ਖਾਸ ਖਬਰਾਂ

ਦਰਬਾਰ ਸਾਹਿਬ ’ਤੇ ਫੌਜੀ ਹਮਲੇ ਸਬੰਧੀ ਹੋਈ ਪੰਥਕ ਕਨਵੈਨਸ਼ਨ

June 2, 2014 | By

ਚੰਡੀਗੜ੍ਹ (1 ਜੂਨ 2014): ਅੱਜ ਦਰਬਾਰ ਸਾਹਿਬ ‘ਤੇ ਹਮਲੇ ਸਬੰਧੀ ਹੋਈ ਪਂਥਕ  ਕਨਵੈਨਸ਼ਨ ਦੌਰਾਨ ਸਿੱਖ ਬੁੱਧੀਜੀਵੀਆਂ ਨੇ ਦੋਸ਼ ਲਾਇਆ ਕਿ ਸਰਕਾਰਾਂ ਵੱਲੋਂ ਇਸ ਘੱਲੂਘਾਰੇ ਦੌਰਾਨ ਦੌਰਾਨ ਮਾਰੇ ਗਏ ਸਿੱਖਾਂ ਦੀ ਗਿਣਤੀ ਬਹੁਤ ਘਟਾ ਕੇ ਪੇਸ਼ ਕੀਤੀ ਗਈ ਹੈ। ਭਾਰਤੀ ਫੌਜ ਵੱਲੋਂ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਵਿਖੇ ਕੀਤੀ ਵੱਡੀ ਤਬਾਹੀ ਤੋਂ ਬਾਅਦ ਇਕ ਦਹਾਕਾ ਪੰਜਾਬ ਵਿੱਚ ਲੋਕਾਂ ਦੇ ਕੀਤੇ ਕਤਲੋਗਾਰਤ ਦੀ ਵੀ ਜਾਂਚ ਕਰਵਾਉਣੀ ਸਮੇਂ ਦੀ ਮੰਗ ਹੈ।

ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਵੱਲੋਂ ਇੱਥੇ ਸੈਕਟਰ-28 ਵਿੱਚ ਕਰਵਾਈ ਕਨਵੈਨਸ਼ਨ ਦੌਰਾਨ ਸਿੱਖ ਬੁੱਧੀਜੀੜੀਆਂ ਵੱਲੋਂ ਇਸ ਦੁਖਾਂਤ ਦੀ ਕੌਮਾਂਤਰੀ ਪੱਧਰ (ਯੂਐਨਓ) ’ਤੇ ਪੜਤਾਲ ਕਰਵਾਉਣ ਦੀ ਮੰਗ ਕੀਤੀ ਗਈ।
ਜੂਨ 1984 ਵਿੱਚ ਉਸ ਸਮੇਂ ਦੀ ਭਾਰਤ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਹੁਕਮਾਂ ‘ਤੇ ਭਾਰਤੀ ਫੌਜ ਵੱਲੋਂ ਸ੍ਰੀ ਅੰਮ੍ਰਿਤਸਰ ਵਿਖੇ ਦਰਬਾਰ ਸਾਹਿਬ ’ਤੇ ਹੋਏ ਫੌਜੀ ਹਮਲੇ ਦੀ 30ਵੀਂ ਵਰ੍ਹੇਗੰਢ ਮੌਕੇ ਤੀਹ ਸਾਲ ਬਾਅਦ ਵੀ ਪਤਾ ਨਹੀਂ ਲੱਗਾ ਕਿ ਦਰਬਾਰ ਸਾਹਿਬ ਤੇ ਹੋਏ ਫੌਜੀ ਹਮਲੇ ਵਿਚ ਅਸਲ ‘ਚ ਕੀ ਹੋਇਆ, ਬਲਕਿ ਅੰਮਿ੍ਤਸਰ ਦੇ ਇਕ ਇਲਾਕੇ ਵਿਚ ਹੋਈ ਘਟਨਾ ਦੀ ਨਾ-ਮਾਤਰ ਜਾਣਕਾਰੀ ਹੀ ਲੋਕਾਂ ਸਾਮ੍ਹਣੇ ਆ ਸਕੀ, ਜਦਕਿ ਇਕ ਸਵਾਲ ਵਾਰ-ਵਾਰ ਸਾਹਮਣੇ ਆਉਂਦਾ ਹੈ ਕਿ ਹੋਰ 42 ਗੁਰਦੁਆਰਿਆਂ ‘ਤੇ ਫੌਜੀ ਹਮਲਾ ਕਿਉਂ ਕੀਤਾ ਗਿਆ, ਜਦਕਿ ਭਾਰਤ ਸਰਕਾਰ ਅਨੁਸਾਰ ਤਾਂ ਅੰਮਿ੍ਤਸਰ ਵਿਚ ਹੀ ਖਾੜਕੂਆਂ ਦਾ ਕਬਜ਼ਾ ਸੀ ।
ਪੰਜਵੇਂ ਪਾਤਿਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹਾਦਤ ਪੁਰਬ ਜਦੋਂ ਸਿੱਖ ਹਰ ਸਾਲ ਦੀ ਤਰ੍ਹਾਂ ਸ਼ਾਂਤੀਪੂਰਵਕ ਮਨਾ ਰਹੇ ਸਨ ਤਾਂ ਉਨ੍ਹਾਂ ‘ਤੇ ਫੌਜੀ ਹਮਲਾ ਕਿਉਂ ਕੀਤਾ ਗਿਆ?
ਜਾਰੀ ਕੀਤੇ ਸਫੈਦ ਪੱਤਰ ਵਿਚ ਗ਼ਲਤ ਸੂਚਨਾਵਾਂ ਸ਼ਾਮਿਲ ਕਿਸ ਨੇ ਕੀਤੀਆਂ ਅਤੇ ਬਾਅਦ ਵਿਚ ਦਹਾਕਿਆਂ ਤੱਕ ਕਿਸੇ ਨੇ ਵੀ ਸਵੈ-ਵਿਰੋਧੀ ਤੱਥ ਅਤੇ ਅੰਕੜੇ ਕਿਉਂ ਨਹੀਂ ਪ੍ਰਕਾਸ਼ਿਤ ਕੀਤੇ? ਇਹ ਸੱਚਾਈ ਸਾਹਮਣੇ ਲਿਆਉਣ ਲਈ ਕਿ ਅਸਲ ਵਿਚ ਕੀ ਵਾਪਰਿਆ ਅਤੇ ਕਿਸ ਨੇ ਕੀ ਭੂਮਿਕਾ ਨਿਭਾਈ, ਇਸ ਦੀ ਭਰੋਸੇਯੋਗ ਪੜਤਾਲ ਕਿਉਂ ਨਹੀਂ ਕੀਤੀ ਗਈ?
ਪੰਜਾਬੀ ਦੀਆਂ ਵੱਖ-ਵੱਖ ਅਖਬਾਰਾਂ ਵਿੱਚ ਨਸ਼ਰ ਹੋਈਆਂ ਖਬਰਾਂ ਅਨੁਸਾਰ ਬੁਲਾਰਿਆਂ ਨੇ ਦੋਸ਼ ਲਾਇਆ ਕਿ ਭਾਰਤ ਸਰਕਾਰ ਸ੍ਰੀ ਹਰਿਮੰਦਿਰ ਸਾਹਿਬ ਨੂੰ ਸੰਤ ਜਰਨੈਲ ਸਿੰਘ ਭਿੰਡਰਾਵਾਲੇ ਅਤੇ ਉਨ੍ਹਾਂ ਦੇ ਅਸਲਾਧਾਰੀ ਕਾਬਜ਼ਾਂ ਕੋਲੋਂ ਹਫਤੇ ਤੋਂ ਵੀ ਘੱਟ ਸਮੇਂ ਵਿੱਚ ਮੁਕਤ ਕਰਵਾਉਣ ਦੇ ਗੁਮਰਾਹ ਦਾਅਵੇ ਕਰਦੀ ਆ ਰਹੀ ਹੈ। ਅਸਲੀਅਤ ਇਹ ਹੈ ਕਿ ਇਸ ਕਾਂਡ ਤੋਂ ਬਾਅਦ ਇਕ ਦਹਾਕੇ ਤੋਂ ਵੱਧ ਸਮਾਂ ਫੌਜ ਪੰਜਾਬ ਵਿੱਚ ਹੀ ਰਹੀ ਸੀ, ਜਿਸ ਦੌਰਾਨ ਵਿਆਪਕ ਪੱਧਰ ’ਤੇ ਕਤਲੋਗਾਰਤ ਚੱਲਦੀ ਰਹੀ ਹੈ।

ਬੁਲਾਰਿਆਂ ਨੇ ਇਕਸੁਰਤਾ ਨਾਲ ਕਿਹਾ ਕਿ ਹੁਣ ਅੰਤ ਵਿਚ ਜਦੋਂ ਸਿੱਖਾਂ ਦੇ ਇਸ ਸਵਾਲ ਦਾ ਜਵਾਬ ਹੀ ਨਹੀਂ ਮਿਲਿਆ ਤਾਂ ਸਿੱਖਾਂ ਨੂੰ ਇਹ ਮੰਨ ਲੈਣਾ ਚਾਹੀਦਾ ਹੈ ਕਿ ਸ੍ਰੀ ਦਰਬਾਰ ਸਾਹਿਬ ਸਮੂਹ ‘ਤੇ ਹੋਇਆ ਫੌਜੀ ਹਮਲਾ ਸਿੱਖਾਂ ਨੂੰ ਸਬਕ ਸਿਖਾਉਣ ਲਈ ਸੀ, ਨਾ ਕਿ ਕੁੱਝ ਇਤਿਹਾਸਕ ਅਤੇ ਸਮਾਜਿਕ ਮਸਲਿਆਂ ਦੇ ਹੱਲ ਲਈ ਸੀ ।

ਇਸ ਮੌਕੇ ਦਾਅਵਾ ਕੀਤਾ ਕਿ ਗੁਆਂਢੀ ਦੇਸ਼ ਪਾਕਿਸਤਾਨ ਤੋਂ ਵੀ ਖ਼ਬਰਾਂ ਆਈਆਂ ਹਨ ਕਿ ਉਨ੍ਹਾਂ ਦੀ ਧਰਤੀ’ਤੇ ਵਗਦੇ ਦਰਿਆਵਾਂ ਵਿੱਚੋਂ ਸਿੱਖਾਂ ਦੀਆਂ ਲਾਸ਼ਾਂ ਰੁੜਦੀਆਂ ਦੇਖੀਆਂ ਗਈਆਂ ਸਨ।
ਕਨਵੈਨਸ਼ਨ ਵਿਚ ਸਾਬਕਾ ਜਸਟਿਸ ਅਜੀਤ ਸਿੰਘ ਬੈਂਸ, ਅਨੁਰਾਗ ਸਿੰਘ, ਅਜਮੇਰ ਸਿੰਘ, ਕਰਮਜੀਤ ਸਿੰਘ, ਰਾਜਿੰਦਰ ਸਿੰਘ, ਇੰਦਰਜੀਤ ਸਿੰਘ ਜੇਜੀ, ਸਤਿਨਾਮ ਸਿੰਘ ਪਾਉਂਟਾ ਸਾਹਿਬ, ਜਸਪਾਲ ਸਿੰਘ ਮੰਝਪੁਰ ਤੇ ਬੀਬੀ ਬਰਿੰਦਰ ਕੌਰ ਨੇ ਵਿਚਾਰ ਪ੍ਰਗਟ ਕੀਤੇ ।
ਕਨਵੈਨਸ਼ਨ ਵਿਚ ਮਤਾ ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਦੇ ਮੈਂਬਰ ਸ. ਸੁਰਿੰਦਰ ਸਿੰਘ ਕਿਸ਼ਨਪੁਰਾ ਵੱਲੋਂ ਪੜਿ੍ਹਆ ਗਿਆ ।
ਇਸ ਮੌਕੇ ਬਾਬਾ ਹਰਦੀਪ ਸਿੰਘ (ਪ੍ਰਧਾਨ ਕੇਂਦਰੀ ਸ੍ਰੀ ਗੁਰੂ ਸਿੰਘ ਸਭਾ), ਗੁਰਪ੍ਰੀਤ ਸਿੰਘ, ਮਨਧੀਰ ਸਿੰਘ, ਪਰਮਜੀਤ ਸਿੰਘ ਗਾਜੀ, ਹਰਪਾਲ ਸਿੰਘ ਚੀਮਾ, ਸੰਤੋਖ ਸਿੰਘ ਸਲਾਣਾ (ਸੂਬਾਈ ਆਗੂ ਆਮ ਆਦਮੀ ਪਾਰਟੀ), ਨਵਕਿਰਨ ਸਿੰਘ, ਬਲਜੀਤ ਸਿੰਘ ਖਾਲਸਾ, ਰਵਿੰਦਰ ਸਿੰਘ ਖਾਲਸਾ, ਸਾਬਕਾ ਵਿਧਾਇਕ ਜੁਗਰਾਜ ਸਿੰਘ, ਅਮਰ ਸਿੰਘ ਚਾਹਲ, ਬਲਦੇਵ ਸਿੰਘ ਸਿਰਸਾ, ਦਲਜੀਤ ਸਿੰਘ ਬਿੱਟੂ, ਜਸਪਾਲ ਸਿੰਘ, ਸੁਖਦੇਵ ਸਿੰਘ, ਅਸ਼ੋਕ ਸਿੰਘ ਬਾਗੜੀਆਂ, ਬੀਬੀ ਬਲਜੀਤ ਕੌਰ, ਬਲਵਿੰਦਰ ਸਿੰਘ ਅਤੇ ਕਰਨੈਲ ਸਿੰਘ ਮੌੜ ਵੀ ਮੌਜੂਦ ਸਨ ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , ,