April 26, 2011 | By ਸਿੱਖ ਸਿਆਸਤ ਬਿਊਰੋ
ਅੰਮ੍ਰਿਤਸਰ (26 ਅਪ੍ਰੈਲ, 2011): ਸਿੱਖ ਜਥੇਬੰਦੀਆਂ ਨੇ ਆਈ.ਪੀ.ਐਸ ਅਧਿਕਾਰੀ ਸੰਜੀਵ ਰਾਜਿੰਦਰ ਭੱਟ ਵਲੋਂ ਸੁਪਰੀਮ ਕੋਰਟ ਵਿੱਚ ਦਿੱਤੇ ਹਲਫਨਾਮੇ ਵਿੱਚ ਦਰਜ ਨਰਿੰਦਰ ਮੋਦੀ ਦੇ ਬੋਲ ਕਿ, “ਮੁਸਲਮਾਨਾਂ ਨੂੰ ਗੋਧਰਾ ਕਾਂਡ ਤੋਂ ਬਾਅਦ ਸਬਕ ਸਿਖਾਉਣ ਦੀ ਲੋੜ ਹੈ” ਦਾ ਹਵਾਲਾ ਦੇਂਦਿੰਆਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ, ਕਾਂਗਰਸ ਦੀ ਨਸਲਕੁਸ਼ੀ ਦੇ ਮੁੱਦੇ ਉਤੇ ਆਲੋਚਨਾ ਕਰਨ ਦਾ ਹੱਕਦਾਰ ਤਾਂ ਹੀ ਹੈ ਜੇਕਰ ਉਹ ਭਾਜਪਾ ਨਾਲੋਂ ਆਪਣੇ ਸਬੰਧਾਂ ਨੂੰ ਤੋੜੇ ਜਿਸ ਉਤੇ ਬੇਦੋਸ਼ੇ ਮੁਸਲਮਾਨਾਂ ਦੇ ਕਤਲੇਆਮ ਦਾ ਦੋਸ਼ ਆਇਦ ਹੁੰਦਾ ਹੈ।
ਸ਼੍ਰੋਮਣੀ ਅਕਾਲੀ ਦਲ (ਪੰਚ ਪ੍ਰਧਾਨੀ) ਦੇ ਆਗੂ ਹਰਪਾਲ ਸਿੰਘ ਚੀਮਾ, ਦਲ ਖਾਲਸਾ ਆਗੂ ਕੰਵਰਪਾਲ ਸਿੰਘ, ਖਾਲਸਾ ਐਕਸ਼ਨ ਕਮੇਟੀ ਦੇ ਚੇਅਰਮੈਨ ਭਾਈ ਮੋਹਕਮ ਸਿੰਘ ਅਤੇ ਸਿੱਖ ਸਟੂਡੈਂਟਸ ਫੈਡਰੇਸ਼ਨ ਆਗੂ ਕਰਨੈਲ ਸਿੰਘ ਪੀਰਮੁਹੰਮਦ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਭਾਜਪਾ ਨਾਲੋਂ ਆਪਣਾ ਨਾਤਾ ਤੋੜ ਲੈਣਾ ਚਾਹੀਦਾ ਹੈ ਕਿਉਕਿ ਕਾਂਗਰਸ ਵਾਂਗ ਭਾਜਪਾ ਦੇ ਹੱਥ ਵੀ ਨਿਰਦੋਸ਼ਾਂ ਦੇ ਖੂਨ ਨਾਲ ਲਿਬੜੇ ਹੋਏ ਹਨ।
ਉਹਨਾਂ ਕਿਹਾ ਕਿ ਮੋਦੀ ਦੇ ਬਿਆਨ ਨੇ ਰਾਜੀਵ ਗਾਂਧੀ ਵਲੋਂ ਆਪਣੀ ਮਾਂ ਦੀ ਮੌਤ ਮਗਰੋਂ ਸਿੱਖਾਂ ਨੂੰ ਸਬਕ ਸਿਖਾਉਣ ਲਈ ਹਿੰਦੂਆਂ ਨੂੰ ਸਿੱਖਾਂ ਦਾ ਕਤਲੇਆਮ ਕਰਨ ਦੀ ਦਿੱਤੀ ਖੁੱਲ਼੍ਹ ਦੀ ਦਰਦਨਾਕ ਯਾਦ ਤਾਜਾ ਕਰਵਾ ਦਿੱਤੀ ਹੈ। ਉਨਾਂ ਕਿਹਾ ਕਿ “ਗੁਜਰਾਤ ਸਰਕਾਰ ਦੀ ਹਿੰਸਾ ਵਿਚ ਸ਼ਪੱਸ਼ਟ ਮਿਲੀਭੁਗਤ ਰਹੀ ਹੈ। ਹਜਾਰਾਂ ਬੇਦੋਸ਼ੇ ਸਿਰਫ ਇਸ ਕਰਕੇ ਮਾਰੇ ਗਏ ਕਿ ਉਹ ਇਸਲਾਮ ਨੂੰ ਮੰਨਦੇ ਸਨ। ਅਧਿਕਾਰੀਆਂ ਨੇ ਹਿੰਦੂ ਗੁੰਡਿਆਂ ਦਾ ਸਾਥ ਦਿੱਤਾ ਜੋ ਕਿ ਮੁਸਲਮਾਨਾਂ ਨੂੰ ਸਬਕ ਸਿਖਾਉਣ ਲਈ ਦਨਦਨਾਂਉਂਦੇ ਫਿਰਦੇ ਸਨ”। ਉਹਨਾਂ ਕਿਹਾ ਕਿ ਜੋ ਕੁਝ ਭਾਜਪਾ ਨੇ ਮੋਦੀ ਦੀ ਅਗਵਾਈ ਵਿਚ ਕੀਤਾ ਉਹੀ ਕੁਝ ਕਾਂਗਰਸ ਨੇ ਰਾਜੀਵ ਗਾਂਧੀ ਦੀ ਅਗਵਾਈ ਵਿਚ ਸਿਖਾਂ ਖਿਲਾਫ 1984 ਨੂੰ ਕੀਤਾ ਸੀ। ਉਹਨਾਂ ਅਫਸੋਸ ਪ੍ਰਗਟ ਕਰਦਿਆਂ ਕਿਹਾ ਕਿ ਕਾਂਗਰਸ ਵਿਚ ਹੋਣ ਚਾਹੇ ਭਾਜਪਾ ਵਿਚ ਹਿੰਦੂਆਂ ਦੇ ਇਕ ਹਿੱਸੇ ਨੇ ਨਸਲਕੁਸ਼ੀ ਦੀ ਸਿਆਸਤ ਨੂੰ ਪ੍ਰਵਾਨਗੀ ਦਿੱਤੀ ਹੋਈ ਹੈ।
Related Topics: Akali Dal Panch Pardhani, All India Sikh Students Federation (AISSF), Badal Dal, BJP, Congress Government in Punjab 2017-2022, Dal Khalsa International, Khalsa Action Committee