June 17, 2016 | By ਸਿੱਖ ਸਿਆਸਤ ਬਿਊਰੋ
ਅੰਮ੍ਰਿਤਸਰ (ਨਰਿੰਦਰ ਪਾਲ ਸਿੰਘ): 10 ਨਵੰਬਰ, 2015 ਨੂੰ ਪਿੰਡ ਚੱਬਾ ਵਿਖੇ ਹੋਏ ਇਕੱਠ ਵਿਚ ਚੁਣੇ ਗਏ ਜਥੇਦਾਰਾਂ ਨੇ ਸਪਸ਼ਟ ਕੀਤਾ ਹੈ ਕਿ ਸਿੱਖ ਰਹਿਤ ਮਰਿਆਦਾ ਸਬੰਧੀ ਦਿੱਲੀ ਦੀ ਤਿਹਾੜ ਜੇਲ੍ਹ ਵਿੱਚ ਨਜਰਬੰਦ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਦੁਆਰਾ ਜਾਰੀ ਕੌਮ ਦੇ ਨਾਮ ਸੰਦੇਸ਼ ਰੱਦ ਕੀਤਾ ਜਾਂਦਾ ਹੈ ਕਿਉਂਕਿ ਇਹ ਸੰਦੇਸ਼ ਨਾ ਤਾਂ ਜਥੇਦਾਰ ਸਾਹਿਬ ਦੁਆਰਾ ਜਾਰੀ ਕੀਤਾ ਗਿਆ, ਨਾ ਹੀ ਇਸ ਉਪਰ ਉਨ੍ਹਾਂ ਦੇ ਕੋਈ ਦਸਤਖਤ ਸਨ।
ਸਿੱਖ ਰਹਿਤ ਮਰਿਆਦਾ ਬਾਰੇ ਭਾਈ ਜਗਤਾਰ ਸਿੰਘ ਹਵਾਰਾ ਦੁਆਰਾ ਜਾਰੀ ਕੀਤਾ ਦੱਸਿਆ ਜਾਂਦਾ ਕੌਮ ਦੇ ਨਾਮ ਸੰਦੇਸ਼ ਰੱਦ
ਭਾਈ ਧਿਆਨ ਸਿੰਘ ਮੰਡ, ਭਾਈ ਅਮਰੀਕ ਸਿੰਘ ਅਜਨਾਲਾ ਅਤੇ ਭਾਈ ਬਲਜੀਤ ਸਿਘ ਦਾਦੂਵਾਲ ਨੇ ਜਥੇਦਾਰ ਥਾਪੇ ਜਾਣ ਬਾਅਦ ਅੱਜ ਪਹਿਲੀ ਵਾਰ ਅਕਾਲ ਤਖਤ ਸਾਹਿਬ ਵਿਖੇ ਜੁੜ ਬੈਠ ਕੇ ਦਰਪੇਸ਼ ਪੰਥਕ ਮਾਮਲਿਆਂ ਬਾਰੇ ਪੰਜ ਗੁਰਮਤੇ ਕੀਤੇ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਭਾਈ ਧਿਆਨ ਸਿੰਘ ਮੰਡ ਨੇ ਸਾਥੀ ਜਥੇਦਾਰ ਸਾਹਿਬਾਨ ਦੀ ਰਾਏ ਅਤੇ ਸਹਿਮਤੀ ਨਾਲ ਵੱਖ ਵੱਖ ਮੁੱਦਿਆਂ ਬਾਰੇ ਪਾਸ ਕੀਤੇ ਗਏ ਮਤੇ ਪੜ੍ਹ ਕੇ ਸੁਣਾਏ।
ਬਰਗਾੜੀ ਕਾਂਡ ਦੀ ਰਿਪੋਰਟ ਸੁਖਬੀਰ ਸਿੰਘ ਬਾਦਲ ਕਰੇ 20 ਜੁਲਾਈ ਤੀਕ ਪੇਸ਼
ਉਨ੍ਹਾਂ ਦੱਸਿਆ ਕਿ ਬੁਰਜ ਜਵਾਹਰ ਸਿੰਘ ਵਾਲਾ ਵਿਖੇ ਜੂਨ 2015 ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਚੋਰੀ ਕਰਨ ਅਤੇ ਇਨਸਾਫ ਮੰਗ ਰਹੇ ਸਿੱਖਾਂ ਨੂੰ ਗੋਲੀਆਂ ਮਾਰ ਕੇ ਸ਼ਹੀਦ ਕਰਨ ਦੇ ਦੋਸ਼ੀ ਅਜੇ ਤੀਕ ਨਹੀ ਫੜੇ ਗਏ। ਉਨ੍ਹਾਂ ਦੱਸਿਆ ਕਿ ਇਸ ਘਟਨਾ ਨਾਲ ਸਿੱਖ ਹਿਰਦੇ ਅਜੇ ਤੀਕ ਵਲੂੰਧਰੇ ਪਏ ਹਨ ਇਸ ਲਈ ਸੂਬੇ ਦੇ ਗ੍ਰਹਿ ਮੰਤਰਾਲੇ ਦੇ ਮੁਖੀ ਹੋਣ ਨਾਤੇ ਸੁਖਬੀਰ ਸਿੰਘ ਬਾਦਲ ਇਸ ਘਟਨਾਕ੍ਰਮ ਦੀ ਆਪਣੀ ਜਾਂਚ ਰਿਪੋਰਟ ਸਾਡੇ ਪਾਸ ਪੇਸ਼ ਕਰੇ। ਪਾਸ ਕੀਤੇ ਗਏ ਦੂਸਰੇ ਮਤੇ ਵਿੱਚ ਕਿਹਾ ਗਿਆ ਹੈ ਕਿ ਵਰਜੀਨੀਆ ਵਿਖੇ ਅੰਮ੍ਰਿਤ ਸੰਚਾਰ ਦੀਆਂ ਬਾਣੀਆਂ ਨਾਲ ਛੇੜਛਾੜ ਦੀ ਇਜਾਜ਼ਤ ਕਿਸੇ ਨੂੰ ਵੀ ਨਹੀਂ ਦਿੱਤੀ ਜਾ ਸਕਦੀ। ਇਸ ਲਈ ਇਹ ਕਾਰਵਾਈ ਕਰਨ ਵਾਲੇ ਅਤੇ ਗੁਰੂ ਘਰ ਦੇ ਪ੍ਰਬੰਧਕ 20 ਅਗਸਤ ਤੀਕ ਸ੍ਰੀ ਅਕਾਲ ਤਖਤ ਸਾਹਿਬ ਉਪਰ ਹਾਜ਼ਰ ਹੋਣ।
ਵਰਜੀਨੀਆ ਵਿਖੇ ਅੰਮ੍ਰਿਤ ਸੰਚਾਰ ਦੀਆਂ ਬਾਣੀਆਂ ਨਾਲ ਛੇੜਛਾੜ ਕਰਨ ਵਾਲੇ ਤੇ ਪ੍ਰਬੰਧਕ 20 ਅਗਸਤ ਨੂੰ ਹੋਣ ਪੇਸ਼
21 ਜੂਨ ਨੂੰ ਚੰਡੀਗੜ੍ਹ ਵਿਖੇ ਯੋਗਾ ਦਿਵਸ ਮਨਾਏ ਜਾਣ ਸਬੰਧੀ ਮਿਲੀਆਂ ਸ਼ਿਕਾਇਤਾਂ ਦਾ ਜ਼ਿਕਰ ਕਰਦਿਆਂ ਜਥੇਦਾਰ ਸਾਹਿਬ ਨੇ ਕਿਹਾ ਹੈ ਕਿ ਯੋਗ ਮੱਤ ਦਾ ਸਿੱਖ ਧਰਮ ਨਾਲ ਕੋਈ ਲੈਣ ਦੇਣ ਨਹੀਂ ਹੈ। 21 ਜੂਨ ਨੂੰ ਸਾਰੇ ਸਿੱਖ ਅਤੇ ਪੰਜਾਬੀ ਸਰੀਰਿਕ ਅਤੇ ਆਤਮਿਕ ਤੌਰ ਤੇ ਤੰਦਰੁਸਤ ਰਹਿਣ ਲਈ ਗੁਰਬਾਣੀ ਸਿਮਰਨ, ਘੋਲ-ਕਬੱਡੀਆਂ, ਗੱਤਕਾ, ਘੋੜ ਸਵਾਰੀ, ਸ਼ਸ਼ਤਰ ਵਿਦਿਆ ਅਤੇ ਹਰ ਤਰ੍ਹਾਂ ਦੀਆਂ ਖੇਡਾਂ ਅਨੁਸਾਰ ਇਹ ਦਿਨ ਮਨਾਉਣ। ਗੁਰਦੁਆਰਾ ਸਿੰਘ ਸਭਾ ਡੈਨ ਹਾਗ ਹੌਲੈਂਡ ਵਲੋਂ ਪੁਜੀ ਸ਼ਿਕਾਇਤ ਜਿਸ ਵਿੱਚ ਉਥੋਂ ਦੀ ਪੁਲਿਸ ਵਲੋਂ ਨਗਰ ਕੀਰਤਨ ਮੌਕੇ ਪੰਜ ਪਿਆਰਿਆਂ ਦੇ ਨੰਗੀਆਂ ਕ੍ਰਿਪਾਨਾਂ ਫੜ੍ਹਨ ਤੇ ਪਾਬੰਦੀ ਲਗਾਈ ਗਈ ਹੈ, ਦੀ ਸਖਤ ਨਿਖੇਧੀ ਕਰਦਿਆਂ ਸ਼੍ਰੋਮਣੀ ਕਮੇਟੀ ਮੈਂਬਰ ਸੁਰਜੀਤ ਸਿੰਘ ਕਾਲਾਬੂਲਾ ਦੀ ਅਗਵਾਈ ਵਿੱਚ ਸ਼੍ਰੋਮਣੀ ਕਮੇਟੀ, ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਦਿੱਲੀ ਕਮੇਟੀ ਦੇ ਇਕ ਵਫਦ ਵਲੋਂ ਹਾਲੈਂਡ ਦੇ ਰਾਜਦੂਤ ਨਾਲ ਗਲਬਾਤ ਕਰਨ ਲਈ ਭੇਜੇ ਜਾਣ ਦਾ ਫੈਸਲਾ ਲਿਆ ਗਿਆ ਹੈ।

ਭਾਈ ਧਿਆਨ ਸਿੰਘ ਮੰਡ, ਭਾਈ ਅਮਰੀਕ ਸਿੰਘ ਅਜਨਾਲਾ, ਭਾਈ ਬਲਜੀਤ ਸਿੰਘ ਦਾਦੂਵਾਲ ਦਰਬਾਰ ਸਾਹਿਬ ਦੀ ਪਰਕਰਮਾ ਵਿਖੇ
ਮੀਰੀ-ਪੀਰੀ ਗੁਰਦੁਆਰਾ ਲੰਡਨ ਦੀ ਹੋ ਰਹੀ ਨਿਲਾਮੀ ਸਬੰਧੀ ਪੁਜੀ ਸ਼ਿਕਾਇਤ ਦੇ ਸਬੰਧ ਵਿੱਚ ਇੰਗਲੈਂਡ ਦੇ ਸਤਿਕਾਰ ਯੋਗ ਸਿੱਖਾਂ ਨੂੰ ਦੋਨਾਂ ਧਿਰਾਂ ਨਾਲ ਮਿਲ ਬੈਠ ਕੇ ਮਸਲੇ ਦਾ ਹੱਲ ਕੱਢਣ ਦੀ ਗੱਲ ਕਹੀ ਗਈ ਹੈ।
ਪਿਛਲੇ ਦਿਨੀਂ ਸਿੱਖ ਰਹਿਤ ਮਰਿਆਦਾ ਦੇ ਪਰਮਾਣਿਕ ਨਾ ਹੋਣ ਸਬੰਧੀ ਛਿੜੇ ਵਿਵਾਦ ਬਾਰੇ ਭਾਈ ਜਗਤਾਰ ਸਿੰਘ ਹਵਾਰਾ ਦੁਆਰਾ ਕੌਮ ਦੇ ਨਾਮ ਜਾਰੀ ਸੰਦੇਸ਼ ਬਾਰੇ ਗੱਲ ਕਰਦਿਆਂ ਭਾਈ ਮੰਡ ਨੇ ਕਿਹਾ ਇਹ ਸੰਦੇਸ਼ ਉਪਰ ਨਾ ਹੀ ਜਥੇਦਾਰ ਸਾਹਿਬ ਦੇ ਦਸਤਖਤ ਸਨ ਨਾ ਹੀ ਉਨ੍ਹਾਂ ਜਾਰੀ ਕੀਤਾ, ਇਹ ਤਾਂ ਇੰਟਰਨੈੱਟ ਤੋਂ ਹੀ ਪ੍ਰਾਪਤ ਹੋਇਆ ਸੀ ਇਸ ਲਈ ਇਹ ਰੱਦ ਸਮਝਿਆ ਜਾਵੇ।
ਉਨ੍ਹਾਂ ਕਿਹਾ ਕਿ ਕੌਮ ਦੀਆਂ ਸਮੂੰਹ ਧਾਰਮਿਕ ਸੰਸਥਾਵਾਂ, ਜਥੇਬੰਦੀਆਂ ਤੇ ਦਲ ਪੰਥ ਸਤਿਕਾਰ ਯੋਗ ਹਨ, ਇਸ ਲਈ ਸਮੁਚੇ ਪੰਥ ਦਰਦੀਆਂ ਨੂੰ ਬੇਨਤੀ ਹੈ ਕਿ ਕੌਮ ਦੀਆਂ ਪ੍ਰਚਲਤ ਪੰ੍ਰਪਰਾਵਾਂ ਸਬੰਧੀ ਕੋਈ ਵਿਵਾਦ ਨਾ ਛੇੜਿਆ ਜਾਵੇ। ਇਸ ਮੌਕੇ ਉਨ੍ਹਾਂ ਨਾਲ ਜਰਨੈਲ ਸਿੰਘ ਸਖੀਰਾ, ਭਾਈ ਸਤਨਾਮ ਸਿੰਘ ਮਨਾਵਾ, ਹਰਬੀਰ ਸਿੰਘ ਸੰਧੂ, ਪਰਮਜੀਤ ਸਿੰਘ ਜਿਜੇਆਣੀ ਹਾਜ਼ਰ ਸਨ।
ਇਸਤੋਂ ਪਹਿਲਾਂ ਭਾਈ ਧਿਆਨ ਸਿੰਘ ਮੰਡ, ਭਾਈ ਅਮਰੀਕ ਸਿੰਘ ਅਜਨਾਲਾ ਅਤੇ ਭਾਈ ਬਲਜੀਤ ਸਿੰਘ ਦਾਦੂਵਾਲ ਸਾਥੀਆਂ ਸਮੇਤ ਸ੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਣ ਪੁਜੇ ਤਾਂ ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਸੁਲੱਖਣ ਸਿੰਘ ਭੰਗਾਲੀ, ਐਡੀਸ਼ਨਲ ਮੈਨੇਜਰ ਸੁਖਬੀਰ ਸਿੰਘ ਨੇ ਕੜਾਹ ਪ੍ਰਸਾਦਿ ਵਾਲੇ ਰਸਤੇ ਰਾਹੀਂ ਇਨ੍ਹਾਂ ਦੇ ਸਚਖੰਡ ਜਾਣ ਲਈ ਰਸਤਾ ਦਿਵਾਇਆ। ਲੇਕਿਨ ਜਿਉਂ ਇਹ ਜਥੇਦਾਰ ਮੱਥਾ ਟੇਕ ਕੇ ਬਾਹਰ ਨਿਕਲੇ ਤਾਂ ਭੰਗਾਲੀ ਨੇ ਆਪਣੀ ਟਾਸਕ ਫੋਰਸ ਦੇ ਮਾਧਿਅਮ ਮੀਡੀਆ ਨੂੰ ਧੱਕੇ ਤੀਕ ਮਾਰਕੇ ਫੋਟੋ ਲੈਣ ਤੋਂ ਰੋਕਿਆ।
ਜਿਉਂ ਹੀ ਭਾਈ ਧਿਆਨ ਸਿੰਘ ਮੰਡ, ਭਾਈ ਅਮਰੀਕ ਸਿੰਘ ਅਜਨਾਲਾ ਅਤੇ ਭਾਈ ਬਲਜੀਤ ਸਿੰਘ ਦਾਦੂਵਾਲ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਦਾਖਲ ਹੋਕੇ ਵੱਖ ਵੱਖ ਮਸਲਿਆਂ ਲਈ ਵਿਚਾਰ ਕਰਨ ਅਤੇ ਗੁਰਮਤੇ ਉਲੀਕਣ ਲਈ ਜੁੜੇ ਤਾਂ ਭੰਗਾਲੀ ਦੇ ਆਦੇਸ਼ਾਂ ’ਤੇ ਟਾਸਕ ਫੋਰਸ ਨੇ ਕਿਸੇ ਵੀ ਮੀਡੀਆ ਫੋਟੋਗਰਾਫਰ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਅੰਦਰ ਨਾ ਜਾਣ ਦਿੱਤਾ। ਇਸ ਬਾਰੇ ਜਦੋਂ ਸ਼੍ਰੋਮਣੀ ਕਮੇਟੀ ਦੇ ਬੁਲਾਰੇ ਤੇ ਵਧੀਕ ਸਕੱਤਰ ਦਿਲਜੀਤ ਸਿੰਘ ਬੇਦੀ ਨੂੰ ਫੋਨ ਕੀਤੇ ਗਏ ਤਾਂ ਉਹ ਬਾਰ ਬਾਰ ਝੂਠ ਬੋਲਦੇ ਰਹੇ ਕਿ “ਮੈਂ ਆਪ ਆ ਰਿਹਾ ਹਾਂ”। ਲੇਕਿਨ ਮੌਕੇ ’ਤੇ ਪੁੱਜੇ ਨਹੀਂ। ਇਸੇ ਦੌਰਾਨ ਸ਼੍ਰੋਮਣੀ ਕਮੇਟੀ ਦਾ ਆਪਣਾ ਮੀਡੀਆ ਵਿਭਾਗ ਅਤੇ ਗਿਆਨੀ ਗੁਰਬਚਨ ਸਿੰਘ ਦੀ ਗੱਡੀ ਦਾ ਡਰਾਈਵਰ ਕਰਦੇ ਰਹੇ ਫੋਟੋਗਰਾਫੀ।
Related Topics: Babu Baljit Singh Daduwal, Bhai Amreek Singh Ajnala, Bhai Dhian Singh Mand, Bhai Jagtar Singh Hawara, Sikh Rehat maryada