January 4, 2024 | By ਸਿੱਖ ਸਿਆਸਤ ਬਿਊਰੋ
ਅੰਮ੍ਰਿਤਸਰ – ਦਲ ਖ਼ਾਲਸਾ ਨੇ ਭਾਈ ਜਗਤਾਰ ਸਿੰਘ ਤਾਰਾ ਭਾਈ ਪਰਮਜੀਤ ਸਿੰਘ ਭਿਉਰਾ ਤੋਂ ਬਾਅਦ ਭਾਈ ਬਲਵੰਤ ਸਿੰਘ ਰਾਜੋਆਣਾ ਦਾ ਭਾਰਤ ਦੇ ਗ੍ਰਹਿ ਮੰਤਰੀ ਨੂੰ ਢੁਕਵਾਂ ਤੇ ਕਰਾਰਾ ਜਵਾਬ ਦੇਣ ਦੀ ਭਰਪੂਰ ਸ਼ਲਾਘਾ ਕੀਤੀ ਹੈ।
ਜਥੇਬੰਦੀ ਨੇ ਕਿਹਾ ਕਿ ਤਿੰਨਾਂ ਕੌਮੀ ਨਾਇਕਾਂ ਨੇ ਭਾਰਤ ਦੇ ਹੁਕਮਰਾਨ ਨੂੰ ਸ਼ੀਸ਼ਾ ਦਿਖਾ ਕੇ ਕੌਮੀ ਸਵੈ-ਮਾਣ ਨੂੰ ਬਹਾਲ ਰੱਖਿਆ ਅਤੇ ਸਿੱਖ ਜੁਝਾਰੂ ਪਰੰਪਰਾਵਾਂ ‘ਤੇ ਦ੍ਰਿੜਤਾ ਨਾਲ ਪਹਿਰਾ ਦਿੱਤਾ ਹੈ।
ਜਿਕਰਯੋਗ ਹੈ ਕਿ ਭਾਰਤ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਪਾਰਲੀਮੈਂਟ ਵਿੱਚ ਬੋਲਦਿਆਂ ਕਿਹਾ ਹੈ ਕਿ ਜੇਕਰ ਦੋਸ਼ੀ ਨੂੰ ਆਪਣੇ ਕੀਤੇ ਕੰਮ ਦਾ ਪਛਤਾਵਾ ਨਹੀਂ ਤਾਂ ਉਹ ਮੁਆਫ਼ੀ ਦਾ ਹੱਕਦਾਰ ਨਹੀਂ ਹੋ ਸਕਦਾ। ਉਹਨਾਂ ਦੀ ਇਸ ਸਟੇਟਮੈਂਟ ਨੂੰ ਬੰਦੀ ਸਿੰਘਾਂ ਦੀ ਰਿਹਾਈ ਦੇ ਮੁੱਦੇ ‘ਤੇ ਕੋਰੀ ਨਾਂਹ ਮੰਨਿਆ ਗਿਆ ਹੈ।
ਦਲ ਖ਼ਾਲਸਾ ਦੇ ਬੁਲਾਰੇ ਪਰਮਜੀਤ ਸਿੰਘ ਮੰਡ ਅਤੇ ਜਨਰਲ ਸਕੱਤਰ ਪਰਮਜੀਤ ਸਿੰਘ ਟਾਂਡਾ ਨੇ ਬਿਆਨ ਜਾਰੀ ਕਰਦਿਆਂ ਕਿਹਾ ਕਿ ਭਾਈ ਤਾਰਾ, ਭਾਈ ਭਿਉਰਾ ਅਤੇ ਭਾਈ ਰਾਜੋਆਣਾ ਨੇ ਵੱਖੋ-ਵੱਖ ਬਿਆਨ ਜਾਰੀ ਕਰਕੇ ਭਾਰਤ ਦੇ ਹੁਕਮਰਾਨਾਂ ਨੂੰ ਸਪਸ਼ਟ ਦੱਸ ਦਿੱਤਾ ਹੈ ਕਿ ਉਹਨਾਂ ਨੂੰ ਰੱਤੀ ਭਰ ਵੀ ਕੋਈ ਪਛਤਾਵਾ ਨਹੀਂ ਹੈ ਬਲਕਿ ਜੋ ਉਹਨਾਂ ਕੀਤਾ ਉਸ ਉੱਤੇ ਮਾਣ ਤੇ ਤਸੱਲੀ ਹੈ ਕਿ ਉਹਨਾਂ ਦੀਆਂ ਜਿੰਦੜੀਆਂ ਕੌਮ ਦੇ ਲੇਖੇ ਲੱਗੀਆਂ ਹਨ।
ਉਹਨਾਂ ਭਾਈ ਰਾਜੋਆਣਾ ਦੀ ਦਲੀਲ ਦੀ ਪ੍ਰੋੜਤਾ ਕਰਦਿਆਂ ਕਿਹਾ ਕਿ ਜਾਲਮ ਸ਼ਾਸਕ ਨੂੰ ਸਜ਼ਾ ਦੇ ਕੇ ਇਹਨਾਂ ਸਿੰਘਾਂ ਨੇ ਕੋਈ ਗੁਨਾਹ ਨਹੀਂ ਕੀਤਾ ਸੀ ਸਗੋਂ ਕਈ ਬੇਗੁਨਾਹਾਂ ਨੂੰ ਸਰਕਾਰੀ-ਅਤਿਵਾਦ ਦਾ ਸ਼ਿਕਾਰ ਹੋਣ ਤੋਂ ਬਚਾਇਆ ਹੈ।
ਦਲ ਖ਼ਾਲਸਾ ਆਗੂ ਨੇ ਅੱਗੇ ਕਿਹਾ ਕਿ ਜਥੇਦਾਰ ਅਕਾਲ ਤਖ਼ਤ ਸਾਹਿਬ ਨੇ ਭਾਰਤ ਸਰਕਾਰ ਨੂੰ ਬੰਦੀ ਸਿੰਘਾਂ ਦੇ ਮਸਲੇ ਦੇ ਹੱਲ ਲਈ 31 ਦਸੰਬਰ ਤੱਕ ਦਾ ਅਲਟੀਮੇਟਮ ਦਿੱਤਾ ਸੀ ਪਰ ਅਫਸੋਸ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਮਿਤ ਸ਼ਾਹ ਨੇ ਸਿੱਖਾਂ ਦੀ ਸਿਰਮੌਰ ਸੰਸਥਾ ਦੇ ਮੁਖੀ ( ਜਥੇਦਾਰ ਸਾਹਿਬ) ਦੇ ਸ਼ਬਦਾਂ ਦੀ ਕਦਰ ਨਹੀ ਕੀਤੀ।
ਦਲ ਖ਼ਾਲਸਾ ਨੇ ਜਿੱਥੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੂੰ 31 ਦਾ ਅਲਟੀਮੇਟਮ ਖਤਮ ਹੋਣ ਦੀ ਸੂਰਤ ਵਿੱਚ ਅਗਲਾ ਐਕਸ਼ਨ ਪ੍ਰੋਗਰਾਮ ਉਲੀਕਣ ਦੀ ਅਪੀਲ ਕੀਤੀ ਉੱਥੇ ਅਕਾਲ ਤਖ਼ਤ ਸਾਹਿਬ ਵੱਲੋਂ ਸਥਾਪਿਤ ਪੰਜ ਮੈਂਬਰੀ ਕਮੇਟੀ ਨੂੰ ਹਕੂਮਤ ਦੇ ਬਦਲੇ ਤੇਵਰ ਤੇ ਪੈਂਤੜੇ ਅਤੇ ਇੱਧਰ ਤਿੰਨ ਬੰਦੀ ਸਿੰਘਾਂ ਵੱਲੋਂ ਲਏ ਸਪਸ਼ਟ ਤੇ ਸਿਧਾਂਤਕ ਸਟੈਂਡ ਦੇ ਮੱਦੇਨਜਰ ਪੁਖ਼ਤਾ ਰਣਨੀਤੀ ਘੜਣ ਦੀ ਸਲਾਹ ਦਿੱਤੀ ।
ਦਲ ਖ਼ਾਲਸਾ ਨੇ ਭਾਰਤੀ ਹਕੂਮਤ ਨੂੰ ਚੇਤਾਵਨੀ ਦੇਦਿੰਆਂ ਕਿਹਾ ਕਿ ਬੰਦੀ ਸਿੰਘਾਂ ਦੇ ਮਸਲੇ ‘ਤੇ ਦਿੱਲੀ ਅਤੇ ਅੰਮ੍ਰਿਤਸਰ ਵਿਚਾਲੇ ਬਣੇ ਪਨਪ ਰਹੇ ਟਕਰਾਅ ਵਿੱਚੋਂ ਨਿਕਲਣ ਵਾਲੇ ਨਤੀਜਿਆਂ ਲਈ ਦਿੱਲੀ ਦੇ ਹੁਕਮਰਾਨ ਜ਼ਿੰਮੇਵਾਰ ਹੋਣਗੇ ।
Related Topics: Amit Shah, Bhai Balwant Singh Rajoana, Bhai Jagtar Singh Tara, Bhai Paramjit Singh Bheora, Bhai Paramjit Singh Tanda, Dal Khalsa, Indian Government, Shai Paramjeet Singh Mnd