ਸਿੱਖ ਖਬਰਾਂ

1984 ਦੇ ਸ਼ਹੀਦਾਂ ਦੀ ਯਾਦਗਾਰ ਦਾ ਮਸਲਾ: 72 ਘੰਟੇ ਲਈ ਦਰਬਾਰ ਸਾਹਿਬ ਦੇ ਬਾਹਰ ਬੈਠਣ ਦਾ ਐਲਾਨ

May 29, 2010 | By

ਦਲ ਖ਼ਾਲਸਾ ਦੇ ਆਗੂ ਐਲਾਨ ਕਰਦੇ ਹੋਏ

ਦਲ ਖ਼ਾਲਸਾ ਦੇ ਆਗੂ ਐਲਾਨ ਕਰਦੇ ਹੋਏ

ਅੰਮ੍ਰਿਤਸਰ (23 ਮਈ, 2010): ਦਲ ਖ਼ਾਲਸਾ ਨੇ ਦਰਬਾਰ ਸਾਹਿਬ ਸਮੂਹ ਅੰਦਰ ਜੂਨ 1984 ਦੇ ਸ਼ਹੀਦਾਂ ਦੀ ਯਾਦਗਾਰ ਬਣਵਾਉਣ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜਮੀਰ ਨੂੰ ਹਲੂਣਾ ਦੇਣ ਦੇ ਮਕਸਦ ਨਾਲ 3 ਜੂਨ ਤੋਂ 6 ਜੂਨ ਤੱਕ ਦਰਬਾਰ ਸਾਹਿਬ ਕੰਪਲੈਕਸ ਦੇ ਬਾਹਰ 72 ਘੰਟੇ ਲਈ ਬੈਠਣ ਦਾ ਐਲਾਨ ਕੀਤਾ ਹੈ। ਉਹਨਾਂ ਐਲਾਨ ਕੀਤਾ ਕਿ ਉਹਨਾਂ ਦੇ ਇਸ ਪਵਿੱਤਰ ਮਕਸਦ ਲਈ ‘ਬੈਠਣ’ ਨੂੰ ਧਰਨਾ ਜਾਂ ਰੋਸ ਮੁਜਾਹਰਾ ਨਾ ਕਿਹਾ ਜਾਵੇ।
ਅੰਮ੍ਰਿਤਸਰ ਸਥਿਤ ਦਲ ਖ਼ਾਲਸਾ ਦੇ ਮੁਖ ਦਫਤਰ ਵਿਚ ਪਾਰਟੀ ਵਰਕਿੰਗ ਕਮੇਟੀ ਦੀ ਗਰਮਜੋਸ਼ੀ ਵਾਲੀ ਮੀਟਿੰਗ ਵਿਚ ਲੰਮੀ ਬਹਿਸ ਮਗਰੋਂ ਲਏ ਗਏ ਇਸ ਮਹੱਤਵਪੂਰਨ ਫੈਸਲੇ ਬਾਰੇ ਪ੍ਰੈਸ ਨਾਲ ਗੱਲ ਕਰਦਿਆਂ ਪਾਰਟੀ ਪ੍ਰਧਾਨ ਹਰਚਰਨਜੀਤ ਸਿੰਘ ਧਾਮੀ ਅਤੇ ਸ. ਕੰਵਰਪਾਲ ਸਿੰਘ ਨੇ ਆਖਿਆ ਕਿ ਅਕਾਲੀ ਲੀਡਰਸ਼ਿਪ ਦੀ 1984 ਦੇ ਸ਼ਹੀਦਾਂ ਦੀ ਯਾਦਗਾਰ ਦੇ ਮੁੱਦੇ ਉਤੇ ਧਾਰੀ ਡੂੰਘੀ ਖਾਮੋਸ਼ੀ ਉਹਨਾਂ ਮਹਾਨ ਸ਼ਹੀਦਾਂ ਦੀ ਯਾਦ ਦਾ ਕਤਲ ਕਰਨ ਦੀ ਕੋਸ਼ਿਸ਼ ਹੈ, ਜਿਨਾਂ ਨੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਅਗਵਾਈ ਹੇਠ ਸ਼ਹਾਦਤਾਂ ਪ੍ਰਾਪਤ ਕੀਤੀਆਂ ਅਤੇ ਗੁਰਪੁਰਬ ਮਨਾਉਦਿਆਂ ਭਾਰਤੀ ਹਕੂਮਤ ਦੀਆਂ ਗੋਲੀਆਂ ਦਾ ਨਿਸ਼ਾਨਾ ਬਣੇ।
ਉਹਨਾਂ ਭਰੇ ਮਨ ਨਾਲ ਬੋਲਦਿਆਂ ਆਖਿਆ ਕਿ ਜੇਕਰ ਸ਼੍ਰੋਮਣੀ ਕਮੇਟੀ 1 ਜੂਨ ਤੱਕ ਘੱਲੂਘਾਰੇ ਦੇ ਸ਼ਹੀਦਾਂ ਦੀ ਯਾਦਗਾਰ ਬਣਾਉਣ ਵੱਲ ਕੋਈ ਕਦਮ ਨਹੀਂ ਪੁੱਟਦੀ ਤਾਂ ਮਜ਼ਬੂਰੀ ਵੱਸ ਤੇਜਾ ਸਿੰਘ ਸਮੁੰਦਰੀ ਹਾਲ ਅਤੇ ਸਰਾਵਾਂ ਵਾਲੇ ਪਾਸੇ ਬਣੇ ਮੁਖ ਦਰਵਾਜੇ ਦੇ ਬਾਹਰ ਜਥੇਬੰਦੀ ਦੇ 100 ਸਿੰਘਾਂ ਦਾ ਜਥਾ 72 ਘੰਟੇ ਲਈ ਬੈਠੇਗਾ।
ਉਹਨਾਂ ਅੱਗੇ ਦਸਿਆ ਕਿ 1981 ਵਿਚ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਗ੍ਰਿਫਤਾਰੀ ਦੇ ਰੋਸ ਵਜੋਂ ਭਾਰਤੀ ਹਵਾਈ ਜ਼ਹਾਜ ਅਗਵਾ ਕਰਨ ਬਦਲੇ ਪਾਕਿਸਤਾਨ ਦੀ ਜੇਲ ਵਿਚ ਉਮਰਕੈਦ ਕੱਟਣ ਵਾਲੇ ਪਾਰਟੀ ਦੇ ਸੀਨੀਅਰ ਆਗੂ ਸਤਿਨਾਮ ਸਿੰਘ ਪਾਉਂਟਾ ਸਾਹਿਬ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਦੀ ਜਮੀਰ ਨੂੰ ਹਲੂਣਾ ਦੇਣ ਲਈ 3 ਜੂਨ ਤੋਂ 6 ਜੂਨ ਤੱਕ 72 ਘੰਟੇ ਲਈ ਭੁੱਖ ਹੜਤਾਲ ਉਤੇ ਬੈਠਣਗੇ।
ਉਹਨਾਂ ਆਖਿਆ ਕਿਹਾ ਕਿ ਇਸ ਮੁੱਦੇ ਸਬੰਧੀ ਕਈ ਵਾਰ ਗੱਲਬਾਤ ਹੋਈ ਅਤੇ ਅਨੇਕਾਂ ਯਾਦਪੱਤਰ ਦਿੱਤੇ ਗਏ, ਪਰ ਸ਼੍ਰੋਮਣੀ ਕਮੇਟੀ ਨੇ ਕਿਸੇ ਗੱਲ ਨੂੰ ਗੌਲਿਆ ਨਹੀ ਹੈ। ਉਹਨਾਂ ਆਖਿਆ ਕਿ ਸ਼੍ਰੋਮਣੀ ਕਮੇਟੀ ਦੇ ਰਵੱਈਏ ਨੇ ਕੌਮ ਨੂੰ ਬੇਹੱਦ ਨਿਰਾਸ਼ ਕਰ ਦਿੱਤਾ ਹੈ।
ਸ ਸਤਿਨਾਮ ਸਿੰਘ ਨੇ ਆਖਿਆ ਕਿ ਅਸੀਂ ਉਹਨਾਂ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕਰਨ ਵਾਸਤੇ ਆਪਣੇ 72 ਘੰਟੇ ਉਹਨਾਂ ਨੂੰ ਸਮਰਪਿਤ ਕਰ ਰਹੇ ਹਾਂ ਜਿਨਾਂ ਨੇ ਭਾਰਤੀ ਹਕੂਮਤ ਦੇ ਸਿੱਖ ਗੁਰਧਾਮਾਂ ਉਤੇ ਹਮਲੇ ਮੌਕੇ ਆਪਣਾ ਕੌਮੀ ਫਰਜ ਨਿਭਾਇਆ। 
ਆਗੂਆਂ ਨੇ ਕਿਹਾ ਕਿ 6 ਜੂਨ ਹਰ ਸਿੱਖ ਲਈ ਇਕੋ ਜਿਹੀ ਮਹਤੱਤਾ ਰੱਖਦਾ ਹੈ। ਉਹਨਾਂ ਆਖਿਆ ਕਿ ਸ਼੍ਰੋਮਣੀ ਕਮੇਟੀ ਨੂੰ ਆਪਣੀ ਖਾਮੋਸ਼ੀ ਤੋੜ ਕੇ ਦਰਬਾਰ ਸਾਹਿਬ ਉਤੇ ਹਮਲੇ 26ਵੀਂ ਵਰ੍ਹੇਗੰਢ ਮੌਕੇ ਘੱਲੂਘਾਰੇ ਦੇ ਸ਼ਹੀਦਾਂ ਦੀ ਯਾਦਗਾਰ ਦਾ ਨੀਂਹ ਪੱਥਰ ਰੱਖ ਦੇਣਾ ਚਾਹੀਦਾ ਹੈ। 
ਉਹਨਾਂ ਆਖਿਆ ਕਿ ਦੇਖਣਾ ਚਾਹੁੰਦੇ ਹਾਂ ਕਿ ਸ਼੍ਰੋਮਣੀ ਕਮੇਟੀ ਸ਼ਹੀਦਾਂ ਨਾਲ ਇਨਸਾਫ ਕਰਦੀ ਹੈ ਕਿ ਨਹੀਂ। ਉਹਨਾਂ ਆਖਿਆ ਕਿ ਅਸੀਂ ਇਸ ਮੌਕੇ ਸ਼ਹੀਦੀ ਯਾਦਗਾਰ ਬਣਵਾਉਣ ਦਾ ਮੁੱਦਾ ਦ੍ਰਿੜਤਾ ਨਾਲ ਉਠਾਉਣਾ ਚਾਹੁੰਦੇ ਹਾਂ। ਉਹਨਾਂ ਆਖਿਆ ਕਿ ਸਾਡੇ ‘ਬੈਠਣ’ ਨੂੰ ਧਰਨਾ, ਰੋਸ ਮੁਜਾਹਰਾ ਨਾ ਆਖਿਆ ਜਾਵੇ। ਉਹਨਾਂ ਆਖਿਆ ਕਿ ਸਾਡਾ ਪਵਿੱਤਰ ਮਕਸਦ ਸਿੱਖੀ ਅਣਖ, ਗੁਰਧਾਮਾਂ ਦੀ ਪਵਿੱਤਰਤਾ ਅਤੇ ਮਰਯਾਦਾ ਦੀ ਰਾਖੀ ਲਈ ਸ਼ਹਾਦਤਾਂ ਪਾਉਣ ਵਾਲੇ ਸਿੰਘਾਂ ਸਿੰਘਣੀਆਂ ਦੀ ਸਦੀਵੀ ਯਾਦਗਾਰ ਬਣਵਾਉਣਾ ਹੈ।
ਉਹਨਾਂ ਆਖਿਆ ਕਿ ਪਿਛਲੇ ਸਾਲ 3 ਜੂਨ ਨੂੰ ਦਲ ਖ਼ਾਲਸਾ ਜਥੇਬੰਦੀ ਦੀ ਅਗਵਾਈ ਹੇਠ ਘੱਲੂਘਾਰਾ ਯਾਦਗਾਰੀ ਮਾਰਚ ਕੀਤਾ ਗਿਆ ਸੀ ਅਤੇ ਮਾਰਚ ਦੀ ਸਮਾਪਤੀ ਉਪਰੰਤ ਦਲ ਖਾਲਸਾ ਦੇ ਪ੍ਰਧਾਨ ਹਰਚਰਨਜੀਤ ਸਿੰਘ ਧਾਮੀ, ਖਾਲਸਾ ਐਕਸ਼ਨ ਕਮੇਟੀ ਦੇ ਕਨਵੀਨਰ ਭਾਈ ਮੋਹਕਮ ਸਿੰਘ, ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਖ਼ਾਲਸਾ, ਅਖੰਡ ਕੀਰਤਨੀ ਜਥੇ. ਦੇ ਮੁਖੀ ਗਿਆਨੀ ਬਲਦੇਵ ਸਿੰਘ, ਸ਼੍ਰੋਮਣੀ ਅਕਾਲੀ ਦਲ ਪੰਚ ਪ੍ਰਧਾਨੀ ਦੇ ਆਗੂ ਭਾਈ ਹਰਪਾਲ ਸਿੰਘ ਚੀਮਾ, ਸੰਤ ਸਮਾਜ ਦੇ ਬਾਬਾ ਬਲਜੀਤ ਸਿੰਘ ਦਾਦੂਵਾਲ ਤੇ ਹੋਰਨਾਂ ਪੰਥਕ ਆਗੂਆਂ ਦੇ ਦਸਤਖਤਾਂ ਹੇਠ ‘ਸ਼ਹੀਦੀ ਯਾਦਗਾਰ’ ਉਸਾਰਨ ਲਈ ਆਪ ਜੀ ਦੇ ਨਾਂ ਇਕ ਯਾਦ ਪੱਤਰ ਤੇਜਾ ਸਿੰਘ ਸਮੁੰਦਰੀ ਹਾਲ ਵਿਖੇ ਸ. ਕਰਨੈਲ ਸਿੰਘ ਪੰਜੋਲੀ (ਮੈਂਬਰ ਅੰਤਰਿੰਗ ਕਮੇਟੀ) ਅਤੇ ਸਕੱਤਰ ਸ. ਦਲਮੇਘ ਸਿੰਘ ਨੂੰ ਸੌਂਪਿਆ ਸੀ। ਉਹਨਾਂ ਆਖਿਆ ਕਿ ਸ਼੍ਰੋਮਣੀ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਉਤੇ ਇਹੋ ਜਿਹੇ ਅਨੇਕਾਂ ਯਾਦ-ਪੱਤਰਾਂ ਦਾ ਕੋਈ ਅਸਰ ਹੋਇਆ। ਉਹਨਾਂ ਅਫਸੋਸ ਪ੍ਰਗਟਾਉਂਦਿਆਂ ਕਿਹਾ ਕਿ ਸ਼੍ਰੋਮਣੀ ਕਮੇਟੀ ਨੇ 20 ਫਰਵਰੀ 2002 ਨੂੰ ‘ਸ਼ਹੀਦੀ ਯਾਦਗਾਰ’ ਬਣਾਉਣ ਸਬੰਧੀ ਮਤਾ ਪਾਸ ਕੀਤਾ ਸੀ ਜਿਸਨੂੰ 8 ਵਰ੍ਹੇ ਬੀਤ ਜਾਣ ਦੇ ਬਾਵਜੂਦ ਲਾਗੂ ਨਹੀ ਕੀਤਾ ਗਿਆ। 
ਉਹਨਾਂ ਆਖਿਆ ਕਿ ਇਸ ਵਾਰ ਵੀ ਦਲ ਖ਼ਾਲਸਾ ਵੱਲੋਂ 21 ਮਈ 2010 ਨੂੰ ਇਸ ਸਬੰਧੀ ਯਾਦ-ਪੱਤਰ ਸ਼੍ਰੋਮਣੀ ਕਮੇਟੀ ਪ੍ਰਧਾਨ ਨੂੰ ਸੌਂਪਿਆ ਗਿਆ ਹੈ। ਜਿਸ ਵਿਚ ਜਥੇਦਾਰ ਅਵਤਾਰ ਸਿੰਘ ਨੂੰ ਪੁਛਿਆ ਗਿਆ ਹੈ ਕਿ ਉਹ ਕਿਹੜੀ ਮਜ਼ਬੂਰੀ ਹੈ, ਉਹ ਕਿਹੜੀ ਲੁਕਵੀਂ ਸ਼ਕਤੀ ਹੈ ਜੋ ਸ਼੍ਰੋਮਣੀ ਕਮੇਟੀ ਨੂੰ ਉਸਦੀ ਬਣਦੀ ਜ਼ਿਮੇਵਾਰੀ ਨਿਭਾਉਣ ਤੋਂ ਰੋਕ ਰਹੀ ਹੈ? ਸ਼੍ਰੋਮਣੀ ਕਮੇਟੀ ਦੀ ਇਸ ਪੰਥਕ ਕਾਰਜ ਪ੍ਰਤੀ ਬੇਰੁਖੀ ਨੂੰ ਅਸੀਂ ਲਾਪਰਵਾਈ ਸਮਝੀਏ ਜਾਂ ਇਮਾਨਦਾਰੀ ਦੀ ਘਾਟ ਜਾਂ ਭਾਰਤੀ ਹਕੂਮਤ ਦਾ ਡਰ ਜਾਂ ਕੁਝ ਹੋਰ?
ਉਹਨਾਂ ਕਿਹਾ ਕਿ ਜਥੇਦਾਰ ਮੱਕੜ ਨੇ ਜਿੰਨੀ ਤੇਜੀ ਨਾਨਕਸ਼ਾਹੀ ਕੈਲੰਡਰ ਦਾ ਘਾਣ ਕਰਨ ਵੇਲੇ ਦਿਖਾਈ ਸੀ ਓਨੀ ਤੇਜੀ ਸ਼ਹੀਦੀ ਯਾਦਗਾਰ ਬਣਾਉਣ ਵਿਚ ਨਹੀਂ ਵਿਖਾ ਰਹੇ।ਉਹਨਾਂ ਆਖਿਆ ਕਿ ਸੰਤ ਸਮਾਜ ਅਤੇ ਦਮਦਮੀ ਟਕਸਾਲ ਦੀ ਸੱਤਾਧਾਰੀ ਅਕਾਲੀ ਦਲ ਨਾਲ ਅਤੇ ਸ਼੍ਰੋਮਣੀ ਕਮੇਟੀ ਨਾਲ ਨੇੜਤਾ ਹੈ। ਉਹਨਾਂ ਆਖਿਆ ਕਿ ਬਾਬਾ ਹਰਨਾਮ ਸਿੰਘ ਧੁੰਮਾ ਜੀ ਨੂੰ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਅਤੇ ਘੱਲੂਘਾਰੇ ਦੇ ਸਮੂਹ ਸ਼ਹੀਦਾਂ ਦੀ ਯਾਦਗਾਰ ਬਣਾਉਣ ਲਈ ਇਸ ਨੇੜਤਾ ਦੀ ਰੌਸ਼ਨੀ ਵਿੱਚ ਹਾਂ-ਪੱਖੀ ਭੂਮਿਕਾ ਨਿਭਾਉਣੀ ਚਾਹੀਦੀ ਹੈ।
ਉਨਾਂ ਕਿਹਾ ਕਿ ਉਹਨਾਂ ਦੀ ਜਥੇਬੰਦੀ ਦੇ ਮੈਂਬਰ ਸ਼੍ਰੋਮਣੀ ਅਕਾਲੀ ਦਲ (ਪੰਚ ਪ੍ਰਧਾਨੀ) ਵਲੋਂ 1 ਜੂਨ ਤੋਂ ਆਰੰਭ ਹੋ ਰਹੇ ਘੱਲੂਘਾਰਾ ਯਾਦਗਾਰੀ ਮਾਰਚ ਵਿੱਚ ਵੱਧ ਚੱੜ ਕੇ ਹਿੱਸਾ ਲੈਣਗੇ। 
ਅੱਜ ਦੀ ਮੀਟਿੰਗ ਵਿਚ ਡਾ. ਮਨਜਿੰਦਰ ਸਿੰਘ ਜੰਡੀ, ਸਰਬਜੀਤ ਸਿੰਘ ਘੁਮਾਣ, ਸ. ਰਣਬੀਰ ਸਿੰਘ, ਸ. ਅਮਰੀਕ ਸਿੰਘ ਅਜਨਾਲਾ ਸਮੇਤ ਵਰਕਿੰਗ ਕਮੇਟੀ ਦੇ ਸਮੂਹ ਮੈਂਬਰ ਹਾਜਰ ਸਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , ,