਬਈ ਹਾਈ ਕੋਰਟ ਵਲੋਂ ਫਿਲਮ ‘ਉੜਤਾ ਪੰਜਾਬ’ ਨੂੰ ਰਿਲੀਜ਼ ਕਰਨ ਦੇ ਆਦੇਸ਼ ਦੇਣ ਦੇ ਫੈਸਲੇ ਦਾ ਸਵਾਗਤ ਕੀਤਾ ਹੈ। ਪ੍ਰੈਸ ਵਿਚ ਜਾਰੀ ਬਿਆਨ ਵਿਚ ਆਪ ਨੇਤਾ ਅਤੇ ਸੰਗਰੂਰ ਤੋਂ ਸੰਸਦ ਨੇਤਾ ਭਗਵੰਤ ਮਾਨ ਅਤੇ ਉਘੇ ਆਗੂ ਗੁਰਪ੍ਰੀਤ ਸਿੰਘ ਘੁੱਗੀ ਨੇ ਕਿਹਾ ਕਿ ਇਹ ਫਿਲਮ ਪੰਜਾਬ ਵਿਚ ਨਸ਼ੇ ਦੀ ਸਮੱਸਿਆ ਨੂੰ ਉਜਾਗਰ ਕਰਦੀ ਪ੍ਰਤੀਤ ਹੁੰਦੀ ਹੈ। ਇਸ ਲਈ ਇਹ ਬਿਨਾਂ ਕਿਸੇ ਦੇਰੀ ਦੇ ਲੋਕਾਂ ਤਕ ਪਹੁੰਚਣੀ ਚਾਹੀਦੀ ਹੈ।
ਮਾਨ ਨੇ ਕਿਹਾ, ਜਿਵੇਂ ਕਿ ਮੁੰਬਈ ਹਾਈ ਕੋਰਟ ਨੇ ਸਿਰਫ ਇਕ ਕੱਟ ਤੋਂ ਬਾਅਦ ਫਿਲਮ ਰਿਲੀਜ਼ ਕਰਨ ਦਾ ਆਦੇਸ਼ ਦਿੱਤਾ ਹੈ ਇਸ ਤੋਂ ਇਹ ਸਿੱਧ ਹੁੰਦਾ ਹੈ ਕਿ ਫਿਲਮ ਸਬੰਧੀ ਜੋ ਵੀ ਰੌਲਾ ਰੱਪਾ ਪੈ ਰਿਹਾ ਸੀ ਉਹ ਸਿਰਫ ਰਾਜਨੀਤੀ ਤੋਂ ਪ੍ਰੇਰਿਤ ਸੀ। ਪੰਜਾਬ ਦੀ ਅਸਲ ਕਹਾਣੀ ਜਾਣਨ ਲਈ ਅਕਾਲੀ-ਭਾਜਪਾ ਨੇਤਾ ਹੁਣ ਇਹ ਫਿਲਮ ਗਹੁ ਨਾਲ ਵੇਖਣ”।
ਗੁਰਪ੍ਰੀਤ ਘੁੱਗੀ ਨੇ ਕਿਹਾ, “ਕਲਾ ਕਿਸੇ ਸਮਾਜ ਦਾ ਦਰਪਣ ਹੁੰਦਾ ਹੈ ਅਤੇ ਇਸ ਵਿਚ ਰਾਜਨੀਤੀ ਨੂੰ ਘਸੌੜਨਾ ਨਹੀਂ ਚਾਹੀਦਾ। ਅਕਾਲੀ-ਭਾਜਪਾ ਵਲੋਂ ਕਲਾ ਅਤੇ ਸਭਿਆਚਾਰ ਸਬੰਧੀ ਅਦਾਰਿਆਂ ਦਾ ਸਿਆਸੀਕਰਨ ਫੌਰੀ ਤੌਰ ‘ਤੇ ਬੰਦ ਕੀਤਾ ਜਾਣਾ ਚਾਹੀਦਾ ਹੈ”।
“ਤੁਸੀਂ ਕਿਸੇ ਫਿਲਮ ਨਿਰਮਾਤਾ ਨੂੰ ਫਿਲਮ ਦੇ ਵਿਸ਼ੇ ਅਤੇ ਬਨਾਵਤ ਬਾਰੇ ਕਿਸੇ ਤਰ੍ਹਾਂ ਆਦੇਸ਼ ਦੇ ਸਕਦੇ ਹੋ? ਕੀ ਅਕਾਲੀ-ਭਾਜਪਾ ਗਠਜੋੜ ਭਾਰਤ ਦੇ ਸੰਵਿਧਾਨ ਤੋਂ ਵੀ ਉੱਪਰ ਹੈ ਜੋ ਨਾਗਰਿਕਾਂ ਨੂੰ ਬੋਲਣ ਦੀ ਅਜ਼ਾਦੀ ਪ੍ਰਦਾਨ ਕਰਦਾ ਹੈ” ਘੁੱਗੀ ਨੇ ਪੁੱਛਿਆ।
Related Topics: Aam Aadmi Party, Bhagwant Maan, Gurpreet Singh Waraich Ghuggi, Udta Punjab