Site icon Sikh Siyasat News

“ਲੰਡਨ ਐਲਾਨਨਾਮੇ” ਦੇ ਪ੍ਰਤੀਕਰਮ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਭਾਰਤ ਭਗਤੀ ਦਾ ਰਾਗ ਅਲਾਪਿਆ

ਚੰਡੀਗੜ੍ਹ: ਬੀਤੇ ਦਿਨ ਲੰਡਨ ਦੇ ਟਰੈਫਲਗਰ ਸਕੁਏਅਰ ਵਿੱਚ ਸਿੱਖਸ ਫਾਰ ਜਸਟਿਸ ਵੱਲੋਂ “ਲੰਡਨ ਐਲਾਨਨਾਮੇ” ਸਬੰਧੀ ਇੱਕ ਇਕੱਠ ਕੀਤਾ ਗਿਆ। ਇਹ ਇਕੱਠ ਸਿੱਖਸ ਫਾਰ ਜਸਟਿਸ ਜਥੇਬੰਦੀ ਵੱਲੋਂ ਚਲਾਈ ਜਾ ਰਹੀ ਰੈਫਰੈਂਡਮ 2020 ਦੀ ਮੁਹਿੰਮ ਤਹਿਤ ਰੱਖਿਆ ਗਿਆ ਸੀ।

ਭਾਵੇਂ ਕਿ ਇਸ ਮੁਹਿੰਮ ਦੇ ਵਿਹਾਰਕ ਰੂਪ ਬਾਰੇ ਕੁਝ ਸਿੱਖ ਜਥੇਬੰਦੀਆਂ ਵੱਲੋਂ ਸਵਾਲ ਵੀ ਚੁੱਕੇ ਗਏ ਸਨ ਪਰ ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਸਿੱਖ ਵੱਡੀ ਗਿਣਤੀ ਵਿੱਚ ਇਸ ਇਕੱਠ ਵਿੱਚ ਸ਼ਾਮਿਲ ਹੋਏ ਤੇ ਉਨ੍ਹਾਂ ਅਜ਼ਾਦੀ ਦੀ ਤਾਂਘ ਦਾ ਇਜ਼ਹਾਰ ਕੀਤਾ। ਭਾਰਤ ਸਰਕਾਰ ਦੇ ਵਿਰੋਧ ਦੇ ਬਾਵਜੂਦ ਵੀ ਲੰਦਨ ਐਲਾਨਨਾਮਾ ਪੁਰ ਅਮਨ ਤਰੀਕੇ ਨਾਲ ਹੋਇਆ ਹਾਲਾਂਕਿ ਸਿੱਖਾਂ ਦੇ ਇਕੱਠ ਦੇ ਬਿਲਕੁਲ ਸਾਹਮਣੇ ਨੈਸ਼ਨਲ ਗੈਲਰੀ ਦੇ ਬਾਹਰ ਭਾਰਤ ਕੁਝ ਕੁ ਭਾਰਤ ਪੱਖੀ ਲੋਕਾਂ ਵੱਲੋਂ ਵੀ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ।

ਭਾਰਤੀ ਮੀਡੀਆ ਸ਼ੁਰੂ ਤੋਂ ਹੀ ਇਸ ਰੈਲੀ ਦੇ ਵਿਰੋਧ ਵਿੱਚ ਮਹੌਲ ਸਿਰਜਦਾ ਆ ਰਿਹਾ ਸੀ ਤੇ ਬਹੁਤ ਸਾਰੇ ਮੀਡੀਆ ਅਦਾਰਿਆਂ ਵੱਲੋਂ ਇਨ੍ਹਾਂ ਦੋਹਾਂ ਬੇਮੇਲ ਇਕੱਠਾਂ ਨੂੰ ਬਰਾਬਰ ਰੱਖਕੇ ਹੀ ਪੇਸ਼ ਕੀਤਾ ਗਿਆ ਭਾਵੇਂ ਕਿ ਰੈਫਰੈਂਡਮ 2020 ਵਿੱਚ ਪਹੁੰਚੇ ਸਿੱਖਾਂ ਦਾ ਇਕੱਠ ਹਜ਼ਾਰਾਂ ਦੀ ਗਿਣਤੀ ਵਿੱਚ ਸੀ ਤੇ ਦੂਜੇ ਪਾਸੇ ਸਿਰਫ਼ ਕੁਝ ਕੁ ਲੋਕ ਹੀ ਸਨ।

ਇਸ ਮਾਮਲੇ ‘ਤੇ ਅੱਜ ਪੰਜਾਬ ਦੇ ਸੂਚਨਾ ਅਤੇ ਲੋਕ ਸੰਪਰਕ ਮਹਿਕਮੇਂ ਵੱਲੋਂ ਇਕ ਸਰਕਾਰੀ ਬਿਆਨ ਜਾਰੀ ਕੀਤਾ ਗਿਆ ਜਿਸ ਵਿੱਚ ਪਹਿਲਾਂ ਵਾਙ ਪੱਕੀ ਪਕਾਈ ਤਰਜ਼ ਉੱਤੇ ਦੂਸ਼ਣਾਂ ਦੀ ਭਰਮਾਰ ਕੀਤੀ ਗਈ ਹੈ ਪਰ ਤੱਥ ਤੇ ਹਵਾਲੇ ਕਿਤੇ ਵੀ ਨਜ਼ਰ ਨਹੀਂ ਆਉਂਦੇ।

ਮਿਸਾਲ ਦੇ ਤੌਰ ਉੱਤੇ ਇਸ ਗੱਲ ਦਾ ਲੰਮਾਂ ਇਤਿਹਾਸ ਹੈ ਕਿ ਸਿੱਖ ਹੱਕਾਂ ਦੀ ਉੱਠਣ ਵਾਲੀ ਕਿਸੇ ਵੀ ਮੁਹਿੰਮ ਨੂੰ ਪਾਕਿਸਤਾਨ ਦੀ ਸਾਜ਼ਿਸ਼ ਕਰਾਰ ਦਿੱਤਾ ਜਾਂਦਾ ਹੈ ਭਾਵੇਂ ਕਿ ਅੱਜ ਤੱਕ ਇਸ ਬਾਰੇ ਕੋਈ ਵੀ ਪੁਖਤਾ ਸਬੂਤ ਸਾਹਮਣੇ ਨਹੀਂ ਆਏ। ਇਸੇ ਤਰ੍ਹਾਂ ਲੰਡਨ ਵਾਲੇ ਇਕੱਠ ਵਿੱਚ ਹਾਊਸ ਆਫ ਲਾਰਡ ਦੇ ਮੈਂਬਰ ਨਜੀਰ ਅਹਿਮਦ ਦੀ ਸ਼ਮੂਲੀਅਤ ਨੂੰ ਪੰਜਾਬ ਸਰਕਾਰ ਪਾਕਿਸਤਾਨ ਦੀ ਸਾਜਿਸ਼ ਦਾ ਬੜਾ ਵੱਡਾ ਸਬੂਤ ਬਣਾ ਕੇ ਪੇਸ਼ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਹਾਲਾਂਕਿ ਲਾਰਡ ਨਜੀਰ ਅਹਿਮਦ ਵੱਲੋਂ ਪਹਿਲਾਂ ਵੀ ਆਜ਼ਾਦੀ ਲਈ ਸੰਘਰਸ਼ਸ਼ੀਲ ਧਿਰਾਂ ਵੱਲੋਂ ਕਰਵਾਏ ਜਾਂਦੇ ਸਮਾਗਮਾਂ ਵਿੱਚ ਸ਼ਿਰਕਤ ਕੀਤੀ ਜਾਂਦੀ ਰਹੀ ਹੈ।

ਸਰਕਾਰੀ ਬਿਆਨ ਵਿੱਚ ਇਹ ਵੀ ਕਿਹਾ ਗਿਆ ਕਿ ਇਕੱਠ ਪੱਖੋਂ ਇਹ ਸਮਾਗਮ ਨਾਕਾਮ ਹੋਇਆ ਹੈ ਪਰ ਇਸ ਇਕੱਠ ਦੇ ਦ੍ਰਿਸ਼ ਜੋ ਮੱਕੜਜਾਲ ਉੱਤੇ ਵੇਖੇ ਜਾ ਸਕਦੇ ਹਨ ਵਿੱਚ ਇਹ ਗੱਲ ਸਾਫ਼ ਹੁੰਦੀ ਹੈ ਕਿ ਸਿੱਖਾਂ ਦੀ ਇਸ ਇਕੱਠ ਵਿੱਚ ਸਮੂਲਿਅਤ ਹਜ਼ਾਰਾਂ ਦੀ ਗਿਣਤੀ ਵਿੱਚ ਸੀ ।

ਕੈਪਟਨ ਅਮਰਿੰਦਰ ਸਿੰਘ ਵੱਲੋਂ ਇਹ ਗੱਲ ਵੀ ਕਹੀ ਗਈ ਕਿ ਕਸ਼ਮੀਰੀਆਂ ਨੂੰ ਪੱਗਾਂ ਬਣਾ ਕੇ ਇਕੱਠ ਵਿੱਚ ਜ਼ਬਰਦਸਤੀ ਲਿਆਂਦਾ ਗਿਆ ਪਰ ਇਹ ਗੱਲ ਆਪਣੇ ਆਪ ਵਿੱਚ ਹਾਸੋਹੀਣੀ ਹੈ। ਇਸ ਗੱਲ ਦਾ ਸਬੂਤ ਮੱਕੜਜਾਲ ਤੇ ਪਈਆਂ ਵੀਡੀਓ ਤੋਂ ਪਤਾ ਚੱਲਦਾ ਹੈ ਕਿ ਇਹ ਨਿਰੋਲ ਸਿੱਖਾਂ ਦਾ ਇਕੱਠ ਸੀ।

ਇਸ ਬਿਆਨ ਵਿੱਚ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਭਾਰਤ ਭਗਤੀ ਦਾ ਪ੍ਰਗਟਾਵਾ ਕਰਨੋਂ ਵੀ ਨਹੀਂ ਭੁੱਲੇ ਉਨ੍ਹਾਂ ਕਿਹਾ ਕਿ “ਸਿੱਖ ਇੱਕ ਦੇਸ਼ ਭਗਤ ਭਾਈਚਾਰਾ ਹੈ। ਜੋ ਹਮੇਸ਼ਾ ਹੀ ਦੇਸ਼ ਦੀ ਏਕਤਾ ਤੇ ਅੰਖਡਤਾ ਲਈ ਖੜ੍ਹੇ ਰਹੇ ਹਨ”।

ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਨੇ ਆਪਣੇ ਇਸ ਬਿਆਨ ਵਿੱਚ ਸਿੱਖਾਂ ਨਾਲ ਭਾਰਤ ਵਿੱਚ ਹੋਏ ਜ਼ੁਲਮਾਂ ਅਤੇ ਬੇਇਸਾਫੀਆਂ ਬਾਰੇ ਇੱਕ ਸ਼ਬਦ ਵੀ ਨਾ ਕਹਿ ਹੋਇਆ।

ਇਸ ਬਿਆਨ ਵਿੱਚ, ਜਿਸ ਦੀ ਨਕਲ ਸਿੱਖ ਸਿਆਸਤ ਕੋਲ ਮਜ਼ੂਦ ਹੈ, ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਰਿਫਰੈਂਡਮ 2020 ਦਾ ਜ਼ਿਕਰ ਕਰਦਿਆਂ ਕਿਹਾ ਹੈ ਕਿ ਉਨ੍ਹਾਂ ਦੀ ਸਰਕਾਰ “ਇਸ ਤਰ੍ਹਾਂ ਦੀਆਂ ਕੋਸ਼ਿਸਾਂ ਨੂੰ ਬੁਰੀ ਤਰ੍ਹਾਂ ਮਸਲ ਦੇਵੇਗੀ”।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version