ਫ਼ਰੀਦਕੋਟ: ਅਕਤੂਬਰ 2015 ਵਿੱਚ ਵਾਪਰੇ ਬਹਿਬਲ ਕਲਾਂ ਕਾਂਡ ਵਿੱਚ ਪੁਲਿਸ ਦੀ ਗੋਲੀ ਨਾਲ ਸ਼ਹੀਦ ਹੋਏ ਦੋ ਸਿੱਖ ਨੌਜਵਾਨਾਂ ਦਾ ਮਾਮਲਾ ਫਰੀਦਕੋਟ ਅਦਾਲਤ ਵਿੱਚ ਪੁੱਜ ਗਿਆ ਹੈ। ਕ੍ਰਿਸ਼ਨ ਭਗਵਾਨ ਸਿੰਘ ਦੇ ਭਰਾ ਰੇਸ਼ਮ ਸਿੰਘ ਨੇ ਅਦਾਲਤ ਵਿੱਚ ਸ਼ਿਕਾਇਤ ਦਰਜ ਕਰਵਾਈ ਹੈ।
ਉਨ੍ਹਾਂ ਮੰਗ ਕੀਤੀ ਹੈ ਕਿ ਮੋਗਾ ਦੇ ਸਾਬਕਾ ਜ਼ਿਲ੍ਹਾ ਪੁਲਿਸ ਮੁਖੀ ਚਰਨਜੀਤ ਸ਼ਰਮਾ, ਫਰੀਦਕੋਟ ਦੇ ਸਾਬਕਾ ਐਸ.ਪੀ. ਬਿਕਰਮਜੀਤ ਸਿੰਘ ਤੇ ਇੰਸਪੈਕਟਰ ਅਮਰਜੀਤ ਸਿੰਘ ਕੁਲਾਰ ਖਿਲਾਫ਼ ਕਤਲ, ਇਰਾਦਾ ਕਤਲ ਤੇ ਅਸਲੇ ਦੀ ਦੁਰਵਰਤੋਂ ਦਾ ਕੇਸ ਚਲਾ ਕੇ ਸਜ਼ਾ ਦਿੱਤੀ ਜਾਵੇ। ਜੁਡੀਸ਼ੀਅਲ ਮੈਜਿਸਟਰੇਟ ਸ਼ਵੇਤਾ ਦਾਸ ਇਸ ਮੁਕੱਦਮੇ ਦੀ 18 ਫਰਵਰੀ ਨੂੰ ਸੁਣਵਾਈ ਕਰੇਗੀ। ਜ਼ਿਕਰਯੋਗ ਹੈ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਦਅਬੀ ਤੋਂ ਬਾਅਦ ਪਿੰਡ ਬਹਿਬਲ ਕਲਾਂ ਕੋਲ ਸ਼ਾਂਤਮਈ ਧਰਨੇ ‘ਤੇ ਬੈਠੀ ਸਿੱਖ ਸੰਗਤ ਉੱਪਰ ਪੁਲਿਸ ਨੇ ਗੋਲੀ ਚਲਾ ਦਿੱਤੀ ਸੀ। ਇਸ ਵਿੱਚ ਕ੍ਰਿਸ਼ਨ ਭਗਵਾਨ ਸਿੰਘ ਤੇ ਗੁਰਜੀਤ ਸਿੰਘ ਦੀ ਪੁਲਿਸ ਦੀਆਂ ਗੋਲੀਆਂ ਲੱਗਣ ਨਾਲ ਮੌਤ ਹੋ ਗਈ ਸੀ। ਸਿੱਖ ਸੰਗਤ ਦੇ ਦਬਾਅ ਮਗਰੋਂ ਪੁਲਿਸ ਨੇ ਬਾਜਾਖਾਨਾ ਥਾਣੇ ਵਿੱਚ ਇਨ੍ਹਾਂ ਦੋ ਸਿੱਖ ਨੌਜਵਾਨਾਂ ਦੇ ਕਤਲ ਦਾ ਮੁਕੱਦਮਾ ਦਰਜ ਕਰ ਲਿਆ ਸੀ। ਇਸ ਵਿੱਚ “ਅਣਪਛਾਤੇ ਪੁਲਿਸ ਅਧਿਕਾਰੀਆਂ” ਨੂੰ ਦੋਸ਼ੀ ਠਹਿਰਾਇਆ ਗਿਆ ਹੈ ਪਰ ਘਟਨਾ ਤੋਂ 17 ਮਹੀਨੇ ਬਾਅਦ ਵੀ ਦੋਸ਼ੀਆਂ ਦੀ ਸ਼ਨਾਖਤ ਨਹੀਂ ਹੋ ਸਕੀ।
ਸਬੰਧਤ ਵੀਡੀਓ:
ਇਸ ਗੱਲ ਤੋਂ ਨਾਰਾਜ਼ ਕ੍ਰਿਸ਼ਨ ਭਗਵਾਨ ਸਿੰਘ ਦੇ ਭਰਾ ਰੇਸ਼ਮ ਸਿੰਘ ਨੇ ਅਦਾਲਤ ਵਿੱਚ ਸ਼ਿਕਾਇਤ ਦਰਜ ਕਰਵਾ ਕੇ ਉਕਤ ਪੁਲਿਸ ਅਧਿਕਾਰੀਆਂ ਖਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ। ਬੇਅਦਬੀ ਕਾਂਡ ਨਾਲ ਸਬੰਧਿਤ ਕੁੱਲ ਛੇ ਮੁਕੱਦਮੇ ਦਰਜ ਹੋਏ ਹਨ ਜਿਨ੍ਹਾਂ ਵਿੱਚ ਦੋ ਮੁਕੱਦਮੇ ਕਤਲ ਦੇ ਹਨ। ਪੁਲਿਸ ਇਨ੍ਹਾਂ ਛੇ ਮੁਕੱਦਮਿਆਂ ਵਿੱਚੋਂ ਕਿਸੇ ਵੀ ਮੁਕੱਦਮੇ ਦੀ ਤਫਤੀਸ਼ ਮੁਕੰਮਲ ਨਹੀਂ ਕਰ ਸਕੀ।
ਸਬੰਧਤ ਖ਼ਬਰ:
ਬਹਿਬਲ ਕਲਾਂ ਗੋਲੀਕਾਂਡ: ਜਸਟਿਸ ਕਾਟਜੂ ਕਮਿਸ਼ਨ ਨੇ ਪੁਲਿਸ ਨੂੰ ਦੋਸ਼ੀ ਐਲਾਨਿਆ …
ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨਾਲ ਸਬੰਧਤ ਤਿੰਨ ਮੁਕੱਦਮੇ ਪੰਜਾਬ ਸਰਕਾਰ ਸੀ.ਬੀ.ਆਈ. ਨੂੰ ਸੌਂਪ ਚੁੱਕੀ ਹੈ ਪਰ ਅਜੇ ਤੱਕ ਸੀ.ਬੀ.ਆਈ. ਨੇ ਵੀ ਕੇਸ ਨੂੰ ਅੱਗੇ ਨਹੀਂ ਤੋਰਿਆ। ਪੀੜਤ ਪਰਿਵਾਰ ਨੇ ਸੀ.ਬੀ.ਆਈ. ਅਤੇ ਪੰਜਾਬ ਪੁਲਿਸ ਦੀ ਕਾਰਗੁਜ਼ਾਰੀ ‘ਤੇ ਅਸੰਤੁਸ਼ਟੀ ਜਾਹਰ ਕਰਦਿਆਂ ਪਹਿਲੀ ਵਾਰ ਅਦਾਲਤ ਵਿੱਚ ਸਿੱਧੀ ਪਹੁੰਚ ਕੀਤੀ ਹੈ।
ਸ਼ਿਕਾਇਤਕਰਤਾ ਨੇ ਦਾਅਵਾ ਕੀਤਾ ਕਿ ਘਟਨਾ ਵਾਲੇ ਦਿਨ ਮੌਕੇ ‘ਤੇ 350 ਦੇ ਕਰੀਬ ਪੁਲਿਸ ਅਧਿਕਾਰੀ ਅਤੇ ਕਰਮਚਾਰੀ ਮੌਕੇ ‘ਤੇ ਮੌਜ਼ੂਦ ਸਨ ਜਿਨ੍ਹਾਂ ਬਿਨਾਂ ਚੇਤਾਵਨੀ ਦਿੱਤਿਆਂ ਗੋਲੀਆਂ ਚਲਾ ਦਿੱਤੀਆਂ।
ਇਸ ਖ਼ਬਰ ਨੂੰ ਵਿਸਥਾਰ ਸਹਿਤ ਅੰਗ੍ਰੇਜ਼ੀ ਵਿਚ ਪੜ੍ਹਨ ਲਈ:
Behbal Kalan Firing: Criminal Complaint filed against Cops in Faridkot Court …