July 10, 2015 | By ਸਿੱਖ ਸਿਆਸਤ ਬਿਊਰੋ
ਨਿਊਯਾਰਕ (9 ਜੁਲਾਈ, 2015): ਅਮਰੀਕਾ ਵਿੱਚ ਸਿੱਖ ਹਿੱਤਾਂ ਲਈ ਕੰਮ ਕਰਨ ਵਾਲੀ ਸੰਸਥਾ ਸਿੱਖ ਕੁਲੀਸ਼ਨ ਅਤੇ ਅਮਰੀਕਨ ਸਿਵਲ ਲਿਬਰਟੀਜ਼ ਯੂਨੀਅਨ ਦੇ ਯਤਨਾਂ ਸਦਕਾ ਇੱਕ ਕੰਪਨੀ ਦੇ ਸਿੱਖ ਕਰਮਚਾਰੀ ਨੂੰ ਉਸਦੇ ਸਿੱਖੀ ਸਰੂਪ ਕਾਰਣ ਕੰਪਨੀ ਵੱਲੋਂ ਉਸ ਨਾਲ ਜਾਂਦੇ ਵਖਰੇਵੇਂ ਤੋਂ ਨਿਜ਼ਾਤ ਮਿਲੀ ਹੈ।
ਫਲੋਰੀਡਾ ਸਥਿਤ ਵਾਲਟ ਡਿਜ਼ਨੀ ਵਰਲਡ ‘ਚ ਕੰਮ ਕਰਨ ਵਾਲੇ ਅਮਰੀਕੀ ਮੂਲ ਦੇ ਸਿੱਖ ਅਮਰੀਕੀ ਕਰਮਚਾਰੀ ਗੁਰਦਿੱਤ ਸਿੰਘ ਨੂੰ ਉਸਦੇ ਸਿੱਖੀ ਸਰੂਪ ਕਾਰਣ ਮਹਿਮਾਨਾਂ ਦੇ ਸਾਹਮਣੇ ਕੰਮ ਕਰਨ ਤੋਂ ਰੋਕਿਆ ਹੋਇਆ ਸੀ ।ਗੁਰਦਿੱਤ ਸਿੰਘ ਨੇ ਇਸ ਵਖਰੇਵੇਂ ਖਿਲਾਫ ਨਿਆ ਦਿਵਾਉਣ ਲਈ ਸਿੱਖ ਕੁਲੀਸ਼ਨ ਕੋਲ ਪਹੁੰਚ ਕੀਤੀ ਸੀ।
ਉਸ ਨੂੰ ਸਿੱਖ ਕੁਲੀਸ਼ਨ ਅਤੇ ਅਮਰੀਕਨ ਸਿਵਲ ਲਿਬਰਟੀਜ਼ ਯੂਨੀਅਨ ਮਹੱਤਵਪੂਰਨ ਜਿੱਤ ਹਾਸਿਲ ਹੋਈ ਹੈ । ਹੁਣ ਕੰਪਨੀ ਉਸ ਨਾਲ ਕੀਤੇ ਜਾਣ ਵਾਲੇ ਵਖਰੇਵੇਂ ਨੂੰ ਖਤਮ ਕਰਨ ਅਤੇ ਉਸ ਦੇ ਧਾਰਮਿਕ ਮਤਾਂ ਨੂੰ ਸਵੀਕਾਰ ਕਰਨ ਲਈ ਰਾਜ਼ੀ ਹੋ ਗਈ ਹੈ ।
ਸਿੱਖ ਕੁਲੀਸ਼ਨ ਅਨੁਸਾਰ ਗੁਰਦਿਤ ਸਿੰਘ ਨੂੰ ਇਸ ਮਸ਼ਹੂਰ ਮਨੋਰੰਜਨ ਪਾਰਕ ‘ਚ ਸਾਲ 2008 ‘ਚ ਪੱਤਰ ਲਿਆਉਣ ਤੇ ਲਿਜਾਣ ਦੇ ਤੌਰ ‘ਤੇ ਨੌਕਰੀ ਮਿਲੀ ਸੀ ਪਰ ਉਥੇ ਉਸ ਦੇ ਮਾਲਕ ਨੇ ਉਸ ਨੂੰ ਦੱਸਿਆ ਸੀ ਕਿ ਉਸ ਨੂੰ ਉਸ ਦੇ ਧਾਰਮਿਕ ਪਹਿਰਾਵੇ ਕਾਰਨ ਅਜਿਹੇ ਰਸਤਿਆਂ ‘ਤੇ ਜਾਣ-ਆਉਣ ਦੀ ਇਜਾਜ਼ਤ ਨਹੀਂ ਹੋਵੇਗੀ ।
ਜਿਨ੍ਹਾਂ ਤੋਂ ਪਾਰਕ ‘ਚ ਆਏ ਮਹਿਮਾਨਾਂ ਦੇ ਲੰਘਣ ਦੀ ਸੰਭਾਵਨਾ ਹੋਵੇ ਕਿਉਂਕਿ ਉਸਦਾ ਧਾਰਮਿਕ ਪਹਿਰਾਵਾ ਕੰਪਨੀ ਦੀ ‘ਦਿਖ ਨੀਤੀ’ (ਲੁਕ ਪਾਲਸੀ) ਦੀ ਉਲੰਘਣਾ ਕਰਦਾ ਹੈ ।
ਡਿਜ਼ਨੀ ਨੂੰ ਲਿਖੇ ਪੱਤਰ ‘ਚ ਸਿੱਖ ਕੁਲੀਸ਼ਨ ਅਤੇ ਅਮਰੀਕਨ ਸਿਵਲ ਲਿਬਰਟੀਜ਼ ਯੂਨੀਅਨ ਨੇ ਕਿਹਾ ਕਿ ਇਸ ਵਖਰੇਵੇਂ ਕਾਰਨ ਗੁਰਦਿਤ ਸਿੰਘ ਨੂੰ ਇਕ ਅਜਿਹੇ ਮੇਲ ਰੂਟ ‘ਤੇ ਕੰਮ ਕਰਨਾ ਪਿਆ ਜਿਸ ‘ਤੇ ਕੰਮ ਦਾ ਬੋਝ ਦੂਜੇ ਰੂਟਾਂ ਦੀ ਤੁਲਨਾ ਜ਼ਿਆਦਾ ਸੀ । ਇਸ ਨਾਲ ਗੁਰਦਿਤ ਸਿੰਘ ਦੇ ਸਾਥੀ ਕਰਮਚਾਰੀਆਂ ‘ਚ ਵੈਰ ਭਾਵ ਪੈਦਾ ਹੋ ਗਿਆ ਕਿਉਂਕਿ ਉਹ ਦੂਜੇ ਰੂਟਾਂ ‘ਤੇ ਕੰਮ ‘ਚ ਮਦਦ ਨਹੀਂ ਕਰ ਪਾਉਂਦਾ ਸੀ ।
ਇਸ ਕਾਰਨ ਉਸਦੀ ਪੇਸ਼ੇਵਰ ਤਰੱਕੀ ਦੀ ਸੰਭਾਵਨਾ ਵੀ ਘੱਟ ਹੋ ਗਈ । ਸਿੱਖ ਕੁਲੀਸ਼ਨ ਅਤੇ ਏ ਸੀ ਐਲ ਯੂ ਦੇ ਦਖਲ ਬਾਅਦ ਵਾਲਟ ਡਿਜ਼ਨੀ ਵਰਲਡ ਨੇ ਅਖੀਰ ਆਪਣੇ ਫੈਸਲੇ ਨੂੰ ਪਲਟਿਆ ਅਤੇ ਗੁਰਦਿਤ ਸਿੰਘ ਨੂੰ ਧਾਰਮਿਕ ਸਵੀਕਾਰਤਾ ਦੇ ਦਿੱਤੀ ।
Related Topics: Sikh Coalition, Sikhs in Untied States