August 28, 2011 | By ਸਿੱਖ ਸਿਆਸਤ ਬਿਊਰੋ
- ਜਦੋਂ ਤੱਕ ਕੋਈ ਬੰਦਾ ਆਪਣੇ ਨਾਲ ਹੈ ਤਾਂ ਉਹ ਪੰਥਕ ਹੈ ਪਰ ਜਦੋਂ ਹੀ ਆਪਣੇ ਕੰਟਰੋਲ ਤੋਂ ਬਾਹਰ ਹੋਇਆ ਤਾਂ ਉਹ ਕਾਂਗਰਸੀ ਏਜੰਟ ਬਣ ਜਾਂਦਾ ਹੈ…
- ਕੱਲ੍ਹ ਤੱਕ ਜਿਸ ਸ: ਮਾਨ ਨੂੰ ਪ੍ਰਕਾਸ਼ ਸਿੰਘ ਬਾਦਲ ਕਾਂਗਰਸੀ ਏਜੰਟ ਦੱਸ ਰਹੇ ਸਨ ਪਰ ਅੱਜ ਉਹ ਉਸ ਨੂੰ ਪੰਥਕ ਸੋਚ ਵਾਲਾ ਠੀਕ ਬੰਦਾ ਕਹਿ ਰਹੇ ਹਨ…
- ਮਾਨ ਸਾਹਿਬ ਵਲੋਂ ਪਾਰਟੀ ਦਾ ਬਣਾਇਆ ਸੰਵਿਧਾਨ ਜੇ ਉਹਨਾਂ ਨੇ ਕਦੀ ਜਾਰੀ ਕੀਤਾ ਹੈ ਜਾਂ ਗੁਰਦੁਅਰਾ ਚੋਣ ਕਮਿਸ਼ਨ ਪਾਸ ਰਜਿਸਟਰਡ ਕਰਾਇਆ ਹੈ ਤਾਂ ਉਸ ਨੂੰ ਸਿੱਖ ਸੰਗਤਾਂ ਵਿਚ ਜਾਰੀ ਕਰਨ…
ਲੁਧਿਆਣਾ (27 ਅਗਸਤ, 2011): ਬਾਦਲ ਤੇ ਮਾਨ ਦੀ ਨੀਤੀ ਬਾਰੇ ਟਿੱਪਣੀ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਪੰਚ ਪ੍ਰਧਾਨੀ ਦੇ ਮੀਡੀਆ ਇੰਚਾਰਜ਼ ਐਡਵੋਕੇਟ ਜਸਪਾਲ ਸਿੰਘ ਮੰਝਪੁਰ ਨੇ ਕਿਹਾ ਕਿ ਜਦੋਂ ਤੱਕ ਕੋਈ ਬੰਦਾ ਆਪਣੇ ਨਾਲ ਹੈ ਤਾਂ ਉਹ ਪੰਥਕ ਹੈ ਪਰ ਜਦੋਂ ਹੀ ਆਪਣੇ ਕੰਟਰੋਲ ਤੋਂ ਬਾਹਰ ਹੋਇਆ ਤਾਂ ਉਹ ਕਾਂਗਰਸੀ ਏਜੰਟ ਬਣ ਜਾਂਦਾ ਹੈ। ਉਨ੍ਹਾਂ ਇਹ ਸ਼ਬਦ ਸ਼ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸ: ਸਿਮਰਨਜੀਤ ਸਿੰਘ ਮਾਨ ਅਤੇ ਮੁੱਖ ਮੰਤਰੀ ਪੰਜਾਬ ਸ: ਪ੍ਰਕਾਸ਼ ਸਿੰਘ ਬਾਦਲ ਵਲੋਂ ਪੰਥਕ ਮੋਰਚੇ ਵਿਚਲੀਆਂ ਸਾਰੀਆਂ ਹੀ ਧਿਰਾਂ ਨੂੰ ਕਾਂਗਰਸੀ ਦੱਸਣ ਵਾਲੇ ਬਿਆਨਾਂ ‘ਤੇ ਪ੍ਰਤੀਕਰਮ ਕਰਦੇ ਹੋਏ ਕਹੇ।
ਬੀਤੇ ਦਿਨ ਫੇਸਬੁੱਕ ਉੱਤੇ ਜਾਰੀ ਕੀਤੀ ਲਿਖਤ ਵਿਚ ਉਨ੍ਹਾਂ ਪੁੱਛਿਆ ਹੈ ਕਿ ਇਹ ਕਿਉਂ ਕਿਹਾ ਜਾ ਰਿਹਾ ਹੈ ਕਿ ਕਿ ਪੰਚ ਪਰਧਾਨੀ ਵਾਲੇ ਜਦੋਂ ਦੂਜਿਆਂ ਨਾਲ ਰਲ ਗਏ ਤਾਂ ਉਹ ਮਾੜੇ ਹੋ ਜਾਣਗੇ? ਕੀ ਇਹ ਯਕੀਨ ਹੈ ਕਿ ਪੰਚ ਪਰਧਾਨੀ ਉੱਤੇ ਹੀ ਦੂਜਿਆਂ ਦਾ ਅਸਰ ਹੋਣਾ ਹੈ, ਕੀ ਪੰਚ ਪਰਧਾਨੀ ਵਾਲਿਆਂ ਦਾ ਦੂਜਿਆਂ ‘ਤੇ ਅਸਰ ਨਹੀਂ ਹੋ ਸਕਦਾ? ਉਨ੍ਹਾਂ ਕਿਹਾ ਪਿਛਲੀਆਂ ਸ਼ਰੋਮਣੀ ਕਮੇਟੀ ਚੋਣਾਂ ਵੇਲੇ ਸ: ਮਾਨ ਪੰਥਕ ਮੋਰਚੇ ਵਿਚ ਸ਼ਾਮਲ ਸੀ, ਕੀ ਉਸ ਸਮੇਂ ਇਹ ਸਭ ਠੀਕ ਸਨ। 1984 ਵਿਚ ਸ: ਮਾਨ ਨੇ ਸ: ਬਰਨਾਲਾ, ਕੈਪਟਨ ਅਮਰਿੰਦਰ ਸਿੰਘ, ਜਥੇਦਾਰ ਟੌਹੜਾ, ਜਥੇਦਾਰ ਤਲਵੰਡੀ ਅਤੇ ਭਾਈ ਮਨਜੀਤ ਸਿੰਘ ਦੀ ਸ਼ਮੂਲੀਅਤ ਵਾਲੇ ਸਾਂਝੇ ਅਕਾਲੀ ਦਲ ਦੀ ਅਗਵਾਈ ਕੀਤੀ ਸੀ, ਕੀ ਇਹ ਸਾਰੇ ਉਸ ਸਮੇਂ ਠੀਕ ਸਨ? ਇਸ ਦਾ ਖ਼ੁਦ ਹੀ ਜਵਾਬ ਦਿੰਦੇ ਹੋਏ ਉਨ੍ਹ ਕਿਹਾ ਹਾਂ ਜੀ, ਉਸ ਸਮੇਂ ਸਭ ਠੀਕ ਸਨ ਕਿਉਂਕਿ ਉਦੋਂ ਮਾਨ ਸਾਬ੍ਹ ਨੂੰ ਪਰਧਾਨਗੀ ਜੋ ਮਿਲ ਗਈ ਸੀ। ਦਮਦਮੀ ਟਕਸਾਲ ਅੱਜ ਬਾਦਲ ਨਾਲ ਖੜ੍ਹੀ ਹੈ, ਪੰਥਕ ਮੋਰਚੇ ਨੂੰ ਕਾਂਗਰਸੀ ਏਜੰਟ ਦੱਸਣ ਵਾਲੇ ਉਸ ਬਾਰੇ ਇਹ ਕਿਉਂ ਨਹੀਂ ਬੋਲਦੇ ਕਿ ਉਹ ਕਿਸ ਦੇ ਏਜੰਟ ਹਨ? ਭਾਈ ਮੰਝਪੁਰ ਨੇ ਕਿਹਾ ਪਰਮਜੀਤ ਸਿੰਘ ਸਰਨਾ ਜਦੋਂ ਤਾਂ ਜੇਲ੍ਹਾਂ ਵਿਚ ਬੰਦ ਨੌਜਵਾਨਾਂ ਦਾ ਜੁਰਮਾਨਾ ਭਰੇ ਜਾਂ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਲਈ ਉੱਦਮ ਕਰੇ ਤਾਂ ਠੀਕ ਹੈ। ਤਾਂ ਫਿਰ ਕੀ ਉਹ ਸਿੱਖ ਨਹੀਂ। ਸ਼਼੍ਰੋਮਣੀ ਕਮੇਟੀ ਚੋਣਾਂ ਸਾਰੇ ਸਿੱਖਾਂ ਲਈ ਹਨ, ਕੇਵਲ ਮਾਨ ਜਾਂ ਬਾਦਲ ਦੀ ਜਗੀਰ ਨਹੀਂ ਹੈ। ਭਾਈ ਮੰਝਪੁਰ ਨੇ ਸ: ਮਾਨ ਤੋਂ ਇਹ ਵੀ ਪੁੱਛਿਆ ਕਿ ਕੱਲ੍ਹ ਤੱਕ ਜਿਸ ਸ: ਮਾਨ ਨੂੰ ਪ੍ਰਕਾਸ਼ ਸਿੰਘ ਬਾਦਲ ਕਾਂਗਰਸੀ ਏਜੰਟ ਦੱਸ ਰਹੇ ਸਨ ਪਰ ਅੱਜ ਉਹ ਉਸ ਨੂੰ ਪੰਥਕ ਸੋਚ ਵਾਲਾ ਠੀਕ ਬੰਦਾ ਕਹਿ ਰਹੇ ਹਨ। ਕੀ ਇਸ ਪਿੱਛੇ ਇਹ ਸੋਚ ਕੰਮ ਨਹੀਂ ਕਰ ਰਹੀ ਕਿ ਸ: ਮਾਨ ਦਾ ਪੰਥਕ ਮੋਰਚੇ ਨਾਲੋਂ ਵੱਖ ਹੋ ਕੇ ਲੜਨਾ ਬਾਦਲ ਲਈ ਲਾਭਕਾਰੀ ਹੈ, ਤੇ ਜਿਹੜਾ ਵਿਅਕਤੀ ਸਿੱਧੇ ਅਸਿੱਧੇ ਤੌਰ ‘ਤੇ ਸ: ਬਾਦਲ ਨੂੰ ਲਾਭ ਪਹੁੰਚਾ ਰਿਹਾ ਹੋਵੇ ਬੱਸ ਉਹ ਹੀ ਪੰਥਕ ਸੋਚ ਵਾਲਾ ਠੀਕ ਬੰਦਾ ਬਣ ਜਾਂਦਾ ਹੈ।
ਸਿਰਦਾਰ ਕਪੂਰ ਸਿੰਘ ਦਾ ਹਵਾਲਾ ਦਿੰਦੇ ਹੋਏ ਭਾਈ ਮੰਝਪੁਰ ਨੇ ਕਿਹਾ ਜਦੋਂ ਉਹ ਅਕਾਲੀ ਦਲ ਦੀ ਟਿਕਟ ‘ਤੇ ਚੋਣਾਂ ਲੜ੍ਹੇ ਸਨ ਤਾਂ ਉਸ ਸਮੇਂ ਅਕਾਲੀ ਦਲ ਦਾ ਗਠਜੋੜ ਜਨ ਸੰਘ (ਹੁਣ ਭਾਜਪਾ) ਨਾਲ ਸੀ, ਤਾਂ ਸਿਰਦਾਰ ਸਾਹਿਬ ਨੇ ਕਿਹਾ ਸੀ ਕਿ ‘ਇਹ ਕੇਵਲ ਵੋਟ ਰਾਜਨੀਤੀ ਤਹਿਤ ਗਠਜੋੜ ਹੈ, ਸੀਟਾਂ ਦੀ ਲੈਣ-ਦੇਣ ਹੈ, ਇਹ ਸਿਧਾਤਾਂ ਦਾ ਲੈਣ-ਦੇਣ ਨਹੀਂ, ਅਸੀਂ ਜਨ ਸੰਘ ਨੂੰ ਕੁਝ ਸੀਟਾਂ ਛੱਡ ਰਹੇ ਹਾਂ, ਆਪਣੇ ਸਿਧਾਂਤ ਨਹੀਂ। ਅਤੇ ਇਹੀ ਗੱਲ ਅੱਜ ਪੰਚ ਪਰਧਾਨੀ ਦੀ ਹੈ। ਉਨ੍ਹਾਂ ਕਿਹਾ ਆਪਣੀ ਪਾਰਟੀ ਪੱਧਰ ਉੱਤੇ ਕੋਈ ਮਰਜ਼ੀ ਬਿਆਨ ਦੇਈ ਜਾਵੇ, ਹਰ ਇਕ ਦਾ ਜਵਾਬ ਦੇਣਾ ਸਾਡੇ ਲਈ ਜਰੂਰੀ ਨਹੀਂ ਹੈ, ਪਰ ਜੇ ਸੀਟਾਂ ਦੇ ਲੈਣ-ਦੇਣ ਲਈ ਬਣੀ ਗਿਆਰਾਂ ਮੈਂਬਰੀ ਕਮੇਟੀ ਨੇ ਕੋਈ ਬਿਆਨ ਜਾਰੀ ਕੀਤਾ ਹੋਵੇ ਤਾਂ ਉਸ ਦੀ ਜਿੰਮੇਵਾਰੀ ਸਾਡੀ ਹੈ। ਉਨ੍ਹਾਂ ਕਿਹਾ ਸ਼਼੍ਰੋਮਣੀ ਕਮੇਟੀ ਚੋਣਾਂ ਲਈ ਗੁਰਦੁਆਰਾ ਚੋਣ ਕਮਿਸ਼ਨ ਕੋਲ ਪੰਚ ਪਰਧਾਨੀ ਵਲੋਂ ਰਜਿਸਟਰਡ ਸੰਵਿਧਾਨ ਵਿਚ ਪਾਰਟੀ ਦਾ ਸਿਆਸੀ ਨਿਸ਼ਾਨਾ ਖੁਦਮੁਖਤਿਆਰ ਸਿੱਖ ਰਾਜ ਕਾਇਮ ਕਰਨਾ ਦਰਜ਼ ਹੈ। ਮਾਨ ਸਾਹਿਬ ਵਲੋਂ ਪਾਰਟੀ ਦਾ ਬਣਾਇਆ ਸੰਵਿਧਾਨ ਜੇ ਉਹਨਾਂ ਨੇ ਕਦੀ ਜਾਰੀ ਕੀਤਾ ਹੈ ਜਾਂ ਗੁਰਦੁਅਰਾ ਚੋਣ ਕਮਿਸ਼ਨ ਪਾਸ ਰਜਿਸਟਰਡ ਕਰਾਇਆ ਹੈ ਤਾਂ ਉਸ ਨੂੰ ਸਿੱਖ ਸੰਗਤਾਂ ਵਿਚ ਜਾਰੀ ਕਰਨ।
ਐਡਵੋਕੇਟ ਮੰਝਪੁਰ ਨੇ ਕਿਹਾ ਜਿਸ ਤਰ੍ਹਾਂ 18ਵੀ ਸਦੀ ਵਿਚ ਕਦੇ ਸਿੱਖਾਂ ਨੇ ਅਹਿਮਦ ਸ਼ਾਹ ਅਬਦਾਲੀ ਨੂੰ ਢਾਹੁਣ ਲਈ ਮੀਰ ਮੰਨੂੰ ਨਾਲ ਸਮਝੌਤਾ ਕੀਤਾ ਸੀ ਅਤੇ ਕਿਸੇ ਸਮੇਂ ਸਿੱਖਾਂ ਨੇ ਅਪਣਾ-ਆਪ ਸੰਭਾਲਣ ਲਈ ਤੇ ਅਗਲੇਰੇ ਸੰਘਰਸ਼ ਲਈ ਤਿਆਰੀ ਕਰਨ ਲਈ ਸਰਕਾਰ ਨਾਲ ਸਮਝੌਤਾ ਕਰਕੇ 12 ਪਰਗਣਿਆਂ ਦਾ ਮਾਲੀਆ ਤੇ ਨਵਾਬੀ ਕਬੂਲ ਕੀਤੀ ਸੀ, ਠੀਕ ਉਸੇ ਤਰ੍ਹਾਂ ਕੇਵਲ ਸੀਟਾਂ ਦੀ ਵੰਡ ਲਈ ਵੱਖ-ਵੱਖ ਸਿਆਸੀ ਵਿਚਾਰਧਾਰਾਵਾਂ ਵਾਲੇ ਸਿੱਖਾਂ ਨੇ ਹੀ ਆਰਜ਼ੀ ਤੌਰ ਉੱਤੇ ਇਕ ਪਲੇਟਫਾਰਮ ਬਣਾਇਆ ਹੈ, ਤਾਂ ਅੱਜ ਏਨਾ ਵਾਵੇਲਾ ਕਿਉਂ ਚੁੱਕਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਪੰਚ ਪ੍ਰਧਾਨੀ ਦਾ ਗਠਜੋੜ ਨਾਪਾਕ ਕਹਿਣ ਵਾਲੇ ਦੱਸਣ ਕਿ ਮਾਨ ਸਾਬ੍ਹ ਦੀ ਜਸਵੰਤ ਸਿੰਘ ਮਾਨ ਵਰਗੇ ਨਾਲ ਗਠਜੋੜ ਤੇ ਗੁਰਿੰਦਰਪਾਲ ਸਿੰਘ ਧਨੌਲੇ ਵਰਗਿਆਂ ਨੂੰ ਪਾਰਟੀ ਵਿਚ ਸ਼ਾਮਲ ਕਰਨਾ ਕਿਹੜੀ ਪਾਕੀਜ਼ਗੀ ਦਾ ਪਰਤੀਕ ਹੈ। ਉਨ੍ਹਾਂ ਕਿਹਾ ਪੰਚ ਪਰਧਾਨੀ ਦੇ ਆਗੂ ਸਿੱਖ ਰਾਜ ਦੀ ਕਾਇਮੀ ਲਈ ਪਿਛਲੇ ਲੰਮੇ ਸਮੇਂ ਤੋਂ ਅਪਣੀਆਂ ਜਿੰਦਗੀਆਂ ਦਾਅ ਉੱਤੇ ਲਾ ਰਹੇ ਹਨ ਅਤੇ ਸਾਡਾ ਨਿਸ਼ਾਨਾ ਕੋਈ ਕੁਰਸੀ ਨਹੀਂ ਸਗੋਂ ਅਸੀਂ ਤਾਂ ਇਸ ਤੋਂ ਵੀ ਬੜੇ ਅੱਗੇ ਜਾਣਾ ਹੈ, ਇਹ ਚੋਣਾਂ ਦੀ ਜਿੱਤ-ਹਾਰ ਤਾਂ ਸਾਧਨ ਮਾਤਰ ਹੈ ਜਿਹਨਾਂ ਨੇ ਸਾਡੇ ਨਿਸ਼ਾਨਿਆਂ ਦੀ ਪ੍ਰਾਪਤੀ ਲਈ ਸਾਧਨ ਬਣਨਾ ਹੈ। ਸਾਡੀਆਂ ਜਿੰਦਗੀਆਂ ਗਵਾਹ ਹਨ ਕਿ ਅਸੀਂ ਗੁਰੂ ਪ੍ਰਤੀ ਪਾਕ ਮਨ ਨਾਲ ਚਲ ਰਹੇ ਹਾਂ ਅਤੇ ਚਲਦੇ ਰਹਾਂਗੇ। ਸਾਡੀ ਨਿਗ੍ਹਾ ਸਾਡੇ ਕੌਮੀ ਨਿਸ਼ਾਨਿਆਂ ਵੱਲ ਹੈ, ਰਾਹ ਕਿਹੋ ਜਿਹਾ ਹੈ, ਨਾਲ ਕੌਣ ਚੱਲ ਰਿਹਾ ਹੈ, ਕੌਣ ਨਹੀਂ, ਸਾਨੂੰ ਨਹੀਂ ਪਤਾ ਕਿਉਂਕਿ ਸਿਰ ਝੁਕਾ ਕੇ ਅਤੇ ਆਸੇ-ਪਾਸੇ ਝਾਕ ਰੱਖਣ ਦਾ ਸਮਾਂ ਸਾਡੇ ਕੋਲ ਨਹੀਂ ਹੈ।
Related Topics: Akali Dal Panch Pardhani, Badal Dal, Jaspal Singh Manjhpur (Advocate), Shiromani Gurdwara Parbandhak Committee (SGPC)