May 9, 2012 | By ਸਿੱਖ ਸਿਆਸਤ ਬਿਊਰੋ
ਬੀਤੇ ਵਰ੍ਹੇ ਅਮਰੀਕਾ ਤੋਂ ਛਪਦੇ ਹਫਤਾਵਾਰੀ ਪੰਜਾਬੀ ਅਖਬਾਰ “ਪੰਜਾਬ ਟਾਈਮਜ਼ ਯੂ. ਐਸ. ਏ.” ਵੱਲੋਂ ਸਿੱਖ ਚਿੰਤਕ ਸ੍ਰ: ਅਜਮੇਰ ਸਿੰਘ ਦੀ ਪੁਸਤਕ ਲੜੀ “ਵੀਹਵੀਂ ਸਦੀ ਦੀ ਸਿੱਖ ਰਾਜਨੀਤੀ” ਦੀਆਂ ਛਪ ਚੁੱਕੀਆਂ ਤਿੰਨ ਕਿਤਾਬਾਂ ਬਾਰੇ ਬਹਿਸ ਚਲਾਈ ਗਈ ਜਿਸ ਤਹਿਤ ਕਈ ਲੇਖ ਇਸ ਪਰਚੇ ਵੱਲੋਂ ਛਾਪੇ ਗਏ। ਇਸ ਬਹਿਸ ਵਿਚ ਹਿੱਸਾ ਲੈਣ ਵਾਲੇ ਵਿਅਤੀਆਂ ਦੇ ਜੋ ਲੇਖ “ਪੰਜਾਬ ਟਾਈਮਜ਼ ਯੂ. ਐਸ. ਏ.” ਵਿਚ ਛਪੇ ਉਨ੍ਹਾਂ ਨੂੰ ਇਕੱਠੇ ਕਰਕੇ ਇਕ ਪੁਸਤਕ “ਸਿੱਖ ਕੌਮ: ਹਸਤੀ ਅਤੇ ਹੋਣੀ” ਬੀਤੇ ਦਿਨੀਂ ਛਪ ਕੇ ਪਾਠਕਾਂ ਤੱਕ ਪਹੁੰਚੀ ਹੈ। ਇਹ ਪੁਸਤਕ ਅਮੋਲਕ ਸਿੰਘ ਅਤੇ ਗੁਰਦਿਆਲ ਬੱਲ ਵੱਲੋਂ ਸੰਪਾਦਤ ਕੀਤੀ ਗਈ ਹੈ। ਇਸ ਪੁਸਤਕ ਨੂੰ ਜਾਰੀ ਕਰਨ ਮੌਕੇ 6 ਮਈ, 2012 ਨੂੰ ਲੁਧਿਆਣਾ ਵਿਖੇ ਇਕ ਵਿਚਾਰ-ਚਰਚਾ ਕੀਤੀ ਗਈ। ਇਸ ਵਿਚਾਰ ਚਰਚਾ ਬਾਰੇ ਪੜਚੋਲਵੀਂ ਜਾਣਕਾਰੀ ਸਾਂਝੀ ਕਰਦੀ ਹੇਠਲੀ ਲਿਖਤ ਸ੍ਰ: ਚਰਨਜੀਤ ਸਿੰਘ ਤੇਜਾ ਵੱਲੋਂ ਸਮਾਜਕ ਸੰਪਰਕ ਮੰਚ “ਫੇਸਬੁੱਕ” ਉੱਤੇ ਸਾਂਝੀ ਕੀਤੀ ਗਈ ਹੈ। ਇਹ ਲਿਖਤ “ਗੁਲਾਮ ਕਲਮ” ਵੱਲੋਂ ਛਾਪੀ ਜਾ ਚੁੱਕੀ ਹੈ ਅਤੇ ਸਿੱਖ ਸਿਆਸਤ ਦੇ ਪਾਠਕਾਂ ਦੀ ਜਾਣਕਾਰੀ ਹਿਤ ਹੇਠਾਂ ਛਾਪੀ ਜਾ ਰਹੀ ਹੈ: ਸੰਪਾਦਕ।
ਮੇਰੀ ਖੁਸ਼ਕਿਸਮਤੀ ਆ ਕਿ ਮੈਂ ਪਾਣੀਆਂ ਦੇ ਪਲੀਤ ਹੋਣ ਤੋਂ ਥੋੜ੍ਹਾ ਕੁ ਚਿਰ ਪਹਿਲਾਂ ਜੰਮ ਪਿਆ ਸੀ ਸੋ ਮੈਂ ਵਗਦਾ ਪਾਣੀ ਬੁੱਕ ਭਰ-ਭਰ ਪੀਤਾ ਏ।ਖਾਲਿਆਂ ‘ਚ ਵਗਦਾ ਬੰਬੀ ਦਾ ਪਾਣੀ ਤਾਂ ਡੰਗਰ ਚਾਰਦਿਆਂ ਨਿੱਤ ਪੀਂਦੇ ਸੀ ਪਰ ਮੇਰੇ ਚੇਤੇ ‘ਚ ਮੈਂ ਜਦੋਂ ਪਹਿਲੀ ਵਾਰ ਪਿੰਡੋਂ ਹਟਵੇ ਵਗਦੇ ਰਾਵੀ ‘ਤੇ ਗਿਆ ਸੀ ਤਾਂ ਨਿਤਰਿਆ ਪਾਣੀ ਵੇਖ ਕੇ ਉਥੇ ਵੀ ਝੱਗੇ ਦੇ ਕਫ ਟੰਗ ਕੇ ਬੁੱਕਾਂ ਨਾਲ ਪਾਣੀ ਪੀਤਾ ਸੀ।ਪਿਛੋਂ ਪੰਜਾਬ ਦੇ ਪਾਣੀ ਪਲੀਤ ਹੋ ਗਏ।ਹੁਣ ਹੱਥ ਨਾਲ ਗੇੜਨ ਵਾਲੇ ਨਲਕੇ ਤੋਂ ਪਾਣੀ ਪੀਦਿਆਂ ਡਰ ਲੱਗਣ ਲਗ ਗਿਆ,ਮਤਾ ਕਿਤੇ ਪਾਣੀ ਕੈਂਸਰਿਆਂ ਨਾ ਹੋਵੇ।
ਖੈਰ,ਪਾਣੀ ਦੀ ਖਸਲਤ ਐ ਕਿ ਪਾਣੀ ਵਗਦਾ ਰਹੇ ਤੇ ਨਿਰਮਲ ਹੁੰਦਾ ਏ ਅਤੇ ਜੀਵਨ ਦੀ ਨਿਸ਼ਾਨੀ ਹੁੰਦੀ ਹੈ ਪਰ ਖੜ੍ਹ ਜਾਵੇ ਤਾਂ ਬੁਸ ਜਾਂਦਾ ਫਿਰ ਸੜਾਂਦ ਮਾਰਨ ਲਗ ਜਾਂਦਾ ਐ ਤੇ ਮੁਰਦੇਹਾਣ ਹੋ ਜਾਂਦਾ ਹੈ।ਪੰਜਾਬ ਵਗਦੇ ਪਾਣੀਆਂ ਦਾ ਸਿਰਨਾਵਾਂ ਏ ਸੋ ਇਥੋਂ ਦੇ ਬੰਦਿਆਂ ਦੀ ਸੋਚ ਦਰਿਆਵਾਂ ਦੀ ਨਿਰਮਲ ਧਾਰ ਵਾਂਗ ਵਗਦੀ ਰਹੀ ਏ।ਪਰ ਜਦੋਂ ਦੇ ਪਾਣੀ ਪਲੀਤ ਹੋਏ ਨੇ ਸੋਚਾਂ ਵੀ ਗੰਦਲੀਆਂ ਹੋ ਗਈਆਂ ਨੇ ।
ਮਨ ‘ਚ ਸੰਵਾਦ ਦਾ ਚਾਅ ਲੈ ਕੇ 6 ਤਰੀਕ ਦਿਨ ਐਤਵਰ ਨੁੰ ਇਕ ਵਾਰਾਂ ਫਿਰ ਮੈਂ ਆਮ ਸਰੋਤਾ ਬਣ ਕੇ ਲੁਧਿਆਣੇ ਦੇ ਪੰਜਾਬੀ ਭਵਨ ‘ਚ ਬੈਠਾ ਸੀ ।ਭਾਵੇਂ ਕਿ ਚਰਚਾ ਦੇ ਪ੍ਰਸੰਗ ਬਾਰੇ ਜਾਣਕਾਰੀ ਕੁਝ ਖਾਸ ਨਹੀਂ ਸੀ, ਪਰ ਵਿਸ਼ਾ ਮੇਰੀ ਦਿਲਸਚਪੀ ਵਾਲਾ ਸੀ।ਮੌਕਾ ਸੀ ਕਿਤਾਬ, ਸਿੱਖ ਕੌਮ: ਹਸਤੀ ਤੇ ਹੋਣੀ ਜਾਰੀ ਹੋਣ ਦਾ।ਮੇਰੀ ਦਿਲਚਸਪੀ ਕਿਤਾਬ ਦੇ ਵਿਸ਼ੇ ਅਤੇ ਪਿਛੋਕੜ ਤੋਂ ਇਲਾਵਾ ਬੁਲਾਰਿਆਂ ਵਿੱਚ ਵੀ ਸੀ।ਜਿਨ੍ਹਾਂ ‘ਚ ਕਰਮ ਬਰਸਟ ਤੇ ਕਰਮਜੀਤ ਸਿੰਘ ਖਾਸ ਸਨ।ਪਰ ਅਫਸੋਸ ਇਹ ਦੋਵੇਂ ਗੈਰ ਹਾਜ਼ਰ ਸਨ।
ਰਸਮੀ ਭਾਸ਼ਣ ਸ਼ੁਰੂ ਹੋਏ ਨੁੰ ਕੁਝ ਚਿਰ ਹੀ ਹੋਇਆ ਸੀ ਕਿ ਮਾਰਕਸਵਾਦੀ ਚਿੰਤਕ ਸੁਮੇਲ ਸਿੰਘ ਆ ਗਿਆ ਤੇ ਉਸਦੇ ਇਹ ਦਸਣ ‘ਤੇ ਕਿ ਉਹ ਵੀ ਸਮਾਗਮ ‘ਚ ਬੁਲਾਰਾ ਹੈ ਮੈਨੂੰ ਧਰਵਾਸ ਬੱਝਾ।ਪਰ ਸਮਾਗਮ ਦੇ ਅੰਤ ਤਕ ਮੈਨੁੰ ਅਫਸੋਸ ਸੀ ਕਿ ਅਸੀਂ ਕਿਥੇ ਖੜ੍ਹੇ ਹਾਂ।
ਗੱਲ ਸਿੱਖ ਵਿਦਵਾਨ ਅਜਮੇਰ ਸਿੰਘ ਦੀਆਂ ਲਿਖੀਆਂ ਕਿਤਾਬਾਂ ਦੇ ਬਾਰੇ ਚਰਚਾ ਦੀ ਸੀ ਜੋ ਕਿ ਕੁਝ ਹੱਦ ਤਕ ਹੋਈ ਵੀ। ਇਸ ਮੌਕੇ ਪ੍ਰਿਥੀਪਾਲ ਸਿੰਘ ਕਪੂਰ ਪਹਿਲੇ ਬੁਲਾਰੇ ਸਨ।ਉਨ੍ਹਾਂ ਨੇ ਅਜਮੇਰ ਸਿੰਘ ਦੀਆਂ ਲਿਖਤ ‘ਚ ਕਈ ਊਣਤਾਈਆਂ ਦੀ ਚਰਚਾ ਕੀਤੀ।ਜਿਹੜੀਆਂ ਕਿ ਕਿਸੇ ਵੀ ਲੇਖਕ ਨੁੰ ਪੜਦਿਆਂ ਹਰ ਪਾਠਕ ਆਪਣੀ ਮੱਤ ਮੂਜਬ ਲੱਭ ਹੀ ਲੈਂਦਾ ਹੈ ਤੇ ਲੱਭ ਹੀ ਲੈਣੀਆਂ ਚਾਹੀਦੀਆਂ ਹਨ,ਚੰਗਾ ਗੱਲ ਹੈ।ਭਾਵੇਂ ਕਿ ਕਪੂਰ ਹੋਰੀਂ ਕੋਈ ਵਜ਼ਨਦਾਰ ਗੱਲ ਕਰਨ ਤੋਂ ਅਸਮਰੱਥ ਰਹੇ ਪਰ ਰਸਮੀ ਤੌਰ ਤੇ ਕਿਤਾਬ ਬਾਰੇ ਬੋਲ ਕੇ ਉਨ੍ਹਾਂ ਚੰਗੀ ਸ਼ੁਰੂਆਤ ਕੀਤੀ ।
ਇਸ ਤੋਂ ਪਿਛੋਂ ਅਮਰਜੀਤ ਸਿੰਘ ਪਨਾਗ ਹੁਰਾਂ ਨੇ ਆਪਣੇ ਕਿਤਾਬ ‘ਚ ਛਪੇ ਲੇਖ ਦੀ ਵਿਆਖਿਆ ਕੀਤੀ।ਜਿਸ ਬਾਰੇ ਉਨ੍ਹਾਂ ਸਪੱਸ਼ਟ ਕੀਤਾ ਕਿ ਲੇਖ ਦਾ ਸਬੰਧ ਕਿਤਾਬ ਨਾਲ ਨਹੀਂ ਸੀ,ਕਿਤਾਬ ਦੇ ਸੰਪਾਦਕਾਂ ਨੇ ਮੱਲੋਜ਼ੋਰੀ ਸ਼ਾਮਲ ਕਰ ਦਿਤਾ।(ਸ਼ਾਇਦ ਖਾਲਿਸਤਾਨੀ ਵਿਚਾਰ ਦੇ ਵਿਰੋਧ ‘ਚ ਸੀ ਤਾਂ?) ਅਮਰਜੀਤ ਸਿੰਘ ਨੇ ਆਪਣੇ ਲੇਖ ‘ਚ ਸਿੱਖ ਸਿਧਾਂਤ ਦੀ ਆਪਣੇ ਤਰੀਕੇ ਨਾਲ ਵਿਆਖਿਆ ਕਰਕੇ ਸਿੱਧ ਕੀਤਾ ਕਿ ਸਿੱਖੀ ਵਿਚ ਵੱਖਰੇ ਰਾਜ ਦਾ ਕੋਈ ਬਦਲ ਹੀ ਨਹੀਂ ਹੈ।ਗੁਰਬਾਣੀ ਦੇ ਹਵਾਲਿਆਂ ਨਾਲ ਸਿਆਸੀ ਸੱਤਾਂ ਨੂੰ ਨਕਾਰਦਿਆਂ ਹੋਇਆਂ ਦੱਸਿਆ ਕਿ ਗੁਰਬਾਣੀ ਤਾਂ ਕੇਵਲ ਨੈਤਿਕਤਾ ਅਤੇ ਆਚਰਨ ‘ਤੇ ਜ਼ੋਰ ਦਿੰਦੀ ਹੈ।ਸੋ ਸਿੱਖ ਰਾਜ ਜਾਂ ਖਾਲਿਸਤਾਨ ਦਾ ਵਿਚਾਰ ਗੁਰਬਾਣੀ ਵਿਰੋਧੀ ਹੈ।ਭਾਵੇਂ ਕਿ ਸੁਮੇਲ ਸਿੰਘ ਇਕ ਹੋਰ ਬੁਲਾਰੇ ਪ੍ਰਭਜੋਤ ਸਿੰਘ ਤੋਂ ਬਾਅਦ ਬੋਲੇ,ਪਰ ਉਨ੍ਹਾਂ ਵੀ ਆਪਣੇ ਜੋਸ਼ੀਲੇ ਭਾਸ਼ਨ ‘ਚ ਸਿੱਖੀ ਸਿਧਾਂਤ ਦੀ ਗੁਰਬਾਣੀ ਅਨੁਸਾਰਵਿਆਖਿਆ ਕੀਤੀ।ਜਿਸ ਵਿਚ ਬਾਬੇ ਨਾਨਕ ਵੱਲੋਂ ਬਾਣੀ ‘ਚ ਵਰਤੇ “ਹਿੰਦੋਸਤਾਨ” ਸ਼ਬਦ ਨੁੰ ਅਧਾਰ ਬਣਾ ਕੇ ਉਨ੍ਹਾਂ ਸਿਧ ਕੀਤਾ ਕਿ ਸਿੱਖੀ ‘ਚ ਵੱਖਰੇ ਰਾਜ ਭਾਵ ਖਾਲਸਿਤਾਨ ਵਰਗਾ ਕੋਈ ਸਿਧਾਂਤ ਹੀ ਨਹੀਂ ਹੈ।
ਅਫਸੋਸ ਨਾਲ ਕਹਿਣਾ ਪਵੇਗਾ ਕਿ ਪਿਛਲੇ ਕੁਝ ਸਮੇਂ ਤੋਂ ਮੈਂ ਜਿਨੇ ਕਮਿਊਨਿਸਟਾਂ ਨੁੰ ਸਿੱਖੀ ਦੇ ਸਿਧਾਂਤ ਦੀ ਵਿਆਖਿਆ ਕਰਦਿਆਂ ਸੁਣਿਆ ਹੈ ਓਨਾ ਸਿੱਖਾਂ ਨੂੰ ਨਹੀਂ।ਇਕ ਮੁਲਾਕਾਤ ਦੌਰਾਨ ਮਾਰਕਸਵਾਦੀ ਲੇਖਕ ਤੇ ਚਿੰਤਕ ਦਲਜੀਤ ਅਮੀ ਜੀ ਨੇ ਵੀ ਰਾਜੋਆਣੇ ਬਾਰੇ ਚਰਚਾ ਕਰਦਿਆਂ ਆਪਣੇ ਆਪ ਨੁੰ ਬੇਹਤਰ ਸਿੱਖ ਦਸਦਿਆਂ ਸਿੱਖੀ ਦੇ ਬੁਨਿਆਦੀ ਫਲਸਫੇ ਦੀ ਚਰਚਾ ਕੀਤੀ ਸੀ।ਮੇਰੇ ਵਰਗੇ ਸਧਾਰਨ ਸਰੋਤੇ ਜਾਂ ਪਾਠਕ ਅੱਗੇ ਗੁਰਬਾਣੀ ਦੀ ਅਜਿਹੀ ਵਿਆਖਿਆ ਦਾ ਢੇਰ ਹੈ, ਜਿਸ ਵਿਚ ਗੁਰਬਾਣੀ, ਸਿਆਸਤ ਦੀ ਥਾਂ ਨੈਤਿਕ ਤੇ ਆਚਰਨ ਉਚਮਤਾ ‘ਤੇ ਜ਼ੋਰ ਦਿੰਦੀ ਹੈ, ਰਾਜ ਜਾਂ ਵੱਖਰੇ ਰਾਜ ਨੁੰ ਸਿੱਖ ਸਿਧਾਂਤ ਤੇ ਗੁਰਬਾਣੀ ਦਾ ਵਿਰੋਧੀ ਦਸਿਆ ਜਾਂਦਾ ਹੈ, ਜਿਥੇ ਸੁਮੇਲ ਸਿੰਘ ਇਤਿਹਾਸ ‘ਚੋਂ ਵੀ ਦਲੀਲ ਲੱਭ ਲਿਆਉਂਦੇ ਹਨ ਕਿ ਸਿੱਖਾਂ ਨੁੰ ਰਾਜ ਦੀ ਲੋੜ 18ਵੀ ਸਦੀਂ ਦੀ ਵਕਤੀ ਲੋੜ ਸੀ ਤੇ ਅਮਰਜੀਤ ਸਿੰਘ ਪਨਾਗ 18ਵੀ ਸਦੀ ‘ਚ ਭਾਈ ਬਘੇਲ ਸਿੰਘ ਦੇ ਦਿੱਲੀ ਜਿਤਣ ਤੇ ਫਿਰ ਛੱਡ ਆਉਣ ਨੁੰ ਸਿੱਖਾਂ ‘ਚ ਰਾਜ ਕਰਨ ਦੀ ਚਾਹ ਨਾ ਹੋਣਾਂ ਕਹਿ ਕੇ ਵੱਖਰੇ ਰਾਜ ਦੀ ਮੰਗ ਨੁੰ ਗੈਰ ਸਿੱਖੀ ਮੰਗ ਦਸਦੇ ਹਨ।
ਇਸ ਤਰ੍ਹਾਂ ਦੀਆਂ ਸਾਰੀਆਂ ਵਿਆਖਿਆਵਾਂ ਉਤੋਂ ਵੇਖਣ ਨੁੰ ਵੱਖ ਵੱਖ ਮੁਹਾਰਾਂ ਤੋਂ ਪਰ ਥੋੜੇ ਗਹੁ ਨਾਲ ਵੇਖਣ ‘ਤੇ ਇਕ ਸੂਤਰ ‘ਚ ਪਰੋਈਆਂ ਲੱਗਣਗੀਆਂ।ਇਹ ਪਹਿਲੀ ਵਾਰ ਨਹੀਂ ਸੀ ਜਦੋਂ ਪਾਸ਼ ਨੇ ਐਂਟੀ 47 ‘ਚ ਸਿੱਖੀ ਦੀ ਨਿਵੇਕਲੀ ਵਿਆਖਿਆ ਕੀਤੀ ਸੀ,ਸੁਰਿੰਦਰ ਸਿੰਘ ਨਿਰਾਲਾ”ਹਮ ਹਿੰਦੂ ਹੈ” ਲਿਖ ਕੇ ਗੁਰਬਾਣੀ ਦੀ ਇਸ ਤਰ੍ਹਾਂ ਦੀ ਵਿਆਖਿਆ ਕਰ ਚੁੱਕਾ ਸੀ।ਤੇ ਸੱਚ ਦੱਸਣ ਪਿਛੋਂ ਭਾਈ ਕਾਹਨ ਸਿੰਘ ਨਾਭਾ ਨੁੰ “ਹਮ ਹਿੰਦੂ ਨਹੀਂ” ਲਿਖਣਾ ਪਿਆ।ਕੇਪੀਐਸ ਗਿੱਲ ਆਪਣੀ ਕਿਤਾਬ ‘The knights of falsehood’ ‘ਚ ਵੀ ਸਿਖੀ ਦੀ ਸੁਮੇਲ ਸਿੰਘ ਵਾਲੀ ਵਿਆਖਿਆ ਕਰਦਾ ਹੈ।ਇਸ ਤਰ੍ਹਾਂ ਦੀ
ਰਾਸਟਰਵਾਦੀ ਸਿਖੀ ਦੀ ਵਿਆਖਿਆ ਮਹੀਪ ਸਿੰਘ ਤੋਂ ਇਲਾਵਾ ‘ਪੰਜਾਬ ਕੇਸਰੀ’ ਦੇ ਕਾਲਮਾਂ ‘ਚ ਪੜ੍ਹੀ ਜਾ ਸਕਦੀ ਹੈ ।
ਸਿੱਖੀ ਦੀ ਵਿਆਖਿਆ ਤੋਂ ਇਲਾਵਾ ਸਮਾਗਮ ‘ਚ ਇਕ ਹੋਰ ਗੱਲ ਉਨ੍ਹਾਂ ਸਾਰਿਆਂ ਲਈ ਅਸਹਿ ਸੀ ਜਿਹੜੇ ਸੰਵਾਦ ‘ਚ ਪੰਜਾਬ ਦੇ ਮਸਲੇ ਦਾ ਹੱਲ ਲਭਦੇ ਨੇ।’ਰਾਸ਼ਟਰਵਾਦੀ ਕਮਿਊਨਿਸਟ’ ਬੁਲਾਰਿਆਂ ਤੋਂ ਇਲਾਵਾ ਪ੍ਰੋਗਰਾਮ ਦੇ ਪ੍ਰਬੰਧਕ ਵੀ 84-94 ਦੇ ਦੇ ਦਹਾਕੇ ਦੀਆਂ ਘਟਨਾਵਾਂ ਦੇ ਅਧਾਰ ‘ਤੇ ਖਾਲਸਿਤਾਨੀ ਲਹਿਰ ਦਾ ਵਿਸ਼ੇਲਸਣ ਥੋਪਦੇ ਨਜ਼ਰ ਆਏ।ਖਾਲਸਿਤਾਨੀ ਵਿਚਾਰ ਦੇ ਪੈਦਾ ਹੋਣ ਤੋਂ ਅੱਜ 30 ਸਾਲ ਬਾਅਦ ਵੀ ਪੰਜਾਬ ਦੇ ਮਸਲੇ ਉਥੇ ਹੀ ਖੜੇ ਨੇ, ਸਗੋਂ ਹੋਰ ਉਲਝ ਗਏ ਨੇ।ਪਰ ਬੌਧਿਕ ਨਲਾਇਕੀ ਹੀ ਕਹਾਂਗੇ ਕਿ ਪੰਜਾਬ ਦੇ ਚਿੰਤਕ ਜਦ ਇਕੱਠੇ ਹੋਣ ਤੇ ਉਹ ਸਿਧਾਂਤਕ ਵਿਸ਼ਲੇਸ਼ਣ ਦੀ ਬਜਾਏ ਸਟੇਟ ਦੇ ਤਜ਼ਰਬਿਆਂ ਦੀ ਹੂਬਹੂ ਨਕਲ ਕਰਦਿਆਂ ਸਿਰਫ ਉਨ੍ਹਾਂ ਘਟਨਾਵਾਂ ਦਾ ਜ਼ਿਕਰ ਕਰ ਕੇ ਲਹਿਰ ਨੁੰ “ਹਿੰਦੂ ਮਾਰਨ ਵਾਲੀ ਫਿਰਕੂ ਲਹਿਰ” ਦਾ ਲਕਬ ਦੇ ਕੇ ਗੱਲ ਖੂਹ ਖਾਤੇ ਪਾ ਦੇਣ ।ਲੱਖਾਂ ਲੋਕਾਂ ਦੀ ਸਮੂਲੀਅਤ ਨਾਲ ਢੇਡ ਦਹਾਕਾ ਲੜੀ ਲੜਾਈ ਨੁੰ “ਇਮੋਸ਼ਨਲ ਇਸ਼ੂ” ਕਹਿ ਕੇ ਸਾਰ ਦੇਣ।ਇਸ ਨੁੰ ਪੰਜਾਬ ਦੇ ਜ਼ਰਈ ਮੁੱਦਿਆਂ ਤੋਂ ਪਿਠ ਘੁੰਮਾਂ ਕੇ ਸਟੇਟ ਨੂੰ ਕੀਤੀਆਂ ਜਾ ਰਹੀਆਂ ਸਲਾਮੀਆਂ ਹੀ ਕਿਹਾ ਜਾ ਸਕਦਾ ਹੈ।
ਅਫਸੋਸ ਇਸ ਗੱਲ ਦਾ ਹੈ ਕਿ ਪੰਜਾਬ ਦੇ ਮਸਲਿਆਂ ‘ਤੇ ਚੁੰਝ ਚਰਚਾ ਕਰਨ ਵਾਲੇ ਬਹੁਤਿਆਂ ਨੁੰ ਪੰਜਾਬ ਦੇ ਸੰਤਾਪ ਦੇ ਦੌਰ ਸਿਰਫ, ਬੱਸਾਂ ‘ਚੋਂ ਲਾਹ ਕੇ ਮਾਰੇ ਹਿੰਦੂ ਦਿਖਦੇ ਹਨ ਤੇ ਸੰਤ ਭਿੰਡਰਾਂਵਾਲੇ ਦਾ “1 ਸਿੱਖ ਨੁੰ 35 ਹਿੰਦੂ ਆਉਂਦੇ ਹਨ” ਵਾਲਾ ਬਿਆਨ ਸੁਣਦਾ ਹੈ।ਮਸਲਿਆਂ ਦੀ ਜੜ੍ਹ ਵੱਲ ਨਹੀਂ ਜਾਂਦੇ, ਜਾਂ ਫਿਰ ਜਾਣਾ ਈ ਨਹੀਂ ਚਾਹੁੰਦੇ।ਉਨ੍ਹਾਂ ਨੂੰ ਛੱਤੀਸਗੜ੍ਹ ਦਾ ‘ਸਲਵਾ ਜੁਡਮ’ ਦਿਖਦਾ ਹੈ(ਜਿਸਦਾ ਹਰ ਚੇਤਨ ਮਨੁੱਖ ਨੂੰ ਵਿਰੋਧ ਕਰਨਾ ਚਾਹੀਦਾ ਹੈ),ਪਰ ਉਨ੍ਹਾਂ ਨੂੰ ਪੰਜਾਬ ਦਾ ਸਲਵਾ ਜੁਡਮ ਨਹੀਂ ਦਿਖਿਆ(ਸਗੋਂ ਕਈ ਕਮਿਊਨਿਸਟ ਧਿਰਾਂ ਸਲਵਾ ਜੁਡਮ ਫੌਜ ਬਣਦੀਆਂ ਰਹੀਆਂ),ਜਿਸ ‘ਚ ਭਾਰਤੀ ਸੱਤਾ ਦੇ ਇਸ਼ਾਰਿਆਂ ‘ਤੇ ਪੰਜਾਬ ਦੀਆਂ ਸੈਂਕੜੇ ਮਾਵਾਂ ਤੇ ਭੈਣਾਂ ਦੀ ਪਤ ਰੋਲੀ ਗਈ।ਜਿਸ ‘ਚ ਪੰਜਾਬ ਦੇ ਪਿੰਡਾਂ ‘ਚੋਂ ਹਜ਼ਾਰਾਂ ਦੀ ਤਦਾਦ ‘ਚ ਬੇਕਸੂਰ ਸਿੱਖਾਂ ਨੌਜਵਾਨ ਮਾਰੇ ਗਏ।ਪਿੰਡਾਂ ਦੇ ਪਿੰਡ ਨੌਜਾਵਨਾਂ ਤੋਂ ਸੱਖਣੇ ਹੋ ਗਏ।ਪੰਜਾਬ ਦੇ ਸਭ ਤੋਂ ਸ਼ਾਨਦਾਰ ‘ਸਿੱਖ ਕਾਮਰੇਡ’ ਕਹਾਉਣ ਵਾਲੇ ਕਾਮਰੇਡ ਉਨ੍ਹਾਂ ਘਟਨਾਵਾਂ ਨੂੰ ਕਦੇ ਚਰਚਾ ਦਾ ਮੁੱਖ ਵਿਸ਼ਾ ਨਹੀਂ ਬਣਾਉਂਦੇ।ਰਾਜੋਆਣਾ ਦੀ ਫਾਂਸੀ ਦੇ ਵਿਰੋਧ ‘ਚੋਂ ਇਨ੍ਹਾਂ ਨੂੰ ਜਮਾਤੀ ਸੰਘਰਸ਼ ਦਾ ਵਿਰੋਧ ਤੇ ਫਿਰਕਾਪ੍ਰਸਤੀ ਨਜ਼ਰ ਆਉਣ ਲੱਗਦੀ ਹੈ,ਜਦੋਂਕਿ ਪਿਛਲੇ ਇਕ ਦਹਾਕੇ ਤੋਂ(ਜਿਸ ‘ਚ ਮੈਦਾਨ ਸਿਰਫ ਇਨ੍ਹਾਂ ਕੋਲ ਸੀ) ਵੱਧ ਸਮੇਂ ‘ਚ ਕਿਸੇ ਵੀ ਪਾਰਟੀ ਦੇ ‘ਜਮਾਤੀ ਸੰਘਰਸ਼’ ਦੀ ਲੜਾਈ ਨੂੰ ਅੱਗੇ ਵਧਣ ਤੋਂ ਕਿਸੇ ਨਹੀਂ ਰੋਕਿਆ ਪਰ ਇਸਦੇ ਬਾਵਜੂਦ ਵੀ ਕਿਸੇ ਵੀ ਧਿਰ ਨੇ ਕੋਈ ਮੱਲ ਨਹੀਂ ਮਾਰੀ।’ਆਫ ਦੀ ਰਿਕਾਰਡ’ ਕੁਝ ਕਾਮਰੇਡ ਆਗੂ ਵੀ ਪਿਛਲੇ ਸਮੇਂ ਤੋਂ ਹੁਣ ਤੱਕ ਦੇ ਸਮੇਂ ਨੂੰ ਖੜੋਤ ਦਾ ਸਮਾਂ ਮੰਨਦੇ ਹਨ ਤੇ ਇਹ ਵੱਖ ਵੱਖ ਘਟਨਾਵਾਂ ਜ਼ਰੀਏ ਨਜ਼ਰ ਵੀ ਆਉਂਦਾ ਹੈ।ਆਲਮ ਇਹ ਹੈ ਕਿ ਪਾਰਟੀਆਂ ਵੱਖ ਵੱਖ ਸੰਘਰਸ਼ਾਂ ਜ਼ਰੀਏ ਜਮਾਤੀ ਸੰਘਰਸ਼ ਤਿੱਖਾ ਹੋਣ ਦਾ ਦਾਅਵਾ ਲਗਾਤਾਰ ਕਰਦੀਆਂ ਹਨ,ਜਦੋਂਕਿ ਉਨ੍ਹਾਂ ਸੰਘਰਸ਼ਾਂ ਨਾਲ ਜੁੜੇ ਕਿਸਾਨ-ਮਜ਼ਦੂਰ(ਕਸੂਰ ਉਨ੍ਹਾਂ ਦਾ ਨਹੀਂ,ਮਸਲਾ ਸਿਆਸਤ ਕਰਨ ਦੇ ਢੰਗ ਤੇ ਪਹੁੰਚ ਦਾ ਹੈ)ਸ਼ਰੇਆਮ ਕਾਂਗਰਸ ਤੇ ਅਕਾਲੀਆਂ ਦੇ ਪੱਖ ‘ਚ ਭੁਗਤਦੇ ਹਨ। ਅਸਲ ‘ਚ ਜਮਾਤੀ ਸੰਘਰਸ਼ ਦੇ ਦਾਅਵਿਆਂ ਤੇ ਹਕੀਕਤ ‘ਚ ਵੀ ਫਰਕ ਹੈ।
ਦਰ ਅਸਲ ਪੰਜਾਬ ਦੇ ਮਸਲਿਆਂ ਦੀ ਇਸ ਤਰ੍ਹਾਂ ਦੀ ਪੇਤਲੀ ਵਿਆਖਿਆ ਕਰਨ ਵਾਲਿਆਂ ਨੂੰ ਤਾਂ ਫਿਰ ਅਜਮੇਰ ਸਿੰਘ ਹੀ ਸੂਤ ਬਹਿੰਦਾ ਹੈ,ਉਸ ‘ਤੇ ਸਾਰੇ ਇਵੇਂ ਬੋਲਦੇ ਹਨ ਜਿਵੇਂ ਕਾਮਰੇਡਾਂ ਦਾ ਉਸ ਨਾਲ ਕੋਈ ਨਿਜੀ ਵਿਰੋਧ ਹੋਵੇ।ਅਜਮੇਰ ਤੇ ਬੱਲ ਦੇ ਸਮਕਾਲੀਆਂ ਤੋਂ ਗੁਰਦਿਆਲ ਸਿੰਘ ਬੱਲ ਦੇ ‘ਗੰਭੀਰ ਨਿਜੀ ਵਿਰੋਧ’ਦੇ ਕਾਰਨਾਂ ਦੀ ਤਾਂ ਮੈਨੂੰ ਸੂਚਨਾ ਵੀ ਮਿਲੀ ਹੈ।4 ਘੰਟੇ ਦੀ ਚਰਚਾ ‘ਚ ਕੌਮੀਅਤ ਦੇ ਸਵਾਲ ਤੇ ਕੋਈ ਗੱਲ ਨਾ ਹੋਈ,ਜਿਸ ਬਾਰੇ ਸੁਣਨ ਦੀ ਮੇਰੀ ਬੜੀ ਇੱਛਾ ਸੀ।ਪੰਜਾਬ ਦੇ ਜ਼ਰਈ ਮੁੱਦੇ ਜਿਹੜੇ ਅਜਮੇਰ ਸਿੰਘ ਤੇ ਕਰਮ ਦੇ ਲੇਖਾਂ ਵਿਚ ਤਾਂ ਸੀ ਪਰ ਚਰਚਾ ‘ਚ ਕਿਤੇ ਨਹੀਂ ਸਨ ।ਅਜਮੇਰ ਸਿੰਘ ਦੇ ਲੇਖਾਂ ਦੀ ਪ੍ਰੋੜਤਾ ‘ਚ ਬੋਲਦਿਆਂ ਪ੍ਰਭਜੋਤ ਸਿੰਘ ਨੇ ਸਿੱਖ ਪਾਤਸ਼ਾਹੀ ਦੇ ਦਾਅਵੇ ਨੁੰ ਹਿੰਦੂ ਵਿਰੋਧੀ ਗੱਲ ਵਜੋਂ ਨਾ ਵੇਖਣ ਦੀ ਬਾ-ਦਲੀਲ ਗੱਲ ਵੀ ਕੀਤੀ।ਪਰ ਜਸਵੰਤ ਜ਼ਫਰ ਜੀ ਵਲੋਂ ਉਨ੍ਹਾਂ ਦੇ ਭਾਸ਼ਣ ਪਿਛੋਂ “ਭਿੰਡਰਾਂਵਾਲਾ ਹਿੰਦੂ ਨਾਸ਼ਕ” ਬਿਆਨ ਦੀ ਚਰਚਾ ਕਰਕੇ ਖਾਲਿਸਤਾਨ ਪੱਖੀ ਬੁਲਾਰੇ ਦੀ ਸੁਹਿਰਦਤਾ ਵਾਲੇ ਵਿਚਾਰ ਨਾਲ ਮਜ਼ਾਕ ਕੀਤਾ।
ਸਮਾਗਮ ‘ਚ ਸਭ ਤੋਂ ਕਾਬਲੇ ਤਰੀਫ ਰਹੀ ਪ੍ਰੋ ਰਜੇਸ਼ ਦੀ ਗੱਲ ਜਿਸ ‘ਚ ਉਨ੍ਹਾਂ ਪੰਜਾਬੀ ਹਿੰਦੂਆਂ ਦੀ ਪੰਜਾਬ ਦੇ ਮਸਲਿਆਂ ਤੇ ਵੱਟੀ ਚੁੱਪ ਨੁੰ ਸਵਾਲੀਆ ਚਿੰਨ੍ਹ ਲਾਉਂਦਿਆਂ ਕਿਹਾ ਕਿ ਸ਼ਾਇਦ ਇਸੇ ਕਰਕੇ ਪੰਜਾਬੀਆਂ ਦੇ ਮਸਲੇ ਸਿਰਫ ਸਿੱਖਾਂ ਦੇ ਮਸਲੇ ਹੋ ਕੇ ਰਹਿ ਜਾਂਦੇ ਨੇ।ਇਸ ਤੋਂ ਇਲਾਵਾ ਸੁਮੇਲ ਸਿੰਘ ਵਲੋਂ ਖੱਬੇ ਪੱਖੀਆਂ ਦਾ ਪੰਜਾਬ ਦੇ ਸਾਹਿਤ ਤੇ ਸਿਆਸਤ ‘ਚੋਂ ਲਾਂਭੇ ਹੋ ਜਾਣ ਬਾਰੇ ਕੀਤਾ ਝੋਰਾ ਸੱਚਾ ਜਾਪਿਆ।ਉਹ ਆਪਣੇ ਭਾਸ਼ਣ ‘ਚ ਅਜਮੇਰ ਸਿੰਘ ਨੂੰ ਆਪਣੇ ਤਰੀਕੇ ਨਾਲ ਮੁਖਤਾਬ ਹੋਏ।ਸਾਬਕਾ ਖਾੜਕੂ ਰਣਜੀਤ ਸਿੰਘ ਕੁੱਕੀ ਬਹੁਤ ਹੱਦ ਤੱਕ ਮਸਲਿਆਂ ਦੀ ਜੜ੍ਹ ਦੀ ਸ਼ਨਾਖਤ ਕਰਨ ‘ਚ ਕਾਮਯਾਬ ਰਿਹਾ,ਜਿਥੇ ਉਸ ਨੇ ਸਿੱਖਾਂ ਦੇ ਸਿਖਿਆ ਅਤੇ ਚਿੰਤਨ ‘ਚ ਪਛੜ ਜਾਣ ਦੀ ਗੱਲ ਕੀਤੀ।ਇਕ ਹੋਰ ਬੁਲਾਰੇ ਬਾਵਾ ਸਿੰਘ ਹੁਰਾਂ ਨੇ ਆਪੋ ਆਪਣਿਆਂ ਚੌਖਟਿਆਂ ‘ਚੋਂ ਬਾਹਰ ਨਿਕਲਣ ਕੇ ਲੋਕਹਿਤ ‘ਚ ਸੋਚਣ ਤੇ ਅੱਗੇ ਵਧਣ ਦੀ ਸਲਾਹ ਤਾਂ ਦਿਤੀ ਪਰ ਸਣੇ ਉਨ੍ਹਾਂ ਦੇ ਕੋਈ ਬੁਲਾਰਾ ਅਮਲ ‘ਚ ਨਾ ਲਿਆ ਸਕਿਆ। ਡਾ. ਹਰਪਾਲ ਸਿੰਘ ਪੰਨੁੰ ਹਮੇਸ਼ਾਂ ਦੀ ਤਰ੍ਹਾਂ ਤਾੜੀਆਂ ਜੋਗਾ ਜੁਗਾੜ ਕਰ ਹੀ ਗਏ।
—
ਚਰਨਜੀਤ ਸਿੰਘ ਤੇਜਾ
Related Topics: Ajmer Singh, Amolak Singh, Charanjeet Singh Teja, Gurdial Bal, Punjab Times USA, Sikh Nation, Sikh Nationalism