ਪੰਜਾਬ ਦੀ ਰਾਜਨੀਤੀ

ਲਲਕਾਰ ਰੈਲੀ -ਸੱਤਾਧਾਰੀ ਨਸ਼ਿਆਂ ਦੀ ਕਮਾਈ ਆਸਰੇ ਆਪਣੇ ਘਰ ਭਰਨ ‘ਚ ਲੱਗੇ: ਕੈਪਟਨ

January 25, 2015 | By

ਅੰਮਿ੍ਤਸਰ( 24 ਜਨਵਰੀ, 2015): ਕੈਪਟਨ ਅਮਰਿੰਦਰ ਸਿੰਘ ਨੇ ਨਸ਼ਿਆਂ ਵਿਰੁੱਧ ‘ਲਲਕਾਰ ਰੈਲੀ’ ਵਿੱਚ ਭਰਵਾਂ ਇਕੱਠ ਕਰ ਕੇ ਅਤੇ 30 ਤੋਂ ਵੱਧ ਕਾਂਗਰਸੀ ਵਿਧਾਇਕਾਂ ਦੀ ਸ਼ਮੂਲੀਅਤ ਨਾਲ ਪਾਰਟੀ ਹਾਈ ਕਮਾਂਡ ਨੂੰ ਪੰਜਾਬ ਵਿੱਚ ਲੀਡਰਸ਼ਿਪ ਤਬਦੀਲੀ ਦਾ ਸੰਦੇਸ਼ ਦਿੱਤਾ ਹੈ।

ਪੰਜਾਬ ਕਾਂਗਰਸ ‘ਚ ਆਪਣੀ ਚੜ੍ਹਤ ਦਿਖਾਉਣ ਲਈ ਪਿਛਲੇ ਕੁੱਝ ਦਿਨਾਂ ਤੋਂ ਯਤਨਸ਼ੀਲ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿਚ ਅੰਮਿ੍ਤਸਰ ‘ਚ ਪ੍ਰਭਾਵਸ਼ਾਲੀ ‘ਲਲਕਾਰ’ ਰੈਲੀ ਹੋਈ।

ਰੈਲੀ ਦੌਰਾਨ ਮੰਚ 'ਤੇ ਕੈਪਟਨ ਅਮਰਿੰਦਰ ਸਿੰਘ ਅਤੇ ਹੋਰ

ਰੈਲੀ ਦੌਰਾਨ ਮੰਚ ‘ਤੇ ਕੈਪਟਨ ਅਮਰਿੰਦਰ ਸਿੰਘ ਅਤੇ ਹੋਰ

ਸੂਬੇ ਦੇ ਬਹੁ ਗਿਣਤੀ ਕਾਂਗਰਸੀ ਆਗੂਆਂ ਨਾਲ ਵੱਡੀ ਗਿਣਤੀ ‘ਚ ਪੁੱਜੇ ਵਰਕਰਾਂ ਨੂੰ ਵੇਖ ਕੇ ਗਦਗਦ ਹੋਏ ਕੈਪਟਨ ਨੇ ਜਿਥੇ ਕੇਂਦਰ ਸਰਕਾਰ ਨੂੰ ਸਮੁੱਚੇ ਦੇਸ਼ ‘ਚ ਨਸ਼ਿਆਂ ਸਬੰਧੀ ਇਕਸਾਰ ਕੌਮੀ ਨੀਤੀ ਐਲਾਨਣ ਲਈ ਕਿਹਾ, ਉਥੇ ਅਗਾਮੀ ਪੰਜਾਬ ਸਰਕਾਰ ਆਪਣੀ ਸਰਪ੍ਰਸਤੀ ‘ਚ ਬਣਨ ਦੀ ਸੂਰਤ ‘ਚ ਪਹਿਲ ਵਜੋਂ ਕੰਮ ਨਸ਼ੀਲੇ ਕਾਰੋਬਾਰੀਆਂ ‘ਤੇ ਪਾਬੰਦੀ ਲਗਾਉਣ ਦਾ ਭਰੋਸਾ ਦਿੱਤਾ।

ਅੰਮਿ੍ਤਸਰ ਦੇ ਰਣਜੀਤ ਐਵੀਨਿਊ ਵਿਖੇ ਹਜ਼ਾਰਾਂ ਦੀ ਗਿਣਤੀ ਵਿੱਚ ਪਹੁੰਚੇ ਸਮਰਥਕਾਂ ਨੂੰ ਸੰਬੋਧਨ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਮੌਜੂਦਾ ਕਾਨੂੰਨ ਮੁਤਾਬਿਕ ਮੱਧ ਪ੍ਰਦੇਸ਼ ਦੇ ਖੇਤਾਂ ‘ਚ ਉਗਦੀ ਅਫੀਮ, ਭੁੱਕੀ ਦੀ ਵਿਕਰੀ ਰਾਜਸਥਾਨ ਦੇ ਠੇਕਿਆਂ ‘ਤੇ ਹੁੰਦੀ ਹੈ, ਜਦ ਕਿ ਗੈਰ ਕਾਨੂੰਨੀ ਢੰਗ ਨਾਲ ਇਸ ਦੀ ਵਰਤੋਂ ਪੰਜਾਬ ‘ਚ ਹੋ ਰਹੀ ਹੈ ।

ਉਨ੍ਹਾਂ ਕਿਹਾ ਕਿ ਸੂਬੇ ‘ਚ ਮੌਜੂਦਾ ਸੱਤਾਧਾਰੀ ਮਹਿਜ਼ ਨਿੱਜੀ ਸਵਾਰਥਾਂ ਲਈ ਭਾਈਵਾਲੀਆਂ ਪਾਲ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਪੁਲਿਸ ਅਤੇ ਕੇਂਦਰੀ ਏਜੰਸੀਆਂ ਵੱਲੋਂ ਚੱਲ ਰਹੀ ਜਾਂਚ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਸੱਤਾਧਾਰੀ ਨਸ਼ਿਆਂ ਦੀ ਕਮਾਈ ਆਸਰੇ ਆਪਣੇ ਘਰ ਭਰਨ ‘ਚ ਲੱਗੇ ਹੋਏ ਹਨ।

ਆਪਣੇ ਭਾਸ਼ਣ ‘ਚ ਅਕਾਲੀਆਂ ਨਾਲੋਂ ਭਾਜਪਾ ‘ਤੇ ਵਧੇਰੇ ਤਵਾ ਲਗਾਉਂਦਿਆਂ ਉਨ੍ਹਾਂ ਭਾਜਪਾ ‘ਤੇ ਦੋਗਲੀ ਸਿਆਸਤ ਖੇਡਣ ਦੇ ਦੋਸ਼ ਲਗਾਉਂਦਿਆਂ ਕਿਹਾ ਕਿ ਆਮ ਨਸ਼ਿਆਂ ਦੇ ਨਾਲ-ਨਾਲ ਰਸਾਇਣਕ ਨਸ਼ਿਆਂ ਦੇ ਕਾਰੋਬਾਰ ‘ਚ ਅਕਾਲੀਆਂ ਦੀ ਭੂਮਿਕਾ ਸਪੱਸ਼ਟ ਹੋਣ ਦੇ ਬਾਵਜੂਦ ਭਾਜਪਾ ਨੇ ਦਿੱਲੀ ਚੋਣਾਂ ‘ਚ ਆਪਣੇ ਲਾਭ ਲਈ ਇਸ ਨੂੰ ਨਜ਼ਰਅੰਦਾਜ਼ ਕਰ ਦਿੱਤਾ।

ਵਿਧਾਨ ਸਭਾ ‘ਚ ਵਿਰੋਧੀ ਧਿਰ ਦੇ ਆਗੂ ਸ੍ਰੀ ਸੁਨੀਲ ਜਾਖੜ ਨੇ ਆਪਣੀ ਜ਼ੋਰਦਾਰ ਤਕਰੀਰ ‘ਚ ਕਿਹਾ ਕਿ ਪਹਿਲਾਂ ਨਸ਼ਿਆਂ ਸਬੰਧੀ ਇਕ ਦੂਜੇ ‘ਤੇ ਤੋਹਮਤਬਾਜ਼ੀ ਕਰਨ ਵਾਲੇ ਭਾਈਵਾਲ ਹੁਣ ਕਿਸ ਸੌਦੇ ‘ਤੇ ਮੁੜ ਜੱਫੀਆਂ ਪਾ ਰਹੇ ਹਨ, ਇਹ ਸਭ ਜਾਣਦੇ ਹਨ।

ਉਕਤ ਇਲਾਵਾ ਰੈਲੀ ਨੂੰ ਚੌਧਰੀ ਸੰਤੋਖ ਸਿੰਘ, ਸ: ਲਾਲ ਸਿੰਘ, ਸ੍ਰੀ ਮਹਿੰਦਰ ਸਿੰਘ ਕੇ.ਪੀ., ਸ੍ਰੀ ਰਘੂਨੰਦਨ ਲਾਲ ਭਾਟੀਆ, ਸ੍ਰੀ ਮੁਨੀਸ਼ ਤਿਵਾੜੀ, ਰਾਣਾ ਗੁਰਜੀਤ ਸਿੰਘ, ਅਸ਼ਵਨੀ ਸ਼ੇਖੜੀ ਅਤੇ ਸਥਾਨਕ ਹਲਕਾ ਇੰਚਾਰਜ਼ਾਂ ਨੇ ਸੰਬੋਧਨ ਕੀਤਾ ।

ਮੰਚ ਦਾ ਸੰਚਾਲਨ ਗੁਰਦਾਸਪੁਰ ਜ਼ਿਲ੍ਹਾ ਕਾਂਗਰਸ ਦੇ ਪ੍ਰਧਾਨ ਤੇ ਵਿਧਾਇਕ ਸ: ਸੁਖਜਿੰਦਰ ਸਿੰਘ ਰੰਧਾਵਾ ਨੇ ਕੀਤਾ।  ਰੈਲੀ ਦੌਰਾਨ ਪਹਿਲਾਂ ਕੀਤੀਆਂ ਕਿਆਸ ਅਰਾਈਆਂ ਅਨੁਸਾਰ 30 ਤੋਂ ਵਧੇਰੇ ਕਾਂਗਰਸੀ ਵਿਧਾਇਕ ਅਤੇ ਵੱਡੀ ਗਿਣਤੀ ਸੂਬਾਈ ਆਗੂ ਵੀ ਪਹੁੰਚੇ ਹੋਏ ਸਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , ,