June 9, 2017 | By ਸਿੱਖ ਸਿਆਸਤ ਬਿਊਰੋ
ਅੰਮ੍ਰਿਤਸਰ: ਸਿੱਖ ਸ਼ਰਧਾਲੂਆਂ ਦਾ ਇੱਕ ਜਥਾ ਪਾਕਿਸਤਾਨ ਵਿੱਚ ਪੰਚਮ ਪਾਤਸ਼ਾਹ ਦਾ ਸ਼ਹੀਦੀ ਪੁਰਬ ਮਨਾਉਣ ਲਈ ਵੀਜ਼ਾ ਹੋਣ ਦੇ ਬਾਵਜੂਦ ਉਥੇ ਨਹੀਂ ਜਾ ਸਕਿਆ। ਇਸ ਜਥੇ ਵਿੱਚ 80 ਸਿੱਖ ਸ਼ਰਧਾਲੂ ਸ਼ਾਮਲ ਸਨ। ਉਨ੍ਹਾਂ ਕੋਲ ਵਿਸ਼ੇਸ਼ ਰੇਲ ਗੱਡੀ ਰਾਹੀਂ ਜਾਣ ਦੀ ਪ੍ਰਵਾਨਗੀ ਤਾਂ ਸੀ ਪਰ ਉਹ ਸਮਝੌਤਾ ਐਕਸਪ੍ਰੈੱਸ ਰਾਹੀਂ ਪਾਕਿਸਤਾਨ ਜਾਣਾ ਚਾਹੁੰਦੇ ਸਨ। 68 ਸ਼ਰਧਾਲੂਆਂ ਨੂੰ ਭਾਈ ਮਰਦਾਨਾ ਯਾਦਗਾਰੀ ਕਮੇਟੀ ਅਤੇ 12 ਨੂੰ ਸ਼੍ਰੋਮਣੀ ਅਕਾਲੀ ਦਲ ਦਿੱਲੀ (ਸਰਨਾ) ਵਲੋਂ ਵੀਜ਼ਾ ਦਿਵਾਇਆ ਗਿਆ ਸੀ।
ਭਾਈ ਮਰਦਾਨਾ ਯਾਦਗਾਰੀ ਕਮੇਟੀ ਦੇ ਮੁਖੀ ਹਰਪਾਲ ਸਿੰਘ ਭੁੱਲਰ ਨੇ ਦੱਸਿਆ ਕਿ ਜਦੋਂ ਉਹ ਸਮਝੌਤਾ ਐਕਸਪ੍ਰੈੱਸ ਜ਼ਰੀਏ ਪਾਕਿਸਤਾਨ ਜਾਣ ਵਾਸਤੇ ਅਟਾਰੀ ਰੇਲਵੇ ਸਟੇਸ਼ਨ ’ਤੇ ਪੁੱਜੇ ਤਾਂ ਉਥੇ ਮੌਜੂਦ ਭਾਰਤੀ ਅਧਿਕਾਰੀਆਂ ਵੱਲੋਂ ਸ਼ਰਧਾਲੂਆਂ ਨੂੰ ਸਮਝੌਤਾ ਐਕਸਪ੍ਰੈੱਸ ਵਿੱਚ ਸਵਾਰ ਹੋਣ ਤੋਂ ਰੋਕ ਦਿੱਤਾ ਗਿਆ। ਉਨ੍ਹਾਂ ਨੇ ਰੇਲ ਵਿਭਾਗ ਨੂੰ ਅਪੀਲ ਕੀਤੀ ਕਿ ਉਹ ਪਹਿਲਾਂ ਵੀ ਅਜਿਹੇ ਵੀਜ਼ੇ ’ਤੇ ਸਮਝੌਤਾ ਐਕਸਪ੍ਰੈੱਸ ਰਾਹੀਂ ਪਾਕਿਸਤਾਨ ਜਾਂਦੇ ਰਹੇ ਹਨ ਪਰ ਕੋਈ ਸੁਣਵਾਈ ਨਹੀਂ ਹੋਈ। ਉਨ੍ਹਾਂ ਦਾਅਵਾ ਕੀਤਾ ਕਿ ਸ਼ਰਧਾਲੂਆਂ ਲਈ ਪਾਕਿਸਤਾਨ ਸਰਕਾਰ ਵੱਲੋਂ ਵਿਸ਼ੇਸ਼ ਰੇਲ ਗੱਡੀ ਭੇਜੀ ਜਾਣੀ ਸੀ ਪਰ ਭਾਰਤੀ ਰੇਲ ਵਿਭਾਗ ਨੇ ਪਾਕਿਸਤਾਨ ਦੀ ਰੇਲ ਗੱਡੀ ਨੂੰ ਇਧਰ ਆਉਣ ਦੀ ਆਗਿਆ ਨਹੀਂ ਦਿੱਤੀ। ਇਸੇ ਲਈ ਉਨ੍ਹਾਂ ਨੇ ਸਮਝੌਤਾ ਐਕਸਪ੍ਰੈੱਸ ਰਾਹੀਂ ਪਾਕਿਸਤਾਨ ਜਾਣ ਦਾ ਫ਼ੈਸਲਾ ਕੀਤਾ ਸੀ। ਪਾਕਿਸਤਾਨ ਜਾਣ ਤੋਂ ਰੋਕੇ ਜਾਣ ਕਾਰਨ ਨਿਰਾਸ਼ ਹੋਏ ਸ਼ਰਧਾਲੂ ਸਟੇਸ਼ਨ ਤੋਂ ਹੀ ਵਾਪਸ ਚਲੇ ਗਏ। ਇਹ ਯਾਤਰੂ ਆਪਣਾ ਸਾਮਾਨ ਅਤੇ ਸਾਰੇ ਲੁੜੀਂਦੇ ਦਸਤਾਵੇਜ਼ ਲੈ ਕੇ ਪੁੱਜੇ ਹੋਏ ਸਨ। ਸਿੱਖ ਆਗੂਆਂ ਨੇ ਦੋਸ਼ ਲਾਇਆ ਕਿ ਕੇਂਦਰ ਸਰਕਾਰ ਵੱਲੋਂ ਪੱਖਪਾਤ ਕੀਤਾ ਗਿਆ ਹੈ। ਹੁਣ ਇਹ ਯਾਤਰੂ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਮੌਕੇ ਪਾਕਿਸਤਾਨ ਜਾਣਗੇ।
ਜ਼ਿਕਰਯੋਗ ਹੈ ਕਿ ਮੂਲ ਨਾਨਕਸ਼ਾਹੀ ਕੈਲੰਡਰ ਮੁਤਾਬਕ ਪੰਚਮ ਪਾਤਸ਼ਾਹ ਦਾ ਸ਼ਹੀਦੀ ਦਿਹਾੜਾ ਪਾਕਿਸਤਾਨ ਵਿੱਚ 16 ਜੂਨ ਨੂੰ ਮਨਾਇਆ ਜਾ ਰਿਹਾ ਹੈ ਜਦਕਿ ਸ਼੍ਰੋਮਣੀ ਕਮੇਟੀ ਤੇ ਉਸ ਦੀਆਂ ਸਹਿਯੋਗੀ ਜਥੇਬੰਦੀਆਂ ਵੱਲੋਂ ਇਹ ਸ਼ਹੀਦੀ ਦਿਹਾੜਾ ਤਬਦੀਲ ਕੀਤੇ ਕੈਲੰਡਰ ਅਨੁਸਾਰ 29 ਮਈ ਨੂੰ ਮਨਾਇਆ ਜਾ ਚੁੱਕਿਆ ਹੈ। ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਮੂਲ ਨਾਨਕਸ਼ਾਹੀ ਕੈਲੰਡਰ (2003) ਨੂੰ ਮਾਨਤਾ ਦਿੱਤੀ ਹੋਈ ਹੈ[
ਇਸ ਖ਼ਬਰ ਨੂੰ ਵਿਸਥਾਰ ਸਹਿਤ ਅੰਗ੍ਰੇਜ਼ੀ ਵਿਚ ਪੜ੍ਹਨ ਲਈ:
‘Conditional’ Visa Denied Sikh Jatha Travel Via Samjhauta Express …
Related Topics: NanakshahI Calander, Original Nanakshahi Calender, Pakisatan, Samjhauta Express, Sikh Jatha, Sikhs In Pakistan