ਸਿੱਖ ਖਬਰਾਂ

ਭਾਈ ਗੁਰਬਖਸ਼ ਸਿੰਘ ਖਾਲਸਾ ਦੀਆਂ ਅਸਥੀਆਂ ਲੈ ਕੇ ਅੰਮ੍ਰਿਤਸਰ ਲਈ ਰਵਾਨਾ ਹੋਈਆਂ ਸਿੱਖ ਜਥੇਬੰਦੀਆਂ

March 31, 2018 | By

ਤਲਵੰਡੀ ਸਾਬੋ: ਬੰਦੀ ਸਿੰਘਾਂ ਦੀ ਰਿਹਾਈ ਲਈ ਸੰਘਰਸ਼ ਕਰਨ ਵਾਲੇ ਭਾਈ ਗੁਰਬਖ਼ਸ਼ ਸਿੰਘ ਖ਼ਾਲਸਾ ਦੀਆਂ ਅਸਥੀਆਂ ਲੈ ਕੇ ਲਖਨੌਰ (ਹਰਿਆਣਾ) ਤੋਂ ਸਿੱਖ ਜਥੇਬੰਦੀਆਂ ਦਾ ਕਾਫ਼ਲਾ ਬੀਤੀ ਰਾਤ ਇੱਥੇ ਪੁੱਜਿਆ ਤੇ ਅੱਜ ਤਖ਼ਤ ਦਮਦਮਾ ਸਾਹਿਬ ਵਿਖੇ ਅਰਦਾਸ ਕਰਨ ਮਗਰੋਂ ਅੰਮ੍ਰਿਤਸਰ ਲਈ ਰਵਾਨਾ ਹੋ ਗਿਆ।

ਭਾਈ ਗੁਰਬਖ਼ਸ਼ ਸਿੰਘ ਦੀਆਂ ਅਸਥੀਆਂ ਲੈ ਕੇ ਕੱਲ੍ਹ ਲਖਨੌਰ ਤੋਂ ਪਰਿਵਾਰਕ ਮੈਂਬਰਾਂ ਸਮੇਤ ਸਿੱਖ ਜਥੇਬੰਦੀਆਂ ਦਾ ਚੱਲਿਆ ਕਾਫ਼ਲਾ ਪਟਿਆਲਾ, ਸੁਨਾਮ ਤੇ ਮਾਨਸਾ ਹੁੰਦਾ ਹੋਇਆ ਰਾਤ ਤਕਰੀਬਨ 12 ਵਜੇ ਤਖ਼ਤ ਦਮਦਮਾ ਸਾਹਿਬ, ਤਲਵੰਡੀ ਸਾਬੋ ਵਿਖੇ ਪੁੱਜਾ। ਅਸਥੀਆਂ ਦੇ ਦੋ ਕਲਸ਼ ਰਾਤ ਸਮੇਂ ਗੁਰੂ ਤੇਗ ਬਹਾਦਰ ਨਿਵਾਸ ਵਿਖੇ ਰੱਖੇ ਗਏ। ਇਸ ਮੌਕੇ ਕਾਫ਼ਲੇ ਵਿੱਚ ਸ਼ਾਮਲ ਸੰਗਤ ਨੇ ਤਖ਼ਤ ਦਮਦਮਾ ਸਾਹਿਬ ਵਿਖੇ ਮੱਥਾ ਟੇਕਿਆ। ਕਾਫ਼ਲੇ ਦੇ ਰਵਾਨਾ ਹੋਣ ਦੀ ਅਰਦਾਸ ਤਖ਼ਤ ਦਮਦਮਾ ਸਾਹਿਬ ਦੇ ਮੁਤਵਾਜ਼ੀ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਨੇ ਕੀਤੀ। ਤਖ਼ਤ ਸਾਹਿਬ ਦੇ ਪ੍ਰਬੰਧਕਾਂ ਨੇ ਇਤਿਹਾਸਕ ਗੁਰਦੁਆਰਾ ਦਮਦਮਾ ਸਾਹਿਬ ਵਿਖੇ ਸ਼ਹੀਦ ਭਾਈ ਗੁਰਬਖ਼ਸ਼ ਸਿੰਘ ਦੇ ਭਰਾ ਕਰਨੈਲ ਸਿੰਘ ਦੀ ਪਤਨੀ ਜਸਵੀਰ ਕੌਰ, ਪੁੱਤਰ ਜੁਝਾਰ ਸਿੰਘ ਤੇ ਪੋਤਰੇ ਅਭੈਜੀਤ ਸਿੰਘ ਨੂੰ ਸਿਰੋਪਾਓ ਦਿੱਤਾ। ਇਸ ਮਗਰੋਂ ਸੰਗਤ ਅਸਥੀਆਂ ਲੈ ਕੇ ਅਗਲੇ ਪੜਾਅ ਲਈ ਅੰਮ੍ਰਿਤਸਰ ਰਵਾਨਾ ਹੋ ਗਈ। ਇਸ ਮੌਕੇ ਮੁਤਵਾਜ਼ੀ ਜਥੇਦਾਰ ਭਾਈ ਧਿਆਨ ਸਿੰਘ ਮੰਡ, ਮੁਤਵਾਜ਼ੀ ਜਥੇਦਾਰ ਬਾਬਾ ਬਲਜੀਤ ਸਿੰਘ ਦਾਦੂਵਾਲ, ਅਕਾਲੀ ਦਲ (ਅੰਮ੍ਰਿਤਸਰ) ਦੇ ਕੌਮੀ ਸੀਨੀਅਰ ਮੀਤ ਪ੍ਰਧਾਨ ਮੁਹਿੰਦਰਪਾਲ ਸਿੰਘ, ਪਰਮਿੰਦਰ ਸਿੰਘ ਬਾਲਿਆਂਵਾਲੀ, ਰਮਨਦੀਪ ਸਿੰਘ ਭੰਗਚਿੜੀ, ਸੋਹਨ ਸਿੰਘ ਦਾਦੂਵਾਲ, ਰਾਜਿੰਦਰ ਸਿੰਘ, ਬਾਬਾ ਪ੍ਰਦੀਪ ਸਿੰਘ ਚਾਂਦਪੁਰਾ ਤੇ ਅਵਤਾਰ ਸਿੰਘ ਵੀ ਹਾਜ਼ਰ ਸਨ।

ਮੁਤਵਾਜ਼ੀ ਜਥੇਦਾਰਾਂ ਵੱਲੋਂ ਸੰਘਰਸ਼ ਦਾ ਐਲਾਨ
ਸਰਬੱਤ ਖ਼ਾਲਸਾ ਵੱਲੋਂ ਥਾਪੇ ਮੁਤਵਾਜ਼ੀ ਜਥੇਦਾਰ ਭਾਈ ਧਿਆਨ ਸਿੰਘ ਮੰਡ (ਕਾਰਜਕਾਰੀ ਜਥੇਦਾਰ, ਅਕਾਲ ਤਖ਼ਤ ਸਾਹਿਬ) ਅਤੇ ਤਖ਼ਤ ਦਮਦਮਾ ਸਾਹਿਬ ਦੇ ਮੁਤਵਾਜ਼ੀ ਜਥੇਦਾਰ ਬਾਬਾ ਬਲਜੀਤ ਸਿੰਘ ਦਾਦੂਵਾਲ ਨੇ ਕਿਹਾ ਕਿ ਭਾਈ ਗੁਰਬਖ਼ਸ਼ ਸਿੰਘ ਖ਼ਾਲਸਾ ਦੀ ਸ਼ਹੀਦੀ ਅਜਾਈਂ ਨਹੀਂ ਜਾਣ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਦੇਸ਼ ਦੀਆਂ ਵੱਖ-ਵੱਖ ਜੇਲ੍ਹਾਂ ਵਿੱਚ ਬੰਦ ਸਿੱਖਾਂ ਦੀ ਰਿਹਾਈ, ਬਰਗਾੜੀ ਅਤੇ ਬਹਿਬਲ ਕਲਾਂ ਕਾਂਡ ਦੇ ਅਸਲ ਦੋਸ਼ੀਆਂ ਖ਼ਿਲਾਫ਼ ਕਾਰਵਾਈ ਦੀ ਮੰਗ ਲਈ 14 ਅਪਰੈਲ ਨੂੰ ਵਿਸਾਖੀ ਮੌਕੇ ਤਲਵੰਡੀ ਸਾਬੋ ਵਿਖੇ ਸਰਬੱਤ ਖ਼ਾਲਸਾ ਵੱਲੋਂ ਕੀਤੀ ਜਾ ਰਹੀ ਕਾਨਫਰੰਸ ਵਿੱਚ ਸੰਘਰਸ਼ ਦਾ ਐਲਾਨ ਕੀਤਾ ਜਾਵੇਗਾ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: ,