August 23, 2017 | By ਸਿੱਖ ਸਿਆਸਤ ਬਿਊਰੋ
ਚੰਡੀਗੜ੍ਹ: ਸ਼ੁੱਕਰਵਾਰ (25 ਅਗਸਤ) ਨੂੰ ਡੇਰਾ ਸਿਰਸਾ ਦੇ ਵਿਵਾਦਤ ਮੁਖੀ ਰਾਮ ਰਹੀਮ ‘ਤੇ ਬਲਾਤਕਾਰ ਮਾਮਲੇ ‘ਚ ਫੈਸਲਾ ਆਉਣ ਵਾਲਾ ਹੈ। ਇਸ ਨੂੰ ਦੇਖਦੇ ਹੋਏ ਪੰਜਾਬ ਅਤੇ ਹਰਿਆਣਾ ‘ਚ ਕਾਫੀ ਗਿਣਤੀ ਵਿਚ ਪੁਲਿਸ ਅਤੇ ਨੀਮ ਫੌਜੀ ਦਸਤੇ ਤੈਨਾਤ ਕਰ ਦਿੱਤੇ ਗਏ ਹਨ।
2002 ਦੇ ਇਸ ਮਾਮਲੇ ‘ਚ ਫੈਸਲਾ ਪੰਚਕੁਲਾ ਦੀ ਸੀਬੀਆਈ ਅਦਾਲਤ ‘ਚ ਹੋਣਾ ਹੈ, ਇਸ ਕਾਰਨ ਡੇਰਾ ਸਿਰਸਾ ਦੇ ਹਮਾਇਤੀ ਵੱਡੀ ਗਿਣਤੀ ਵਿਚ ਪੰਚਕੁਲਾ ‘ਚ ਇਕੱਠੇ ਹੋਣੇ ਸ਼ੁਰੂ ਹੋ ਗਏ ਹਨ। ਜਦਕਿ ਦੂਜੇ ਪਾਸੇ ਪੰਜਾਬ ਅਤੇ ਹਰਿਆਣਾ ਸਰਕਾਰਾਂ ਵਲੋਂ ਸਖਤ ਸੁਰੱਖਿਆ ਬੰਦੋਬਸਤ ਦਾ ਦਾਅਵਾ ਕੀਤਾ ਜਾ ਰਿਹਾ ਹੈ ਅਤੇ ਇਹਤਿਆਤ ਦੇ ਤੌਰ ‘ਤੇ ਧਾਰਾ 144 ਲਾਗੂ ਕਰ ਦਿੱਤੀ ਗਈ ਹੈ।
ਕਈ ਵਿਵਾਦਾਂ ‘ਚ ਘਿਰਿਆ ਡੇਰਾ ਸਿਰਸਾ ਮੁਖੀ ਰਾਮ ਰਹੀਮ ਦਾਅਵਾ ਕਰਦਾ ਹੈ ਕਿ ਉਸਦੇ ਪੰਜ ਕਰੋੜ ਪੈਰੋਕਾਰ ਹਨ। ਬੀਬੀਸੀ ਨਾਲ ਗੱਲ ਕਰਦੇ ਹੋਏ ਡੇਰਾ ਸਿਰਸਾ ਦੇ ਬੁਲਾਰੇ ਡਾ. ਆਦਿਤ ਇੰਸਾਂ ਨੇ ਕਿਹਾ ਕਿ ਅਦਾਲਤ ਜੋ ਵੀ ਫੈਸਲਾ ਸੁਣਾਏਗੀ ਉਹ ਸਾਨੂੰ ਪ੍ਰਵਾਨ ਹੋਏਗਾ।
ਅਦਾਲਤ ਨੇ ਰਾਮ ਰਹੀਮ ਨੂੰ ਕਿਹਾ ਕਿ ਫੈਸਲਾ ਸੁਣਾਏ ਜਾਣ ਵੇਲੇ ਉਹ ਅਦਾਲਤ ‘ਚ ਮੌਜੂਦ ਹੋਵੇ। 2002 ‘ਚ ਰਾਮ ਰਹੀਮ ‘ਤੇ ਉਸਦੀਆਂ ਦੋ ਪੈਰੋਕਾਰ ਸਾਧਵੀਆਂ ਵਲੋਂ ਡੇਰੇ ਵਿਚ ਬਲਾਤਕਾਰ ਅਤੇ ਸੋਸ਼ਣ ਕੀਤੇ ਜਾਣ ਦਾ ਮੁਕੱਦਮਾ ਦਰਜ ਕਰਵਾਇਆ ਸੀ।
ਇਸ ਮਾਮਲੇ ‘ਚ ਰਾਮ ਰਹੀਮ ‘ਤੇ 2007 ‘ਚ ਦੋਸ਼ ਤੈਅ ਹੋਏ ਸੀ। ਸੀਬੀਆਈ ਨੇ ਦੋਵਾਂ ਔਰਤਾਂ ਦੇ ਬਿਆਨ ਦਰਜ ਕੀਤੇ ਸੀ।
ਰਾਮ ਰਹੀਮ ਦੇ ਪੈਰੋਕਾਰ ਖੁਦ ਨੂੰ ‘ਪ੍ਰੇਮੀ’ ਕਹਿੰਦੇ ਹਨ। ਮੀਡੀਆ ਰਿਪੋਰਟਾਂ ਮੁਤਾਬਕ ਪੁਲਿਸ ਨੂੰ ਸ਼ੱਕ ਹੈ ਰਾਮ ਰਹੀਮ ਦੇ ਹਜ਼ਾਰਾਂ ਸਮਰਥਕ ਪੰਚਕੁਲਾ ‘ਚ ਸੀਬੀਆਈ ਅਦਾਲਤ ‘ਚ ਫੈਸਲੇ ਵਾਲੇ ਦਿਨ ਪਹੁੰਚ ਸਕਦੇ ਹਨ। ਚੰਡੀਗੜ੍ਹ ਪੁਲਿਸ ਮੁਤਾਬਕ ਇਸੇ ਸ਼ੱਕ ਕਰਕੇ ਪਹਿਲਾਂ ਤੋਂ ਤਿਆਰੀ ਕੀਤੀ ਹੋਈ ਹੈ। ਚੰਡੀਗੜ੍ਹ ਪੁਲਿਸ ਨੇ ਪ੍ਰੈਸ ਬਿਆਨ ਜਾਰੀ ਕਰਕੇ ਦੱਸਿਆ ਕਿ ਸੈਕਟਰ 16 ਦੇ ਸਟੇਡੀਅਮ ਨੂੰ ਕੰਮ ਚਲਾਊ ਜੇਲ੍ਹ ਬਣਾਇਆ ਗਿਆ ਹੈ।
ਪੁਲਿਸ ਨੂੰ ਸ਼ੱਕ ਹੈ ਕਿ ਜੇ ਇਸ ਮਾਮਲੇ ‘ਚ ਫੈਸਲਾ ਗੁਰਮੀਤ ਰਾਮ ਰਹੀਮ ਦੇ ਹੱਕ ‘ਚ ਨਹੀਂ ਹੁੰਦਾ ਤਾ ਪ੍ਰੇਮੀ ਹਿੰਸਾ ਸ਼ੁਰੂ ਕਰ ਸਕਦੇ ਹਨ। ਡੇਰੇ ਦੇ ਕਈ ਹਮਾਇਤੀਆਂ ਦਾ ਕਹਿਣਾ ਹੈ ਕਿ ਸਾਡੇ “ਪਿਤਾ ਜੀ” ਨੂੰ ਅਦਾਲਤ ‘ਚ ਪੇਸ਼ ਨਹੀਂ ਹੋਣਾ ਚਾਹੀਦਾ।
ਮੀਡੀਆ ਨਾਲ ਗੱਲ ਕਰਦੇ ਹੋਏ ਪੰਚਕੁਲਾ ਦੇ ਏਸੀਪੀ ਮੁਕੇਸ਼ ਮਲਹੋਤਰਾ ਨੇ ਦੱਸਿਆ ਕਿ ਰਾਮ ਰਹੀਮ ਦੇ ਹਮਾਇਤੀ ਵੱਡੀ ਗਿਣਤੀ ‘ਚ ਪੰਚਕੁਲਾ ਪਹੁੰਚ ਰਹੇ ਹਨ। ਏਸੀਪੀ ਨੇ ਦਾਅਵਾ ਕੀਤਾ ਕਿ ਸਾਡੀ ਵੀ ਪੂਰੀ ਤਿਆਰੀ ਹੈ। ਉਸਨੇ ਕਿਹਾ ਕਿ ਸ਼ਹਿਰ ‘ਚ ਨੀਮ ਫੌਜੀ ਦਸਤਿਆਂ ਦੀਆਂ ਕਈ ਕੰਪਨੀਆਂ ਤੈਨਾਤ ਕੀਤੀਆਂ ਗਈਆਂ ਹਨ ਅਤੇ ਪੁਲਿਸ ਨੇ ਦੋ ਨਵੇਂ ਕੰਟਰੋਲ ਰੂਮ ਵੀ ਬਣਾਏ ਹਨ।
ਪੰਚਕੁਲਾ ਜ਼ਿਲ੍ਹਾ ਅਦਾਲਤ ਚੌਗਿਰਦੇ ‘ਚ ਗੱਡੀਆਂ ਦੇ ਆਉਣ ਜਾਣ ‘ਤੇ ਪਾਬੰਦੀ ਲਾ ਦਿੱਤੀ ਗਈ ਹੈ। ਪੰਚਕੁਲਾ ਦੇ ਸੀਨੀਅਰ ਪੁਲਿਸ ਅਧਿਕਾਰੀ ਅਸ਼ੋਕ ਕੁਮਾਰ ਨੇ ਦੱਸਿਆ ਕਿ ਇਹ ਪਾਬੰਦੀ ਵੀਰਵਾਰ ਅਤੇ ਸ਼ੁੱਕਰਵਾਰ ਤਕ ਜਾਰੀ ਰਹੇਗੀ।
ਇਹ ਵੀ ਚਰਚਾ ਹੈ ਕਿ ਪੰਚਕੁਲਾ ‘ਚ ਦੋ ਦਿਨ ਇੰਟਰਨੈਟ ਸੇਵਾ ਬੰਦ ਕਰ ਦਿੱਤੀ ਜਾਏਗੀ। ਹਾਲਾਂਕਿ ਪੰਚਕੁਲਾ ਦੇ ਕਾਨੂੰਨ ਵਿਵਸਥਾ ਦੇ ਏਸੀਪੀ ਅਜੈ ਕੁਮਾਰ ਨੇ ਕਿਹਾ ਅਜਿਹਾ ਕੋਈ ਫੈਸਲਾ ਹਾਲੇ ਨਹੀਂ ਲਿਆ ਗਿਆ ਹੈ।
ਹਰਿਆਣਾ ਦੇ ਪੁਲਿਸ ਮੁਖੀ ਬੀਐਸ ਸੰਧੂ ਨੇ ਜਨਤਕ ਅਪੀਲ ਕੀਤੀ ਹੈ ਕਿ ਸਿਰਸਾ ਤੋਂ ਪੰਚਕੁਲਾ ਤਕ ਪੁਲਿਸ ਪੂਰੀ ਤਰ੍ਹਾਂ ਮੁਸਤੈਦ ਹੈ। ਨਾਜ਼ੁਕ ਇਲਾਕਿਆਂ ਦੇ ਰੂਪ ‘ਚ ਹਿਸਾਰ, ਫਤਿਹਾਬਾਦ, ਜੀਂਦ, ਕੈਥਲ ਅਤੇ ਕੁਰੂਸ਼ੇਤਰ ਦੀ ਪਛਾਣ ਕੀਤੀ ਗਈ ਹੈ।
ਰਾਮ ਰਹੀਮ ‘ਤੇ ਇਕ ਪੱਤਰਕਾਰ ਦੇ ਕਤਲ ਦਾ ਵੀ ਮੁਕੱਦਮਾ ਚੱਲ ਰਿਹਾ ਹੈ। ਦੱਸਿਆ ਜਾਂਦਾ ਹੈ ਕਿ ਰਾਮ ਚੰਦ ਛਤਰਪਤੀ ਨਾਂ ਦਾ ਇਹ ਪੱਤਰਕਾਰ ਪਹਿਲਾਂ ਉਸਦਾ ਪੈਰੋਕਾਰ ਸੀ। ਇਸ ਮਾਮਲੇ ‘ਚ ਵੀ ਸ਼ਨੀਵਾਰ ਨੂੰ ਅਦਾਲਤ ‘ਚ ਸੁਣਵਾਈ ਸੀ ਪਰ ਰਾਮ ਰਹੀਮ “ਸਿਹਤ ਖਰਾਬ” ਹੋਣ ਕਰਕੇ ਅਦਾਲਤ ‘ਚ ਹਾਜ਼ਰ ਨਹੀਂ ਹੋਇਆ। ਹੁਣ ਇਸਦੀ ਸੁਣਵਾਈ 16 ਸਤੰਬਰ ਨੂੰ ਹੋਣੀ ਹੈ।
ਬੀਬੀਸੀ ਦੀ ਰਿਪੋਰਟ ਮੁਤਾਬਕ ਰਾਮ ਰਹੀਮ ਨੂੰ ਭਾਜਪਾ ਦਾ ਕਰੀਬੀ ਵੀ ਮੰਨਿਆ ਜਾਂਦਾ ਹੈ। ਹਰਿਆਣਾ ਵਿਧਾਨ ਸਭਾ ਚੋਣਾਂ ਡੇਰਾ ਸਿਰਸਾ ਨੇ ਭਾਜਪਾ ਨੂੰ ਵੋਟਾਂ ਪਾਉਣ ਦੀ ਅਪੀਲ ਕੀਤੀ ਸੀ।
ਇਸ ਦੌਰਾਨ ਹਰਿਆਣਾ ਰੋਡਵੇਜ਼ ਨੇ ਪੰਚਕੁਲਾ ਜਾਣ ਵਾਲੀ ਆਪਣੀ ਬੱਸ ਸੇਵਾ 25 ਤਕ ਬੰਦ ਕਰ ਦਿੱਤੀ ਹੈ।
Related Topics: Anti-Sikh Deras, Dera Sauda Sirsa, Haryana Police, Punjab Police, ram rahim rape case