July 20, 2017 | By ਸਿੱਖ ਸਿਆਸਤ ਬਿਊਰੋ
ਬੀਜਿੰਗ: ਸਿੱਕਮ ਸੈਕਟਰ ਵਿੱਚ ਡੋਕਲਾਮ ਇਲਾਕੇ ਵਿੱਚ ਭਾਰਤ ਨਾਲ ਤਣਾਅ ਤੋਂ ਬਾਅਦ ਪਹਾੜਾਂ ਵਿੱਚ ਘਿਰੇ ਇਸ ਇਲਾਕੇ ‘ਚ ਚੀਨੀ ਫ਼ੌਜ ਵੱਲੋਂ 10 ਹਜ਼ਾਰ ਟਨ ਦੀਆਂ ਫ਼ੌਜੀ ਗੱਡੀਆਂ ਤੇ ਹੋਰ ਸਾਜ਼ੋ-ਸਾਮਾਨ ਲਿਜਾਇਆ ਗਿਆ ਹੈ। ਚੀਨੀ ਫ਼ੌਜ ਦੇ ਅਧਿਕਾਰਤ ਅਖ਼ਬਾਰ ‘ਪੀਐਲਏ ਡੇਲੀ’ ਦੀ ਰਿਪੋਰਟ ਮੁਤਾਬਕ ਪੱਛਮੀ ਕਮਾਂਡ ਵੱਲੋਂ ਉੱਤਰੀ ਤਿੱਬਤ ਵਿੱਚ ਕੁਨਲੁਨ ਪਹਾੜਾਂ ਦੇ ਦੱਖਣੀ ਖੇਤਰ ਵਿੱਚ ਭਾਰੀ ਫ਼ੌਜੀ ਸਾਜ਼ੋ-ਸਾਮਾਨ ਲਿਜਾਇਆ ਗਿਆ ਹੈ। ਪੱਛਮੀ ਕਮਾਂਡ ਵੱਲੋਂ ਭਾਰਤ ਨਾਲ ਸਰਹੱਦੀ ਮਸਲਿਆਂ ਨਾਲ ਨਜਿੱਠਿਆ ਜਾਂਦਾ ਹੈ। ਇਸ ਰਿਪੋਰਟ ਮੁਤਾਬਕ ਇਹ ਕਦਮ ਪਿਛਲੇ ਮਹੀਨੇ ਚੁੱਕਿਆ ਗਿਆ ਅਤੇ ਇਹ ਸਾਰਾ ਸਾਜ਼ੋ ਸਾਮਾਨ ਸੜਕ ਤੇ ਰੇਲ ਰਾਹੀਂ ਲਿਜਾਇਆ ਗਿਆ।
ਚੀਨ ਦੇ ਸਰਕਾਰੀ ਮੀਡੀਆ ਵੱਲੋਂ ਪਿਛਲੇ ਹਫ਼ਤਿਆਂ ਦੌਰਾਨ ਭਾਰਤ ਖ਼ਿਲਾਫ਼ ਧੜੱਲੇਦਾਰ ਪ੍ਰਚਾਰ ਕੀਤਾ ਗਿਆ ਪਰ ਅਜਿਹੇ ਦਾਅਵਿਆਂ ਦੀ ਚੀਨ ਵੱਲੋਂ ਪੁਸ਼ਟੀ ਨਹੀਂ ਕੀਤੀ ਗਈ। ਇਸ ਹਫ਼ਤੇ ਦੇ ਸ਼ੁਰੂ ਵਿੱਚ ‘ਸੀਸੀਟੀਵੀ’ ਵੱਲੋਂ ਪੀਪਲਜ਼ ਲਿਬਰੇਸ਼ਨ ਆਰਮੀ ਦੇ ਜਵਾਨਾਂ ਵੱਲੋਂ ਤਿੱਬਤ ਦੇ ਮੈਦਾਨ ’ਚ ਕੀਤੀਆਂ ਭਾਰੀ ਜੰਗੀ ਮਸ਼ਕਾਂ ਦਾ ਲਾਈਵ ਪ੍ਰਸਾਰਨ ਕੀਤਾ ਗਿਆ। ਹਾਂਗਕਾਂਗ ਆਧਾਰਤ ‘ਸਾਊਥ ਚਾਈਨਾ ਮੌਰਨਿੰਗ ਪੋਸਟ’ ਦੀ ਰਿਪੋਰਟ ਮੁਤਾਬਕ ਮਸ਼ਕਾਂ ਵਾਲਾ ਇਹ ਸਥਾਨ ਡੋਕਲਾਮ ਇਲਾਕੇ ਤੋਂ ਬਹੁਤਾ ਦੂਰ ਨਹੀਂ, ਜਿਥੇ ਭਾਰਤੀ ਤੇ ਚੀਨੀ ਫ਼ੌਜੀ ਆਹਮੋ ਸਾਹਮਣੇ ਹਨ। ਹਾਲਾਂਕਿ ‘ਪੀਐਲਏ ਡੇਲੀ’ ਵੱਲੋਂ ਇਹ ਖੁਲਾਸਾ ਨਹੀਂ ਕੀਤਾ ਗਿਆ ਕਿ ਇਹ ਫ਼ੌਜੀ ਸਾਜ਼ੋ ਸਾਮਾਨ ਜੰਗੀ ਮਸ਼ਕਾਂ ਲਈ ਜਾਂ ਕਿਸੇ ਹੋਰ ਮਕਸਦ ਲਈ ਲਿਜਾਇਆ ਗਿਆ ਹੈ।
ਸਬੰਧਤ ਖ਼ਬਰ:
ਚੀਨ ਦਾ ਕਹਿਣਾ ਹੈ; ਸਾਡੇ ਫੌਜੀ ਸਬਰ ਨਾਲ ਇੰਤਜ਼ਾਰ ਕਰ ਰਹੇ ਹਨ, ਪਰ ਇਹ ਸਬਰ ਅਣਮਿੱਥੇ ਸਮੇਂ ਲਈ ਨਹੀਂ ਰਹੇਗਾ …
ਸ਼ੰਘਾਈ ਇੰਸਟੀਚਿਊਟਜ਼ ਫਾਰ ਇੰਟਰਨੈਸ਼ਨਲ ਸਟੱਡੀਜ਼ ’ਚ ਦੱਖਣੀ ਏਸ਼ਿਆਈ ਖੋਜਾਂ ਦੇ ਮਾਹਿਰ ਵਾਂਗ ਦੇਹੂਆ ਨੇ ਕਿਹਾ ਕਿ ਜਿਸ ਪੱਧਰ ’ਤੇ ਫ਼ੌਜੀ ਸਾਜ਼ੋ ਸਾਮਾਨ ਤੇ ਜਵਾਨ ਲਿਜਾਏ ਗਏ ਹਨ ਉਸ ਨੂੰ ਦੇਖ ਕੇ ਲੱਗਦਾ ਹੈ ਕਿ ਚੀਨ ਲਈ ਪੱਛਮੀ ਸਰਹੱਦਾਂ ਦੀ ਰੱਖਿਆ ਕਰਨੀ ਕਿੰਨੀ ਸੌਖੀ ਹੈ।
Related Topics: Indian Army, Indo - Chinese Relations, PLA China