ਸਿਆਸੀ ਖਬਰਾਂ » ਸਿੱਖ ਖਬਰਾਂ

ਚੋਣ ਸਰਵੇਖਣਾਂ ਦੇ ਮੱਦੇਨਜ਼ਰ ਭਾਜਪਾ ਵੱਲੋਂ ਜੋੜ ਤੋੜ ਸ਼ੁਰੂ

May 15, 2014 | By

ਨਵੀਂ ਦਿੱਲੀ, (14 ਮਈ 2014):- ਐਗਜ਼ਿੱਟ ਪੋਲਜ਼ ਦੇ ਨਤੀਜ਼ਿਆਂ ਤੋਂ ਬਹੁਤ ਉਤਸ਼ਾਹ ਵਿੱਚ ਆਈ ਭਾਜਪਾ ਦੇ ਕੌਮੀ ਤਰਜਮਾਨ ਪ੍ਰਕਾਸ਼ ਜਾਵਦੇਕਰ ਨੇ ਕਿਹਾ ਕਿ ਐਗਜ਼ਿੱਟ ਪੋਲਜ਼ ਦੇ ਨਤੀਜਿਆਂ ਵਿੱਚ ਉਨ੍ਹਾਂ ਨੂੰ ਜਿੰਨੀਆਂ ਸੀਟਾਂ ਮਿਲ ਰਹੀਆਂ ਹਨ, ਅਸਲ ਨਤੀਜੇ ਆਉਣ ’ਤੇ ਉਸ ਤੋਂ ਵੀ ਵੱਧ ਮਿਲਣਗੀਆਂ, ਇਸ ਕਰਕੇ ਪਾਰਟੀ ਤੇ ਗਠਜੋੜ ਨੂੰ ਮੁਕੰਮਲ ਬਹੁਗਿਣਤੀ ਮਿਲੇਗੀ ਪਰ ਫਿਰ ਵੀ ਕੌਮੀ ਵਿਕਾਸ ਲਈ ਜਾਂ ਦੇਸ਼ ਦੇ ਹਿੱਤਾਂ ਵਿੱਚ ਜਿਹੜੀਆਂ ਵੀ ਪਾਰਟੀਆਂ ਐਨਡੀਏ ਨੂੰ ਮੱਦਦ ਦੇਣੀ ਚਾਹੁਣਗੀਆਂ ਉਨ੍ਹਾਂ ਦਾ ਸਵਾਗਤ ਹੈ।

ਭਾਜਪਾ ਤੇ ਐਨਡੀਏ ਦੇ ਇਸ ਅਲਾਪ ਦੇ ਨਾਲ ਹੀ ਹੋਰ ਪਾਰਟੀਆਂ ਵੱਲੋਂ ਵੀ ਸੁਰ ਬਦਲੀ ਜਾਣ ਲੱਗੀ ਹੈ। ਇਹ ਕਿਆਸਅਰਾਈਆਂ ਵੀ ਜ਼ੋਰਾਂ ’ਤੇ ਹਨ ਕਿ ਏਆਈ ਡੀਐਮਕੇ ਅਤੇ ਬੀਜੇਡੀ ਦੇ ਆਗੂ ਵੀ ਭਾਜਪਾ ਨਾਲ ਗੱਲਬਾਤ ਚਲਾ ਰਹੇ ਹਨ ਤੇ ਉਹ ਵੀ ਐਨਡੀਏ ਨੂੰ ਹਮਾਇਤ ਦੇ ਸਕਦੇ ਹਨ। ਚੋਣ ਮਾਹਰਾਂ ਵੱਲੋਂ ਜ਼ੋਰ ਸ਼ੋਰ ਨਾਲ ਕਿਹਾ ਜਾ ਰਿਹਾ ਹੈ ਕਿ ਕੇਂਦਰ ਵਿੱਚ ਅਗਲੀ ਸਰਕਾਰ ਭਾਜਪਾ ਦੀ ਅਗਵਾਈ ਵਿੱਚ ਐਨਡੀਏ ਦੀ ਬਣੇਗੀ।

” ਪੰਜਾਬੀ ਟ੍ਰਿਬਿਊਨ” ਅਖਬਾਰ ਵਿੱਚ ਛਪੀ ਰਿਪੋਰਟ ਅਨੁਸਾਰ ਭਾਜਪਾ ਨੇ ਅੱਜ ਕਿਹਾ ਹੈ ਕਿ ਇਸ ਦੇ ਦਰ ਉਨ੍ਹਾਂ ਪਾਰਟੀਆਂ ਲਈ ਵੀ ਖੁੱਲ੍ਹੇ ਹਨ ਜਿਨ੍ਹਾਂ ਨਾਲ ਇਸ ਦਾ ਚੋਣਾਂ ਤੋਂ ਪਹਿਲਾਂ ਗੱਠਜੋੜ ਨਹੀਂ ਸੀ, ਹਾਲਾਂਕਿ ਇਹ ਗਠਜੋੜ ਇਨ੍ਹਾਂ ਲੋਕ ਸਭਾ ਚੋਣਾਂ ਵਿੱਚ ਆਪਣੀ ਸਰਕਾਰ ਬਣਾਉਣ ਜੋਗੀਆਂ ਬਹੁ-ਗਿਣਤੀ ਸੀਟਾਂ ਲੈ ਰਿਹਾ ਹੈ।

ਜਾਵਦੇਕਰ ਨੇ ਕਿਹਾ ਕਿ ਨਵੀਂ ਸਥਿਤੀ ਤੇ ਯਥਾਰਥ ਸਾਹਮਣੇ ਸਾਰੀਆਂ ਪਾਰਟੀਆਂ ਆਪਣਾ ਸਥਾਨ ਨਿਰਧਾਰਤ ਕਰ ਰਹੀਆਂ ਹਨ, ਜਦਕਿ ਚੋਣ ਮੁਹਿੰਮ ਦੌਰਾਨ ਇਹ ਅਜਿਹਾ ਮੰਨਣੋਂ ਇਨਕਾਰੀ ਸਨ। ਭਾਜਪਾ ਆਗੂ ਨੇ ਕਿਹਾ ਕਿ ਦੇਸ਼ ‘‘ਸਥਿਰ ਤੇ ਕਾਰਗੁਜ਼ਾਰੀ ਵਾਲੀ’’ ਸਰਕਾਰ ਚਾਹੁੰਦਾ ਹੈ ਤੇ ਐਨਡੀਏ ਕੁਲੀਸ਼ਨ 300 ਤੋਂ ਵੱਧ ਸੀਟਾਂ ਨਾਲ ਸ਼ਾਨਦਾਰ ਅੰਦਾਜ਼ ਵਿੱਚ ਸਰਕਾਰ ਬਣਾਏਗੀ।

ਮੁਖ਼ਤਾਰ ਅੱਬਾਸ ਨਕਵੀ ਨੇ ਵੀ ਇਹੋ ਸੁਰ ਅਲਾਪਦਿਆਂ ਕਿਹਾ ਕਿ ਭਾਜਪਾ ਨੇ ‘‘ਨੋ ਐਂਟਰੀ’’ ਦਾ ਕੋਈ ਫੱਟਾ ਨਹੀਂ ਲਾਇਆ, ਇਸ ਦੇ ਨਾਲ ਰਲਣ ਲਈ ਆਉਣ ਵਾਲੀਆਂ ਪਾਰਟੀਆਂ ਦਾ ਸਵਾਗਤ ਹੈ। ਉਨ੍ਹਾਂ ਦੀ ਪਾਰਟੀ ਕੇਵਲ ਚੰਗੀ ਸਰਕਾਰ ਦੇਣਾ ਚਾਹੁੰਦੀ ਹੈ ਤੇ ਆਰਥਿਕ ਪੱਖੋਂ ਮਾੜੀ ਹੋਈ ਸਥਿਤੀ ਨੂੰ ਬਿਹਤਰ ਕਰਨਾ ਚਾਹੁੰਦੀ ਹੈ।ਇਸੇ ਦੌਰਾਨ ਬੀਜੇਡੀ ਦੇ ਆਗੂ ਤੇ ਉੜੀਸਾ ਦੇ ਮੁੱਖ ਮੰਤਰੀ ਨਵੀਨ ਪਟਨਾਇਕ ਨੇ ਤਾਂ ਐਨਡੀਏ ਨੂੰ ਹਮਾਇਤ ਦੇਣ ਦਾ ਕੋਈ ਵਾਅਦਾ ਨਹੀਂ ਕੀਤਾ ਪਰ ਪਾਰਟੀ ਦੇ ਹੋਰ ਆਗੂ ਸ਼ਰਤਾਂ ਸਹਿਤ ਹਮਾਇਤ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕਰ ਰਹੇ।

ਬੀਜੇਡੀ ਦੇ ਮੁੱਖ ਵਿੱਪ੍ਹ ਪ੍ਰਵਾਤ ਤ੍ਰਿਪਾਠੀ ਨੇ ਕਿਹਾ ਕਿ ਸਾਰੇ ਦੇਸ਼ ਦੀ ਰਾਏ ਅਤੇ ਸੂਬੇ ਦੇ ਹਿੱਤ ਦੇਖਦਿਆਂ, ਐਨਡੀਏ ਨੂੰ ਕੇਂਦਰ ਵਿੱਚ ਸਰਕਾਰ ਬਣਾਉਣ ਲਈ ਬਾਸ਼ਰਤ ਹਮਾਇਤ ਦੇਣ ਵਿੱਚ ਕੋਈ ਮੁਸ਼ਕਲ ਨਹੀਂ ਹੋਣੀ ਚਾਹੀਦੀ।

ਬੀਜੇਡੀ ਪਹਿਲਾਂ ਐਨਡੀਏ ਦਾ ਭਾਈਵਾਲ ਰਿਹਾ ਹੈ ਪਰ 2004 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਅੱਡ ਹੋ ਗਿਆ ਸੀ। ਇਸੇ ਦੌਰਾਨ ਐਨਸੀਪੀ ਨੇ ਉਨ੍ਹਾਂ ਰਿਪੋਰਟਾਂ ਦਾ ਖੰਡਨ ਕੀਤਾ ਹੈ, ਜਿਨ੍ਹਾਂ ਵਿੱਚ ਕਿਹਾ ਗਿਆ ਸੀ ਕਿ ਇਹ ਪਾਰਟੀ ਭਾਜਪਾ ਨਾਲ ਹੱਥ ਮਿਲਾ ਰਹੀ ਹੈ। ਅਸਲ ਵਿੱਚ ਪਾਰਟੀ ਆਗੂ ਪ੍ਰਫੁਲ ਪਟੇਲ ਦੀ ‘ਸਥਿਰ’ ਸਰਕਾਰ ਵਾਲੀ ਟਿੱਪਣੀ ਮਗਰੋਂ ਇਹ ਗੱਲ ਤੁਰੀ ਸੀ। ਪਾਰਟੀ ਦੇ ਮੁੱਖ ਤਰਜ਼ਮਾਨ ਡੀ.ਪੀ. ਤ੍ਰਿਪਾਠੀ ਨੇ ਕਿਹਾ ਕਿ ਐਨਸੀਪੀ ਹਰ ਤਰ੍ਹਾਂ ਯੂਪੀਏ ਨਾਲ ਹੈ ਤੇ ਇਸੇ ਨਾਲ ਰਹੇਗੀ।

ਨਰਿੰਦਰ ਮੋਦੀ ਦੀ ਸਰਕਾਰ ਬਣਨ ’ਤੇ ਉਹ ਵਿਰੋਧੀ ਧਿਰ ਵਿੱਚ ਬੈਠਣਗੇ।ਇਸੇ ਦੌਰਾਨ ਭੋਪਾਲ ਤੋਂ ਭਾਜਪਾ ਦੀ ਸੀਨੀਅਰ ਆਗੂ ਸੁਸ਼ਮਾ ਸਵਰਾਜ ਨੇ ਕਿਹਾ ਕਿ ਉਹ ਪਾਰਟੀ ਤੋਂ ਖਫ਼ਾ ਨਹੀਂ ਹੈ ਜਿਹਾ ਕਿ ਮੀਡੀਆ ਰਿਪੋਰਟਾਂ ਵਿੱਚ ਪੇਸ਼ ਕੀਤਾ ਜਾ ਰਿਹਾ ਹੈ। ਗਡਕਰੀ ਤੇ ਰਾਜਨਾਥ ਸਿੰਘ ਦੀ ਆਪਣੀ ਰਿਹਾਇਸ਼ ’ਤੇ ਫੇਰੀ ਦੇ ਸਿਲਸਿਲੇ ਵਿੱਚ ਉਨ੍ਹਾਂ ਕਿਹਾ ਕਿ ਇਹ ਮਹਿਜ਼ ਸ਼ਿਸ਼ਟਾਚਾਰ ਵਜੋਂ ਫੇਰੀ ਸੀ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: ,