ਸਿੱਖ ਖਬਰਾਂ

ਦਲਿਤ ਸਮਾਜ ਅੰਦਰ ਬਰਾਬਰਤਾ ਅਤੇ ਵਿਸ਼ਵਾਸ ਦੀ ਭਾਵਨਾ ਪੈਦਾ ਕਰਨਾ ਸਮੇ ਦੀ ਲੋੜ -ਸਿੱਖ ਯੂਥ ਆਫ ਪੰਜਾਬ

February 25, 2016 | By

ਹੁਸ਼ਿਆਰਪੁਰ (25, ਫਰਵਰੀ, 2016):  ਪੰਜਾਬ ਦੇ ਦਲਿਤ ਸਮਾਜ ਨਾਲ ਮੁੜ ਗਲਬਾਤ ਦਾ ਰਾਹ ਖੋਲਦਿਆਂ, ਸਿੱਖ ਯੂਥ ਆਫ ਪੰਜਾਬ ਨੇ ਜਾਤ-ਪਾਤ ਦੀ ਸਮਸਿਆ ਨੂੰ ਖਤਮ ਕਰਨ ਦਾ ਹੋਕਾ ਦਿਤਾ। ਜਥੇਬੰਦੀ ਦਾ ਮੰਨਣਾ ਹੈ ਕਿ ਜਾਤ-ਪਾਤ ਦੀ ਸਮਸਿਆ ਗੰਭੀਰ ਹੈ, ਇਸ ਨਾਲ ਸਮਾਜਿਕ ਤਾਣਾ-ਬਾਣਾ ਖਰਾਬ ਹੁੰਦਾ ਹੈ ਅਤੇ ਇਹ ਗੁਰਮਤਿ ਵਿਚਾਰਧਾਰਾ ਅਤੇ ਸਿੱਖ ਫਲਸਫੇ ਦੇ ਉਲਟ ਹੈ।
ਸਿੱਖ ਯੂਥ ਆਫ ਪੰਜਾਬ ਦੇ ਆਗੂਆਂ ਨੇ ‘ਜਾਤ-ਪਾਤ ਦੀ ਸੱਮਸਿਆ ਅਤੇ ਹੱਲ’ ਵਿਸ਼ੇ ਉਤੇ ਕਰਵਾਈ ਕਾਨਫਰੰਸ ਵਿੱਚ ਬੋਲਦਿਆਂ ਸਿੱਖ ਸੰਸਥਾਵਾਂ ਨੂੰ ਮੋਹਰੀ ਭੂਮਿਕਾ ਨਿਭਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਦਲਿਤ ਸਮਾਜ ਅੰਦਰ ਬਰਾਬਰਤਾ ਅਤੇ ਵਿਸ਼ਵਾਸ ਦੀ ਭਾਵਨਾ ਪੈਦਾ ਕਰਨਾ ਸਮੇ ਦੀ ਲੌੜ ਹੈ ਕਿਉਕਿ ਇਸ ਵਰਗ ਨਾਲ ਉਚ-ਜਾਤੀ ਅਤੇ ਮਨੂਵਾਦੀ ਸੋਚ ਵਾਲਿਆਂ ਨੇ ਹਮੇਸ਼ਾਂ ਹੀ ਵਿਤਕਰਾ, ਅਨਿਆ ਅਤੇ ਘ੍ਰਿਣਾ ਕੀਤੀ ਹੈ।

FullSizeRender (2) (2)

ਸਿੱਖ ਯੂਥ ਆਫ ਪੰਜਾਬ ਦੇ ਪ੍ਰਧਾਨ ਪਰਮਜੀਤ ਸਿੰਘ ਟਾਂਡਾ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ

ਜ਼ਿਕਰਯੋਗ ਹੈ ਕਿ ਸਿੱਖਾਂ ਦੀ ਨੌਜਵਾਨ ਜਥੇਬੰਦੀ ਨਾਲ ਮਿਲਕੇ ਗੁਰੂ ਰਵਿਦਾਸ ਸਭਾ ਅਤੇ ਬਾਲਮੀਕੀ ਸਭਾ ਦੇ ਪ੍ਰਤੀਨਿਧਾਂ ਨੇ ਇਸ ਕਾਨਫਰੰਸ ਨੂੰ ਆਯੋਜਿਤ ਕੀਤਾ ਸੀ।
ਇਸ ਦੌਰਾਨ ੫ ਮਤੇ ਪਾਸ ਕੀਤੇ ਗਏ ਜਿਨਾਂ ਵਿੱਚ ਮਨੂਵਾਦੀ ਵਿਚਾਰਧਾਰਾ ਨੂੰ ਮਨੁੱਖਤਾ ਵਿਰੋਧੀ ਅਤੇ ਸਮਾਜ ਨੂੰ ਉਚ-ਨੀਚ ਦੇ ਨਾਂ ਹੇਠ ਵੰਡਣ ਲਈ ਜ਼ਿਮੇਵਾਰ ਦਸਦਿਆਂ ਉਸ ਨੂੰ ਰੱਦ ਕੀਤਾ ਗਿਆ।

ਕਾਨਫਰੰਸ ਦੌਰਾਨ ਬੁਲਾਰਿਆਂ ਦੇ ਵਿਚਾਰ ਸੁਣਦੇ ਸਰੋਤੇ

ਕਾਨਫਰੰਸ ਦੌਰਾਨ ਬੁਲਾਰਿਆਂ ਦੇ ਵਿਚਾਰ ਸੁਣਦੇ ਸਰੋਤੇ

ਇੱਕ ਹੋਰ ਮਤੇ ਰਾਂਹੀ ਸਿੱਖ ਸਮਾਜ ਅਤੇ ਦਲਿਤ ਸਮਾਜ ਵਿਚਾਲੇ ਆਪਸੀ ਤਾਲਮੇਲ ਬਣਾਈ ਰੱਖਣ ਅਤੇ ਨੇੜਤਾ/ਸਾਂਝ ਨੂੰ ਹੋਰ ਪੱਕਿਆਂ ਕਰਨ ਅਤੇ ਸਾਂਝੇ ਦੁਸ਼ਮਣ ਦੀਆਂ ਕੁਚਾਲਾਂ ਤੋਂ ਸਾਵਧਾਨ ਰਹਿਣ ਲਈ ਇੱਕ ਸਥਾਈ ਕਮੇਟੀ ਬਨਾਉਣ ਦਾ ਫੈਸਲਾ ਲਿਆ ਗਿਆ, ਜਿਸ ਦੇ ਮੈਂਬਰਾਂ ਦੇ ਨਾਵਾਂ ਦਾ ਐਲਾਨ ਬਾਅਦ ਕੀਤਾ ਜਾਵੇਗਾ।
ਸਿੱਖ ਯੂਥ ਆਫ ਪੰਜਾਬ ਦੇ ਪ੍ਰਧਾਨ ਅਤੇ ਕਾਨਫਰੰਸ ਦੇ ਪ੍ਰਬੰਧਕ ਪਰਮਜੀਤ ਸਿੰਘ ਟਾਂਡਾ ਨੇ ਬੋਲਦਿਆਂ ਕਿਹਾ ਕਿ ਗੁਰੁ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਜਾਤ-ਪਾਤ ਨੂੰ ਮੁਢੋਂ ਰੱਦ ਕਰਕੇ ਹਕੀਕੀ ਅਰਥਾਂ ਵਿੱਚ ਬਰਾਬਰਤਾ ਦਾ ਸੁਨੇਹਾ ਦਿੰਦੀ ਹੈ। ਉਹਨਾਂ ਕਿਹਾ ਕਿ ਅੱਜ ਦਾ ਇਹ ਇਕੱਠ ਸਿੱਖ ਸਮਾਜ ਅਤੇ ਦਲਿਤ ਸਮਾਜ ਦੇ ਪ੍ਰਤੀਨਿਧਾਂ ਦਾ ਸਾਂਝਾ ਇਕੱਠ ਹੈ। ਅਤੇ ਦੋਨਾਂ ਧਿਰਾਂ ਮਿਲਕੇ ਗੁਰੂ-ਆਸ਼ੇ ਅਨੁਸਾਰ ਬਰਾਬਰਤਾ ਅਤੇ ਸ਼ੋਸ਼ਣ-ਰਹਿਤ ਸਮਾਜ ਸਿਰਜਣ ਲਈ ਕਾਰਜਸ਼ੀਲ ਰਹਿਣਗੀਆਂ।

FullSizeRender (3)

ਸਿੱਖ ਯੂਥ ਆਫ ਪੰਜਾਬ ਨੇ ਜਾਤ-ਪਾਤ ਦੀ ਸਮਸਿਆ ਨੂੰ ਖਤਮ ਕਰਨ ਦਾ ਹੋਕਾ ਦਿਤਾ

ਕਾਨਫਰੰਸ ਵਿੱਚ ਹੈਦਰਾਬਾਦ ਯੂਨੀਵਰਸਟੀ ਦੇ ਦਲਿਤ ਵਿਦਿਆਰਥੀ ਰੋਹਿਤ ਵੈਮੂਲਾ ਵਲੋਂ ਆਤਮ ਹੱਤਿਆ ਕਰਨ ਅਤੇ ਜਵਾਹਰ ਲਾਲ ਨਹਿਰੂ ਯੂਨੀਵਰਸਟੀ ਦੇ ਵਿਦਿਆਰਥੀਆਂ ਨੂੰ “ਦੇਸ਼ਧ੍ਰੋਹ ਦੇ ਸੰਗੀਨ ਦੋਸ਼ਾਂ” ਹੇਠ ਫਸਾਉਣ ਅਤੇ ਕਨ੍ਹਈਆ ਕੁਮਾਰ ਨੂੰ ਗ੍ਰਿਫਤਾਰ ਕਰਨ ਦੀ ਜੋਰਦਾਰ ਚਰਚਾ ਹੋਈ।

ਇੱਕ ਮਤੇ ਰਾਂਹੀ ਰੋਹਿਤ ਵੈਮੂਲਾ ਦੀ ਖੁਦਕੁਸ਼ੀ ਨੂੰ ‘ਸੰਸਥਾਗਤ ਕਤਲ’  ਕਰਾਰ ਦਿੱਤਾ ਗਿਆ ਅਤੇ ਇਸ ਲਈ ਹਿੰਦੂਤਵੀ ਤਾਕਤਾਂ ਨੂੰ ਕਸੂਰਵਾਰ ਠਹਿਰਾਇਆ ਗਿਆ।
ਕਾਨਫਰੰਸ ਦੇ ਪ੍ਰਬੰਧਕਾਂ ਨੇ ਰੋਹਿਤ ਦੇ ਕਾਤਲਾਂ ਨੂੰ ਸਜਾ ਦਿਵਾਉਣ ਲਈ ਭਾਰਤ ਦੇ ਰੋਸ਼ਨ (ਜਾਗਦੀ) ਜ਼ਮੀਰ ਵਾਲੇ ਲੋਕਾਂ ਨੂੰ ਅੱਗੇ ਆਉਣ ਦੀ ਅਪੀਲ ਕੀਤੀ ਅਤੇ ਨਾਲ ਹੀ ਨਿਆਪਾਲਿਕਾ (ਸੁਪਰੀਮ ਕੋਰਟ) ਤੋਂ ਮੰਗ ਕੀਤੀ ਕਿ ਉਹ ਜਵਾਹਰ ਲਾਲ ਨਹਿਰੂ ਯੂਨੀਵਰਸਟੀ ਦੇ ਵਿਦਿਆਰਥੀਆਂ ਨੂੰ ਇਨਸਾਫ ਦੇਵੇ।
ਪ੍ਰਭਜੋਤ ਸਿੰਘ ਨਵਾਂਸ਼ਹਿਰ ਨੇ ਬੋਲਦਿਆਂ ਕਿਹਾ ਕਿ ਰੋਹਿਤ ਵੈਮੂਲਾ ਨੇ ਕੁਰਬਾਨੀ ਦੇਕੇ ਦਲਿਤ ਭਾਈਚਾਰੇ ਅਤੇ ਸਮਾਜ ਦੇ ਹੋਰਨਾਂ ਵਰਗਾਂ ਅੰਦਰ ਇੱਕ ਚੇਤੰਨਤਾ ਲਿਆਂਦੀ ਹੈ, ਜਿਸਨੂੰ ਅੰਜਾਈ ਨਹੀ ਜਾਣ ਦਿੱਤਾ ਜਾਵੇਗਾ। ਉਹਨਾਂ ਕਿਹਾ ਕਿ ਆਰ.ਐਸ.ਐਸ ਪ੍ਰਧਾਨ ਮੰਤਰੀ ਦਫਤਰ ਅਤੇ ਗ੍ਰਹਿ ਮੰਤਰਾਲੇ ਰਾਂਹੀ ਦੇਸ਼ ਦੇ ਹਰ ਹਿੱਸੇ, ਹਰ ਮਹਿਕਮੇ, ਸਮਾਜ ਤੇ ਰਾਜਨੀਤੀ ਦਾ ਭਗਵਾਂਕਰਨ ਕਰ ਰਹੀ ਹੈ। ਉਹਨਾਂ ਅੱਗੇ ਕਿਹਾ ਕਿ ਜੋ ਲੋਕ ਉਸਦੀ ਵਿਚਾਰਧਾਰਾ ਅੱਗੇ ਸਿਰ ਨਿਵਾ ਦੇਂਦੇ ਹਨ ਉਹ ਦੇਸ਼ਭਗਤ ਹਨ ਅਤੇ ਜੋ ਲੋਕ ਸਿੱਰ ਉਚਾ ਚੁੱਕ ਕੇ ਸਵੈਮਾਨ ਨਾਲ ਜਿਊਣ ਦੀ ਇੱਛਾ ਰੱਖਦੇ ਹਨ, ਉਹ ਸੰਘ ਪਰਿਵਾਰ ਦੀਆਂ ਨਜ਼ਰਾਂ ਵਿੱਚ “ਦੇਸ਼ਧ੍ਰੋਹੀ” ਹਨ।
ਪਰਮਜੀਤ ਸਿੰਘ ਮੰਡ ਨੇ ਜਵਾਹਰ ਲਾਲ ਨਹਿਰੂ ਯੂਨੀਵਰਸਟੀ ਦੇ ਵਿਦਿਆਰਥੀਆਂ ਨੂੰ ਝੂਠੀ ਦੇਸ਼ਭਗਤੀ ਦੇ ਵਹਿਣ ਵਿਚ ਵਹਿਕੇ “ਦੇਸ਼ਧ੍ਰੋਹ ਦੇ ਸੰਗੀਨ ਦੋਸ਼ਾਂ” ਹੇਠ ਫਸਾਉਣ ਦੀ ਨਿਖੇਧੀ ਕੀਤੀ।
ਸੁਖਵਿੰਦਰ ਸਿੰਘ ਨੇ ਕਿਹਾ ਕਿ ਕੇਂਦਰ ਵਿੱਚ ਭਾਜਪਾ ਦੀ ਹਿੰਦੁਤਵੀ ਸਰਕਾਰ ਆਉਣ ਦੇ ਨਾਲ ਕੌਮੀ ਧਾਰਮਿਕ ਘੱਟ ਗਿਣਤੀਆਂ ਅਤੇ ਦਲਿਤਾਂ ਵਿਰੁੱਧ ਅਸਿਹਣਸ਼ੀਲਤਾ ਅਤੇ ਨਫਰਤ ਦਾ ਦੌਰ ਸਿੱਖਰਾਂ ਤੇ ਹੈ। ਉਹਨਾਂ ਕਿਹਾ ਕਿ ਜਿਸ ਕਾਰਨ ਸਮਾਜ ਵਿੱਚ ਡਰ ਅਤੇ ਦਹਿਸ਼ਤ ਦਾ ਮਾਹੋਲ ਪੈਦਾ ਹੋ ਗਿਆ ਹੈ। ਉਹਨਾਂ ਸੁਝਾਅ ਦਿੱਤਾ ਕਿ ਮੋਦੀ ਸਰਕਾਰ ਦੇ ਇਸ ਫਾਸੀਵਾਦੀ ਰਵਈਏ ਨੂੰ ਠੱਲ ਪਾਉਣ ਲਈ ਜੁਲਮ ਸਹਿ ਰਹੀਆਂ ਕੌਮਾਂ ਅਤੇ ਦਲਿਤ ਸਮਾਜ ਇਕ ਮੰਚ ‘ਤੇ ਇਕਠੇ ਹੋਵੇ।
ਇਸ ਮੌਕੇ ਰਣਵੀਰ ਸਿੰਘ, ਪ੍ਰੋ. ਕਸਮੀਰ ਲੱਧੜ ਸ਼ੋਸ਼ਲ ਵਰਕਰ, ਰਜਿੰਦਰ ਰਾਣਾ ਭਾਰਤ ਮੁਕਤੀ ਮੋਰਚਾ, ਇੰਜ.ਸੁਰਿੰਦਰ ਸਿੰਘ ਸੰਧੂ ਅਤੇ ਐਕਸੀਅਨ ਜਗਦੀਸ਼ ਬੱਧਣ ਸ਼੍ਰੋਮਣੀ ਸ਼੍ਰੀ ਗੁਰੁ ਰਵਿਦਾਸ ਚੈਰੀਟੇਬਲ ਸਭਾ ਰਜਿ. ਪੰਜਾਬ, ਮਨੋਜ ਕੇਨੇਡੀ ਭਗਵਾਨ ਵਾਲਮੀਕ ਸਭਾ, ਠੇਕੇਦਾਰ ਭਗਵਾਨ ਦਾਸ, ਧਿਆਨ ਚੰਦ ਐਮ.ਸੀ, ਮੋਹਨ ਲਾਲ ਭਟੋਆ ਆਦਿ ਨੇ ਵੀ ਸੰਬੋਧਨ ਕੀਤਾ।
ਬੇਗਮਪੁਰਾ ਟਾਈਗਰ ਫੋਰਸ ਦੁਆਬਾ, ਗੁਰੁ ਰਵਿਦਾਸ ਟਾਈਗਰ ਫੋਰਸ, ਰਵਿਦਾਸੀਆਂ ਧਰਮ ਪ੍ਰਚਾਰਕ ਮਹਾ ਸਭਾਂ, ਪੰਜਾਬ ਅੱਤਿਆਚਾਰ ਵਿਰੋਧੀ ਫਰੰਟ, ਡਾ.ਅੰਬੇਦਕਰ ਸੈਨਾ, ਫਤਿਹ ਯੂਥ ਕਲੱਬ, ਸਤਿਕਾਰ ਕਮੇਟੀ, ਸ਼੍ਰੀ ਗੁਰੁ ਰਵਿਦਾਸ ਸ਼ੋਸ਼ਲ ਵੈਲਫੇਅਰ ਸੁਸਾਇਟੀ, ਅੰਬੇਦਕਰ ਯੂਥ ਕਲੱਬ, ਭਗਵਾਨ ਬਾਲਮੀਕ ਆਸ਼ਰਮ ਸੇਵਾ ਸੁਸਾਇਟੀ ਆਦਿ ਜਥੇਬੰਦੀਆਂ ਦੇ ਵਰਕਰ ਹਾਜ਼ਿਰ ਸਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: ,