June 3, 2016 | By ਸਿੱਖ ਸਿਆਸਤ ਬਿਊਰੋ
ਫ਼ਿਰੋਜ਼ਪੁਰ: ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਭਾਈ ਧਿਆਨ ਸਿੰਘ ਮੰਡ ਨੂੰ ਵੀਰਵਾਰ ਦੇਰ ਸ਼ਾਮ ਪੁਲਿਸ ਵੱਲੋਂ ਹਿਰਾਸਤ ‘ਚ ਲੈ ਲੈਣ ਦੀ ਖ਼ਬਰ ਹੈ। ਦੱਸਣਯੋਗ ਹੈ ਕਿ 6 ਜੂਨ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਸ਼ਹੀਦੀ ਸਮਾਗਮ ਕਰਵਾਏ ਜਾ ਰਹੇ ਹਨ, ਜਿਨ੍ਹਾਂ ਵਿਚ ਸ਼ਾਮਿਲ ਹੋ ਕੇ ਭਾਈ ਧਿਆਨ ਸਿੰਘ ਮੰਡ ਵੱਲੋਂ ਕੌਮ ਦੇ ਨਾਂਅ ਸੰਦੇਸ਼ ਜਾਰੀ ਕੀਤੇ ਜਾਣ ਦਾ ਪ੍ਰੋਗਰਾਮ ਸੀ।
ਦੂਜੇ ਪਾਸੇ ਯੂਨਾਇਟਿਡ ਅਕਾਲੀ ਦਲ ਅਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ (ਮਾਨ) ਦੇ 5 ਮੈਂਬਰਾਂ ਦੀ ਕਮੇਟੀ ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨਾਲ ਉਨ੍ਹਾਂ ਦੇ ਪਿੰਡ ਬਾਦਲ ਵਿਖੇ ਮੀਟਿੰਗ ਕਰ ਰਹੀ ਹੈ। 5 ਮੈਂਬਰੀ ਕਮੇਟੀ ਵਿਚ ਯੂਨਾਇਟਿਡ ਅਕਾਲੀ ਦਲ ਦੇ ਭਾਈ ਮੋਹਕਮ ਸਿੰਘ, ਗੁਰਦੀਪ ਸਿੰਘ ਬਠਿੰਡਾ, ਵਸਣ ਸਿੰਘ ਜ਼ਫਰਵਾਲ ਅਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵਲੋਂ ਜਸਕਰਨ ਸਿੰਘ ਕਾਨ੍ਹ ਸਿੰਘਵਾਲਾ ਅਤੇ ਪ੍ਰੋਫੈਸਰ ਮਹਿੰਦਰਪਾਲ ਸਿੰਘ ਸ਼ਾਮਲ ਹਨ।
ਮੀਟਿੰਗ ਦਾ ਮੁੱਖ ਏਜੰਡਾ 6 ਜੂਨ ਨੂੰ ਅਕਾਲ ਤਖ਼ਤ ਸਾਹਿਬ ਵਿਖੇ ਘੱਲੂਘਾਰਾ ਸਬੰਧੀ ਪ੍ਰੋਗਰਾਮ ਹਨ। ਜ਼ਿਕਰਯੋਗ ਹੈ ਕਿ ਯੁਨਾਇਟਿਡ ਦਲ ਅਤੇ ਮਾਨ ਦਲ ਨੇ ਐਲਾਨ ਕੀਤਾ ਸੀ ਕਿ ਭਾਈ ਧਿਆਨ ਸਿੰਘ ਮੰਡ ਕੌਮ ਦੇ ਨਾਂ ਸੰਦੇਸ਼ ਜਾਰੀ ਕਰਨਗੇ।
ਯੁਨਾਇਟਿਡ ਅਕਾਲੀ ਦਲ ਦੇ ਨੁਮਾਇੰਦੇ ਨੇ ਸਿੱਖ ਸਿਆਸਤ ਨਿਊਜ਼ ਨੂੰ ਫੋਨ ’ਤੇ ਦੱਸਿਆ ਕਿ ਸੁਖਬੀਰ ਬਾਦਲ ਨੇ ਸਾਡੇ ਕੋਲ ਪਹੁੰਚ ਕਰ ਕੇ ਮੀਟਿੰਗ ਲਈ ਸੱਦਿਆ ਹੈ। 1 ਜੂਨ ਨੂੰ ਬਰਗਾੜੀ ਵਿਖੇ ਆਪਸੀ ਸਹਿਮਤੀ ਨਾਲ ਇਹ ਕਮੇਟੀ ਬਣਾਈ ਗਈ।
ਭਾਈ ਧਿਆਨ ਸਿੰਘ ਮੰਡ ਦੀ ਗ੍ਰਿਫਤਾਰੀ ਤੋਂ ਬਾਅਦ ਮੀਟਿੰਗ ਰੱਦ ਕਰ ਦਿੱਤੀ ਗਈ ਸੀ, ਪਰ ਦੋਵੇਂ ਧਿਰਾਂ ਇਸ ਗੱਲ ’ਤੇ ਰਾਜ਼ੀ ਹੋਈਆਂ ਕਿ ਨਵੇਂ ਸਿਰੇ ਤੋਂ ਗੱਲਬਾਤ ਕਰਨ ਲਈ ਮੀਟਿੰਗ ਕੀਤੀ ਜਾਵੇ।
ਖ਼ਬਰ ਲਿਖੇ ਜਾਣ ਤਕ ਮੀਟਿੰਗ ਜਾਰੀ ਹੈ।
Related Topics: Bhai Dhian Singh Mand, Bhai Mohkam Singh, Gurdeep Singh Bathinda, June 84 protests, Punjab Politics, Sarbat Khalsa(2015)