January 26, 2015 | By ਸਿੱਖ ਸਿਆਸਤ ਬਿਊਰੋ
ਪਟਿਆਲਾ, 25 ਜਨਵਰੀ, 2015): ਭਾਈ ਜਗਤਾਰ ਸਿੰਘ ਤਾਰਾ ਥਾਈਲੈਂਡ ਤੋਂ ਗ੍ਰਿਫਤਾਰ ਕਰਕੇ ਭਾਰਤ ਲਿਆਉਣ ਤੋਂ ਬਾਅਦ ਰੁਲਦਾ ਸਿੰਘ ਕਤਲ ਮਾਮਲੇ ‘ਚ ਜਗਤਾਰ ਸਿੰਘ ਤਾਰਾ ਲਗਾਤਾਰ ਪਟਿਆਲਾ ਪੁਲਿਸ ਦੇ ਰਿਮਾਂਡ ‘ਤੇ ਸੀ, ਨੂੰ ਅੱਜ ਪਟਿਆਲਾ ਦੀ ਅਦਾਲਤ ਨੇ 1991 ਦੇ ਇਕ ਮਾਮਲੇ ਵਿਚ ਰਾਹਦਾਰੀ ਰਿਮਾਂਡ ‘ਤੇ ਇਕ ਦਿਨ ਲਈ ਰੂਪਨਗਰ ਪੁਲਿਸ ਹਵਾਲੇ ਕਰ ਦਿਤਾ ਹੈ।
ਅੱਜ ਅਦਾਲਤ ‘ਚ ਜਦੋਂ ਸਰਕਾਰੀ ਧਿਰ ਵਲੋਂ ਤਾਰਾ ਨੂੰ ਨਿਆਂਇਕ ਹਿਰਾਸਤ ‘ਚ ਭੇਜਣ ਦੀ ਗੱਲ ਕਹੀ ਗਈ ਤਾਂ ਬਚਾਅ ਪੱਖ ਦੇ ਵਕੀਲ ਬਰਜਿੰਦਰ ਸਿੰਘ ਸੋਢੀ ਨੇ ਪੁਲਿਸ ਨੂੰ ਸਵਾਲ ਕੀਤਾ ਕਿ ਉਨ੍ਹਾਂ ਨੇ ਤਾਰਾ ਤੋਂ ਰੁਦਰਪੁਰ ਵਿਚ ਧਮਾਕਾਖ਼ੇਜ਼ ਸਮੱਗਰੀ ਬਰਾਮਦ ਕਰ ਲਈ ਹੈ ਜਾਂ ਨਹੀਂ ਤਾਂ ਪੁਲਿਸ ਨੇ ਅਪਣੇ ਬਿਆਨ ਵਿਚ ਕਿਹਾ ਕਿ ਉਨ੍ਹਾਂ ਨੂੰ ਯਕੀਨ ਹੋ ਗਿਆ ਸੀ ਕਿ ਜਗਤਾਰ ਤਾਰਾ ਨੇ ਰੁਦਰਪੁਰ ਵਾਲੀ ਕਹਾਣੀ ਝੂਠੀ ਘੜੀ ਸੀ।
ਇਸੇ ਦੌਰਾਨ ਰੂਪਨਗਰ ਪੁਲਿਸ ਨੇ 26 ਮਾਰਚ 1991 ਨੂੰ ਥਾਣਾ ਸਿਟੀ ਵਿਚ ਦਰਜ ਹੋਏ ਮੁਕੱਦਮੇ ਦੇ ਤਹਿਤ ਜਗਤਾਰ ਤਾਰਾ ਦਾ ਰਿਮਾਂਡ ਮੰਗਿਆ ਤਾਂ ਤਾਰਾ ਨੇ ਅਦਾਲਤ ਦੇ ਸਾਹਮਣੇ ਅਪਣਾ ਪੱਖ਼ ਰਖਦਿਆਂ ਕਿਹਾ ਕਿ ਉਹ ਉਸ ਵੇਲੇ ਜੇਲ ਵਿਚ ਬੰਦ ਸੀ ਤਾਂ ਉਸ ਨੂੰ ਭਗੌੜਾ ਕਰਾਰ ਕਿਵੇਂ ਦਿਤਾ ਗਿਆ।
ਦੋਹਾਂ ਧਿਰਾਂ ਦੀ ਬਹਿਸ ਸੁਣਨ ਤੋਂ ਬਾਅਦ ਅਦਾਲਤ ਨੇ ਤਾਰਾ ਦਾ ਇਕ ਦਿਨ ਦਾ ਰਾਹਦਾਰੀ ਰਿਮਾਂਡ ਦੇ ਦਿੱਤਾ।
ਭਾਈ ਤਾਰਾ ਦੇ ਖ਼ਿਲਾਫ਼ ਰਾਜਪੁਰਾ ਥਾਣੇ ਵਿੱਚ ਵੀ ਧਾਰਾ 221, 216, 216 ਏ, 121, 121ਏ, 122,123, 124 ਏ, 153-ਏ ਸਮੇਤ ਧਾਰਾ 465, 468, 471, 120 ਬੀ ਅਤੇ 3/4/5 ਐਕਸਪਲੋਸਿਵ ਐਕਟ ਅਧੀਨ ਜੁਲਾਈ 2005 ਵਿੱਚ ਕੇਸ ਦਰਜ ਹੋਇਆ ਸੀ, ਜਿਸ ਵਿੱਚ ਭਾਈ ਜਗਤਾਰ ਹਵਾਰਾ ਤੇ ਭਾਈਪਰਮਜੀਤ ਭਿਓਰਾ ਸਮੇਤ ਭਾਈ ਗੁਰਬਾਜ਼ ਸਿੰਘ ਪਿਲਖਣੀ ਸਮੇਤ ਪੰਜ ਜਣੇ ਨਾਮਜ਼ਦ ਹਨ।
ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਕੇਸ ਸਬੰਧੀ ਤਾਰਾ ਦੇ ਖ਼ਿਲਾਫ਼ ਟਰਾਇਲ ਅਜੇ ਚੱਲਣਾ ਹੈ ਕਿਉਂਕਿ 2006 ਵਿੱਚ ਜਦੋਂ ਫੈਸਲਾ ਆਇਆ ਸੀ,ਤਾਂ ਭਾਈ ਤਾਰਾ ਜੇਲ੍ਹ ਵਿੱਚ ਨਹੀਂ ਸੀ। ਇਸੇ ਤਰ੍ਹਾਂ ਜੇਲ੍ਹ ਤੋੜਨ ਦੇ ਮਾਮਲੇ ਵਿੱਚ ਚੰਡੀਗੜ੍ਹ ਪੁਲੀਸ ਵੀ ਭਾਈ ਤਾਰਾ ਦਾ ਰਿਮਾਂਡ ਹਾਸਲ ਕਰੇਗੀ।
Related Topics: Bhai Jagtar Singh Tara, Punjab Police