November 14, 2017 | By ਸਿੱਖ ਸਿਆਸਤ ਬਿਊਰੋ
ਅੰਮ੍ਰਿਤਸਰ: ਪੰਥਕ ਤਾਲਮੇਲ ਸੰਗਠਨ ਵਲੋਂ ਪ੍ਰੈਸ ਬਿਆਨ ਜਾਰੀ ਕਰਕੇ ਦੱਸਿਆ ਗਿਆ ਕਿ ਪੰਥਕ ਤਾਲਮੇਲ ਸੰਗਠਨ ਦੀ ਇਕ ਇਕੱਤਰਤਾ ਕਨਵੀਨਰ ਗਿਆਨੀ ਕੇਵਲ ਸਿੰਘ ਸਾਬਕਾ ਜਥੇਦਾਰ ਤਖਤ ਦਮਦਮਾ ਸਾਹਿਬ ਜੀ ਅਗਵਾਈ ਹੇਠ ਬੀਤੇ ਕੱਲ੍ਹ (13 ਨਵੰਬਰ, 2017) ਹੋਈ। ਜਾਰੀ ਪ੍ਰੈਸ ਬਿਆਨ ਮੁਤਾਬਕ ਪੰਥਕ ਅਤੇ ਸਮਾਜਿਕ ਮੁੱਦਿਆਂ ਨੂੰ ਵਿਚਾਰਦਿਆਂ ਜਥੇਬੰਦੀ ਨੇ ਆਪਣਾ ਸਾਂਝਾ ਪ੍ਰਤੀਕਰਮ ਦਿੱਤਾ ਕਿ ਸਿੱਖੀ ਸਿਧਾਂਤ ਕਿਸੇ ਵੀ ਧਰਮ, ਜਾਤ ਜਾਂ ਵਿਅਕਤੀ ਨਾਲ ਅਨਿਆਂ ਅਤੇ ਜ਼ੁਲਮ ਕਰਨ ਦੀ ਆਗਿਆ ਨਹੀਂ ਦਿੰਦੇ। ਸਿੱਖ ਦਾ ਇਹ ਆਚਰਣ ਤੇ ਆਦਰਸ਼ ਹੈ ਕਿ ਆਪਣੇ ਦੁਸ਼ਮਣ ਨਾਲ ਵੀ ਹੁੰਦੀ ਧੱਕੇਸ਼ਾਹੀ ਨੂੰ ਬਰਦਾਸ਼ਤ ਨਹੀਂ ਕਰਦਾ।
ਅੱਜ ਕੌਮ ਅੰਦਰ ਵਧ ਰਹੀ ਖਾਨਜੰਗੀ ਇਕ ਚਿੰਤਾ ਦਾ ਵਿਸ਼ਾ ਹੈ, ਕਿਉਂਕਿ ਇਸ ਨਾਲ ਸਿੱਖੀ ਦੇ ਆਚਰਣ ਤੇ ਆਦਰਸ਼ ਨੂੰ ਸੱਟ ਵੱਜਦੀ ਹੈ। ਇਕੱਤਰਤਾ ‘ਚ ਇਹ ਵੀ ਸਵੀਕਾਰਿਆ ਗਿਆ ਕਿ ਕੌਮ ਅੰਦਰ ਪ੍ਰਚਾਰ-ਪ੍ਰਸਾਰ ਦੀਆਂ ਸੇਵਾ ਨਿਭਾ ਰਹੀਆਂ ਸੰਸਥਾਵਾਂ ਦਾ ਇਕ ਮਿਆਰ ਰਿਹਾ ਹੈ ਕਿ ਕਿਤੇ ਵਿਚਾਰਕ ਮਤ-ਭੇਦ ਹੁੰਦਿਆਂ ਹੋਇਆਂ ਵੀ ਪਰਸਪਰ ਸਤਿਕਾਰ ਤੇ ਸਹਿਣਸ਼ੀਲਤਾ ਦਾ ਪੱਲਾ ਨਹੀਂ ਛੱਡਦੀਆਂ ਸਨ। ਜਿਸ ਦੀ ਨਿਰੰਤਰਤਾ ਬਣਾਈ ਰੱਖਣ ਦੀ ਲੋੜ ਹੈ। ਮਿਸ਼ਨਰੀ ਤੇ ਟਕਸਾਲੀ ਧੜ੍ਹੇਬੰਦੀ ਨੂੰ ਵਧਾ-ਚੜ੍ਹਾ ਕੇ ਪੇਸ਼ ਕਰਨਾ ਬਿਲਕੁਲ ਵੀ ਕੌਮ ਦੇ ਹਿਤ ਵਿਚ ਨਹੀਂ ਹੈ। ਕਿਤੇ ਆਗੂਆਂ ਵਿਚ ਕੋਈ ਊਣਤਾਈ ਹੋ ਸਕਦੀ ਹੈ ਪਰ ਸੇਵਾ ਭਾਵਨਾ ਨਾਲ ਤੁਰੇ ਮਿਸ਼ਨਰੀ, ਟਕਸਾਲੀ ਜਾਂ ਕਿਸੇ ਵੀ ਸੰਪਰਦਾ ਦੇ ਗੁਣੀ-ਗਿਆਨੀਆਂ ਦਾ ਸਤਿਕਾਰ ਛੱਡ ਨਿਰਾਦਰ ਕਰਨਾ ਖਤਰਨਾਕ ਰੁਝਾਨ ਬਣਦਾ ਜਾ ਰਿਹਾ ਹੈ।
ਸਬੰਧਤ ਖ਼ਬਰ:
ਸਿੱਖ ਸੰਗਤਾਂ ਨਾਨਕਸ਼ਾਹੀ ਕੈਲੰਡਰ ਮੁਤਾਬਕ ਦਸਵੇਂ ਪਾਤਸ਼ਾਹ ਦਾ ਗੁਰਪੁਰਬ 5 ਜਨਵਰੀ ਨੂੰ ਮਨਾਉਣ:ਦਲ ਖਾਲਸਾ …
ਟਕਰਾਉ ਨਾਲ ਤਣਾਅ ਪੈਦਾ ਕਰਨ ਵਾਲੀਆਂ ਕਾਰਵਾਈਆਂ ਮਨ ਦੀ ਸ਼ਾਂਤੀ ਅਤੇ ਨਿਆਂ ਦਾ ਮਲੀਆਮੇਟ ਕਰਨ ਦੇ ਤੁੱਲ ਹੈ। ਐਸੀਆਂ ਕਾਰਵਾਈਆਂ ਪਿੱਛੇ ਛੁਪੀਆਂ ਸਾਜਿਸ਼ਾਂ ਤੇ ਰਾਜਨੀਤੀ ਨੂੰ ਬਿਲਕੁਲ ਵੀ ਸਹਿਣ ਨਹੀਂ ਕੀਤਾ ਜਾਣਾ ਚਾਹੀਦਾ। ਇਸੇ ਤਰ੍ਹਾਂ ਨਾਨਕਸ਼ਾਹੀ ਕੈਲੰਡਰ ਦੇ ਮੁੱਦੇ ’ਤੇ ਸਪੱਸ਼ਟ ਕੀਤਾ ਕਿ ਈਸਾਈਆਂ, ਜੈਨੀਆਂ, ਬੋਧੀਆਂ, ਹਿੰਦੂਆਂ, ਮੁਸਲਮਾਨਾਂ ਅਤੇ ਪਾਰਸੀਆਂ ਦੇ ਆਪੋ ਆਪਣੇ ਕੌਮੀ ਕੈਲੰਡਰ ਹਨ। ਉਹ ਆਪਣੇ ਧਾਰਮਿਕ ਦਿਹਾੜ੍ਹੇ ਤੇ ਤਿਉਹਾਰ ਆਪਣੇ ਕੈਲੰਡਰਾਂ ਅਨੁਸਾਰ ਮਨਾਉਂਦੇ ਹਨ। ਪਰ ਸਿੱਖ ਕੌਮ ਨਾਲ ਕਿਤੇ ਛਲ ਹੋ ਰਿਹਾ ਹੈ ਕਿ ਕੌਮ ਦੇ ਬਣੇ ਆਗੂ ਵਿਰੋਧੀਆਂ ਦਾ ਪ੍ਰਭਾਵ ਕਬੂਲ ਕੇ ਇਸ ਦੇ ਨਿਆਰੇਪਨ ਨੂੰ ਨਕਾਰ ਰਹੇ ਹਨ। ਜਿਸ ਕਰਕੇ ਸਿੱਖ ਕੌਮ ਨੂੰ ਪੂਰੀ ਸਾਵਧਾਨੀ ਨਾਲ ਮੂਲ ਨਾਨਕਸ਼ਾਹੀ ਕੈਲੰਡਰ ਜੋ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸ੍ਰੀ ਅਕਾਲ ਤਖਤ ਸਾਹਿਬ ਤੋਂ 2003 ਵਿਚ ਲਾਗੂ ਕੀਤਾ ਗਿਆ ਸੀ, ਮੁਤਾਬਿਕ ਹੀ ਚੱਲਣਾ ਚਾਹੀਦਾ ਹੈ। ਪ੍ਰੈਸ ਬਿਆਨ ਮੁਤਾਬਕ ਤਾਲਮੇਲ ਸੰਗਠਨ ਵਲੋਂ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਗੁਰਪੁਰਬ 5 ਜਨਵਰੀ ਨੂੰ ਹੀ ਮਨਾਏ ਜਾਣ ਦਾ ਪ੍ਰਣ ਨਿਭਾਉਣ ਲਈ ਕਿਹਾ ਗਿਆ।
ਸੰਗਠਨ ਨੇ ਨਿਰਪੱਖ ਤੇ ਬੁੱਧੀਜੀਵੀ ਸ਼ਖਸੀਅਤਾਂ ਨੂੰ ਵੀ ਅਪੀਲ ਕੀਤੀ ਕਿ ਰਾਜਨੀਤੀ ਦਾ ਹੱਥਠੋਕਾ ਬਣ ਬੈਠੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਾਜਿਸ਼ਾਂ ਤੋਂ ਮੁਕਤ ਕਰਵਾਉਣ ਲਈ ਆਪਣੀ ਅਹਿਮ ਭੂਮਿਕਾ ਨਿਭਾਉਣ ਤਾਂ ਕਿ ਭਵਿੱਖ ਦੀ ਖਾਨਾਜੰਗੀ ਨੂੰ ਨੱਥ ਪਾਈ ਜਾ ਸਕੇ।
Related Topics: Giani Kewal Singh, Original Nanakshahi Calender, Panthak Talmel Sangathan, Shiromani Gurdwara Parbandhak Committee (SGPC), Takhat Sri Damadma Sahib