ਖਾਸ ਖਬਰਾਂ » ਸਿੱਖ ਖਬਰਾਂ

ਧਰਮੀ ਫੌਜੀਆਂ ਦੀਆਂ ਕੁਰਬਾਨੀਆਂ ਨੂੰ ਮਾਨਤਾ ਦਿੱਤੀ ਜਾਵੇ

July 17, 2018 | By

ਅੰਮ੍ਰਿਤਸਰ, (ਨਰਿੰਦਰ ਪਾਲ ਸਿੰਘ): ਜੂਨ 84 ਦੇ ਫੌਜੀ ਹਮਲੇ ਦੇ ਰੋਸ ਖਿਲਾਫ ਭਾਰਤੀ ਫੌਜ ਦੀਆਂ ਬੈਰਕਾਂ ਛੱਡਣ ਵਾਲੇ, ਫੌਜ ਦੇ ਅਣਮਨੁਖੀ ਤਸ਼ੱਦਦ ਕਾਰਣ ਮਾਰੇ ਗਏ ਅਤੇ ਤਸ਼ੱਦਦ ਬਾਅਦ ਰਿਹਾਅ ਕਰਕੇ ਘਰਾਂ ਨੂੰ ਤੋਰ ਦਿੱਤੇ ਗਏ ਧਰਮੀ ਫੌਜੀਆਂ ਦੀਆਂ ਸ਼ਹਾਦਤਾਂ ਤੇ ਕੁਰਬਾਨੀਆਂ ਨੂੰ ਅਜੇ ਤੀਕ ਮਾਨਤਾ ਨਹੀ ਦਿੱਤੀ ਗਈ ।ਇਸ ਲਈ ਧਰਮੀ ਫੌਜੀਆਂ ਦੀ ਢੁਕਵੀਂ ਯਾਦਗਾਰ ਬਣਾਕੇ, ਉਨ੍ਹਾਂ ਦੀਆਂ ਤਸਵੀਰਾਂ ਕੇਂਦਰੀ ਸਿੱਖ ਅਜਾਇਬ ਘਰ ਵਿੱਚ ਲਾ ਕੇ, ਜ਼ਖਮੀ ਹੋਏ ਧਰਮੀ ਫੋਜੀਆਂ ਨੂੰ ਜਿੰਦਾ ਸ਼ਹੀਦ ਐਲਾਨ ਕੇ ਧਰਮੀ ਫੌਜੀਆਂ ਦੀ ਸਮੁਚੀ ਕੁਰਬਾਨੀ ਨੂੰ ਮਾਨਤਾ ਦਿੱਤੀ ਜਾਵੇ। ਧਰਮੀ ਫੌਜੀਆਂ ਦੇ ਪੀੜਤ ਪ੍ਰੀਵਾਰਾਂ ਦੀ ਭਲਾਈ ਲਈ ਬਣਾਈ ਗਈ ਸਮੂਹ ਧਰਮੀ ਫੌਜੀ ਜੂਨ 1984 ਪਰਿਵਾਰ ਵੈਲਫੈਅਰ ਐਸੋਸੀਏਸ਼ਨ (ਰਜਿਸਟਰਡ) ਨੇ ਉਪਰੋਕਤ ਮਨਸ਼ਾ ਵਾਲਾ ਇੱਕ ਮੰਗ ਪੱਤਰ ਜੋ ਸੰਸਥਾ ਨੇ ਸਾਲ 2014 ਵਿੱਚ ਅਕਾਲ ਤਖਤ ਸਾਹਿਬ ਵਿਖੇ ਦਿੱਤਾ ਸੀ ਉਹ ਬੀਤੇ ਕਲ੍ਹ ਵੀ ਦੁਹਰਾਇਆ ਹੈ।

ਸੰਸਥਾ ਦੇ ਕੌਮੀ ਪ੍ਰਧਾਨ ਬਲਦੇਵ ਸਿੰਘ ਗੁਰਦਾਸਪੁਰ, ਜਨਰਲ ਸਕੱਤਰ ਜਸਪਾਲ ਸਿੰਘ ਹਰਿਆਣਾ ਅਤੇ ਖਜਾਨਚੀ ਸੁਖਦੇਵ ਸਿੰਘ ਘੁੰਮਣ ਨੇ ਬੀਤੇ ਕਲ੍ਹ ਇਹ ਮੰਗ ਪੱਤਰ ਸ੍ਰੀ ਅਕਾਲ ਤਖਤ ਸਾਹਿਬ ਦੇ ਸਕਤਰੇਤ ਵਿਖੇ ਪੁਜ ਕੇ ਗਿਆਨੀ ਗੁਰਬਚਨ ਸਿੰਘ ਨੂੰ ਦਿੱਤਾ। ਐਸੋਸੀਏਸ਼ਨ ਨੇ ਲਿਖਿਆ ਹੈ ਕਿ ਜੇ ਦਰਬਾਰ ਸਾਹਿਬ ਤੇ ਅਕਾਲ ਤਖਤ ਸਾਹਿਬ ‘ਤੇ ਤੋਪਾਂ ਟੈਂਕਾਂ ਨਾਲ ਹਮਲਾ ਕਰਨ ਵਾਲੀ ਇੰਦਰਾ ਗਾਂਧੀ ਦਾ ਮੁੰਡਾ ਰਾਹੁਲ ਗਾਂਧੀ ਭਾਰਤ ਦਾ ਪ੍ਰਧਾਨ ਮੰਤਰੀ ਬਣ ਸਕਦਾ ਹੈ, ਪੰਜਾਬ ਵਿੱਚ ਸੌ ਤੋਂ ਵੱਧ ਝੂਠੇ ਪੁਲਿਸ ਮੁਕਾਬਲੇ ਬਣਾਏ ਜਾਣ ਦਾ ਮਾਸਟਰ ਮਾਈਂਡ ਬੇਅੰਤ ਸਿੰਘ ਦਾ ਮੁੰਡਾ ਕੈਬਨਿਟ ਮੰਤਰੀ ਬਣ ਸਕਦਾ ਹੈ ਤਾਂ ਧਰਮ ਦੇ ਰਾਖਿਆਂ ਨਾਲ ਵਿਤਕਰਾ ਕਿਉਂ? ਧਰਮੀ ਫੌਜੀਆਂ ਨੇ ਕਿਹਾ ਹੈ ਕਿ ਜੂਨ 84 ਵਿੱਚ ਹਮਲਾ ਕਰਨ ਵਾਲੀ ਫੌਜ ਨੂੰ ਵਿਸ਼ੇਸ਼ ਸਨਮਾਨ ਦਿੱਤੇ ਗਏ, ਤਰੱਕੀਆਂ ਤੇ ਪੈਨਸ਼ਨ ਦਿੱਤੀ ਗਈ, ਪਰ ਫੌਜੀ ਹਮਲੇ ਦੇ ਰੋਸ ਵਜੋਂ ਬੈਰਕਾਂ ਛੱਡਣ ਵਾਲੇ ਫੌਜੀਆਂ ਦੀ 9 ਸਿੱਖ ਰੈਜੀਮੈਂਟ ਅਜੇ ਤੀਕ ਖੜੀ ਨਹੀ ਕੀਤੀ ਗਈ। ਉਨ੍ਹਾਂ ਮੰਗ ਕੀਤੀ ਹੈ ਕਿ ਫੌਜੀ ਹਮਲੇ ਦੇ ਰੋਸ ਵਜੋਂ ਸੰਘਰਸ਼ ਕਰਨ ਕਰਕੇ ਜੇਲ੍ਹਾਂ ‘ਚ ਡੱਕੇ ਸਿੱਖਾਂ ਨੂੰ ਰਿਹਾਅ ਕਰਵਾਇਆ ਜਾਵੇ।

ਉਨ੍ਹਾਂ ਮੰਗ ਕੀਤੀ ਹੈ ਕਿ ਹਮਲਾ ਕਰਨ ਵਾਲੀ ਫੌਜ ਨੂੰ ਦਿੱਤੀਆਂ ਸਹੂਲਤਾਂ ਤੇ ਹਮਲੇ ਦੌਰਾਨ ਮਾਰੇ ਗਏ ਲੋਕਾਂ ਨਾਲ ਕੀਤੇ ਵਿਤਕਰੇ ਦਾ ਚਿੱਠਾ ਵੀ ਜਨਤਕ ਕੀਤਾ ਜਾਵੇ। ਧਰਮੀ ਫੌਜੀਆਂ ਨੇ ਇੱਕ ਕਦਮ ਅੱਗੇ ਵਧਦਿਆਂ ਮੰਗ ਕੀਤੀ ਹੈ ਕਿ ਭਾਰਤ ਵਿੱਚ ਵੀ ਸਿੱਖ ਮੈਰਿਜ ਐਕਟ ਲਾਗੂ ਕੀਤਾ ਜਾਵੇ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੁਆਰਾ ਪ੍ਰਵਾਨਿਤ ਸਿੱਖ ਰਹਿਤ ਮਰਿਆਦਾ ਸਮੁੱਚੇ ਡੇਰਿਆਂ ਵਿੱਚ ਵੀ ਲਾਗੂ ਕੀਤੀ ਜਾਵੇ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , ,