July 25, 2018 | By ਸਿੱਖ ਸਿਆਸਤ ਬਿਊਰੋ
ਅੰਮ੍ਰਿਤਸਰ: ਪੰਜਾਬ ਵਿਚਲੀਆਂ ਅਜ਼ਾਦੀ ਪਸੰਦ ਸਿੱਖ ਜਥੇਬੰਦੀਆਂ ਦਲ ਖਾਲਸਾ ਅਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸਿੱਖਜ਼ ਫਾਰ ਜਸਟਿਸ ਜਥੇਬੰਦੀ ਨੂੰ ਅਪੀਲੀ ਕੀਤੀ ਹੈ ਕਿ ਉਸ ਵਲੋਂ ਪ੍ਰਚਾਰੀ ਜਾ ਰਹੀ ‘ਰਾਇਸ਼ੁਮਾਰੀ 2020’ ਮੁਹਿੰਮ ਸਬੰਧੀ ਉਹ ਖਦਸ਼ੇ ਦੂਰ ਕਰਕੇ ਸਥਿਤੀ ਸਪਸ਼ਟ ਕਰੇ।
ਦਲ ਖ਼ਾਲਸਾ ਦੇ ਪ੍ਰਧਾਨ ਹਰਪਾਲ ਸਿੰਘ ਚੀਮਾ ਅਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਵਲੋਂ ਇਸ ਸਬੰਧੀ ਆਪਸੀ ਵਿਚਾਰ ਤੋਂ ਬਾਅਦ ਸਿੱਖਜ਼ ਫਾਰ ਜਸਟਿਸ ਦੇ ਪ੍ਰਬੰਧਕ ਗੁਰਪਤਵੰਤ ਸਿੰਘ ਪੰਨੂ ਨੂੰ ਇਕ ਚਿੱਠੀ ਭੇਜ ਕੇ ਕੁਝ ਸਵਾਲਾਂ ਦੇ ਜਵਾਬ ਦੇਣ ਲਈ ਕਿਹਾ ਹੈ।
ਸਿੱਖਜ਼ ਫਾਰ ਜਸਟਿਸ ਦੀ “ਰੈਫਰੈਂਡਮ 2020” ਮੁਹਿੰਮ ਬਾਰੇ ਕੁਝ ਖਦਸ਼ੇ ਪ੍ਰਗਟ ਕਰਦਿਆਂ ਦੋਵਾਂ ਸਿੱਖ ਆਗੂਆਂ ਨੇ 12 ਅਗਸਤ ਨੂੰ ਲੰਡਨ ਵਿਚ ਹੋਣ ਵਾਲੀ ਕਾਨਫਰੰਸ ਵਿਚ ਸਥਿਤੀ ਸਪਸ਼ਟ ਕਰਨ ਲਈ ਕਿਹਾ ਹੈ। ਚਿੱਠੀ ਵਿਚ ਉਨ੍ਹਾਂ ਕਿਹਾ ਕਿ ਇਨ੍ਹਾਂ ਖਦਸ਼ਿਆਂ ਅਤੇ ਫਿਕਰਾਂ ਨੂੰ ਲੰਡਨ ਕਾਨਫਰੰਸ ਦਾ ਵਿਰੋਧ ਨਾ ਸਮਝਿਆ ਜਾਵੇ।
ਦੋਵੇਂ ਆਗੂਆਂ ਨੇ ਕਿਹਾ ਕਿ ਜਿਸ ਤਰ੍ਹਾਂ ਇਹ ਗੱਲ ਪ੍ਰਚਾਰੀ ਜਾ ਰਹੀ ਹੈ ਕਿ “ਰੈਫਰੈਂਡਮ 2020” ਤੋਂ ਬਾਅਦ ਅਜ਼ਾਦ ਸਿੱਖ ਰਾਜ ਹੋਂਦ ਵਿਚ ਆ ਜਾਵੇਗਾ, ਜਦਕਿ ਜ਼ਮੀਨੀ ਹਕੀਕਤਾਂ ਵਿਚ ਅਜਿਹਾ ਕੁਝ ਸੰਭਵ ਨਹੀਂ ਹੈ ਤਾਂ ਇਹ ਗੱਲ ਲੋਕ ਮਨਾਂ ਵਿਚ ਇਕ ਵੱਡੀ ਨਿਰਾਸ਼ਾ ਪੈਦਾ ਕਰੇਗੀ। ਇਸ ਲਈ ਮੁਹਿੰਮ ਬਾਰੇ ਸਪੱਸ਼ਟਤਾ ਹੋਣੀ ਬਹੁਤ ਜ਼ਰੂਰੀ ਹੈ।
ਚਿੱਠੀ ਵਿਚ ਜਿਹਨਾਂ 8 ਸਵਾਲਾਂ ਦੇ ਜਵਾਬ ਮੰਗੇ ਗਏ ਹਨ ਉਹ ਇਸ ਤਰ੍ਹਾਂ ਹਨ:
1. ਕੀ ਤੁਸੀਂ ਦਸ ਸਕਦੇ ਹੋ ਪੰਜਾਬ ਵਿਚ “ਰੈਫਰੈਂਡਮ 2020” ਕਿਵੇਂ ਹੋਵੇਗਾ? ਕੌਣ ਇਸ ਨੂੰ ਕਰਵਾਏਗਾ?
2. ਰੈਫਰੈਂਡਮ ਹਮੇਸ਼ਾ ਸੰਯੁਕਤ ਰਾਸ਼ਟਰ ਦੀ ਨਿਗਰਾਨੀ ਅਤੇ ਹੁਕਮਾਂ ਅਧੀਨ ਹੁੰਦਾ ਹੈ, ਜੋ ਇਸ ਮਾਮਲੇ ਵਿਚ ਨਜ਼ਰ ਨਹੀਂ ਆ ਰਿਹਾ।
3. ਉਪਰੋਕਤ ਗੱਲਾਂ ਤੋਂ ਬਾਅਦ, ਇਹ ਪ੍ਰਚਾਰਨਾ ਜਾ ਪ੍ਰਚਾਰ ਦੀ ਪ੍ਰਵਾਨਗੀ ਦੇਣਾ ਕਿ ਰੈਫਰੈਂਡਮ 2020 ਤੋਂ ਬਾਅਦ ਅਜ਼ਾਦ ਸਿੱਖ ਰਾਜ ਹੋਂਦ ਵਿਚ ਆ ਜਾਵੇਗਾ, ਧੋਖਾਧੜੀ ਹੈ।
4. ਕੀ ਇਹ ਰਾਇਸ਼ੁਮਾਰੀ ਸਿਰਫ ਸਿੱਖਾਂ ਲਈ ਸੀਮਤ ਹੋਵੇਗੀ ਜਾਂ ਉਸ ਵਿਚ ਸਾਰੇ ਪੰਜਾਬੀ ਹਿੱਸਾ ਲੈ ਸਕਣਗੇ।
5. ਇਹ ਫੈਂਸਲਾ ਕਿਵੇਂ ਕੀਤਾ ਜਾਵੇਗਾ ਕਿ ਕੌਣ ਪ੍ਰਮਾਣਿਤ ਵੋਟਰ ਹੈ?
6. ਵੋਟਰ ਕੌਣ ਹੋਵੇਗਾ, ਇਸ ਦਾ ਫੈਂਸਲਾ ਕਰਨ ਦਾ ਹੱਕ ਕਿਸਦਾ ਹੋਵੇਗਾ? ਕਿਸ ਅਧਾਰ ‘ਤੇ ਇਹ ਫੈਂਸਲਾ ਕੀਤਾ ਜਾਵੇਗਾ?
7. ਅਜਿਹੀ ਕਾਰਵਾਈ ਤੋਂ ਬਾਅਦ ਪੰਜਾਬ ਅਤੇ ਭਾਰਤ ਵਿਚ ਸਬੰਧਿਤ ਲੋਕਾਂ ‘ਤੇ ਹੋਣ ਵਾਲੇ ਤਸ਼ੱਦਦ ਤੋਂ ਵੋਟਰਾਂ ਅਤੇ ਕਾਰਕੁੰਨਾਂ ਨੂੰ ਬਚਾਉਣ ਲਈ ਕੀ ਨੀਤੀ ਹੈ?
8. ਪੰਜਾਬ ਵਿਚ ਇਸ ਮੁਹਿੰਮ ਦੀ ਅਗਵਾਈ ਕੌਣ ਕਰੇਗਾ?
ਦੋਵਾਂ ਸਿੱਖ ਆਗੂਆਂ ਨੇ ਉਮੀਦ ਪ੍ਰਗਟਾਈ ਹੈ ਕਿ ਸਬੰਧਿਤ ਸਿੱਖ ਆਗੂ ਇਸ ਬਾਰੇ ਲੋਕਾਂ ਨੂੰ ਸਮੁੱਚੀ ਸਥਿਤੀ ਸਪੱਸ਼ਟ ਕਰਨਗੇ। ਆਪਣੇ ਪੱਤਰ ਵਿਚ ਉਨ੍ਹਾਂ ਲਿਖਿਆ ਕਿ ਦੋਵੇਂ ਸਿੱਖ ਜਥੇਬੰਦੀਆਂ ਪੰਜਾਬ ਵਿਚ ਰਾਇਸ਼ੁਮਾਰੀ ਕਰਾਉਣ ਲਈ ਕਈ ਵਾਰ ਕੌਮੀ ਤੇ ਕੌਮਾਂਤਰੀ ਮੰਚ ‘ਤੇ ਇਹ ਮਾਮਲਾ ਰੱਖ ਚੁੱਕੀਆਂ ਹਨ, ਜਿਸ ਕਾਰਨ ਦੋਵਾਂ ਜਥੇਬੰਦੀਆਂ ਨੂੰ ਸਰਕਾਰੀ ਤਸ਼ੱਦਦ ਦਾ ਸਾਹਮਣਾ ਕਰਨਾ ਪਿਆ ਹੈ ਅਤੇ ਇਨ੍ਹਾਂ ਦੇ ਆਗੂਆਂ ਖਿਲਾਫ ਦੇਸ਼ ਧਰੋਹ ਵਰਗੀਆਂ ਧਾਰਾਵਾਂ ਤਹਿਤ ਮਾਮਲੇ ਦਰਜ ਹੋਏ ਹਨ। ਉਨ੍ਹਾਂ ਕਿਹਾ ਕਿ ਇਸ ਵੇਲੇ ਪੰਜਾਬ ਵਿਚ ਕੋਈ ਵੀ ਪ੍ਰਮੁੱਖ ਧਿਰ ਰਾਇਸ਼ੁਮਾਰੀ ਦੀ ਮੰਗ ਨਹੀਂ ਕਰ ਰਹੀ ਹੈ ਅਤੇ ਅਜਿਹਾ ਕੋਈ ਪ੍ਰਬੰਧ ਵੀ ਨਹੀਂ ਬਣਾਇਆ ਗਿਆ ਹੈ, ਜਿਸ ਰਾਹੀਂ ਸਮੁੱਚੀ ਸਿੱਖ ਕੌਮ ਦੀ ਇਸ ਸਬੰਧੀ ਰਾਇ ਨੂੰ ਯਕੀਨੀ ਬਣਾਇਆ ਜਾ ਸਕੇ।
Related Topics: Bhai Harpal Singh Cheema (Dal Khalsa), Dal Khalsa International, Gurpatwant Singh Pann, Shiromani Akali Dal Amritsar (Mann), Sikh Referendum 2020, Sikhs For Justice (SFJ), Simranjit Singh Maan