September 4, 2011 | By ਸਿੱਖ ਸਿਆਸਤ ਬਿਊਰੋ
ਬਸੀ ਪਠਾਣਾਂ (4 ਸਤੰਬਰ, 2011): ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚੋਣਾਂ ਵਿੱਚ ਹਲਕਾ ਬਸੀ ਪਠਾਣਾਂ ਦੀ ਜਨਰਲ ਸੀਟ ਤੋਂ ਪੰਥਕ ਮੋਰਚੇ ਦੇ ਉਮੀਦਵਾਰ ਭਾਈ ਹਰਪਾਲ ਸਿੰਘ ਚੀਮਾ ਅਤੇ ਰਾਖਵੀਂ ਸੀਟ ਤੋਂ ਸ. ਸੰਤੋਖ ਸਿੰਘ ਸਲਾਣਾ ਨੂੰ ਹਲਕੇ ਦੇ ਵੋਟਰਾਂ ਦਾ ਭਰਵਾਂ ਸਮਰਥਨ ਮਿਲਣਾ ਜਾਰੀ ਹੈ।ਚੋਣ ਪ੍ਰਚਾਰ ਦੌਰਾਨ ਉਕਤ ੳਮੀਦਵਾਰਾਂ ਦੇ ਧਰਮ-ਪ੍ਰਚਾਰ ਦੇ ਪ੍ਰੋਗਰਾਮਾਂ ਤੋਂ ਪ੍ਰੇਰਿਤ ਹੋ ਕੇ ਇਲਾਕੇ ਦੇ ਮੋਢੀ ਆਗੂਆਂ ਵਲੋਂ ਉਨ੍ਹਾਂ ਨੂੰ ਵੱਧ ਤੋਂ ਵੱਧ ਵੋਟਾਂ ਨਾਲ ਜਿਤਾਉਣ ਦੇ ਲਗਾਤਾਰ ਵਾਅਦੇ ਕੀਤੇ ਜਾ ਰਹੇ ਹਨ।
ਜਿਉਂ-ਜਿਉਂ ਚੋਣਾਂ ਦਾ ਦਿਨ ਨੇੜੇ ਆ ਰਿਹਾ ਹੈ ਭਾਈ ਚੀਮਾ ਅਤੇ ਸਲਾਣਾ ਦੇ ਚੋਣ ਦੌਰਿਆ ਦੌਰਾਨ ਉਨ੍ਹਾਂ ਦੇ ਵਿਚਾਰ ਅਤੇ ਪ੍ਰੋਗਰਾਮ ਜਾਣਨ ਲਈ ਹੋਣ ਵਾਲੇ ਇਕੱਠਾਂ ਵਿੱਚ ਲੋਕਾ ਦੀ ਗਿਣਤੀ ਵਧਦੀ ਜਾ ਰਹੀ ਹੈ ਜਿਸ ਕਾਰਨ ਹਲਕੇ ਤੋਂ ਪੰਥਕ ਮੋਰਚੇ ਦੇ ਵਰਕਰਾਂ ਦਾ ਉਤਸ਼ਾਹ ਵੀ ਵਧ ਰਿਹਾ ਹੈ ਤੇ ਉਹ ਪੂਰੀ ਲਗਨ ਨਾਲ ਉਕਤ ਉਮੀਦਵਾਰਾਂ ਵਾਸਤੇ ਚੋਣ ਪ੍ਰਚਾਰ ਕਰ ਰਹੇ ਹਨ। ਅੱਜ ਹਲਕੇ ਦੇ ਪਿੰਡਾਂ ਵਿੱਚ ਚੋਣ ਇਕੱਠਾਂ ਨੂੰ ਸੰਬੋਧਨ ਕਰਦਿਆਂ ਭਾਈ ਚੀਮਾ ਤੇ ਸਲਾਣਾ ਨੇ ਦੋਸ਼ ਲਗਾਇਆ ਕਿ ਮੌਜ਼ੂਦਾ ਸ਼੍ਰੋਮਣੀ ਕਮੇਟੀ ਦੇ ਬਾਦਲ ਪੱਖੀ ਆਹੁਦੇਦਾਰ ਅਤੇ ਮੈਂਬਰ ਸਿੱਖੀ ਤੋਂ ਪੂਰੀ ਤਰ੍ਹਾਂ ਨਾਲ ਮੁਨਕਰ ਹਨ ਸਿਰਫ਼ ਆਹੁਦੇਦਾਰੀਆਂ ਤੇ ਮੈਂਬਰੀਆਂ ਲਈ ਹੀ ਉਨ੍ਹਾਂ ਲੋਕਾਂ ਨੇ ਸਿੱਖੀ ਸਰੂਪ ਧਾਰਨ ਕੀਤੇ ਹੋਏ ਹਨ। ਉਨ੍ਹਾਂ ਕਿਹਾ ਇਨ੍ਹਾਂ ਲੋਕਾਂ ਵਿੱਚ ਧਰਮ ਪ੍ਰਚਾਰ ਦੀ ਕੋਈ ਰੁਚੀ ਵਿਖਾਈ ਨਹੀਂ ਦੇ ਰਹੀ ਸਗੋਂ ਧਰਮ ਨੂੰ ਵਪਾਰ ਬਣਾ ਕੇ ਇਨ੍ਹਾਂ ਵਲੋਂ ਸਿੱਖ ਸਿਧਾਂਤਾਂ ਦਾ ਵੱਡੇ ਪੱਧਰ ’ਤੇ ਘਾਣ ਕੀਤਾ ਜਾ ਰਿਹਾ ਹੈ।
ਉਨ੍ਹਾਂ ਵੋਟਰਾਂ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਚੋਣਾਂ ਜਿੱਤ ਕੇ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਵਿੱਚ ਸੁਧਾਰ ਲਿਆ ਕੇ ਇਸ ਨੂੰ ਵਧੀਆ ਦਿੱਖ ਪ੍ਰਦਾਨ ਕਰਨਗੇ। ਉਨ੍ਹਾਂ ਵੋਟਰਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਗੁਰਧਾਮਾਂ ਦੇ ਪ੍ਰਬੰਧ ਵਿੱਚ ਸੁਧਾਰ ਲਿਆਉਣ ਲਈ ਪੰਥਕ ਮੋਰਚੇ ਦੇ ਉਮੀਦਵਾਰਾਂ ਨੂੰ ਜਿੱਤਾ ਕੇ ਸ਼੍ਰੋਮਣੀ ਕਮੇਟੀ ਵਿੱਚ ਭੇਜਣ।ਅੱਜ ਦੇ ਚੋਣ ਦੌਰਿਆਂ ਮੌਕੇ ਉਕਤ ਆਗੂਆਂ ਨਾਲ ਸ਼੍ਰੋਮਣੀ ਅਕਾਲੀ ਦਲ (1920) ਦੇ ਜਿਲ੍ਹਾ ਪ੍ਰਧਾਨ ਸ. ਹਰੀ ਸਿੰਘ ਰੈਲੋਂ, ਸੀਨੀਅਰ ਆਗੂ ਸ. ਪ੍ਰਿਤਪਾਲ ਸਿੰਘ ਬਡਵਾਲਾ, ਮਾਸਟਰ ਰਣਜੀਤ ਸਿੰਘ ਹਵਾਰਾ, ਸ. ਗੁਰਮੁਖ ਸਿੰਘ ਡਡਹੇੜੀ (ਸਾਬਕਾ ਸਰਪੰਚ), ਸ. ਦਰਸ਼ਨ ਸਿੰਘ ਬੈਣੀ, ਸ. ਹਰਪਾਲ ਸਿੰਘ ਸ਼ਹੀਦਗੜ੍ਹ, ਸ.ਪਰਮਜੀਤ ਸਿੰਘ ਸਿੰਬਲੀ, ਪ੍ਰਮਿੰਦਰ ਸਿੰਘ ਕਾਲਾ, ਹਰਪ੍ਰੀਤ ਸਿੰਘ ਹੈਪੀ, ਭਗਵੰਤ ਸਿੰਘ ਮਹੱਦੀਆਂ, ਸ. ਗੁਲਜ਼ਾਰ ਸਿੰਘ ਮਨੈਲੀ, ਸ. ਗੁਰਪਾਲ ਸਿੰਘ ਬਦੇਸ਼ਾਂ ਖੁਰਦ, ਅਮਰੀਕ ਸਿੰਘ ਸ਼ਾਹੀ, ਸੁਦਾਗਰ ਸਿੰਘ ਚੁੰਨ੍ਹੀ, ਫੌਜਾ ਸਿੰਘ ਕਰੀਮਪੁਰਾ ਆਦਿ ਵੀ ਹਾਜ਼ਰ ਸਨ।
Related Topics: Akali Dal Panch Pardhani, Bhai Harpal Singh Cheema (Dal Khalsa), Shiromani Gurdwara Parbandhak Committee (SGPC)