ਸਿੱਖ ਖਬਰਾਂ

ਭਾਈ ਗੁਰਬਖਸ਼ ਸਿੰਘ ਖਾਲਸਾ ਹਸਪਤਾਲ ਦਾਖਲ, ਭੁੱਖ ਹੜਤਾਲ ‘ਤੇ ਭਾਈ ਗੁਰਪਿਆਰ ਸਿੰਘ ਬੈਠੇ

January 11, 2015 | By

ਅੰਬਾਲਾ ਸ਼ਹਿਰ (10 ਜਨਵਰੀ, 2015): ਭਾਈ ਗੁਰਬਖਸ਼ ਸਿੰਘ ਖਾਲਸਾ ਨੂੰ ਅਚਾਨਕ ਤਬੀਅਤ ਵਿਗੜ ਜਾਣ ਕਾਰਨ ਅੱਜ ਦੇਰ ਸ਼ਾਮ ਹਰਿਆਣਾ ਪੁਲਿਸ ਅਤੇ ਡਾਕਟਰਾਂ ਦੀ ਟੀਮ ਨੇ ਧਰਨੇ ਵਾਲੀ ਥਾਂ ਤੋਂ ਚੁੱਕ ਕੇ ਸਿਵਲ ਹਸਪਤਾਲ ਅੰਬਾਲਾ ਸ਼ਹਿਰ ਦੇ ਟਰਾਮਾ ਸੈਂਟਰ ਵਿਚ ਭਰਤੀ ਕਰਵਾ ਦਿੱਤਾ, ਜਿੱਥੇ ਉਨ੍ਹਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ।

ਹਸਪਤਾਲ ਵਿੱਚ ਭਾਈ ਗੁਰਬਖਸ਼ ਸਿੰਘ ਦਾ ਇਲਾਜ਼ ਕਰਦੇ ਡਾਕਟਰ

ਹਸਪਤਾਲ ਵਿੱਚ ਭਾਈ ਗੁਰਬਖਸ਼ ਸਿੰਘ ਦਾ ਇਲਾਜ਼ ਕਰਦੇ ਡਾਕਟਰ

ਡਾਕਟਰਾਂ ਮੁਤਾਬਿਕ ਭਾਈ ਗੁਰਬਖ਼ਸ਼ ਸਿੰਘ ਖਾਲਸਾ ਦੀ ਹਾਲਤ ਗੰਭੀਰ ਹੈ, ਪਰ ਕਾਬੂ ਹੇਠ ਹੈ, ਜੇਕਰ ਜ਼ਰੂਰਤ ਪਈ ਤਾਂ ਉਨ੍ਹਾਂ ਨੂੰ ਪੀ.ਜੀ.ਆਈ. ਚੰਡੀਗੜ੍ਹ ਵਿਚ ਰੈਫਰ ਕੀਤਾ ਜਾ ਸਕਦਾ ਹੈ ।

ਅੱਜ ਦੇਰ ਸ਼ਾਮ ਕਰੀਬ 5:30 ਵਜੇ ਭਾਈ ਖਾਲਸਾ ਨੂੰ ਸਾਹ ਲੈਣ ਵਿਚ ਤਕਲੀਫ ਹੋਣ ਲੱਗੀ, ਤਾਂ ਤੁਰੰਤ ਉਨ੍ਹਾਂ ਨੂੰ ਆਕਸੀਜਨ ਲਾਈ ਗਈ । ਡਾਕਟਰਾਂ ਦੀ ਵਿਸ਼ੇਸ਼ ਟੀਮ ਡਾ: ਮਨਦੀਪ ਸਚਦੇਵਾ ਦੀ ਅਗਵਾਈ ਹੇਠ ਮੌਕੇ ‘ਤੇ ਪੁੱਜੀ ਅਤੇ ਸ਼ਾਮ 7:15 ਵਜੇ ਉਨ੍ਹਾਂ ਨੂੰ ਹਰਿਆਣਾ ਪੁਲਿਸ ਅਤੇ ਡਾਕਟਰਾਂ ਦੀ ਟੀਮ ਚੁੱਕ ਕੇ ਐਾਬੂਲੈਂਸ ਵਿਚ ਪਾਇਆ ਅਤੇ ਟਰਾਮਾ ਸੈਂਟਰ ਅੰਬਾਲਾ ਸ਼ਹਿਰ ਵਿਚ ਲੈ ਗਈ।

ਭਾਈ ਖਾਲਸਾ ਦੇ ਨਾਲ ਉਨ੍ਹਾਂ ਦੇ ਪੁੱਤਰ ਜੁਝਾਰ ਸਿੰਘ ਤੋਂ ਇਲਾਵਾ ਭਾਈ ਸਾਹਿਬ ਦੇ ਪ੍ਰੈਸ ਸਕੱਤਰ ਗੁਰਪ੍ਰੀਤ ਸਿੰਘ, ਗੁਰਮੀਤ ਸਿੰਘ ਘਨੌਰ ਅਤੇ ਬਗੀਚਾ ਸਿੰਘ ਵੀ ਹਨ ।

ਜਦੋਂ ਇਸ ਬਾਰੇ ਹਸਪਤਾਲ ਵਿਚ ਮੌਜੂਦ ਡਿਪਟੀ ਕਮਿਸ਼ਨਰ ਮਨਦੀਪ ਸਿੰਘ ਬਰਾੜ ਨਾਲ ਗੱਲ ਕੀਤੀ ਗਈ, ਤਾਂ ਉਨ੍ਹਾਂ ਦੱਸਿਆ ਕਿ ਉਹ ਹੁਣੇ ਹੀ ਭਾਈ ਗੁਰਬਖ਼ਸ਼ ਸਿੰਘ ਖਾਲਸਾ ਨੂੰ ਮਿਲੇ ਹਨ ਅਤੇ ਉਨ੍ਹਾਂ ਨੇ ਗੁਜਾਰਸ਼ ਕੀਤੀ ਹੈ ਕਿ ਉਨ੍ਹਾਂ ਦੀ ਭੁੱਖ ਹੜਤਾਲ ਨਾ ਤੋੜੀ ਜਾਵੇ । ਬਰਾੜ ਨੇ ਕਿਹਾ ਕਿ ਪ੍ਰਸ਼ਾਸਨ ਦੀ ਹਰਸੰਭਵ ਕੋਸ਼ਿਸ਼ ਰਹੇਗੀ ਕਿ ਭਾਈ ਖਾਲਸਾ ਦੀਆਂ ਭਾਵਨਾਵਾਂ ਦਾ ਸਤਿਕਾਰ ਕੀਤਾ ਜਾਵੇ, ਪਰ ਡਾਕਟਰਾਂ ਦੀ ਸਲਾਹ ਮੁਤਾਬਿਕ ਇਲਾਜ਼ ਵਿਚ ਕੋਈ ਕੋਤਾਹੀ ਨਹੀਂ ਵਰਤੀ ਜਾਵੇਗੀ ।

ਕਾਨੂੰਨ ਵਿਵਸਥਾ ਨੂੰ ਬਣਾਈ ਰੱਖਣ ਦੇ ਮੱਦੇਨਜ਼ਰ ਪ੍ਰਸ਼ਾਸਨ ਨੇ ਹਰਿਆਣਾ-ਪੰਜਾਬ ਬਾਰਡਰ ਨੂੰ ਪੂਰੀ ਤਰ੍ਹਾਂ ਸੀਲ ਕਰ ਦਿੱਤਾ ਹੈ । ਵੱਡੀ ਗਿਣਤੀ ਵਿਚ ਪੁਲਿਸ ਫੋਰਸ ਬਾਰਡਰ ‘ਤੇ ਤਾਇਨਾਤ ਕੀਤੀ ਜਾ ਚੁੱਕੀ ਹੈ ਅਤੇ ਹਰ ਆਉਣ-ਜਾਣ ਵਾਲੇ ਵਾਹਨ ਦੀ ਤਲਾਸ਼ੀ ਲਈ ਜਾ ਰਹੀ ਹੈ।ਇਸ ਨਾਲ ਬਾਰਡਰ ‘ਤੇ ਜਾਮ ਦੀ ਹਾਲਤ ਬਣੀ ਹੋਈ ਹੈ ।

ਭਾਈ ਗੁਰਪਿਆਰ ਸਿੰਘ ਭੁੱਖ ਹੜਤਾਲ ‘ਤੇ ਬੈਠੇ-ਜਾਣਕਾਰੀ ਮੁਤਾਬਿਕ ਭਾਈ ਗੁਰਬਖ਼ਸ਼ ਸਿੰਘ ਖਾਲਸਾ ਵੱਲੋਂ ਪਹਿਲਾਂ ਤੋਂ ਦਿੱਤੇ ਗਏ ਨਿਰਦੇਸ਼ਾਂ ਮੁਤਾਬਿਕ ਉਨ੍ਹਾਂ ਦੀ ਥਾਂ ਭਾਈ ਗੁਰਪਿਆਰ ਸਿੰਘ ਗੁਰਦੁਆਰਾ ਸ੍ਰੀ ਲਖਨੌਰ ਸਾਹਿਬ ਵਿਖੇ ਭੁੱਖ ਹੜਤਾਲ ‘ਤੇ ਬੈਠ ਗਏ ਹਨ ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: ,