ਪੰਜਾਬ ਦੀ ਰਾਜਨੀਤੀ » ਸਿਆਸੀ ਖਬਰਾਂ

“ਸਤਲੁਜ-ਯਮੁਨਾ ਲਿੰਕ ਨਹਿਰ ਦਾ ਸੱਚ” ਸਿਰਲੇਖ ਹੇਠ ਦਲ ਖਾਲਸਾ ਅਤੇ ਪੰਚ ਪ੍ਰਧਾਨੀ ਨੇ ਇਸ਼ਤਿਹਾਰ ਕੀਤਾ ਜਾਰੀ

March 18, 2016 | By

ਅੰਮ੍ਰਿਤਸਰ ( 18 ਮਾਰਚ, 2015):  ਦਲ ਖਾਲਸਾ ਅਤੇ ਅਕਾਲੀ ਦਲ ਪੰਚ ਪ੍ਰਧਾਨੀ ਨੇ ਕਿਹਾ ਕਿ ਸਤਲੁਜ-ਯਮੁਨਾ ਲਿੰਕ ਨਹਿਰ ਨੂੰ ਬਨਾਉਣ ਦੀ ਵਿਉਂਤ ਦੁਨਿਆ ਵਿੱਚ ਪ੍ਰਵਾਣਿਤ ਰਾਏਪੇਰੀਆਨ ਸਿਧਾਂਤ ਦੇ ਉਲਟ ਜਾ ਕੇ ਪੰਜਾਬ ਦੇ ਦਰਿਆਈ ਪਾਣੀਆਂ ਨੂੰ ਲੁਟੱਣ ਦੀ ਨੀਯਤ ਨਾਲ ਘੜੀ ਗਈ ਸੀ। ਜਥੇਬੰਦੀਆਂ ਨੇ ਪੰਜਾਬ ਦੇ ਦਰਿਆਈ ਪਾਣੀਆਂ ਦੀ ਲਗਾਤਾਰ ਹੋ ਰਹੀ ਲੁੱਟ ਅਤੇ ਸਤਲੁਜ-ਯਮੁਨਾ ਲਿੰਕ ਨਹਿਰ ਦਾ ਸੱਚ ਸਬੰਧੀ ਪੋਸਟਰ ਜਾਰੀ ਕੀਤਾ ਜਿਸ ਦਾ ਸਿਰਲੇਖ ਸੀ ਪਾਣੀਆਂ ਦਾ ਮਾਲਕ ਪੰਜਾਬ, ਫੈਸਲਾ ਕਰੇ ਕੇਂਦਰ, ਤੇ ਮੌਜਾਂ ਲੁੱਟਣ ਹਰਿਆਣਾ ਅਤੇ ਰਾਜਸਥਾਨ।

FullSizeRender (39)

ਪੋਸਟਰ ਵਿੱਚ ਦਰਿਆਈ ਪਾਣੀਆਂ ਦੀ ਹੋ ਰਹੀ ਲੁੱਟ ਦਾ ਪਿਛੋਕੜ, ਕਿੰਨਾ ਪਾਣੀ ਲੁੱਟਿਆ ਜਾ ਰਿਹਾ ਹੈ, ਕੌਣ-ਕੌਣ ਇਸ ਦਾ ਦੋਸ਼ੀ ਹੈ, ਕਿੰਨਾਂ ਨੇ ਇਸ ਦੀ ਰਾਖੀ ਲਈ ਕੀ-ਕੀ ਕੀਤਾ ਅਤੇ ਪਾਣੀਆ ਨੂੰ ਬਚਾਉਣ ਲਈ ਕੀ ਉਪਰਾਲੇ ਹੋਣੇ ਚਾਹੀਦੇ ਹਨ, ਬਾਰੇ ਸੰਖੇਪ ਵਿੱਚ ਦਸਿਆ ਗਿਆ ਹੈ। ਦਿਲਚਸਪ ਗੱਲ ਇਹ ਹੈ ਕਿ ਪੋਸਟਰ ਵਿੱਚ ਬੱਬਰ ਖਾਲਸਾ ਦੇ ਮੁੱਖੀ ਸ਼ਹੀਦ ਸੁਖਦੇਵ ਸਿੰਘ ਬੱਬਰ, ਕਾਂਗਰਸੀ ਆਗੂ ਕੈਪਟਨ ਅਮਰਿੰਦਰ ਸਿੰਘ ਅਤੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀਆਂ ਤਸਵੀਰਾਂ ਤਰਤੀਬ-ਵਾਰ ਛਾਪੀਆਂ ਗਈਆਂ ਹਨ ਅਤੇ ਹੇਠਾਂ ਉਹਨਾਂ ਦੇ ਰੋਲ ਅਤੇ ਨਿਭਾਈ ਭੂਮਿਕਾ ਬਾਰੇ ਦਸਿਆ ਗਿਆ ਹੈ।

ਪੋਸਟਰ ਅਨੁਸਾਰ ਬੱਬਰ ਖਾਲਸਾ ਦੀ ਅਗਵਾਈ ਹੇਠ ਜੁਝਾਰੂਆਂ ਵਲੋਂ 23 ਜੁਲਾਈ 1990 ਨੂੰ ਕੀਤੇ ਐਕਸ਼ਨ ਕਾਰਨ ਲਿੰਕ ਨਹਿਰ ਦੇ ਨਿਰਮਾਣ ਦਾ ਕੰਮ ਰੁਕਿਆ। ਮੁੜ 2004 ਵਿੱਚ ਪੰਜਾਬ ਵਿਧਾਨਕਾਰਾਂ ਨੇ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਪੰਜਾਬ ਸਮਝੌਤੇ ਰੱਦ ਕਾਨੂੰਨ ਪਾਸ ਕਰਕੇ ਲਿੰਕ ਨਹਿਰ ਦੀ ਉਸਾਰੀ ਤਾਂ ਰੋਕ ਲਈ ਪਰ ਨਾਲ ਹੀ ਗੈਰ-ਦਰਿਆਈ ਸੂਬਿਆਂ ਨੂੰ ਗੈਰ-ਕਾਨੂੰਨੀ ਢੰਗ ਨਾਲ ਜਾ ਰਹੇ ਪਾਣੀਆ ਉਤੇ ਕਾਨੂੰਨੀ ਮੋਹਰ ਲਾ ਦਿੱਤੀ । ਮੌਜੂਦਾ ਦੌਰ ਦਾ ਜਿਕਰ ਕਰਦਿਆਂ ਕਿਹਾ ਗਿਆ ਕਿ ਬਾਦਲ ਨੇ ਪੰਜਾਬ ਸਮਝੌਤੇ ਰੱਦ ਕਾਨੂੰਨ 2004 ਦੀ ਧਾਰਾ 5 ਨੂੰ ਰੱਦ ਕਰਨ ਦਾ ਵਾਅਦਾ ਤਾਂ ਨਹੀ ਨਿਭਾਇਆ ਪਰ ਉਹਨਾਂ ਲਿੰਕ ਨਹਿਰ ਲਈ ਹਾਸਿਲ ਕੀਤੀ ਜਮੀਨ ਕਿਸਾਨਾਂ ਨੂੰ ਵਪਿਸ ਕਰਨ ਦਾ ਵਿਧਾਨ ਸਭਾ ਵਿੱਚ ਬਿਲ ਪਾਸ ਕਰਕੇ ਸਤਲੁਜ-ਯਮੁਨਾ ਲਿੰਕ ਨਹਿਰ ਦਾ ਇੱਕ ਵਾਰ ਤਾਂ ਕੰਮ ਨਿਬੇੜ ਦਿੱਤਾ ਹੈ।

ਪੋਸਟਰ ਨੂੰ ਅੱਜ ਪ੍ਰੈਸ ਕਾਨਫਰੰਸ ਦੌਰਾਨ ਜਾਰੀ ਕਰਦਿਆਂ ਜਥੇਬੰਦੀਆਂ ਦੇ ਆਗੂਆਂ ਹਰਚਰਨਜੀਤ ਸਿੰਘ ਧਾਮੀ, ਕੰਵਰਪਾਲ ਸਿੰਘ ਅਤੇ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਦਸਿਆ ਕਿ ਪਾਣੀਆਂ ਦੇ ਮਾਹਿਰਾਂ ਅਨੁਸਾਰ ਪੰਜਾਬ ਕੋਲ 34.8 ਐਮ.ਏ.ਐਫ ਪਾਣੀ ਹੈ, ਜਿਸ ਵਿਚੋਂ ਹਰਿਆਣਾ ਨੂੰ 7.8, ਰਾਜਸਥਾਨ ਨੂੰ 10.5, ਦਿੱਲੀ ਨੂੰ 0.2, ਜੰਮੂ-ਕਸ਼ਮੀਰ ਨੂੰ 0.7, ਦਿੱਤਾ ਜਾ ਰਿਹਾ ਹੈ ਜੋ ਹਿੰਦ ਹਕੂਮਤ ਵਲੋਂ ਪਾਣੀਆਂ ਦੇ ਮਾਲਿਕ ਪੰਜਾਬ ਦੀ ਮਰਜੀ ਤੋਂ ਬਿਨਾਂ ਧੱਕੇ ਨਾਲ ਦਿੱਤਾ ਜਾ ਰਿਹਾ ਹੈ।

ਜਥੇਬੰਦੀਆਂ ਅਣਜਾਣ ਤੇ ਅਵੇਸਲੇ ਪੰਜਾਬੀਆਂ ਵਿਸ਼ੇਸ਼ ਕਰਕੇ ਕਿਸਾਨ ਜਥੇਬੰਦੀਆਂ ਨੂੰ ਸੱਦਾ ਦਿਤਾ ਕਿ ਉਹ ਪਾਣੀਆਂ ਦੀ ਰਾਖੀ ਲਈ ਹਰ ਤਰਾਂ ਦੇ ਸੰਘਰਸ਼ ਲਈ ਤਿਆਰ ਰਹੋ ਕਿਉਕਿ ਮਸਲਾ ਕੇਵਲ ਸਤਲੁਜ-ਯਮੁਨਾ ਲਿੰਕ ਨਹਿਰ ਦੀ ਉਸਾਰੀ, ਜਾਂ ਪਾਣੀਆਂ ਦੀ ਵੰਡ ਦਾ ਨਹੀਂ, ਬਲਕਿ ਪਾਣੀਆਂ ਦੀ ਮਾਲਕੀ ਦਾ ਹੈ।

ਉਹਨਾਂ ਪਾਣੀਆਂ ਦੀ ਸਮਸਿਆ ਦੇ ਹੱਲ ਲਈ ਤਿੰਨ ਨੁਕਾਤੀ ਸੁਝਾਅ ਦਿਤੇ ਜਿਸ ਵਿੱਚ ਵਿਸ਼ਵ ਬੈਂਕ ਨੂੰ ਦਰਿਆਈ ਪਾਣੀਆਂ ਦਾ ਪੂਰਾ ਕੇਸ ਬਣਾ ਕੇ ਭੇਜਣਾ, ਪੰਜਾਬ ਸਮਝੌਤੇ ਰੱਦ ਕਾਨੂੰਨ ਦੀ ਧਾਰਾ 5 ਜਿਸ ਤਹਿਤ ਗੈਰ-ਦਰਿਆਈ ਸੂਬਿਆਂ ਨੂੰ ਤੋਂ ਪਾਣੀ ਜਾ  ਰਿਹਾ ਹੈ, ਨੂੰ ਰੱਦ ਕਰਨਾ ਅਤੇ ਪੰਜਾਬ ਕੇਂਦਰ ਦੀ ਗੈਰ-ਕਾਨੂੰਨਂੀ ਦਖਲਅੰਦਾਜੀ ਤੋਂ ਬਿਨਾਂ ਆਪਣੀਆਂ ਸ਼ਰਤਾਂ ਤੇ ਦੂਜੇ ਰਾਜਾਂ ਨੂੰ ਪਾਣੀ ਦੇਵੇ ਅਤੇ ਉਸ ਦੇ ਇਵਜ ਵਜੋਂ ਹਰਿਆਣਾ, ਰਾਜਸਥਾਨ ਅਤੇ ਦਿੱਲੀ ਕੋਲੋਂ ਦਿੱਤੇ ਜਾ ਰਹੇ ਪਾਣੀਆਂ ਦੇ ਬਦਲੇ ਮੁਆਵਜਾ ਵਸੂਲ ਕਰ ਸਕੇ।

ਧਾਮੀ ਨੇ ਕਿਹਾ ਕਿ ਪੰਜਾਬ ਦੇ ਪਾਣੀਆਂ ਦਾ ਮਸਲਾ ਕਿਸੇ ਇੱਕ ਧਰਮ ਜਾਂ ਜਾਤ ਨਾਲ ਸਬੰਧ ਨਹੀਂ ਰੱਖਦਾ ਬਲਕਿ ਇਹ ਆਰਥਿਕ ਮਾਮਲਾ ਹੈ । ਉਹਨਾਂ ਕਿਹਾ ਕਿ ਪੰਜਾਬ ਬੰਜਰ ਬਣਦਾ ਜਾ ਰਿਹਾ ਹੈ, ਪੰਜਾਬ ਸਿਰ ਢੇਰ ਸਾਰਾ ਕਰਜਾ ਹੈ, ਕਿਸਾਨ ਨਿਤ ਦਿਨ ਖੁਦਕੁਸ਼ੀਆਂ ਕਰ ਰਹੇ ਹਨ, ਕਾਰੋਬਾਰ ਤਬਾਹ ਹੋ ਚੁੱਕੇ ਹਨ।

ਹਰਪਾਲ ਸਿੰਘ ਚੀਮਾ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਅਪੀਲ ਕੀਤੀ ਕਿ ਉਹ ਵੱਡਾ ਦਿਲ ਦਿਖਾਉਦਿਆ ਦਿੱਲੀ ਦੀ ਸਰਕਾਰ ਵਲੋਂ ਪੰਜਾਬ ਦੇ ਪਾਣੀਆਂ ਨੂੰ ਵਰਤਣ (0.2 ਐਮ.ਏ.ਐਫ) ਦੇ ਇਵਜ਼ ਵਜੋਂ ਮੁਆਵਜਾ ਦੇਣ ਲਈ ਪਹਿਲਕਦਮੀ ਕਰਨ। ਉਹਨਾਂ ਕਿਹਾ ਕਿ ਆਪ ਪਾਰਟੀ ਵੀ ਪੰਜਾਬ ਦੀ ਸੱਤਾ ਦੀ ਦਾਅਵੇਦਾਰੀ ਦੀਆਂ ਪ੍ਰਮੁੱਖ ਧਿਰਾਂ ਵਿੱਚੋਂ ਇੱਕ ਹੈ, ਇਸ ਨਾਤੇ ਪੰਜਾਬ ਦੇ ਕਿਸਾਨਾਂ ਅਤੇ ਹਿੱਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਕੇਜਰੀਵਾਲ ਨੂੰ ਇੱਕ ਚੰਗੀ ਸ਼ੁਰੂਆਤ ਕਰਨੀ ਚਾਹੀਦੀ ਹੈ। ਉਹਨਾਂ ਕਿਹਾ ਕਿ ਉਹ ਅਰਵਿੰਦ ਕੇਜਰੀਵਾਲ ਨੂੰ ਇਸ ਸਬੰਧੀ ਲਿਖਣਗੇ ਅਤੇ ਜੇਕਰ ਲੋੜ ਮਹਿਸੂਸ ਹੋਈ ਤਾਂ ਮਿਲਣ ਵੀ ਜਾਣਗੇ।

ਦਲ ਖਾਲਸਾ ਦੇ ਬੁਲਾਰੇ ਕੰਵਰਪਾਲ ਸਿੰਘ ਨੇ ਕਿਹਾ ਕਿ ਉੱਚ ਅਦਾਲਤਾਂ ਦੀ ਪਾਣੀਆਂ ਦੇ ਮਾਮਲੇ ਵਿੱਚ ਦਖਲਅੰਦਾਜੀ ਪੰਜਾਬ ਦੇ ਲੋਕਾਂ ਨੂੰ ਪ੍ਰਸ਼ਾਨ ਕਰ ਰਹੀ ਹੈ। ਉਹਨਾਂ ਮੰਗ ਕਰਦਿਆਂ ਕਿਹਾ ਕਿ ਪੰਜਾਬ ਦੇ ਦਰਿਆਵਾਂ, ਹੈਡ ਵਰਕਸਾਂ ਅਤੇ ਬਿਜਲਈ ਸੋਮਿਆਂ ਦਾ ਮੁਕੰਮਲ ਅਧਿਕਾਰ ਪੰਜਾਬ ਸਰਕਾਰ ਆਪਣੇ ਹੱਥਾਂ ਵਿੱਚ ਲੈਣ ਲਈ ਕਾਨੂੰਨੀ ਚਾਰਾਜ਼ੋਰੀ ਤੋ ਇਲਾਵਾ ਵਿਧਾਨਿਕ ਹੱਕਾਂ ਦਾ ਇਸਤੇਮਾਲ ਕਰੇ ਅਤੇ ਗੈਰ-ਦਰਿਆਈ ਸੂਬਿਆਂ ਤੋਂ ਪਾਣੀਆਂ ਦੇ ਇਵਜ ਵਜੋਂ ਰਾਇਲਟੀ ਵਸੂਲੀ ਜਾਵੇ ।

ਉਹਨਾਂ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਦਾ ਬਿਆਨ ਕਿ ਉਹ ਪੰਝਾਬ ਦੇ ਪਾਣੀਆਂ ਦੀ ਇੱਕ ਬੂੰਦ ਵਿੱਚ ਬਾਹਰ ਨਹੀਂ ਜਾਣ ਦੇਣਗੇ ਚਿੱਟਾ ਝੂਠ ਹੈ ਜਦਕਿ ਪੰਜਾਬ ਦੇ ਪਾਣੀਆਂ ਦਾ 50 ਪ੍ਰਤੀਸ਼ਤ ਹਿੱਸਾ ਹਰ ਰੋਜ ਬਿਨਾਂ ਰੋਕ-ਟੋਕ ਕਈ ਦਹਾਕਿਆਂ ਤੋਂ ਜਾ ਰਿਹਾ ਹੈ। ਉਹਨਾ ਕਿਹਾ ਕਿ ਪਾਣੀਆਂ ਦੀ ਲੁੱਟ ਬਾ-ਦਸਤੂਰ ਜਾਰੀ ਹੈ ਅਤੇ ਇਸਨੂੰ ਰੋਕਣ ਲਈ ਸਾਰਾ ਪੰਜਾਬ ਇਕਜੁੱਟ ਹੋਵੇ। ਆਗੂਆਂ ਨੇ ਕਿਹਾ ਕਿ ਪੰਜਾਬ ਦੀਆਂ ਸਾਰੀਆਂ ਪਾਰਟੀਆਂ ਪਾਣੀਆਂ ਦੇ ਮਾਮਲੇ ਨੂੰ 2017 ਦੀਆਂ ਚੋਣਾਂ ਦੀ ਐਨਕ ਤੋਂ ਵੇਖਣ ਦੀ ਕੁਤਾਈ ਨਾ ਕਰਨ। ਪ੍ਰੈਸ ਕਾਨਫਰੰਸ ਵਿੱਚ ਬਲਦੇਵ ਸਿੰਘ ਸਿਰਸਾ, ਰਣਬੀਰ ਸਿੰਘ, ਗੁਰਪ੍ਰੀਤ ਸਿੰਘ, ਨੋਬਲਜ9ਤ ਸਿੰ7, ਗੁਰਮੀਤ ਸਿੰਘ ਨੇ ਹਿੱਸਾ ਲਿਆ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , , , , ,