ਪੰਜਾਬ ਦੀ ਰਾਜਨੀਤੀ » ਸਿਆਸੀ ਖਬਰਾਂ

ਭਗਵੰਤ ਮਾਨ ਜਾਤ ਹੰਕਾਰੀ; ਲੋੜੀਂਦੀ ਮਦਦ ਲੈਣ ਨਾਲ ਲੋਕ ਮੰਗਤੇ ਨਹੀਂ ਬਣ ਜਾਂਦੇ: ਬਾਦਲ ਦਲ

August 31, 2016 | By

ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਨੇ ਅੱਜ (30 ਅਗਸਤ) ਆਮ ਆਦਮੀ ਪਾਰਟੀ ਦੇ ਆਗੂ ਭਗਵੰਤ ਮਾਨ ਦੇ ਉਸ ਬਿਆਨ ਦੀ ਕਰੜੀ ਨਿੰਦਾ ਕੀਤੀ ਹੈ ਜਿਸ ਵਿੱਚ ਭਗਵੰਤ ਮਾਨ ਨੇ ਕਿਹਾ ਹੈ ਕਿ ਸਰਕਾਰ ਵੱਲੋਂ ਗਰੀਬ ਅਤੇ ਦਲਿਤ ਵਰਗ ਦੇ ਲੋਕਾਂ ਨੂੰ ਦਿੱਤੀ ਜਾ ਰਹੀ ਮੱਦਦ ਅਤੇ ਸੁਵਿਧਾਵਾਂ ਕਾਰਨ ਉਨ੍ਹਾਂ ਦੀ ਹਾਲਤ ਮੰਗਤਿਆਂ ਵਰਗੀ ਹੋ ਗਈ ਹੈ।

'ਆਪ' ਦੇ ਸੰਸਦ ਭਗਵੰਤ ਮਾਨ ਅਤੇ ਸ਼੍ਰੋਮਣੀ ਅਕਾਲੀ ਦਲ (ਬਾਦਲ)ਦੇ ਜਨਰਲ ਸਕੱਤਰ ਅਤੇ ਬੁਲਾਰੇ ਹਰਚਰਨ ਬੈਂਸ (ਪੁਰਾਣੀ ਫੋਟੋ)

‘ਆਪ’ ਦੇ ਸੰਸਦ ਭਗਵੰਤ ਮਾਨ ਅਤੇ ਸ਼੍ਰੋਮਣੀ ਅਕਾਲੀ ਦਲ (ਬਾਦਲ)ਦੇ ਜਨਰਲ ਸਕੱਤਰ ਅਤੇ ਬੁਲਾਰੇ ਹਰਚਰਨ ਬੈਂਸ (ਪੁਰਾਣੀ ਫੋਟੋ)

ਇਸ ਬਿਆਨ ਤੋਂ ਇਹ ਸਾਫ ਜ਼ਾਹਰ ਹੁੰਦਾ ਹੈ ਕਿ ਆਪ ਦੀਆਂ ਰਗਾਂ ਵਿੱਚ ਉੱਚੀ ਜਾਤ ਦੇ ਮਾਣ ਦਾ ਕੈਂਸਰ ਘਰ ਕਰ ਚੁੱਕਿਆ ਹੈ। ਇਸ ਤੋਂ ਪਹਿਲਾਂ ਅਰਵਿੰਦ ਕੇਜਰੀਵਾਲ ਰਾਖਵਾਂਕਰਨ ਦੇਣ ਦਾ ਵਿਰੋਧ ਕਰ ਚੁੱਕਿਆ ਹੈ।

ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਅਤੇ ਬੁਲਾਰੇ ਹਰਚਰਨ ਬੈਂਸ ਨੇ ਜਾਰੀ ਇਕ ਬਿਆਨ ਵਿੱਚ ਭਗਵੰਤ ਮਾਨ ’ਤੇ ਟਿੱਪਣੀ ਕਰਦਿਆਂ ਕਿਹਾ, “ਇਹ ਵਿਅਕਤੀ ਉੱਚੀ ਜਾਤ ਦੇ ਹਾਕਰ ਵਿੱਚ ਚੂਰ ਹੋ ਚੁੱਕਿਆ ਹੈ ਅਤੇ ਇਸ ਨੂੰ ਜਾਤੀਵਾਦ ਦੇ ਨਸ਼ੇ ਤੋਂ ਪਿੱਛਾ ਛੁਡਵਾਉਣ ਲਈ ਕਿਸੇ ਮੁੜ ਵਸੇਬਾ ਕੇਂਦਰ ਵਿੱਚ ਭੇਜੇ ਜਾਣ ਦੀ ਲੋੜ ਹੈ। ਇਸ ਨੂੰ ਇਹ ਮਹਿਸੂਸ ਹੀ ਨਹੀਂ ਹੋ ਰਿਹਾ ਹੈ ਕਿ ਹਰੇਕ ਸਰਕਾਰ ਦਾ ਫਰਜ਼ ਹੁੰਦਾ ਹੈ ਕਿ ਹਰੇਕ ਲੋੜਵੰਦ ਅਤੇ ਗਰੀਬ ਵਿਅਕਤੀ ਅਤੇ ਖਾਸ ਕਰ ਕੇ ਜਿਨ੍ਹਾਂ ਨਾਲ ਸਦੀਆਂ ਤੋਂ ਧੱਕਾ ਹੁੰਦਾ ਆਇਆ ਹੋਵੇ, ਨਾਲ ਖੜ੍ਹੇ। ਲੋਕਾਂ ਦੇ ਪੈਸੇ ਨੂੰ ਉਨ੍ਹਾਂ ਦੇ ਭਲੇ ਲਈ ਖਰਚਣ ਦੇ ਕੰਮ ਦੀ ਸਰਕਾਰ ਨਿਗਹਬਾਨ ਹੁੰਦੀ ਹੈ। ਲੋਕ ਆਪਣੇ ਖੁਦ ਦੇ ਹੀ ਪੈਸੇ ਤੋਂ ਮੱਦਦ ਅਤੇ ਸੁਵਿਧਾਵਾਂ ਲੈਣ ਨਾਲ ਮੰਗਤੇ ਨਹੀਂ ਬਣ ਜਾਂਦੇ। ਅਸੀਂ ਆਪ ਦੇ ਆਗੂਆਂ ਵੱਲੋਂ ਪ੍ਰਗਟਾਈ ਗਈ ਇਸ ਮਾਨਸਿਕਤਾ ਉਤੇ ਹੈਰਾਨ ਹਾਂ।”

ਹਰਚਰਨ ਬੈਂਸ ਨੇ ਐਲਾਨ ਕੀਤਾ ਕਿ ਸੂਬਾ ਸਰਕਾਰ ਦੀਆਂ ਗਰੀਬ ਪੱਖੀ ਨੀਤੀਆਂ ਨਾ ਸਿਰਫ ਜਾਰੀਆਂ ਰਹਿਣਗੀਆਂ ਸਗੋਂ ਆਪ ਵੱਲੋਂ ਵਿਰੋਧ ਦੇ ਬਾਵਜੂਦ ਲੋੜ ਅਨੁਸਾਰ ਇਨ੍ਹਾਂ ਵਿੱਚ ਵਾਧਾ ਵੀ ਕੀਤਾ ਜਾ ਸਕਦਾ ਹੈ। ਉਨ੍ਹਾਂ ਹੋਰ ਕਿਹਾ, “ਅਸੀਂ ਜਿੰਨੀ ਵੀ ਹੋ ਸਕਦੀ ਹੈ, ਉਨੀ ਗਰੀਬ ਤੋਂ ਗਰੀਬ ਵਰਗ ਦੇ ਲੋਕਾਂ ਦੀ ਮੱਦਦ ਕਰਾਂਗੇ।”

ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਨੇ ਅਗਾਂਹ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਇਸ ਗੱਲ ਉਤੇ ਯਕੀਨ ਕਰਨਾ ਔਖਾ ਹੋ ਰਿਹਾ ਹੈ ਕਿ ‘ਆਪ’ ਆਗੂ ਭਗਵੰਤ ਮਾਨ ਨੇ ਆਪਣੇ ਬਿਆਨ ਵਿੱਚ ਇਹ ਕਿਹਾ ਹੈ ਕਿ ਸ਼੍ਰੋਮਣੀ ਅਕਾਲੀ ਦਲ-ਭਾਜਪਾ ਸਰਕਾਰ ਗਰੀਬ ਵਰਗ ਦੇ ਲੋਕਾਂ ਨੂੰ ਮੁਫਤ ਸਹੂਲਤਾਂ ਦੇਣ ਦੀਆਂ ਨੀਤੀਆਂ ਅਪਣਾ ਕੇ ਪੰਜਾਬੀਆਂ ਨੂੰ ਮੰਗਤੇ ਬਣਾ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ‘ਆਪ’ ਲੀਡਰਸ਼ਿਪ ਦੀ ਸੌੜੀ ਮਾਨਸਿਕਤਾ ਜ਼ਾਹਰ ਹੁੰਦੀ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , , , ,