ਸਿਆਸੀ ਖਬਰਾਂ » ਸਿੱਖ ਖਬਰਾਂ

ਸਿੱਖ ਵਿਰੋਧੀ ਲਿਖਤਾਂ ਦੇ ਮਾਮਲੇ ‘ਚ ਦਲ ਖ਼ਾਲਸਾ ਦੇ ਅਹੁਦੇਦਾਰ ਮਿਲੇ ਦਮਦਮਾ ਸਾਹਿਬ ਦੇ ਜਥੇਦਾਰ ਨੂੰ

August 5, 2017 | By

ਦਮਦਮਾ ਸਾਹਿਬ (ਬਲਜਿੰਦਰ ਸਿੰਘ ਬਾਗੀ ਕੋਟਭਾਰਾ): ਸਿੱਖਾਂ ’ਤੇ ਹੋ ਰਹੇ ਚੌਤਰਫੇ ਹਮਲਿਆਂ ਨੂੰ ਲੈ ਕੇ ਦਲ ਖ਼ਾਲਸਾ ਨੇ ਅੱਜ (5 ਅਗਸਤ) ਸ਼੍ਰੋਮਣੀ ਕਮੇਟੀ ਵਲੋਂ ਥਾਪੇ ਦਮਦਮਾ ਸਾਹਿਬ ਦੇ ਜਥੇਦਾਰ ਨਾਲ ਮੁਲਾਕਾਤ ਕੀਤੀ। ਬਲਦੇਵ ਸਿੰਘ ਸੜਕਨਾਮਾ ਨਾਮੀ ਵਿਅਕਤੀ ਵੱਲੋਂ ਸਿੱਖਾਂ ’ਤੇ ਚਿੱਕੜ ਸੁੱਟਣ ਅਤੇ ਇਸ ਦਾ ਵਿਰੋਧ ਕਰਨ ਵਾਲੇ ਨੌਜਵਾਨਾਂ ਨੂੰ ਧਮਕਾਉਣ ਅਤੇ ਮੁਕੱਦਮੇ ਦਰਜ ਕਰਵਾਉਣ ਦੀਆਂ ਕੋਸ਼ਿਸ਼ਾਂ ਨੂੰ ਕਰੜੇ ਹੱਥੀਂ ਲਿਆ।

ਦਮਦਮਾ ਸਾਹਿਬ ਦੇ ਜਥੇਦਾਰ ਭਾਈ ਹਰਪ੍ਰੀਤ ਸਿੰਘ ਰਾਹੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੂੰ ਭੇਜੇ ਮੰਗ ਪੱਤਰ ਵਿੱਚ ਦਲ ਖ਼ਾਲਸਾ ਨੇ ਦੱਸਿਆ ਕਿ ਇਸ ਵੇਲੇ ਸਿੱਖਾਂ, ਸਿੱਖ ਫਲਸਫ਼ੇ ਅਤੇ ਸਿੱਖ ਇਤਿਹਾਸ ’ਤੇ ਭਿਆਨਕ ਅਤੇ ਚੌਤਰਫੇ ਹਮਲੇ ਹੋ ਰਹੇ ਹਨ। ਇਹ ਸਾਰਾ ਕੁਝ ਐਨੇ ਸਾਜਿਸ਼ਮਈ ਢੰਗ ਅਤੇ ਤੇਜ਼ੀ ਨਾਲ ਹੋ ਰਿਹਾ ਹੈ ਕਿ ਕੌਮ ਨੂੰ ਜਾਂ ਤਾਂ ਮਹਿਸੂਸ ਹੀ ਨਹੀਂ ਹੋ ਰਿਹਾ ਜਾਂ ਇਹ ਨਹੀਂ ਪਤਾ ਲੱਗ ਰਿਹਾ ਕਿ ਇਹਨਾਂ ਹਮਲਿਆਂ ਦਾ ਜਵਾਬ ਕਿਸ ਰੂਪ ਵਿੱਚ ਅਤੇ ਕਿਵੇਂ ਦਿੱਤਾ ਜਾਵੇ।

ਦਲ ਖ਼ਾਲਸਾ ਦੇ ਆਗੂ ਪ੍ਰੈਸ ਕਾਨਫਰੰਸ ਦੌਰਾਨ ਮੀਡੀਆ ਨਾਲ ਗੱਲ ਕਰਦੇ ਹੋਏ (ਫਾਈਲ ਫੋਟੋ)

ਦਲ ਖ਼ਾਲਸਾ ਦੇ ਆਗੂ ਪ੍ਰੈਸ ਕਾਨਫਰੰਸ ਦੌਰਾਨ ਮੀਡੀਆ ਨਾਲ ਗੱਲ ਕਰਦੇ ਹੋਏ (ਫਾਈਲ ਫੋਟੋ)

ਵਫ਼ਦ ਵਿੱਚ ਸ਼ਾਮਲ ਦਲ ਖ਼ਾਲਸਾ ਦੇ ਮੀਤ ਪ੍ਰਧਾਨ ਬਾਬਾ ਹਰਦੀਪ ਸਿੰਘ ਗੁਰੂਸਰ ਮਹਿਰਾਜ, ਗੁਰਵਿੰਦਰ ਸਿੰਘ ਬਠਿੰਡਾ, ਖ਼ਾਲਸਾ ਲਹਿਰ ਦੇ ਦਲਜੀਤ ਸਿੰਘ, ਸਿੱਖ ਸਟੂਡੈਂਟਸ ਫੈਡਰੇਸ਼ਨ 1984 ਦੇ ਪਰਨਜੀਤ ਸਿੰਘ ਕੋਟਫ਼ੱਤਾ, ਚੜ੍ਹਦੀਕਲਾ ਵੈਲਫ਼ੇਅਰ ਸੁਸਾਇਟੀ ਦੇ ਭਾਈ ਜੀਵਨ

ਸਿੰਘ ਭਾਈਰੂਪਾ ਆਦਿ ਨੇ ਜਥੇਦਾਰ ਨਾਲ ਮਿਲਣੀ ਦੌਰਾਨ ਦੱਸਿਆ ਕਿ ਪੂਰੀ ਸਾਜ਼ਿਸ਼ਮਈ ਅਤੇ ਕੋਝੀ ਤਿਆਰੀ ਨਾਲ ਸਿੱਖ ਰਾਜ ਦੇ ਸੁਨਹਿਰੀ ਦੌਰ ਖ਼ਾਲਸਾ ਰਾਜ ਭਾਵ ਮਹਾਰਾਜਾ ਰਣਜੀਤ ਸਿੰਘ ਦੇ ਰਾਜ, ਸਿੱਖ ਪਾਤਰਾਂ ਇੱਥੋਂ ਤੱਕ ਕਿ ਸਿੱਖ ਔਰਤਾਂ ਦੀ ਕਿਰਦਾਰਕੁਸ਼ੀ ਕਰਨ, ਉਹਨਾਂ ਨੂੰ ਚਰਿੱਤਰਹੀਣ ਕਰਾਰ ਦੇਣ ਦੀਆਂ ਕੋਝੀਆਂ ਕਾਰਵਾਈਆਂ

ਕਰਦਿਆਂ ਬਲਦੇਵ ਸਿੰਘ ‘ਸੜਕਨਾਮਾ’ ਨਾਮੀ ਵਿਅਕਤੀ ਨੇ ‘ਸੂਰਜ ਦੀ ਅੱਖ਼’ ਨਾਮੀ ਲਿਖਤ ਲਿਖੀ ਹੈ। ਇਸ ਤੱਥਹੀਣ, ਇਤਿਹਾਸ ਨੂੰ ਉਲਟ, ਗਲਤ ਰਾਹ ਵੱਲ ਸਜ਼ਿਸ਼ਮਈ ਢੰਗ ਨਾਲ ਗੇੜਾ ਦੇਣ ਲਈ ਜਥੇਦਾਰ ਅਕਾਲੀ ਫੂਲਾ ਸਿੰਘ ਦਾ ਵੀ ਮਹਾਰਾਜਾ ਰਣਜੀਤ ਸਿੰਘ ਵੱਲੋਂ ਮਜ਼ਾਕ ਉਡਾਇਆ ਦਿਖਾਇਆ ਗਿਆ ਹੈ। ਉਹਨਾਂ ਦੱਸਿਆ ਕਿ ਇਸ ਲਿਖਤ ਦੇ ਬਜ਼ਾਰ ਵਿੱਚ ਆਉਣ ਤੋਂ ਪਹਿਲਾਂ ਇੱਕ ਹੋਰ ਅਖੌਤੀ ਕਵੀ ਵੱਲੋਂ ਕਵਿਤਾ ਲਿਖੀ ਗਈ ਜਿਸ ਦਾ ਇਸ ਲਿਖਤ ਵਾਂਗ ਵਿਰੋਧ ਹੋਣਾ ਕੁਦਰਤੀ ਸੀ। ਇਨ੍ਹਾਂ ਚਿੱਕੜ ਸੁੱਟਣ ਵਾਲੀਆਂ ਲਿਖਤਾਂ ਦਾ ਜਦੋਂ ਸਿੱਖ ਨੌਜਵਾਨਾਂ ਨੇ ਵਿਰੋਧ ਕਰਨਾ ਸ਼ੁਰੂ ਕੀਤਾ ਤਾਂ ਇਹਨਾਂ ‘ਲੇਖਕਾਂ’ ਦੇ ਹਮਾਇਤੀ

ਹੋਛੀਆਂ ਹਰਕਤਾਂ ’ਤੇ ਉਤਰ ਆਏ। ਚਿੱਕੜ ਸੁੱਟਣ ਵਾਲੀਆਂ ਲਿਖਤਾਂ ਦਾ ਵਿਰੋਧ ਕਰਨ ਵਾਲੇ ਨੌਜਵਾਨਾਂ ਨੂੰ ਨਾ ਕੇਵਲ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ ਸਗੋਂ ਸਿਵਲ ਪ੍ਰਸ਼ਾਸਨ ਅਤੇ ਪੁਲਿਸ ਨੂੰ ਉਹਨਾਂ ’ਤੇ ਮੁਕੱਦਮੇ ਦਰਜ ਕਰਨ ਲਈ ਮੰਗ ਪੱਤਰ ਦਿੱਤੇ ਜਾ ਰਹੇ ਹਨ। ਖ਼ਾਲਸਾ ਜੀ ਅਸੀਂ ਇਸ ਨੂੰ ਸਾਹਿਤਕ-ਦਹਿਸ਼ਤਗਰਦੀ ਕਰਾਰ ਦਿੰਦੇ ਹੋਏ ਇਹਨਾਂ ਕੋਝੇ

ਹਮਲਿਆਂ ਨੂੰ ਤੁਰੰਤ ਬੰਦ ਕਰਵਾਉਣ ਦੀ ਅਪੀਲ ਕਰਦੇ ਹਾਂ। ਇਹ ਚਿੱਕੜ ਸੁੱਟ “ਸਾਹਿਤਕਾਰਾਂ” ਵੱਲੋਂ ਬੋਲਣ ਦੀ ਅਜ਼ਾਦੀ ਦਾ ਸ਼ੋਸ਼ਾ ਛੱਡ ਕੇ ਇਹ ਕਿਹਾ ਜਾ ਰਿਹਾ ਹੈ ਕਿ ਕੱਟੜਪੰਥੀ ਫ਼ਿਰਕਾਪ੍ਰਸਤ ਸਿੱਖ ਉਹਨਾਂ ਦੀ ਬੋਲਣ ਦੀ ਅਜ਼ਾਦੀ ਦਾ ਹੱਕ ਖੋਹ ਰਹੇ ਹਨ। ਜਦ ਕਿ ਸਿੱਖ ਕੌਮ ਅੱਜ ਸੰਘਰਸ਼ ਹੀ ਆਜ਼ਾਦੀ ਲਈ ਕਰ ਰਹੀ ਹੈ। ਜਾਰੀ ਪ੍ਰੈਸ ਬਿਆਨ ‘ਚ ਆਗੂਆਂ ਨੇ ਸਪੱਸ਼ਟ ਕੀਤਾ ਕਿ ਬੋਲਣ ਦੀ ਅਜ਼ਾਦੀ ਅਤੇ ਚਿੱਕੜਉਛਾਲੀ ਵਿੱਚ ਫ਼ਰਕ ਹੁੰਦਾ ਹੈ।

ਸਿੱਖ ਜਥੇਬੰਦੀਆਂ ਦੇ ਆਗੂਆਂ ਨੇ ਦੱਸਿਆ ਕਿ ਪਿਛਲੇ ਕੁਝ ਸਮੇਂ ਤੋਂ ਪੰਜਾਬ ਦੇ ਪਿੰਡਾਂ ਵਿੱਚ ਮਜ਼ਦੂਰਾਂ ਵੱਲੋਂ ਆਪਣੀ ਕਿਰਤ ਵਧਾਉਣ ਦੀ ਮੰਗ ਕਰਨ ’ਤੇ ਕਿਰਤੀਆਂ ਦਾ ਉਸ ਗੁਰੂ ਘਰਾਂ, ਜਿਹਨਾਂ ਵਿੱਚ ਅਰਦਾਸ ਵੇਲੇ ‘ਸਰਬੱਤ ਦਾ ਭਲਾ’ ਮੰਗਿਆ ਜਾਂਦਾ ਹੈ, ਸਮਾਜਿਕ ਬਾਈਕਾਟ ਦਾ

ਸੱਦਾ ਦਿੱਤਾ ਜਾ ਰਿਹਾ ਹੈ। ਇਹ ਸਮਾਜਿਕ ਬਾਈਕਾਟ ਦਾ ਗੁਰੂ ਘਰਾਂ ਵਿੱਚੋਂ ਸੱਦੇ ਦੇਣੇ ਗੁਰਮਤਿ ਫਲਸਫੇ ਦੇ ਬਿਲਕੁੱਲ ਉਲਟ ਹੈ। ਇਸ ਸਬੰਧੀ ਸਾਰੇ ਗੁਰੂਦੁਆਰਾ ਸਾਹਿਬ ਦੇ ਗਰੰਥੀਆਂ, ਪ੍ਰਬੰਧਕ ਕਮੇਟੀਆਂ ਨੂੰ ਅਜਿਹੇ ਬਾਈਕਾਟ ਦੇ ਸੱਦੇ ਤੁਰੰਤ ਬੰਦ ਕਰਵਾਉਣ ਲਈ ਬੇਨਤੀ ਕੀਤੀ ਜਾਂਦੀ ਹੈ।

ਉਹਨਾਂ ਦੱਸਿਆ ਕਿ ਇਸ ਵੇਲੇ ਕੱਟੜ ਹਿੰਦੂਤਵੀ ਹਕੂਮਤ ਆਉਣ ’ਤੇ ਨਾ ਕੇਵਲ ਪੰਜਾਬ ਵਿੱਚ ਸਗੋਂ ਕਈ ਹੋਰਨਾਂ ਸੂਬਿਆਂ ਵਿੱਚ ਸਿੱਖਾਂ ਦੀ ਕੁੱਟਮਾਰ, ਦਸਤਾਰ ਤੇ ਕਕਾਰਾਂ ਦੀ ਬੇਦਅਬੀ ਕਰਕੇ ਉਹਨਾਂ ਨੂੰ ਜ਼ਲੀਲ ਕੀਤਾ ਜਾ ਰਿਹਾ ਹੈ ਅਤੇ ਅਹਿਸਾਸ ਕਰਵਾਇਆ ਜਾ ਰਿਹਾ ਹੈ ਕਿ ਅੰਗ੍ਰੇਜ਼ਾਂ ਤੋਂ ਅਜ਼ਾਦੀ ਪ੍ਰਾਪਤ ਕਰਨ ਲਈ ਚੱਲੇ ਸੰਘਰਸ਼ ‘ਚ ਵਧ-ਚੜ੍ਹ ਕੇ ਕੁਰਬਾਨੀਆਂ ਕਰਨ ਵਾਲੀ ਕੌਮ ਖੁਦ ਗ਼ੁਲਾਮ ਹੈ।

ਇਸ ਤੋਂ ਅਲਾਵਾ ਪੰਜਾਬ ਦੇ ਹੋਰ ਮੁੱਦਿਆਂ ’ਤੇ ਵੀ ਜਥੇਦਾਰ ਦਮਦਮਾ ਸਾਹਿਬ ਨਾਲ ਵਿਚਾਰ ਵਟਾਂਦਰਾ ਕੀਤਾ ਗਿਆ।

ਸਬੰਧਤ ਖ਼ਬਰ:

ਸਿੱਖ ਇਤਿਹਾਸ ’ਤੇ ਸਾਜ਼ਿਸ਼ਮਈ ਢੰਗ ਨਾਲ ਚਿੱਕੜ ਸੁੱਟਣ ਦਾ ਸਿੱਖ ਜਥੇਬੰਦੀਆਂ ਵੱਲੋਂ ਤਿੱਖਾ ਵਿਰੋਧ …

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , ,