June 29, 2017 | By ਸਿੱਖ ਸਿਆਸਤ ਬਿਊਰੋ
ਪੇਈਚਿੰਗ: ਚੀਨ ਨੇ ਸਿੱਕਿਮ ਵਿੱਚ ਭਾਰਤ ਤੇ ਭੂਟਾਨ ਨਾਲ ਲਗਦੀ ਆਪਣੀ ਤਿੰਨ ਧਿਰੀ ਸਰਹੱਦ ਉਤੇ ਭਾਰਤੀ ਫੌਜ ਦਾ ਬੰਕਰ ਬੁਲਡੋਜ਼ਰ ਨਾਲ ਹਟਾ ਦਿੱਤਾ। ਭਾਰਤ ਸਰਕਾਰ ਦੇ ਸੂਤਰਾਂ ਅਨੁਸਾਰ ਇਹ ਘਟਨਾ ਸਿੱਕਿਮ ਵਿੱਚ ਡੋਕਾ ਲਾ ਵਿੱਚ ਇਸ ਮਹੀਨੇ ਦੇ ਪਹਿਲੇ ਹਫ਼ਤੇ ਵਾਪਰੀ।
ਭਾਰਤੀ ਸੂਤਰਾਂ ਨੇ ਕਿਹਾ ਕਿ ਚੀਨੀ ਅਧਿਕਾਰੀਆਂ ਨੇ ਵਿਵਾਦਤ ਖੇਤਰ ‘ਚ ਭਾਰਤੀ ਫੌਜ ਨੂੰ ਬੰਕਰ ਹਟਾਉਣ ਲਈ ਕਿਹਾ ਸੀ ਪਰ ਜਦੋਂ ਭਾਰਤੀ ਫੌਜ ਨੇ ਵਿਵਾਦਤ ਬੰਕਰ ਨਹੀਂ ਹਟਾਇਆ ਤਾਂ ਚੀਨੀ ਫੌਜ ਨੇ ਬੁਲਡੋਜ਼ਰ ਨਾਲ ਜਬਰੀ ਇਸ ਬੰਕਰ ਨੂੰ ਹਟਾ ਦਿੱਤਾ। ਭਾਰਤ ਮੁਤਾਬਕ ਜੰਮੂ ਕਸ਼ਮੀਰ ਤੋਂ ਅਰੁਣਾਂਚਲ ਪ੍ਰਦੇਸ਼ ਤੱਕ ਲਗਦੀ 3488 ਕਿਲੋਮੀਟਰ ਲੰਮੀ ਚੀਨ-ਭਾਰਤ ਸਰਹੱਦ ਵਿੱਚੋਂ 220 ਕਿਲੋਮੀਟਰ ਦਾ ਹਿੱਸਾ ਸਿੱਕਿਮ ਵਿੱਚ ਪੈਂਦਾ ਹੈ। ਭਾਰਤੀ ਸੂਤਰਾਂ ਨੇ ਕਿਹਾ ਕਿ ਭਾਰਤ ਵਲੋਂ ਦਲਾਈ ਲਾਮਾ ਨੂੰ ਚੀਨ ਦੇ ਖਿਲਾਫ ਵਰਤਣ ਕਰਕੇ ਚੀਨ ਨਾਰਾਜ਼ ਹੈ ਇਸ ਲਈ ਉਹ ਸਿੱਕਿਮ ਵਿੱਚ ਸਰਹੱਦੀ ਇਲਾਕਿਆਂ ਉਤੇ ਤਣਾਅ ਵਧਾਉਣ ਦੀ ਕੋਸ਼ਿਸ਼ ਕਰ ਰਿਹਾ ਹੈ।
ਇਸ ਦੌਰਾਨ ਬੁੱਧਵਾਰ ਨੂੰ ਚੀਨ ਨੇ ਭਾਰਤ ਨੂੰ ਚੇਤਾਵਨੀ ਦਿੱਤੀ ਕਿ ਨਾਥੂ ਲਾ ਦੱਰੇ ਰਾਹੀਂ ਉਸ ਦੇ ਸ਼ਰਧਾਲੂਆਂ ਦੀ ਕੈਲਾਸ਼ ਮਾਨਸਰੋਵਰ ਯਾਤਰਾ ਇਸ ਗੱਲ ਉਤੇ ਨਿਰਭਰ ਕਰੇਗੀ ਕਿ ਕੀ ਭਾਰਤ ਆਪਣੀਆਂ ਗਲਤੀਆਂ ਸੁਧਾਰਦਾ ਹੈ ਜਾਂ ਨਹੀਂ। ਪੇਈਚਿੰਗ ਨੇ ਸਿੱਕਿਮ ਸੈਕਟਰ ਵਿੱਚ ਚੀਨ-ਭਾਰਤ ਸਰਹੱਦ ਉਤੇ ਆਪਣੇ ਪਾਸੇ ਹੋ ਰਹੇ ਸੜਕ ਨਿਰਮਾਣ ਨੂੰ ਜਾਇਜ਼ ਠਹਿਰਾਉਂਦਿਆਂ ਦਾਅਵਾ ਕੀਤਾ ਕਿ ਇਹ ਸੜਕ ਭਾਰਤ ਜਾਂ ਭੂਟਾਨ ਦੀ ਜਗ੍ਹਾ ਉਤੇ ਨਹੀਂ, ਸਗੋਂ ਚੀਨ ਦੀ ਧਰਤੀ ਉਤੇ ਬਣਾਈ ਜਾ ਰਹੀ ਹੈ ਅਤੇ ਕਿਸੇ ਮੁਲਕ ਨੂੰ ਇਸ ਵਿੱਚ ਦਖ਼ਲਅੰਦਾਜ਼ੀ ਕਰਨ ਦਾ ਕੋਈ ਹੱਕ ਨਹੀਂ। ਚੀਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਲੂ ਕਾਂਗ ਨੇ ਕਿਹਾ, “ਡੋਂਗਲਾਂਗ ਪੁਰਾਤਨ ਕਾਲ ਤੋਂ ਚੀਨ ਦਾ ਹਿੱਸਾ ਹੈ ਅਤੇ ਇਸ ਬਾਰੇ ਕੋਈ ਵਿਵਾਦ ਨਹੀਂ ਹੈ।”
ਸਬੰਧਤ ਖ਼ਬਰ:
Related Topics: Indian Army, Indian Satae, Indo - Chinese Relations, Sikkim