ਸਿੱਖ ਖਬਰਾਂ

ਭਾਈ ਦਲਜੀਤ ਸਿੰਘ ਬਿੱਟੂ ਦੇ ਪਿਤਾ ਡਾ.ਅਜੀਤ ਸਿੰਘ, ਐਡਵੋਕੇਟ ਮੰਝਪੁਰ, ਭਾਈ ਤਲਵਾੜਾ ਤੇ ਭਾਈ ਸ਼ਤਰਾਣਾ ਅਸਲਾ ਕੇਸ ਵਿਚੋਂ ਬਰੀ

June 5, 2014 | By

ਪਾਇਲ( 4 ਜੂਨ 2014 ): ਅੱਜ ਭਾਈ ਦਲਜੀਤ ਸਿੰਘ ਬਿੱਟੂ ਦੇ ਪਿਤਾ ਡਾ. ਅਜੀਤ ਸਿੰਘ ਸਿੱਧੂ, ਭਾਈ ਪਲਵਿੰਦਰ ਸਿੰਘ ਤਲਵਾੜਾ, ਐਡਵੋਕੇਟ ਜਸਪਾਲ ਸਿੰਘ ਮੰਝਪੁਰ, ਭਾਈ ਪਲਵਿੰਦਰ ਸਿੰਘ ਸ਼ਤਰਾਣਾ ਨੂੰ ਪਾਇਲ ਸਥਿਤ ਸ੍ਰੀ ਰਛਪਾਲ ਸਿੰਘ ਦੀ ਮਾਨਯੋਗ ਅਦਾਲਤ ਵਲੋਂ 2006 ਦੇ ਅਸਲਾ ਕੇਸ ਵਿਚੋਂ ਬਰੀ ਕਰ ਦਿੱਤਾ ।

ਪੁਲਿਸ ਵੱਲੋਂ ਪੇਸ਼ ਕੀਤੇ ਚਲਾਨ ਮੁਤਾਬਿਕ  15 ਅਗਸਤ 2006 ਨੂੰ ਟੋਲ ਪਲਾਜ਼ਾ ਦੋਰਾਹਾ ਉੱਤੇ ਪੁਲਿਸ ਨਾਕੇ ਦੌਰਾਨ ਟਵੇਰਾ ਗੱਡੀ ਜਿਸ ਨੂੰ ਕਿ ਪਲਵਿੰਦਰ ਸਿੰਘ ਸ਼ਤਰਾਣਾ ਚਲਾ ਰਿਹਾ ਸੀ ਅਤੇ ਨਾਲ ਜਸਪਾਲ ਸਿੰਘ ਮੰਝਪੁਰ ਤੇ ਪਿਛਲੀ ਸੀਟ ਉੱਤੇ ਮਲਕੀਤ ਸਿੰਘ ਭੋਤਨਾ ਬੈਠੇ ਸਨ ਅਤੇ ਤਲਾਸ਼ੀ ਦੌਰਾਨ ਮੰਝਪੁਰ ਕੋਲੋ 12 ਬੋਰ ਦੀ ਦੋਨਾਲੀ  ਤੇ .32 ਬੋਰ ਦਾ ਰਿਵਾਲਰ, ਭੋਤਨਾ ਕੋਲੋਂ 315 ਬੋਰ ਦੀ ਗੰਨ ਅਤੇ ਸ਼ਤਰਾਣਾ ਕੋਲੋਂ ਕਿਰਪਾਨਾਂ ਤੇ ਸੰਤ ਜਰਨੈਲ਼ ਸਿੰਘ ਭਿੰਡਰਾਂਵਾਲਿਆਂ ਦੇ ਸਟੀਕਰ ਬਰਾਮਦ ਹੋਏ ਅਤੇ ਇਸ ਆਧਾਰ ਉੱਤੇ ਥਾਣਾ ਪਾਇਲ ਵਿਚ ਮੁਕੱਦਮਾ ਨੰਬਰ 234 ਮਿਤੀ 15 ਅਗਸਤ 2006, ਅਸਲਾ ਐਕਟ ਦੀ ਧਾਰਾ 25/27/54/59 ਅਧੀਨ ਦਰਜ਼ ਕੀਤਾ ਗਿਆ ਸੀ ਜਿਸ ਵਿਚੋਂ ਉਕਤ ਤਿੰਨਾਂ ਦੀ ਕਰੀਬ 10 ਦਿਨਾਂ ਬਾਅਦ ਜਮਾਨਤ ਹੋ ਗਈ ਸੀ ਅਤੇ ਉਕਤ ਅਸਲੇ ਦੇ ਲਾਇਸੰਸਧਾਰੀਆਂ ਭਾਈ ਬਿੱਟੂ ਦੇ ਪਿਤਾ ਡਾ. ਅਜੀਤ ਸਿੰਘ ਸਿੱਧੂ ਤੇ ਭਾਈ ਪਲਵਿੰਦਰ ਸਿੰਘ ਤਲਵਾੜਾ ਨੂੰ ਵੀ ਬਾਅਦ ਵਿਚ ਕੇਸ ਵਿਚ ਨਾਮਜ਼ਦ ਕਰ ਦਿੱਤਾ ਗਿਆ ਸੀ ਜਿਹਨਾਂ ਨੂੰ ਸੈਸ਼ਨ ਕੋਰਟ ਵਲੋਂ ਹੀ ਅਗੇਤੀ ਜਮਾਨਤ ਦੇ ਦਿੱਤੀ ਗਈ ਸੀ।

ਉਸ ਉਪਰੰਤ ਮਲਕੀਤ ਸਿੰਘ ਭੋਤਨਾ ਉਪਰ ਜੰਮੂ ਵਿਚ ਅਸਲਾ ਐਕਟ ਦਾ ਕੇਸ ਪੈਣ ਕਾਰਨ ਉਸਦਾ ਚਲਾਨ ਵੱਖ ਕਰਕੇ ਬਾਕੀ ਚਾਰਾਂ ਉਪਰ ਚਾਰਜ ਲਗਾਏ ਸਨ ਪਰ ਲੰਮੇਂ ਸਮੇਂ ਤੋਂ ਬਾਅਦ ਵੀ ਸਰਕਾਰੀ ਧਿਰ ਵਲੋਂ ਕੋਈ ਗਵਾਹੀ ਨਹੀਂ ਕਰਵਾਈ ਗਈ ਅਤੇ ਅੱਜ 4 ਜੂਨ 2014 ਨੂੰ ਆਖਰੀ ਮੌਕੇ ‘ਤੇ ਹੌਲਦਾਰ ਮਸ਼ਿੰਦਰ ਸਿੰਘ ਦੀ ਹੀ ਗਵਾਹੀ ਹੋਈ ਤੇ ਦਰਜ਼ਾ ਪਹਿਲਾ ਮੈਜਿਸਟਰੇਟ ਵਲੋਂ ਸਰਕਾਰੀ ਗਵਾਹੀਆਂ ਬੰਦ ਕਰ ਦੇਣ ਦੇ ਹੁਕਮ ਦੇ ਨਾਲ ਹੀ ਕੇਸ ਬਰੀ ਦਾ ਹੁਕਮ ਸੁਣਾਇਆ ਗਿਆ। ਇਸ ਮੌਕੇ ਸਫਾਈ ਧਿਰ ਵਲੋਂ ਐਡਵੋਕੇਟ ਜਸਪਾਲ ਸਿੰਘ ਮੰਝਪੁਰ ਤੇ ਐਡਵੋਕੇਟ ਐੱਚ.ਐੱਸ ਗਰੇਵਾਲ ਪੇਸ਼ ਹੋਏ।

ਇਸ ਮੌਕੇ ਜਣਕਾਰੀ ਦਿੰਦਿਆਂ ਐਡਵੋਕੇਟ ਜਸਪਾਲ ਸਿੰਘ ਮੰਝਪੁਰ ਨੇ ਦੱਸਿਆ ਕਿ  15 ਅਗਸਤ 2006 ਨੂੰ ਭਾਈ ਦਲਜੀਤ ਸਿੰਘ ਬਿੱਟੂ ਦੇ ਗੁਰਦੇਵ ਨਗਰ ਲੁਧਿਆਣਾ ਸਥਿਤ ਘਰ ਵਿਚ ਪੁਲਿਸ ਵਲੋਂ ਛਾਪਾ  ਮਾਰਿਆ ਗਿਆ ਸੀ ਅਤੇ ਪੁਲਿਸ ਭਾਈ ਦਲਜੀਤ ਸਿੰਘ ਬਿੱਟੂ ਨੂੰ ਗ੍ਰਿਫਤਾਰ ਕਰਨਾ ਚਾਹੁੰਦੀ ਸੀ ਪਰ ਉਹਨਾਂ ਦੇ ਘਰ ਵਿਚ ਨਾ ਹੋਣ ਦੀ ਸੂਰਤ ਵਿਚ ਉਹਨਾਂ ਦੇ ਪਿਤਾ ਡਾ. ਅਜੀਤ ਸਿੰਘ ਸਿੱਧੂ ਦੇ ਲਾਇਸੈਂਸੀ ਅਸਲੇ ਤੇ ਭਾਈ ਪਲਵਿੰਦਰ ਸਿੰਘ ਤਲਵਾੜਾ ਦੇ ਲਾਇਸੰਸੀ ਅਸਲੇ ਨੂੰ ਨਾਜ਼ਾਇਜ਼ ਕਹਿਕੇ ਐਡਵੋਕੇਟ ਜਸਪਾਲ ਸਿੰਘ ਮੰਝਪੁਰ, ਭਾਈ ਪਲਵਿੰਦਰ ਸਿੰਘ ਸ਼ਤਰਾਣਾ ਤੇ ਭਾਈ ਮਲਕੀਤ ਸਿੰਘ ਭੋਤਨਾ ‘ਤੇ ਪਾ ਕੇ ਟੋਲ ਪਲਾਜ਼ਾ ਦੋਰਾਹਾ ਤੋਂ ਗ੍ਰਿਫਤਾਰੀ ਦਿਖਾ ਦਿੱਤੀ ਗਈ ਸੀ ਅਤੇ ਕੁਝ ਸਮੇਂ ਡਾ. ਅਜੀਤ ਸਿੰਘ ਸਿੱਧੂ ਤੇ ਭਾਈ ਪਲਵਿੰਦਰ ਸਿੰਘ ਤਲਵਾੜਾ ਨੂੰ ਵੀ ਇਸ ਕੇਸ ਵਿਚ ਗ੍ਰਿਫਤਾਰ ਕਰ ਲਿਆ ਗਿਆ ਸੀ ਅਤੇ ਅੱਜ ਕਰੀਬ ਅੱਠ ਸਾਲ ਦੇ ਲੰਮੇ ਅਰਸੇ ਬਾਅਦ ਇਹ ਕੇਸ ਮੂਧੇ ਮੂੰਹ ਜਾ ਡਿੱਗਿਆ ਹੈ।

ਉਹਨਾਂ ਕਿਹਾ ਕਿ ਇਹ ਕੇਸ ਸਿਆਸੀ ਰੰਜ਼ਿਸ਼ ਤਹਿਤ ਸਮੇਂ ਦੀ ਕਾਂਗਰਸ ਸਰਕਾਰ ਵਲੋਂ ਲਾਇਸੰਸੀ ਅਸਲੇ ਨੂੰ ਨਾਜ਼ਾਇਜ਼ ਦਰਸਾ ਕੇ ਦਰਜ਼ ਕੀਤਾ ਗਿਆ ਸੀ ਤੇ ਬਾਅਦ ਦੀ ਬਾਦਲ ਸਰਕਾਰ ਵਲੋਂ ਵੀ ਭਾਈ ਬਿੱਟੂ ਤੇ ਉਹਨਾਂ ਦੇ ਸਾਥੀਆਂ ਉੱਤੇ ਅਜਿਹੇ ਝੂਠੇ ਕੇਸ ਦਰਜ਼ ਕਰਨ ਦਾ ਦੌਰ ਜਾਰੀ ਰਿਹਾ ਹੈ ਅਤੇ ਅਕਾਲੀ ਦਲ ਪੰਚ ਪਰਧਾਨੀ ਦੇ ਮੁਖੀ ਤੇ ਸ਼੍ਰੋਮਣੀ ਕਮੇਟੀ ਮੂਂਬਰ ਭਾਈ ਕੁਲਵੀਰ ਸਿੰਘ ਬੜਾਪਿੰਡ ਵੀ ਅਜੇ ਤੱਕ ਝੂਠੇ ਕੇਸ ਵਿਚ ਨਾਭਾ ਜੇਲ੍ਹ ਵਿਚ ਨਜ਼ਰਬੰਦ ਹਨ।

ਉਹਨਾਂ ਕਿਹਾ ਕਿ ਭਾਈ ਮਲਕੀਤ ਸਿੰਘ ਭੋਤਨਾ ਦੇ ਕੇਸ ਦੀ ਕਾਰਵਾਈ ਅਜੇ ਬਾਕੀ ਹੈ ਅਤੇ ਉਸਨੂੰ ਜੰਮੂ ਜੇਲ੍ਹ ਵਿਚੋਂ ਲਿਆ ਕੇ ਇਸ ਕੇਸ ਦੀ ਕਾਰਵਾਈ ਸ਼ੁਰੂ ਹੋਵੇਗੀ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , ,