ਤਰਨ ਤਾਰਨ (5 ਫਰਵਰੀ, 2016): ਸਰਬੱਤ ਖਾਲਸਾ (2015) ਦੇ ਪ੍ਰਬੰਧਕ ਅਤੇ ਅਕਾਲੀ ਦਲ ਸਾਂਝਾ ਦੇ ਮੁਖੀ ਭਾਈ ਮੋਹਕਮ ਸਿੰਘ ਨੂੰ ਅੱਜ ਇੱਕ ਹੋਰ ਕਸ ਵਿੱਚ ਗ੍ਰਿਫਤਾਰ ਕਰ ਲਿਆ ਗਿਆ ਹੈ।
ਭਾਈ ਮੋਹਕਮ ਸਿੰਘ ਨੂੰ ਮੁਕੱਦਮਾ ਨੰਬਰ 327 ਮਿਤੀ 2 ਦਸੰਬਰ 2015 ਭਾਰਤੀ ਦੰਡਾਵਲੀ ਦੀ ਧਾਰਾ 283, 341, 379, 188, 427, 431, 148 ਤੇ 149 ਤਹਿਤ ਥਾਣਾ ਸਿਟੀ ਤਰਨ ਤਾਰਨ ਵਿਖੇ ਦਰਜ ਕੀਤੇ ਗਏ ‘ਚ ਸ਼ਾਮਿਲ ਕਰਕੇ ਪੱਟੀ ਜੇਲ੍ਹ ‘ਚੋਂ ਵਰੰਟ ‘ਤੇ ਲਿਆਂਦਾ ਗਿਆ ।
ਭਾਈ ਮੋਹਕਮ ਸਿੰਘ ਨੂੰ ਭਾਰੀ ਸੁਰੱਖਿਆ ਪ੍ਰਬੰਧਾਂ ਹੇਠ ਅਦਾਲਤ ‘ਚ ਲਿਆਂਦਾ ਗਿਆ, ਜਿਥੇ ਅਦਾਲਤ ਵੱਲੋਂ ਉਨ੍ਹਾਂ ਨੂੰ 14 ਦਿਨਾਂ ਦੀ ਨਿਆਇਕ ਹਿਰਾਸਤ ‘ਚ ਭੇਜ ਦਿੱਤਾ ਹੈ । ਉਹ ਪਹਿਲਾਂ ਹੀ ਪੱਟੀ ਸਬ-ਜੇਲ੍ਹ ‘ਚ ਇਕ ਹੋਰ ਮੁਕੱਦਮੇ ਨੂੰ ਲੈ ਕੇ ਬੰਦ ਸਨ ।
ਭਾਈ ਮੋਹਕਮ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਤਿੰਨ ਫਰਵਰੀ ਨੂੰ ਪਾਈ ਗਿ੍ਫ਼ਤਾਰੀ ਦੇ ਕੇਸ ‘ਚ ਅੱਜ ਜ਼ਮਾਨਤ ਹੋਣ ਦੇ ਡਰੋਂ ਸਰਕਾਰ ਦੇ ਇਸ਼ਾਰਿਆਂ ‘ਤੇ ਤਰਨ ਤਾਰਨ ਪੁਲਿਸ ਨੇ ਉਨ੍ਹਾਂ ਖਿਲਾਫ ਇਕ ਹੋਰ ਝੂਠਾ ਮੁਕੱਦਮਾ ਦਰਜ ਕਰ ਲਿਆ ਹੈ ।
ਜ਼ਿਕਰਯੋਗ ਹੈ ਕਿ ਭਾਈ ਮੋਹਕਮ ਸਿੰਘ ਨੂਮ ਹੋਰ ਸਿੱਖ ਆਗੂਆਂ ਸਮੇਤ 10 ਨਵੰਬਰ ਨੂੰ ਅੰਮ੍ਰਿਤਸਰ ਦੇ ਨੇੜਲੇ ਪਿੰਡ ਚੱਬਾ ਵਿਖੇ ਹੋਏ ਸਰਬੱਤਾ ਖਾਲਸਾ ਸਮਾਗਮ ਤੋਂ ਬਾਅਦ ਦੇਸ਼ ਧਰੋਹ ਦੇ ਦੋਸ਼ਾਂ ਅਧੀਨ ਜੇਲ ਭੇਜ ਦਿੱਤਾ ਗਿਆ ਸੀ। ਦੇਸ਼ ਧਰੋਹ ਦੇ ਕੇਸ ਵਿੱਚੋਂ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਜ਼ਮਾਨਤ ਦੇ ਦਿੱਤੀ ਸੀ। ਉਸਤੋਂ ਮਗਰੋਂ ਭਾਈ ਮੋਹਕਮ ਸਿੰਘ ਨੂੰ ਪੁਲਿਸ ਵੱਲੋਂ ਕਈ ਹੋਰ ਕੇਸਾਂ ਵਿੱਚ ਗ੍ਰਿਫਤਾਰ ਕੀਤਾ ਜਾ ਰਿਹਾ ਹੈ।