April 20, 2019 | By ਸਿੱਖ ਸਿਆਸਤ ਬਿਊਰੋ
ਚੰਡੀਗੜ੍ਹ: “ਬਰਗਾੜੀ ਮੋਰਚੇ ਦੇ ਡਿਕਟੇਟਰ” ਭਾਈ ਧਿਆਨ ਸਿੰਘ ਮੰਡ ਅਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ (ਮਾਨ) ਦੇ ਮੁਖੀ ਤੇ ਸੰਗਰੂਰ ਲੋਕ ਸਭਾ ਹਲਕੇ ਤੋਂ ਚੋਣ ਉਮੀਦਵਾਰ ਸ. ਸਿਮਰਨਜੀਤ ਸਿੰਘ ਮਾਨ ਨੇ ਭਾਰਤ ਦੇ ਚੋਣ ਕਮਿਸ਼ਨਰ ਦੇ ਨਾਂ ਇਕ ਚਿੱਠੀ ਲਿਖ ਕੇ ਸਾਕਾ ਬਹਿਬਲ ਕਲਾਂ 2015 ਤੇ ਸਾਕਾ ਕੋਟਕਪੂਰਾ 2015 ਦੇ ਮਾਮਲਿਆਂ ਦੀ ਜਾਚ ਕਰਨ ਵਾਲੇ ਖਾਸ ਜਾਂਚ ਦਲ (ਸਿੱਟ) ਵਿਚੋਂ ਅਹਿਮ ਜਾਂਚ ਅਫਸਰ ਆਈ.ਜੀ. ਕੰਵਰ ਵਿਜੇ ਪਰਤਾਰ ਨੂੰ ਹਟਾਏ ਜਾਣ ਦਾ ਵਿਰੋਧ ਕੀਤਾ ਹੈ। ਉਨ੍ਹਾਂ ਕਿਹਾ ਹੈ ਕਿ ਭਾਰਤੀ ਚੋਣ ਕਮਿਸ਼ਨ ਦੇ ਇਸ ਫੈਸਲੇ ਕਾਰ ਜਾਂਚ ਦੇ ਆਖੀਰ ਨਤੀਜੇ ਤੱਕ ਪਹੁੰਚਣ ਦੇ ਰਾਹ ਚ ਅੜਿੱਕਾ ਆਵੇਗਾ।
ਦੋਵਾਂ ਆਗੂਆਂ ਵਲੋਂ ਭਾਰਤ ਦੇ ਚੋਣ ਕਮਿਸ਼ਨਰ ਦੇ ਨਾਂ ਲਿਖੀ ਚਿੱਠੀ ਸਿੱਖ ਸਿਆਸਤ ਦੇ ਪਾਠਕਾਂ ਦੀ ਜਾਣਕਾਰੀ ਹਿਤ ਹੇਠਾਂ ਛਾਪੀ ਜਾ ਰਹੀ ਹੈ:
(ਬਰਗਾੜੀ ਮੋਰਚਾ ਅਤੇ ਪੰਥਕ ਜਥੇਬੰਦੀਆਂ ਵੱਲੋਂ ਸ੍ਰੀ ਸੁਨੀਲ ਅਰੋੜਾ ਮੁੱਖ ਚੋਣ ਕਮਿਸ਼ਨਰ ਭਾਰਤ ਨੂੰ, ਡਾ. ਐਸ. ਕਰੁਣਾ ਰਾਜੂ ਮੁੱਖ ਚੋਣ ਅਫ਼ਸਰ ਪੰਜਾਬ ਰਾਹੀ ਦਿੱਤਾ ਗਿਆ ਯਾਦ-ਪੱਤਰ)
ਵੱਲੋਂ: ਜਥੇਦਾਰ ਧਿਆਨ ਸਿੰਘ ਮੰਡ,
ਮੁੱਖੀ ਬਰਗਾੜੀ ਮੋਰਚਾ ਅਤੇ ਸਮੂਹ ਪੰਥਕ ਜਥੇਬੰਦੀਆਂ ।
ਵੱਲ: ਸ੍ਰੀ ਸੁਨੀਲ ਅਰੋੜਾ, ਆਈ.ਏ.ਐਸ
ਮੁੱਖ ਚੋਣ ਕਮਿਸ਼ਨਰ, ਭਾਰਤ,
ਮਾਰਫ਼ਤ
ਡਾ. ਐਸ. ਕਰੁਣਾ ਰਾਜੂ, ਆਈ.ਏ.ਐਸ
ਮੁੱਖ ਚੋਣ ਅਫ਼ਸਰ ਪੰਜਾਬ,
ਐਸ.ਸੀ.ਓ. 29-32, ਸੈਕਟਰ-17ਈ,
ਚੰਡੀਗੜ੍ਹ ।
6420/ਸਅਦਅ/2019
20 ਅਪ੍ਰੈਲ 2019
ਵਿਸ਼ਾ: ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਪਮਾਨਿਤ ਦੋਸ਼ੀਆਂ ਅਤੇ ਸਿੱਖਾਂ ਦੇ ਕਾਤਲਾਂ ਦੀ ਜਾਂਚ ਕਰਨ ਵਾਲੀ ਸਿੱਟ ਦੇ ਮੁੱਖੀ ਕੁੰਵਰ ਵਿਜੇ ਪ੍ਰਤਾਪ ਸਿੰਘ ਆਈ.ਪੀ.ਐਸ. ਦੀ ਗੈਰ-ਕਾਨੂੰਨੀ ਅਤੇ ਗੈਰ-ਸਮਾਜਿਕ ਢੰਗਾਂ ਰਾਹੀ ਬਦਲੀ ਕਰਕੇ ਜਾਂਚ ਨੂੰ ਆਖਰੀ ਸਿੱਟੇ ਉਤੇ ਪਹੁੰਚਣ ਵਿਚ ਰੁਕਾਵਟ ਪਾਉਣ ਵਿਰੁੱਧ।
ਸਤਿਕਾਰਯੋਗ ਸ੍ਰੀ ਸੁਨੀਲ ਅਰੋੜਾ ਜੀਓ,
ਵਾਹਿਗੁਰੂ ਜੀ ਕਾ ਖ਼ਾਲਸਾ,
ਵਾਹਿਗੁਰੂ ਜੀ ਕੀ ਫ਼ਤਹਿ॥
ਨਿਮਰਤਾ ਸਹਿਤ ਆਪ ਜੀ ਦੇ ਧਿਆਨ ਹਿੱਤ ਲਿਆਂਦਾ ਜਾਂਦਾ ਹੈ ਕਿ ਬੀਤੇ 2015 ਵਿਚ ਜਦੋਂ ਪੰਜਾਬ ਵਿਚ ਸ. ਪ੍ਰਕਾਸ਼ ਸਿੰਘ ਬਾਦਲ ਦੀ ਅਕਾਲੀ ਦਲ-ਬੀਜੇਪੀ ਦੀ ਸਾਂਝੀ ਹਕੂਮਤ ਰਾਜ ਕਰ ਰਹੀ ਸੀ, ਉਸ ਸਮੇਂ ਸ. ਪ੍ਰਕਾਸ਼ ਸਿੰਘ ਬਾਦਲ ਨੇ ਬੀਜੇਪੀ-ਆਰ.ਐਸ.ਐਸ. ਫਿਰਕੂ ਜਮਾਤਾਂ ਦੀ ਗੁਲਾਮੀਅਤ ਨੂੰ ਪ੍ਰਵਾਨ ਕਰਦੇ ਹੋਏ, ਉਨ੍ਹਾਂ ਵੱਲੋਂ ਰਚੀਆ ਗਈਆ ਸਿੱਖ ਵਿਰੋਧੀ ਸਾਜਿ਼ਸਾਂ ਦਾ ਭਾਈਵਾਲ ਬਣਦੇ ਹੋਏ ਵੋਟ-ਸਿਆਸਤ ਅਧੀਨ ਸਭ ਇਨਸਾਨੀਅਤ ਅਤੇ ਸਮਾਜਿਕ ਕਾਇਦੇ-ਕਾਨੂੰਨਾਂ ਨੂੰ ਕੁੱਚਲਦੇ ਹੋਏ ਸਿੱਖ ਵਿਰੋਧੀ ਸਾਜਿ਼ਸਕਾਰ ਸਿਰਸੇਵਾਲੇ ਬਲਾਤਕਾਰੀ ਅਤੇ ਕਾਤਲ ਸਾਧ ਨਾਲ ਮਿਲੀਭੁਗਤ ਕਰਕੇ ਕਰੀਬ ਕੋਈ 75 ਵਾਰ ਪੰਜਾਬ ਦੇ ਵੱਖ-ਵੱਖ ਸਥਾਨਾਂ ਉਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਗੁਟਕਾ ਸਾਹਿਬ ਦੇ ਅਪਮਾਨ ਕਰਵਾਉਦੇ ਹੋਏ ਸਮੁੱਚੇ ਪੰਜਾਬ ਅਤੇ ਨਾਲ ਲੱਗਦੇ ਸੂਬਿਆਂ ਵਿਚ ਹਿੰਦੂ-ਸਿੱਖ ਕੌਮਾਂ ਵਿਚਕਾਰ ਨਫ਼ਰਤ ਪੈਦਾ ਕਰਨ ਦੀ ਬੱਜਰ ਗੁਸਤਾਖੀ ਕੀਤੀ ਸੀ। ਇਸਦੇ ਨਾਲ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਹੋਏ ਅਪਮਾਨ ਵਿਰੁੱਧ ਸਮੁੱਚੀ ਸਿੱਖ ਕੌਮ ਵੱਲੋਂ ਕੋਟਕਪੂਰੇ ਦੇ ਨਜ਼ਦੀਕ ਬਹਿਬਲ ਕਲਾਂ ਵਿਖੇ ਸ਼ਾਂਤਮਈ ਢੰਗ ਨਾਲ ਗੁਰੂ ਦੀ ਬਾਣੀ ਦਾ ਜਾਪ ਕਰਦੇ ਹੋਏ ਰੋਸ ਪ੍ਰਗਟ ਕਰਨ ਵਾਲੇ ਸਿੱਖ ਕੌਮ ਦੇ ਇਕੱਠ ਉਤੇ ਪੁਲਿਸ ਵੱਲੋਂ ਬਿਨ੍ਹਾਂ ਕਿਸੇ ਭੜਕਾਹਟ ਆਦਿ ਦੇ ਪੁਲਿਸ ਵੱਲੋਂ ਗੋਲੀ ਚਲਵਾਕੇ ਸ਼ਹੀਦ ਭਾਈ ਕ੍ਰਿਸ਼ਨ ਭਗਵਾਨ ਸਿੰਘ ਅਤੇ ਸ਼ਹੀਦ ਭਾਈ ਗੁਰਜੀਤ ਸਿੰਘ ਨੂੰ ਮੌਤ ਦੇ ਮੂੰਹ ਵਿਚ ਧਕੇਲਣ ਦੇ ਨਾਲ-ਨਾਲ ਅਨੇਕਾ ਸਿੱਖਾਂ ਨੂੰ ਜਖ਼ਮੀ ਕਰ ਦਿੱਤਾ ਸੀ। ਸਿੱਖ ਕੌਮ ਉਸ ਸਮੇਂ ਤੋਂ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਅਪਮਾਨ ਕਰਨ ਵਾਲੇ, ਸਾਜਿ਼ਸਕਾਰ ਦੋਸ਼ੀਆਂ ਅਤੇ ਸਿੱਖਾਂ ਦਾ ਕਤਲ ਕਰਨ ਵਾਲਿਆ ਵਿਰੁੱਧ ਜਮਹੂਰੀਅਤ ਅਤੇ ਅਮਨਮਈ ਢੰਗਾਂ ਰਾਹੀ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕਰਦੀ ਆ ਰਹੀ ਹੈ।
ਜਦੋਂ 2017 ਵਿਚ ਪੰਜਾਬ ਅਸੈਬਲੀ ਦੀਆਂ ਚੋਣਾਂ ਹੋਈਆ ਤਾਂ ਕਾਂਗਰਸ ਦੇ ਆਗੂ ਕੈਪਟਨ ਅਮਰਿੰਦਰ ਸਿੰਘ ਨੇ ਹੋਈਆ ਚੋਣਾਂ ਵਿਚ ਸਿੱਖ ਕੌਮ ਤੇ ਪੰਜਾਬੀਆਂ ਨਾਲ ਕਈ ਵਾਅਦੇ ਕੀਤੇ ਸਨ, ਜਿਨ੍ਹਾਂ ਵਿਚੋਂ ਇਕ ਵਾਅਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਅਪਮਾਨ ਕਰਨ ਵਾਲੇ ਅਤੇ ਸਿੱਖਾਂ ਦਾ ਕਤਲ ਕਰਨ ਵਾਲੇ ਦੋਸ਼ੀਆਂ ਦੀ ਜਾਂਚ ਕਰਵਾਕੇ ਕਾਨੂੰਨ ਅਨੁਸਾਰ ਸਜ਼ਾਵਾਂ ਦੇਣਾ ਵੀ ਸੀ। ਜਦੋਂ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਬਣੇ ਤਾਂ ਕੁਝ ਮਹੀਨੇ ਬਾਅਦ ਸਿੱਖ ਮਨਾਂ ਤੇ ਆਤਮਾਵਾਂ ਨੂੰ ਠੇਸ ਪਹੁੰਚਾਉਣ ਦੀਆਂ ਕਾਰਵਾਈਆ ਦੇ ਸੱਚ ਨੂੰ ਸਾਹਮਣੇ ਲਿਆਉਣ ਲਈ ਉਨ੍ਹਾਂ ਨੇ ‘ਵਿਸ਼ੇਸ਼ ਜਾਂਚ ਟੀਮ (ਸਿੱਟ)’ ਦਾ ਗਠਨ ਕੀਤਾ। ਇਸ ਜਾਂਚ ਟੀਮ ਦਾ ਗਠਨ ਕਰਨ ਲਈ ਪੰਜਾਬ-ਹਰਿਆਣਾ ਹਾਈਕੋਰਟ ਵਿਚ ਇਕ ਪਟੀਸ਼ਨ ਦੀ ਸੁਣਵਾਈ ਕਰਦੇ ਹੋਏ ਉਪਰੋਕਤ ਅਦਾਲਤ ਨੇ ਵੀ ਹੁਕਮ ਕੀਤਾ ਸੀ । ਉਸ ਹਿੰਦ ਦੇ ਵਿਧਾਨ ਦੀ ਕਾਨੂੰਨੀ ਪ੍ਰਕਿਰਿਆ ਹੇਠ ਪੰਜਾਬ-ਹਰਿਆਣਾ ਹਾਈਕੋਰਟ ਦੇ ਫੈਸਲੇ ਅਨੁਸਾਰ ਕੈਪਟਨ ਅਮਰਿੰਦਰ ਸਿੰਘ ਨੇ ਵਿਸ਼ੇਸ਼ ਜਾਂਚ ਟੀਮ ਬਣਾਉਣ ਦਾ ਐਲਾਨ ਕੀਤਾ ਸੀ । ਇਸ ਜਾਂਚ ਟੀਮ ਦੇ ਮੁੱਖੀ ਦੀ ਸੇਵਾ ਇਕ ਇਮਾਨਦਾਰ ਅਤੇ ਦ੍ਰਿੜਤਾ ਨਾਲ ਬਿਨ੍ਹਾਂ ਕਿਸੇ ਪੱਖਪਾਤ ਤੋਂ ਕੰਮ ਕਰਨ ਵਾਲੇ ਨੇਕ ਪੁਲਿਸ ਅਫ਼ਸਰ ਕੁੰਵਰ ਵਿਜੇ ਪ੍ਰਤਾਪ ਸਿੰਘ ਨੂੰ ਦਿੱਤੀ ਗਈ। ਜਿਨ੍ਹਾਂ ਨੇ ਬਤੌਰ ਸਿੱਟ ਦੇ ਮੁੱਖੀ ਹੁੰਦੇ ਹੋਏ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਸਿੱਖਾਂ ਦੇ ਕਾਤਲਾਂ ਦੇ ਸੱਚ ਨੂੰ ਸਾਹਮਣੇ ਲਿਆਉਣ ਦੇ ਕਾਨੂੰਨੀ ਫਰਜਾਂ ਦੀ ਪੂਰਤੀ ਕਰਦੇ ਹੋਏ ਇਸ ਸਾਰੀ ਜਾਂਚ ਦੇ ਇਕ-ਇਕ ਪਹਿਲੂ ਨੂੰ ਡੁੰਘਾਈ ਨਾਲ ਘੋਖਦੇ ਹੋਏ ਉਨ੍ਹਾਂ ਸਭ ਦੋਸ਼ੀਆਂ ਤੇ ਸਾਜਿ਼ਸਕਾਰਾਂ ਨੂੰ ਸਬੂਤਾਂ ਅਤੇ ਤੱਥਾਂ ਸਹਿਤ ਸਾਹਮਣੇ ਲਿਆ ਰਹੇ ਸਨ ।
ਜਦੋਂ ਇਸ ਹੋੲ ਦੁੱਖਦਾਇਕ ਵਰਤਾਰੇ ਦੀ ਜਾਂਚ ਦੀ ਸੂਈ ਸ. ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਬਾਦਲ ਅਤੇ ਉਸ ਸਮੇਂ ਦੇ ਪੰਜਾਬ ਪੁਲਿਸ ਦੇ ਡੀਜੀਪੀ ਸੁਮੇਧ ਸੈਣੀ ਅਤੇ ਮੁਤੱਸਵੀ ਹੁਕਮਰਾਨਾਂ ਦੇ ਵੋਟ ਸਿਆਸਤ ਦੇ ਚਹੇਤੇ ਦੀ ਮੁੱਖ ਕੜੀ ਰਾਮ ਰਹੀਮ ਸਿਰਸੇ ਵਾਲੇ ਸਾਧ ਵੱਲ ਗਈ ਤਾਂ ਕੁੰਵਰ ਵਿਜੇ ਪ੍ਰਤਾਪ ਸਿੰਘ ਇਸ ਜਾਂਚ ਦੇ ਆਖਰੀ ਫੈਸਲਾਕੁੰਨ ਪੜਾਅ ਤੇ ਪਹੁੰਚਣ ਲੱਗੇ ਤਾਂ ਉਪਰੋਕਤ ਦੋਵੇ ਬਾਦਲਾਂ ਨੇ ਆਪਣੇ ਨੌਹ-ਮਾਸ, ਪਤੀ-ਪਤਨੀ ਵਾਲੇ ਰਿਸਤੇ ਦੇ ਸਾਥੀ ਬੀਜੇਪੀ ਜਮਾਤ ਦੇ ਆਗੂ ਸ੍ਰੀ ਮੋਦੀ, ਅਮਿਤ ਸ਼ਾਹ ਦੇ ਸਿਆਸੀ ਪ੍ਰਭਾਵ ਦੀ ਵਰਤੋਂ ਕਰਕੇ ਚੋਣ ਕਮਿਸ਼ਨ ਭਾਰਤ ਅਤੇ ਆਪ ਜੀ ਉਤੇ ਸਿਆਸੀ ਦਬਾਅ ਪਾ ਕੇ ਬਿਲਕੁਲ ਸਹੀ ਢੰਗ ਨਾਲ ਸਿੱਟ ਦੀ ਚੱਲ ਰਹੀ ਜਾਂਚ ਵਿਚ ਖੜੌਤ ਪਾਉਣ, ਅਸਲ ਸਾਜਿ਼ਸਕਾਰਾਂ ਤੇ ਦੋਸ਼ੀ ਸਿਆਸਤਦਾਨਾਂ ਨੂੰ ਬਚਾਉਣ ਲਈ ਇਨਸਾਫ਼ ਨੂੰ ਕਤਲ ਕਰਨ ਵਾਲਾ ਆਪ ਜੀ ਤੋਂ ਹੁਕਮ ਕਰਵਾਕੇ ਇਮਾਨਦਾਰ ਤੇ ਨੇਕ ਅਫ਼ਸਰ ਕੁੰਵਰ ਵਿਜੇ ਪ੍ਰਤਾਪ ਸਿੰਘ ਨੂੰ ਇਸ ਜਾਂਚ ਕਮੇਟੀ ਦੇ ਮੁੱਖੀ ਤੋਂ ਪਾਸੇ ਕਰ ਦਿੱਤਾ । ਜਿਸ ਨਾਲ ਕੇਵਲ ਸਮੁੱਚੇ ਪੰਜਾਬੀਆਂ ਅਤੇ ਸਿੱਖਾਂ ਨੂੰ ਹੀ ਗਹਿਰੀ ਠੇਸ ਨਹੀਂ ਪਹੁੰਚੀ ਬਲਕਿ ਸਮੁੱਚੇ ਇੰਡੀਆਂ ਵਿਚ ਕੰਮ ਕਰਨ ਵਾਲੀਆ ਨਿਰਪੱਖ ਤੇ ਇਮਾਨਦਾਰ ਸਖਸੀਅਤਾਂ, ਸਿਆਸੀ ਪਾਰਟੀਆਂ ਅਤੇ ਸੰਗਠਨਾਂ ਵਿਚ ਵੀ ਵੱਡਾ ਰੋਹ ਉਤਪੰਨ ਹੋ ਗਿਆ।
ਕਿਉਂਕਿ ਇਨ੍ਹੀਂ ਦਿਨੀ ਸਮੁੱਚੇ ਇੰਡੀਆਂ ਵਿਚ ਲੋਕ ਸਭਾ ਚੋਣਾਂ 2019 ਹੋ ਰਹੀਆ ਹਨ। ਸਭ ਨਿਜਾਮੀ ਅਤੇ ਪ੍ਰਸ਼ਾਸ਼ਨਿਕ ਅਧਿਕਾਰ ਚੋਣ ਕਮਿਸ਼ਨ ਭਾਰਤ ਅਤੇ ਮੁੱਖ ਚੋਣ ਕਮਿਸ਼ਨ ਭਾਰਤ ਹੋਣ ਦੇ ਨਾਤੇ ਆਪ ਜੀ ਕੋਲ ਹਨ। ਇਸ ਸਮੇਂ ਸ੍ਰੀ ਮੋਦੀ ਜਾਂ ਬਾਦਲ ਵਰਗੇ ਸਿਆਸਤਦਾਨ ਖੁਦ ਤਾਂ ਕੋਈ ਕਾਰਵਾਈ ਕਰਨ ਦਾ ਅਧਿਕਾਰ ਨਹੀਂ ਸਨ ਰੱਖਦੇ। ਲੇਕਿਨ ਦੁੱਖ ਅਤੇ ਅਫ਼ਸੋਸ ਹੈ ਕਿ ਨਿਰਪੱਖਤਾ ਅਤੇ ਆਜ਼ਾਦਆਨਾ ਢੰਗ ਨਾਲ ਚੋਣਾਂ ਕਰਵਾਉਣ ਦਾ ਪ੍ਰਬੰਧ ਕਰਨ ਵਾਲਾ ਚੋਣ ਕਮਿਸ਼ਨ ਭਾਰਤ ਅਤੇ ਆਪ ਜੀ ਦੇ ਮੁੱਖ ਚੋਣ ਕਮਿਸ਼ਨਰ ਦੇ ਅਹੁਦੇ ਦੀ ਦੁਰਵਰਤੋਂ ਕਰਕੇ ਉਪਰੋਕਤ ਸਹੀ ਢੰਗ ਨਾਲ ਚੱਲ ਰਹੀ ਜਾਂਚ ਕਮੇਟੀ ਦੇ ਮੁੱਖੀ ਦੀ ਬਦਲੀ ਘਸੀਆ-ਪਿੱਟੀਆ ਦਲੀਲਾਂ ਨੂੰ ਆਧਾਰ ਬਣਾਕੇ ਉਨ੍ਹਾਂ ਦੀ ਬਦਲੀ ਕਰ ਦਿੱਤੀ ਗਈ। ਇਨਸਾਫ਼ ਦੇ ਆਖਰੀ ਪੜਾਅ ਵਿਚ ਪਹੁੰਚਣ ਵਾਲੇ ਇਸ ਵਰਤਾਰੇ ਨੂੰ ਰੋਕਣ, ਅਸਲ ਦੋਸ਼ੀਆਂ ਨੂੰ ਬਚਾਉਣ ਦਾ ਆਪ ਜੀ ਤੋਂ ਵਿਤਕਰੇ ਭਰਿਆ ਹੁਕਮ ਕਰਵਾਇਆ ਗਿਆ। ਇਸ ਨਾਲ ਚੋਣ ਕਮਿਸ਼ਨ ਭਾਰਤ ਕੇਵਲ ਸਿੱਖ ਕੌਮ ਵਿਚ ਹੀ ਨਹੀਂ, ਬਲਕਿ ਸਮੁੱਚੇ ਇਮਾਨਦਾਰ ਮੁਲਕ ਨਿਵਾਸੀਆਂ, ਸੰਸਥਾਵਾਂ, ਸਿਆਸੀ ਪਾਰਟੀਆਂ ਤੇ ਸੰਗਠਨਾਂ ਦੀ ਨਜ਼ਰ ਵਿਚ ‘ਦਾਗੀ’ ਬਣ ਗਿਆ। ਅਜਿਹਾ ਚੋਣ ਕਮਿਸ਼ਨ ਤੋਂ ਇੰਡੀਆਂ ਨਿਵਾਸੀ ਅਤੇ ਪੰਜਾਬ ਵਿਚ ਨਿਰਪੱਖਤਾ ਤੇ ਆਜ਼ਾਦਆਨਾ ਚੋਣਾਂ ਕਰਵਾਉਣ ਦੀ ਗੱਲ ਦੀ ਆਸ ਕਿਸ ਤਰ੍ਹਾਂ ਰੱਖ ਸਦਕੇ ਹਨ?
ਦੂਸਰਾ ਆਪ ਜੀ ਦੇ ਧਿਆਨ ਵਿਚ ਇਹ ਵੀ ਲਿਆਉਣਾ ਚਾਹਵਾਂਗੇ ਕਿ ਚੋਣ ਪ੍ਰਕਿਰਿਆ ਤਾਂ 2019 ਵਿਚ ਇਕ ਮਹੀਨੇ ਪਹਿਲੇ ਸੁਰੂ ਹੋਈ ਹੈ। ਜਦੋਂਕਿ ਸਿੱਟ ਦੀ ਜਾਂਚ ਲੰਮੇਂ ਅਰਸੇ ਤੋਂ ਨਿਰੰਤਰ ਪੰਜਾਬ-ਹਰਿਆਣਾ ਹਾਈਕੋਰਟ ਦੇ ਹੁਕਮਾਂ ਤਹਿਤ, ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਵੱਲੋਂ ਗਠਿਤ ਕੀਤੀ ਗਈ ਸਿੱਟ ਦੀ ਜਾਂਚ ਕਮੇਟੀ ਰਾਹੀ ਬਾਖੂਬੀ ਅਤੇ ਪ੍ਰਸ਼ੰਸ਼ਾਯੋਗ ਢੰਗਾਂ ਰਾਹੀ ਕੰਮ ਕਰਦੀ ਆ ਰਹੀ ਸੀ। ਇਸ ਜਾਂਚ ਦਾ ਚੋਣਾਂ ਨਾਲ ਕੋਈ ਰਤੀਭਰ ਵੀ ਸੰਬੰਧ ਨਹੀਂ ਅਤੇ ਨਾ ਹੀ ਚੋਣ ਪ੍ਰਕਿਰਿਆ ਵਿਚ ਕਿਸੇ ਤਰ੍ਹਾਂ ਦੀ ਰੁਕਾਵਟ ਹੋ ਰਹੀ ਸੀ। ਫਿਰ ਸਾਤੁਰ ਸੋਚ ਵਾਲੀ ਬੀਜੇਪੀ-ਆਰ.ਐਸ.ਐਸ. ਦੇ ਹੱਥਠੋਕੇ ਬਣੇ ਸ. ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ ਨੇ ਇਕ ਪੰਜਾਬੀ ਗ਼ਦਾਰ ਸੋਚ ਵਾਲੇ ਹਿੰਦੂ ਨਰੇਸ਼ ਕੁਮਾਰ ਗੁਜਰਾਲ ਜਿਸਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਸਿੱਖ ਕੌਮ ਦੇ ਹੋਏ ਕਤਲਾਂ ਅਤੇ ਅਪਮਾਨ ਨਾਲ ਕੋਈ ਦਰਦ ਜਾਂ ਸੰਬੰਧ ਨਹੀਂ, ਉਸ ਤੋਂ ਆਪ ਜੀ ਕੋਲ ਸਿੱਟ ਦੇ ਮੁੱਖੀ ਕੁੰਵਰ ਵਿਜੇ ਪ੍ਰਤਾਪ ਸਿੰਘ ਦੀ ਇਮਾਨਦਾਰੀ ਅਤੇ ਦ੍ਰਿੜਤਾ ਨੂੰ ਨਜ਼ਰ ਅੰਦਾਜ ਕਰਕੇ ਮੰਦਭਾਵਨਾ ਅਧੀਨ ਸਿ਼ਕਾਇਤ ਕਰਵਾਕੇ ਸਿੱਖ ਕੌਮ ਨੂੰ ਇਨਸਾਫ਼ ਮਿਲਣ ਤੋਂ ਰੋਕ ਲਗਾਉਣ ਹਿੱਤ ਇਹ ਅਮਲ ਕਰਵਾਇਆ ਗਿਆ। ਚੋਣ ਕਮਿਸ਼ਨ ਭਾਰਤ ਅਤੇ ਆਪ ਜੀ ਨੇ ਝੱਟ ਇਸ ਸਿ਼ਕਾਇਤ ਦੇ ਮਿਲਣ ਦੇ ਕੁਝ ਹੀ ਪਲਾਂ ਵਿਚ ਕੁੰਵਰ ਵਿਜੇ ਪ੍ਰਤਾਪ ਸਿੰਘ ਦੀ ਬਦਲੀ ਕਰਕੇ ਇਹ ਸਾਬਤ ਕਰ ਦਿੱਤਾ ਹੈ ਕਿ ਆਪ ਜੀ ਇਸ ਮੰਦਭਾਵਨਾ ਭਰੇ ਕੰਮ ਲਈ ਕੋਈ ਬਹਾਨਾ ਹੀ ਚਾਹੁੰਦੇ ਸੀ ਜਿਸ ਨਾਲ ਆਪ ਜੀ ਨੇ ਸਿੱਖ ਵਿਰੋਧੀ ਫੈਸਲਾ ਕਰਕੇ ਅਜਿਹੇ ਗੈਰ-ਕਾਨੂੰਨੀ ਅਤੇ ਗੈਰ-ਸਮਾਜਿਕ ਹੁਕਮ ਕਰ ਦਿੱਤੇ ਅਤੇ ਆਪਣੇ ਆਪ ਨੂੰ ਸਮੁੱਚੇ ਪੰਜਾਬੀਆਂ, ਸਿੱਖ ਕੌਮ ਅਤੇ ਮੁਲਕ ਦੀਆਂ ਇਮਾਨਦਾਰ ਸਖਸ਼ੀਅਤਾਂ ਅਤੇ ਸੰਗਠਨਾਂ ਦੀ ਨਜ਼ਰ ਵਿਚ ਦੋਸ਼ੀ ਬਣਾ ਲਿਆ।
ਅੱਜ ਸਿੱਖ ਕੌਮ, ਸਮੁੱਚੇ ਪੰਜਾਬੀ, ਸਮੁੱਚੀਆਂ ਧਾਰਮਿਕ ਅਤੇ ਸਿਆਸੀ ਪਾਰਟੀਆਂ, ਸੰਗਠਨ ਅਤੇ ਹੋਰ ਸਮਾਜਿਕ ਸੰਸਥਾਵਾਂ ਆਪ ਜੀ ਦੇ ਇਸ ਕੀਤੇ ਗਏ ਗੈਰ-ਦਲੀਲ ਅਤੇ ਗੈਰ-ਕਾਨੂੰਨੀ ਹੁਕਮਾਂ ਵਿਰੁੱਧ ਥੂਹ-ਥੂਹ ਵੀ ਕਰ ਰਹੇ ਹਨ ਅਤੇ ਸਮੁੱਚੇ ਪੰਜਾਬ ਦੇ ਜਿ਼ਲ੍ਹਿਆਂ ਵਿਚ ਸਭ ਸਿਆਸੀ ਪਾਰਟੀਆਂ ਇਕੱਤਰ ਹੋ ਕੇ ਆਪ ਜੀ, ਸ. ਪ੍ਰਕਾਸ਼ ਸਿੰਘ ਬਾਦਲ, ਸ੍ਰੀ ਨਰੇਸ ਕੁਮਾਰ ਦੇ ਪੁਤਲੇ ਸਾੜਦੇ ਹੋਏ ਯਾਦ-ਪੱਤਰ ਦੇ ਰਹੇ ਹਨ। ਇਨ੍ਹਾਂ ਯਾਦ-ਪੱਤਰ ਦੇਣ ਵਾਲਿਆ ਵਿਚ ਕਾਂਗਰਸ, ਬੀ.ਐਸ.ਪੀ, ਸੀ.ਪੀ.ਆਈ, ਸੀ.ਪੀ.ਐਮ, ਜਨਤਾ ਦਲ, ਰਾਸਟਰੀ ਕਾਂਗਰਸ, ਲੋਕ ਇਨਸਾਫ਼ ਪਾਰਟੀ, ਪੰਜਾਬ ਜਮਹੂਰੀ ਗੱਠਜੋੜ, ਆਮ ਆਦਮੀ ਪਾਰਟੀ, ਸਿੱਖ ਸਦਭਾਵਨਾ ਦਲ ਅਤੇ ਸਭ ਪੰਥਕ ਤੇ ਸਮਾਜਿਕ ਸੰਗਠਨ ਵੱਧ ਚੜ੍ਹਕੇ ਇਸ ਹੋਏ ਦੁੱਖਦਾਇਕ ਅਮਲ ਵਿਰੁੱਧ ਯਾਦ-ਪੱਤਰ ਦੇਣ ਅਤੇ ਇਸ ਬੇਇਨਸਾਫ਼ੀ ਵਿਰੁੱਧ ਆਵਾਜ਼ ਉਠਾਉਣਾ ਫਖ਼ਰ ਸਮਝ ਰਹੇ ਹਨ। ਇਸ ਤੋਂ ਪਹਿਲੇ ਕਿ ਇਹ ਯਾਦ-ਪੱਤਰ ਦੇਣ ਅਤੇ ਚੋਣ ਕਮਿਸ਼ਨ ਭਾਰਤ ਵਿਰੁੱਧ ਕੋਈ ਵੱਡੇ ਰੋਹ ਵਾਲੀ ਲਹਿਰ ਸਮੁੱਚੇ ਪੰਜਾਬ ਤੇ ਇੰਡੀਆਂ ਵਿਚ ਫੈਲ ਜਾਵੇ, ਆਪ ਜੀ ਸਮੁੱਚੇ ਪੰਜਾਬੀਆਂ ਤੇ ਸਿੱਖ ਕੌਮ ਵੱਲੋਂ ਸਾਂਝੇ ਤੌਰ ਤੇ ਦਿੱਤੇ ਜਾ ਰਹੇ ਇਸ ਯਾਦ-ਪੱਤਰ ਵਿਚਲੀਆ ਪ੍ਰਗਟਾਈਆ ਗਈਆ ਅੰਤਰੀਵ ਭਾਵਨਾਵਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਸਿੱਟ ਦੇ ਮੁੱਖੀ ਕੁੰਵਰ ਵਿਜੇ ਪ੍ਰਤਾਪ ਸਿੰਘ ਦੀ ਗੈਰ-ਕਾਨੂੰਨੀ ਤੇ ਗੈਰ-ਸਮਾਜਿਕ ਢੰਗਾਂ ਰਾਹੀ ਸਿਆਸੀ ਪ੍ਰਭਾਵ ਅਧੀਨ ਹੁਕਮਰਾਨਾਂ ਨੂੰ ਫਾਇਦੇ ਪਹੁੰਚਾਉਣ ਹਿੱਤ ਕੀਤੀ ਗਈ ਬਦਲੀ ਦੇ ਦੁੱਖਦਾਇਕ ਅਮਲਾਂ ਉਤੇ ਫਿਰ ਤੋਂ ਗੌਰ ਕਰਦੇ ਹੋਏ ਉਨ੍ਹਾਂ ਨੂੰ ਫਿਰ ਤੋਂ ਆਪਣੀ ਜਿੰਮੇਵਾਰੀ ਪੂਰੀ ਕਰਨ ਲਈ ਪਹਿਲੇ ਵਾਲੇ ਸਥਾਂਨ ਤੇ ਨਿਯੁਕਤ ਕਰਨ ਦਾ ਫੈਸਲਾ ਲੈਕੇ ਆਪਣੇ ਉਤੇ ਲੱਗੇ ਵੱਡੇ ਦੋਸ਼ ਤੋਂ ਸਰੂਖਰ ਵੀ ਹੋ ਜਾਵੋਗੇ, ਚੋਣ ਕਮਿਸ਼ਨ ਭਾਰਤ ਅਤੇ ਆਪ ਜੀ ਦੇ ਅਹੁਦੇ ਦੀ ਨਿਰਪੱਖਤਾ ਅਤੇ ਆਜ਼ਾਦਆਨਾ ਸੋਚ ਨੂੰ ਬਰਕਰਾਰ ਕਰਨ ਵਿਚ ਮੁੱਖ ਭੂਮਿਕਾ ਨਿਭਾਉਗੇ ਅਤੇ ਆਪ ਜੀ ਵਿਰੁੱਧ ਸਮੁੱਚੇ ਇੰਡੀਆਂ ਅਤੇ ਪੰਜਾਬ ਵਿਚ ਉੱਠੇ ਵੱਡੇ ਰੋਹ ਨੂੰ ਸ਼ਾਂਤ ਕਰਨ ਵਿਚ ਯੋਗਦਾਨ ਪਾਉਗੇ। ਸਮੁੱਚੇ ਪੰਜਾਬੀ, ਸਿੱਖ ਕੌਮ, ਬਰਗਾੜੀ ਮੋਰਚੇ ਅਧੀਨ ਕੰਮ ਕਰ ਰਹੀਆ ਪੰਥਕ ਜਥੇਬੰਦੀਆਂ ਅਤੇ ਇਸ ਹੋਈ ਬੇਇਨਸਾਫ਼ੀ ਵਿਰੁੱਧ ਆਵਾਜ਼ ਉਠਾਉਣ ਵਾਲੀਆ ਵੱਖ-ਵੱਖ ਸਿਆਸੀ ਪਾਰਟੀਆ ਅਤੇ ਸਮਾਜਿਕ ਸੰਗਠਨ ਆਪ ਜੀ ਦੇ ਤਹਿ ਦਿਲੋਂ ਧੰਨਵਾਦੀ ਹੋਣਗੇ।
ਪੂਰਨ ਸਤਿਕਾਰ ਤੇ ਉਮੀਦ ਸਹਿਤ,
ਗੁਰੂਘਰ ਤੇ ਪੰਥ ਦੇ ਦਾਸ,
ਧਿਆਨ ਸਿੰਘ ਮੰਡ,
ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ
ਅਤੇ ਡਿਕਟੇਟਰ, ਬਰਗਾੜੀ ਮੋਰਚਾ ।
ਸਿਮਰਨਜੀਤ ਸਿੰਘ ਮਾਨ,
ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ)।
Related Topics: Bargari Morcha 2018, Bhai Dhian Singh Mand, IG Kunwar Vijay Partap Singh, Shiromani Akali Dal Amritsar (Mann), Simranjeet Singh Mann, SIT on Bargari Beadbi Case and Behbal Kalan Police Firing, Vijay Kunwar Partap Singh