June 4, 2015 | By ਸਿੱਖ ਸਿਆਸਤ ਬਿਊਰੋ
ਨਵੀਂ ਦਿੱਲੀ (3 ਜੂਨ, 2015): ਭਾਰਤੀ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਦਿੱਲੀ ਵਿੱਚ ਹੋਏ ਸਿੱਖ ਕਤਲੇਆਮ ਦੇ ਮੁੱਖ ਦੋਸ਼ੀ ਕਾਂਗਰਸੀ ਆਗੂ ਜਗਦੀਸ਼ ਟਾਇਟਲਰ ਵੱਲੋਂ ਉਸ ਖਿਲਾਫ ਗਵਾਹਾਂ ਨੂੰ ਮੁਕਰਨ ਲਈ ਦਬਾਅ ਪਾਉਣ ਅਤੇ ਲਾਲਚ ਦੇ ਕੇ ਮੁਕਰਾਉਣ ਦੇ ਦੋਸ਼ਾਂ ‘ਤੇ ਅਦਾਲਤ ਨੇ ਸੀਬੀਆਈ ਤੋਂ ਜਬਾਬ ਮੰਗਿਆ ਹੈ।
ਰਿਪੋਰਟ ’ਚ ਪਹਿਲੀ ਵਾਰ ਖ਼ੁਲਾਸਾ ਹੋਇਆ ਹੈ ਕਿ ਟਾੲੀਟਲਰ ਨੇ ਗਵਾਹ ਨੂੰ ਆਪਣੇ ਪੱਖ ’ਚ ਕਰਨ ਲੲੀ ਪੰਜ ਕਰੋਡ਼ ਰੁਪਏ ਦਾ ਕਥਿਤ ਤੌਰ ’ਤੇ ਸੌਦਾ ਵੀ ਕੀਤਾ ਸੀ। ਦਿੱਲੀ ਦੀ ਅਦਾਲਤ ਨੇ ਟਾੲੀਟਲਰ ਵੱਲੋਂ ਗਵਾਹਾਂ ਨੂੰ ਪ੍ਰਭਾਵਿਤ ਕਰਨ ਦੇ ਲੱਗੇ ਦੋਸ਼ਾਂ ’ਤੇ ਸੀਬੀਆੲੀ ਵੱਲੋਂ ਕਾਰਵਾੲੀ ਕੀਤੇ ਜਾਣ ਬਾਰੇ ਜਵਾਬ ਮੰਗਿਆ ਹੈ। ਜਾਂਚ ਏਜੰਸੀ ਨੇ ਇਸ ਮਾਮਲੇ ਨੂੰ ਬੰਦ ਕਰਨ ਦੀ ਵਕਾਲਤ ਕੀਤੀ ਸੀ ਅਤੇ ਅਦਾਲਤ ਵੱਲੋਂ ਹੁਣ 26 ਜੂਨ ਨੂੰ ਅੱਗੇ ਸੁਣਵਾੲੀ ਕੀਤੀ ਜਾਏਗੀ।
ਹਥਿਆਰਾਂ ਦੇ ਕਾਰੋਬਾਰੀ ਅਭਿਸ਼ੇਕ ਵਰਮਾ ਨੇ ਸੀਬੀਆੲੀ ਨੂੰ ਦਿੱਤੇ ਬਿਆਨਾਂ ’ਚ ਕਿਹਾ ਹੈ ਕਿ ਜਗਦੀਸ਼ ਟਾੲੀਟਲਰ ਨੇ 2008 ’ਚ ੳੁਸ ਨੂੰ ਦੱਸਿਆ ਸੀ ਕਿ ਤਤਕਾਲੀ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨਾਲ ੳੁਸ ਨੇ ਮੁਲਾਕਾਤ ਕੀਤੀ ਸੀ ਜਿਸ ਤੋਂ ਬਾਅਦ ੳੁਸ ਨੂੰ ਸਿੱਖ ਕਤਲੇਆਮ ਦੇ ਮਾਮਲੇ ’ਚ ਕਥਿਤ ਭੂਮਿਕਾ ਨੂੰ ਲੈ ਕੇ ਕਲੀਨ ਚਿੱਟ ਮਿਲੀ ਸੀ।
ਸੀਬੀਆੲੀ ਨੇ ਜਾਂਚ ਦੌਰਾਨ ਜਲ ਸੈਨਾ ਵਾਰ ਲੀਕ ਮਾਮਲੇ ਦੇ ਨਾਲ ਹੀ ਧੋਖਾਧਡ਼ੀ ਅਤੇ ਜਾਲਸਾਜ਼ੀ ਸਮੇਤ ਹੋਰ ਮਾਮਲਿਆਂ ਦੇ ਮੁਲਜ਼ਮ ਵਰਮਾ ਦਾ ਬਿਆਨ ਗਵਾਹ ਵਜੋਂ ਦਰਜ ਕੀਤਾ ਹੈ। ਅਭਿਸ਼ੇਕ ਵਰਮਾ ਨੇ ਆਪਣੇ ਬਿਆਨ ’ਚ ਕਿਹਾ ਹੈ ਕਿ ਟਾੲੀਟਲਰ ਨੇ ੳੁਸ ਨੂੰ ਇਹ ਵੀ ਦੱਸਿਆ ਸੀ ਕਿ ਕੇਸ ਦੇ ਮੁੱਖ ਗਵਾਹ ਸੁਰਿੰਦਰ ਸਿੰਘ ਗ੍ਰੰਥੀ ਨੂੰ ਬਿਆਨਾਂ ਤੋਂ ਮੁਕਰਨ ਲੲੀ ੳੁਸ ਨੇ ਮੋਟੀ ਰਕਮ ਦਿੱਤੀ ਸੀ।
ਸੀਬੀਆੲੀ ਨੇ ਇਨ੍ਹਾਂ ਦਾਅਵਿਆਂ ਨਾਲ ਦਿੱਲੀ ਦੀ ਅਦਾਲਤ ’ਚ ਤੀਜੀ ਵਾਰ ਮਾਮਲਾ ਬੰਦ ਕਰਨ ਲੲੀ ਰਿਪੋਰਟ ਦਾਖ਼ਲ ਕੀਤੀ ਹੈ। ਅਦਾਲਤ ਨੇ ਅੱਜ ਕੇਸ ਦੀ ਸੁਣਵਾੲੀ ਕੀਤੀ ਅਤੇ ਟਾੲੀਟਲਰ ’ਤੇ 1984 ਦੇ ਸਿੱਖ ਕਤਲੇਆਮ ਮਾਮਲੇ ’ਚ ਗਵਾਹ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਦੇ ਦੋਸ਼ਾਂ ’ਤੇ ਸੀਬੀਆੲੀ ਤੋਂ ਜਵਾਬ ਮੰਗਿਆ ਹੈ।
ਵਰਮਾ ਨੇ ਸੀਬੀਆੲੀ ਨੂੰ ਦੱਸਿਆ ਸੀ,‘‘ਸੌਦੇ ਮੁਤਾਬਕ ਸੁਰਿੰਦਰ ਨੂੰ ਮੋਟੀ ਰਕਮ ਅਦਾ ਕੀਤੀ ਗੲੀ ਸੀ ਅਤੇ ੳੁਸ ਦੇ ਲਡ਼ਕੇ ਨਰਿੰਦਰ ਸਿੰਘ ਨੂੰ ਵਿਦੇਸ਼ ਭੇਜਿਆ ਗਿਆ।
ੳੁਸ (ਟਾੲੀਟਲਰ) ਨੇ ਮੈਨੂੰ ਦੱਸਿਆ ਕਿ ਨਰਿੰਦਰ ’ਤੇ ਭਾਰੀ ਦਬਾਅ ਪਾਇਆ ਗਿਆ ਕਿ ੳੁਹ ਆਪਣੇ ਪਿਤਾ ਸੁਰਿੰਦਰ ਨੂੰ ਜਗਦੀਸ਼ ਟਾੲੀਟਲਰ ਦੇ ਪੱਖ ’ਚ ਬਿਆਨ ਬਦਲਵਾੳੁਣ ਲੲੀ ਮਨਾਵੇ।’’ ਸੀਬੀਆੲੀ ਨੇ ਮਾਮਲਾ ਬੰਦ ਕਰਨ ਸਬੰਧੀ ਆਪਣੀ ਰਿਪੋਰਟ ’ਚ ਕਿਹਾ ਹੈ ਕਿ ਵਰਮਾ ਦੀ ਗਵਾਹੀ ਤੋਂ ਇਹ ਸੰਕੇਤ ਮਿਲਦਾ ਹੈ ਕਿ ਟਾੲੀਟਲਰ ਨੇ ਗਵਾਹ ਸੁਰਿੰਦਰ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕੀਤੀ ਹੋਵੇਗੀ। ਜਾਂਚ ਏਜੰਸੀ ਨੇ ਕਿਹਾ ਹੈ ਕਿ ਵਰਮਾ ਵੱਲੋਂ ਲਾਏ ਗਏ ਦੋਸ਼ਾਂ ਦੀ ਪੁਸ਼ਟੀ ਨਹੀਂ ਹੋ ਸਕੀ ਕਿੳੁਂਕਿ ਸੁਰਿੰਦਰ ਸਿੰਘ ਦੀ ਮੌਤ ਹੋ ਚੁੱਕੀ ਹੈ।
ਸਿੱਖ ਕਤਲੇਆਮ ਦੇ ਕੇਸਾਂ ਵਿੱਚ ਪੀੜਤਾਂ ਦੇ ਕੇਸਾਂ ਦੀ ਪੈਰਵੀ ਕਰ ਰਹੇ ਵਕੀਲ ਐਚ ਐਸ ਫੂਲਕਾ ਨੇ ਸੁਣਵਾੲੀ ਦੌਰਾਨ ਕਿਹਾ ਕਿ ਇਹ ਹੈਰਾਨ ਕਰਨ ਵਾਲੀ ਗੱਲ ਹੈ ਕਿ ਅਜਿਹੇ ਸਬੂਤ ਹੋਣ ਦੇ ਬਾਵਜੂਦ ਜਾਂਚ ਏਜੰਸੀ ਨੇ ਕਲੋਜ਼ਰ ਰਿਪੋਰਟ ਦਾਖ਼ਲ ਕਰ ਦਿੱਤੀ।
Related Topics: Jagdeesh Tytlar, Sikh Massacre, ਸਿੱਖ ਨਸਲਕੁਸ਼ੀ 1984 (Sikh Genocide 1984)