Site icon Sikh Siyasat News

ਗੁਰਬਾਣੀ ਦਾ ਨਿਰਾਦਰ ਸਿੱਖ ਰਵਾਇਤਾਂ ‘ਤੇ ਪਹਿਰਾ ਦੇਣ ਨਾਲ ਹੀ ਰੁਕ ਸਕਦਾ: ਯੂਨਾਈਟਿਡ ਖਾਲਸਾ ਦਲ ਯੂ.ਕੇ.

ਲੰਡਨ: ਪੰਜਾਬ ਵਿਚ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਨਿਰੰਤਰ ਹੋ ਰਹੀ ਹੈ। ਇਹ ਹਿਰਦੇਵੇਧਕ ਵਰਤਾਰਾ ਰੁਕਣ ਦਾ ਨਾਮ ਨਹੀਂ ਲੈ ਰਿਹਾ ਹੈ। ਯੂਨਾਈਟਿਡ ਖਾਲਸਾ ਦਲ ਯੂ.ਕੇ. ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲੀ ਬਲਵਿੰਦਰ ਕੌਰ ਘਵੱਦੀ ਨੂੰ ਸਿੱਖ ਰਵਾਇਤਾਂ ਅਨੁਸਾਰ ਪ੍ਰਾਪਤ ਹੋਈ ਸਜ਼ਾ ਨੂੰ ਹਰ ਪੱਖ ਤੋਂ ਦਰੁੱਸਤ ਅਤੇ ਸਮੇਂ ਦੀ ਖਾਸ ਲੋੜ ਕਰਾਰ ਦਿੱਤਾ ਗਿਆ। ਦਲ ਦੇ ਪ੍ਰਧਾਨ ਨਿਰਮਲ ਸਿੰਘ ਸੰਧੂ, ਜਨਰਲ ਸਕੱਤਰ ਲਵਸਿ਼ੰਦਰ ਸਿੰਘ ਡੱਲੇਵਾਲ ਅਤੇ ਪ੍ਰੈਸ ਸਕੱਤਰ ਬਲਵਿੰਦਰ ਸਿੰਘ ਢਿੱਲੋਂ ਵਲੋਂ ਗੁਰੂ ਸਾਹਿਬ ਦੇ ਅਪਮਾਨ ਦਾ ਬਦਲਾ ਲੈਣ ਵਾਲੇ ਯੋਧਿਆਂ ਦੀ ਡੱਟ ਕੇ ਪ੍ਰਸੰਸਾ ਕੀਤੀ ਗਈ।

ਲਵਸਿ਼ੰਦਰ ਸਿੰਘ ਡੱਲੇਵਾਲ (ਫਾਈਲ ਫੋਟੋ)

ਗੁਰਬਾਣੀ ਦਾ ਨਿਰਾਦਰ ਕਰਨ ਵਾਲੇ ਇਹਨਾਂ ਦੋਸ਼ੀਆਂ ਪ੍ਰਤੀ ਸਰਕਾਰ ਦਾ ਰਵੱਈਆ ਸਖਤ ਹੁੰਦਾ ਤਾਂ ਬੇਅਦਬੀ ਦੀਆਂ ਘਟਨਾਵਾਂ ਰੁਕ ਸਕਦੀਆਂ ਸਨ, ਪਰ ਸਰਕਾਰ ਜਾਣਬੁੱਝ ਕੇ ਦੋਸ਼ੀਆਂ ਪ੍ਰਤੀ ਘੇਸਲ ਮਾਰੀ ਹੋਈ ਹੈ। ਪੰਜਾਬ ਪੁਲਿਸ ਵਲੋਂ ਬਲਵਿੰਦਰ ਕੌਰ ਨੂੰ ਚਾਹਟਾ ਛਕਾਉਣ ਵਾਲੇ ਯੋਧਿਆਂ ਦੀ ਪਹਿਚਾਣ ਬੜੀ ਜਲਦੀ ਕਰਨ ਦਾ ਦਾਅਵਾ ਕਰ ਦਿੱਤਾ ਪਰ ਗੁਰੁ ਗ੍ਰੰਥ ਸਾਹਿਬ ਜੀ ਦਾ ਅਪਮਾਨ ਕਰਨ ਵਾਲੇ ਦੁਸ਼ਟ ਇਸ ਪੁਲਿਸ ਨੂੰ 14 ਮਹੀਨਿਆਂ ਵਿੱਚ ਵੀ ਨਹੀਂ ਲੱਭੇ।

ਯੂਨਾਈਟਿਡ ਖਾਲਸਾ ਦਲ ਯੂ.ਕੇ. ਵਲੋਂ ਆਖਿਆ ਗਿਆ ਕਿ ਗੁਰਬਾਣੀ ਦੇ ਨਿਰਾਦਰ ਦੀਆਂ ਘਟਨਾਵਾਂ ਪਿੱਛੇ ਬਾਦਲਕਿਆਂ ਦੇ ਭ੍ਰਿਸ਼ਟ ਲਾਣੇ ਅਤੇ ਇਹਨਾਂ ਦੀਆਂ ਏਜੰਸੀਆਂ ਦਾ ਹੱਥ ਹੋਣ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ। ਕਿਉਂਕਿ ਜਿਹੜੇ ਲੋਕ ਦਰਬਾਰ ਸਾਹਿਬ ‘ਤੇ ਫੌਜੀ ਹਮਲਾ ਕਰਨ ਲਈ ਭਾਰਤੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਹਰੀ ਝੰਡੀ ਦੇ ਸਕਦੇ ਹਨ ਉਹ ਗੁਰੁ ਗ੍ਰੰਥ ਸਾਹਿਬ ਜੀ ਦਾ ਅਪਮਾਨ ਵੀ ਕਰ ਸਕਦੇ ਹਨ ਜਾਂ ਕਰਵਾ ਸਕਦੇ ਹਨ। ਦਰਬਾਰ ਸਾਹਿਬ ‘ਤੇ 1984 ਵਿੱਚ ਹੋਏ ਫੌਜੀ ਹਮਲੇ ਦੀ ਵਿਉਂਤਬੰਦੀ ਲਈ ਪ੍ਰਕਾਸ਼ ਬਾਦਲ ਦੀਆਂ ਚੰਡੀਗੜ੍ਹ ਵਿੱਖੇ ਦਸ ਅਤੇ ਸਤਾਰਾਂ ਸੈਕਟਰ ਵਿੱਚ ਸਥਿਤ ਕੋਠੀਆਂ ਵਿੱਚ ਮੀਟਿੰਗਾਂ ਹੁੰਦੀਆਂ ਰਹੀਆਂ ਹਨ। ਜਿਹਨਾਂ ਵਿੱਚ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੂੰ ਖਤਮ ਕਰਨ ਲਈ ਇਹਨਾਂ ਨੇ ਭਾਰਤ ਸਰਕਾਰ ਦੇ ਕਰਿੰਦਿਆਂ ਨਾਲ ਸਕੀਮਾਂ ਬਣਾਈਆਂ 24 ਮਈ 1984 ਨੂੰ ਇੰਦਰਾ ਦੇ ਸਹਾਇਕ ਆਰ.ਕੇ ਧਵਨ ਨੂੰ ਜਲਦੀ ਤੋਂ ਜਲਦੀ ਕਾਰਵਾਈ ਕਰਨ ਲਈ ਚਿੱਠੀ ਲਿਖੀ ਜਿਸਦੇ ਫਲਸਰੂਪ ਸਿੱਖ ਤਵਾਰੀਖ ਵਿੱਚ ਤੀਜਾ ਖੂਨੀ ਘੱਲੂਘਾਰਾ ਵਾਪਰਿਆ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version