January 5, 2016 | By ਸਿੱਖ ਸਿਆਸਤ ਬਿਊਰੋ
ਦਿੱਲੀ: ਭਾਰਤੀ ਅਖਬਾਰ “ਇੰਡੀਅਨ ਐਕਸਪ੍ਰੈਸ” ਵਿੱਚ ਛਪੀ ਖਬਰ ਅਨੁਸਾਰ ਦਿੱਲੀ ਪੁਲਿਸ ਵੱਲੋਂ ਪਠਾਨਕੋਟ ਹਮਲੇ ਦੇ ਸੰਬੰਧ ਵਿੱਚ ਇੱਕ ਫੌਜੀ ਮੇਜਰ ਅਤੇ ਉਸ ਦੇ 2 ਸਾਥੀਆਂ ਨੂੰ ਹਿਰਾਸਤ ਵਿੱਚ ਲੈ ਕੇ ਪੁੱਛਤਾਸ਼ ਕੀਤੀ ਗਈ ਹੈ।ਸੂਤਰਾਂ ਅਨੁਸਾਰ ਪੁਲਿਸ ਵੱਲੋਂ ਲਗਾਤਾਰ 2 ਦਿਨ ਉਨ੍ਹਾਂ ਤੋਂ ਪੁੱਛਤਾਸ਼ ਕੀਤੀ ਗਈ।
ਗ੍ਰਿਫਤਾਰੀ ਵੇਲੇ ਨਾਲ ਰਹੇ ਇੱਕ ਅਧਿਕਾਰੀ ਦੇ ਹਵਾਲੇ ਨਾਲ ਅਖਬਾਰ ਨੇ ਲਿਖਿਆ ਹੈ ਕਿ ਆਰਮੀ ਦੇ ਮੇਜਰ ਨੂੰ ਦਿੱਲੀ ਪੁਲਿਸ ਵੱਲੋਂ ਉਸ ਦੇ ਦੱਖਣ ਪੱਛਮੀ ਦਿੱਲੀ ਵਿੱਚ ਦਿੱਲੀ ਕੰਟੋਨਮੈਂਟ ਏਰੀਏ ਵਾਲੇ ਘਰ ਤੋਂ ਹਿਰਾਸਤ ਵਿੱਚ ਲਿਆ ਗਿਆ ਤੇ ਉਸ ਦੇ 2 ਸਾਥੀਆਂ ਨੂੰ ਵੀ ਉਸ ਨਾਲ ਹਿਰਾਸਤ ਵਿੱਚ ਲਿਆ ਗਿਆ।
ਦਿੱਲ਼ੀ ਪੁਲਿਸ ਦੇ ਸਪੈਸ਼ਲ ਸੈਲ ਦੇ ਅਧਿਕਾਰੀਆਂ ਨੇ ਕਿਹਾ ਕਿ ਇਹ ਫੌਜੀ ਮੇਜਰ ਭਾਈ ਜਗਤਾਰ ਸਿੰਘ ਹਵਾਰੇ ਨਾਲ ਸੰਪਰਕ ਵਿੱਚ ਸੀ ਤੇ ਕਈ ਵਾਰ ਭਾਈ ਹਵਾਰੇ ਨੂੰ ਤਿਹਾੜ ਜੇਲ ਵਿੱਚ ਮਿਲ ਵੀ ਚੁੱਕਿਆ ਹੈ।
ਅਧਿਕਾਰੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਸ਼ੱਕ ਹੈ ਕਿ ਆਰਮੀ ਮੇਜਰ ਖਾਲਿਸਤਾਨ ਦੀ ਆਜ਼ਾਦੀ ਲਈ ਸੰਘਰਸ਼ਸ਼ੀਲ ਜਥੇਬੰਦੀ ਬੱਬਰ ਖਾਲਸਾ ਇੰਟਰਨੈਸ਼ਨਲ ਜਿਸ ਤੇ ਭਾਰਤ ਵਿੱਚ ਰੋਕ ਲੱਗੀ ਹੈ, ਉਸ ਦੇ ਮੈਂਬਰਾਂ ਦੇ ਸੰਪਰਕ ਵਿੱਚ ਹੈ।
ਅਧਿਕਾਰੀਆਂ ਨੇ ਇਹ ਵੀ ਦੱਸਿਆ ਕਿ ਆਰਮੀ ਮੇਜਰ ਨਾਲ ਹਿਰਾਸਤ ਵਿੱਚ ਲਏ ਗਏ 2 ਵਿਅਕਤੀ ਫੋਜ ਨਾਲ ਸੰਬੰਧਿਤ ਨਹੀਂ ਹਨ।
ਦਿੱਲੀ ਪੁਲਿਸ ਦੇ ਸਪੈਸ਼ਲ ਸੈਲ਼ ਦੇ ਅਧਿਕਾਰੀ ਹਿਰਾਸਤ ਵਿੱਚ ਲਏ ਗਏ ਫੌਜੀ ਮੇਜਰ ਦੇ ਸੰਬੰਧ 2012 ਵਿੱਚ ਰੋਪੜ ਅਤੇ ਦਿੱਲੀ ਤੋਂ ਫੜੇ ਗਏ ਦੋ ਸਿੱਖਾਂ ਨਾਲ ਵੀ ਜੋੜਨ ਦੀ ਕੋਸ਼ਿਸ਼ ਕਰ ਰਹੇ ਹਨ। ਜਿਕਰਯੋਗ ਹੈ ਕਿ ਅੰਬਾਲਾ ਕੰਟੋਨਮੈਂਟ ਸਟੇਸ਼ਨ ਦੇ ਬਾਹਰ ਖੜੀ ਇੰਡੀਕਾ ਕਾਰ ਵਿੱਚੋਂ ਮਿਲੀ 5 ਕਿੱਲੋਂ ਆਰ.ਡੀ.ਐਕਸ ਦੇ ਸੰਬੰਧ ਵਿੱਚ ਉਹ 2 ਗ੍ਰਿਫਤਾਰੀਆਂ ਕੀਤੀਆਂ ਗਈਆਂ ਸਨ।
ਭਾਵੇਂ ਕਿ ਇਸ ਪੁੱਛਤਾਸ਼ ਵਿੱਚੋਂ ਕੀ ਨਿਕਲਿਆ ਇਹ ਅਜੇ ਨਹੀਂ ਪਤਾ ਲੱਗਿਆ ਹੈ ਪਰ ਇਕ ਵਾਰ ਫੇਰ ਪਠਾਨਕੋਟ ਹਮਲੇ ਤੋਂ ਬਾਅਦ ਸਿੱਖ ਨੋਜਵਾਨਾ ਤੇ ਭਾਰਤੀ ਸੁਰਖਿਆ ਅਜੈਂਸੀਆਂ ਦੀ ਗਾਜ ਡਿਗਦੀ ਨਜਰ ਆ ਰਹੀ ਹੈ।
Related Topics: Babbar Khalsa, Bhai Jagtar Singh Hawara, Delhi Police, Indian Army, Pathankot Attack