April 21, 2018 | By ਸਿੱਖ ਸਿਆਸਤ ਬਿਊਰੋ
ਫ਼ਤਹਿਗੜ੍ਹ ਸਾਹਿਬ: ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਭਾਰਤ ਸਰਕਾਰ ‘ਤੇ ਗੰਭੀਰ ਇਲਜ਼ਾਮ ਲਾਉਂਦਿਆਂ ਕਿਹਾ ਕਿ ਜਿਵੇਂ ਸਿੱਖ ਸਿਆਸੀ ਕੈਦੀ ਭਾਰੀ ਹਰਮਿੰਦਰ ਸਿੰਘ ਮਿੰਟੂ ਨੂੰ ਸਾਜਿਸ਼ ਅਧੀਨ ਮਾਰਿਆ ਗਿਆ ਉਵੇਂ ਹੀ ਬੁੜੈਲ ਜੇਲ੍ਹ ਵਿਚ ਨਜ਼ਰਬੰਦ ਭਾਰੀ ਜਗਤਾਰ ਸਿੰਘ ਤਾਰਾ ਨੂੰ ਵੀ ਮਾਰਨ ਦੀ ਸਾਜਿਸ਼ ਰਚੀ ਜਾ ਰਹੀ ਹੈ।
ਅੱਜ ਇਕ ਪ੍ਰੈਸ ਬਿਆਨ ਜਾਰੀ ਕਰਦਿਆਂ ਪਾਰਟੀ ਨੇ ਕਿਹਾ ਕਿ, “ਬੁੜੈਲ ਜੇਲ੍ਹ ਦੇ ਸੰਬੰਧਤ ਅਧਿਕਾਰੀਆ ਜਿਨ੍ਹਾਂ ਵਿਚ ਸੂਪਰਡੈਂਟ ਸ੍ਰੀ ਐਸ.ਕੇ. ਜੈਨ, ਪ੍ਰੋਮੋਦ ਖੱਤਰੀ ਨਾਈਕ ਸੂਪਰਡੈਟ, ਜੈ ਕਿਸਨ ਹੈੱਡ ਵਾਰਡਨ, ਧਰਮਪਾਲ ਹੈੱਡ ਵਾਰਡਨ, ਦੀਪ ਕੁਮਾਰ ਵਾਰਡਨ ਅਤੇ ਡਾ. ਨੀਨਾ ਚੌਧਰੀ ਵੱਲੋਂ ਸਰਕਾਰੀ ਸਾਜਿ਼ਸ ਨੂੰ ਨੇਪਰੇ ਚਾੜ੍ਹਨ ਲਈ ਜੋ ਅਮਲ ਕੀਤੇ ਜਾ ਰਹੇ ਹਨ, ਉਹ ਸਿੱਖ ਕੌਮ ਲਈ ਜਿਥੇ ਅਸਹਿ ਹਨ, ਉਥੇ ਸਿੱਖ ਕੌਮ ਅਜਿਹੀ ਸਿੱਖ ਕੌਮ ਪ੍ਰਤੀ ਮੰਦਭਾਵਨਾ ਰੱਖਣ ਵਾਲੀ ਅਫ਼ਸਰਸ਼ਾਹੀ ਅਤੇ ਹੁਕਮਰਾਨਾਂ ਨੂੰ ਖ਼ਬਰਦਾਰ ਕਰਦੀ ਹੈ ਕਿ ਜੇਕਰ ਅਜਿਹੀ ਸਾਜਿ਼ਸ ਨੂੰ ਨੇਪਰੇ ਚਾੜ੍ਹਨ ਦੀ ਗੱਲ ਕੀਤੀ ਗਈ ਤਾਂ ਇਸਦੇ ਨਿਕਲਣ ਵਾਲੇ ਮਾਰੂ ਨਤੀਜਿਆ ਲਈ ਸ੍ਰੀ ਮੋਦੀ ਹਕੂਮਤ, ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਹਕੂਮਤ, ਬੀਜੇਪੀ-ਆਰ.ਐਸ.ਐਸ. ਅਤੇ ਫਿਰਕੂ ਜਮਾਤਾਂ ਸਿੱਧੇ ਤੌਰ ਤੇ ਜਿ਼ੰਮੇਵਾਰ ਹੋਣਗੀਆ ।”
ਪ੍ਰੈਸ ਬਿਆਨ ਅਨੁਸਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸੈਂਟਰ ਦੀ ਮੋਦੀ ਹਕੂਮਤ, ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਹਕੂਮਤ ਅਤੇ ਚੰਡੀਗੜ੍ਹ ਬੁੜੈਲ ਜੇਲ੍ਹ ਦੇ ਸੰਬੰਧਤ ਅਧਿਕਾਰੀਆ ਨੂੰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਸਿੱਖ ਕੌਮ ਵੱਲੋਂ ਖ਼ਬਰਦਾਰ ਕਰਦੇ ਹੋਏ ਉਪਰੋਕਤ ਵਿਚਾਰ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਇਹ ਬਹੁਤ ਹੀ ਦੁੱਖ ਤੇ ਅਫ਼ਸੋਸ ਵਾਲੇ ਅਮਲ ਹੋਏ ਹਨ ਕਿ ਇਕੋ ਵਿਧਾਨ ਅਤੇ ਇਕੋ ਕਾਨੂੰਨ ਤੇ ਪ੍ਰਬੰਧ ਹੇਠ ਕਾਤਲ ਅਤੇ ਦੋਸ਼ੀ ਹਿੰਦੂ ਦਹਿਸਤਗਰਦਾਂ ਨੂੰ ਵਾਰੋ-ਵਾਰੀ ਇਥੋਂ ਦੀਆਂ ਅਦਾਲਤਾਂ, ਜੱਜ ਅਤੇ ਕਾਨੂੰਨ ਆਨੇ-ਬਹਾਨੇ ਵੱਡੇ ਦੋਸ਼ਾਂ ਵਿਚੋਂ ਬਰੀ ਕਰ ਰਹੀਆ ਹਨ । ਜਦੋਂਕਿ ਘੱਟ ਗਿਣਤੀ ਕੌਮ ਸਿੱਖ ਕੌਮ ਨਾਲ ਸੰਬੰਧਤ ਉਨ੍ਹਾਂ ਨੌਜ਼ਵਾਨਾਂ ਜਿਨ੍ਹਾਂ ਨੇ ਕੋਈ ਗੁਨਾਹ ਨਹੀਂ ਕੀਤਾ ਕੇਵਲ ਕੌਮੀ ਸੰਘਰਸ਼ ਅਤੇ ਕੌਮ ਉਤੇ ਹੋ ਰਹੇ ਜ਼ਬਰ-ਜੁਲਮ ਨੂੰ ਨਾ ਸਹਾਰਦੇ ਹੋਏ ਆਵਾਜ਼ ਉਠਾਈ ਜਾਂ ਰੋਸ ਵੱਜੋ ਕਾਰਵਾਈ ਕੀਤੀ, ਉਨ੍ਹਾਂ ਨੂੰ ਮੰਦਭਾਵਨਾ ਅਧੀਨ ਅਤੇ ਵਿਤਕਰੇ ਭਰੀਆ ਕਾਰਵਾਈਆ ਅਧੀਨ ਫ਼ਾਂਸੀਆਂ, ਉਮਰ ਕੈਦ ਦੀਆਂ ਸਜ਼ਾਵਾਂ ਜਾਂ ਸਾਜ਼ਸੀ ਢੰਗਾਂ ਨਾਲ ਜੇਲ੍ਹਾਂ ਵਿਚ ਉਨ੍ਹਾਂ ਨੂੰ ਖ਼ਤਮ ਕਰਨ ਦੇ ਅਮਲ ਕੀਤੇ ਜਾ ਰਹੇ ਹਨ । ਅਜਿਹੇ ਅਮਲ ਕੌਮਾਂਤਰੀ ਕਾਨੂੰਨਾਂ, ਨਿਯਮਾਂ ਅਤੇ ਮਨੁੱਖੀ ਅਧਿਕਾਰਾਂ ਦੇ ਸਿਧਾਤਾਂ ਦੀ ਹੀ ਘੋਰ ਉਲੰਘਣ ਨਹੀਂ, ਬਲਕਿ ਵੈਹਸੀਆਣਾ ਢੰਗ ਨਾਲ ਬਹੁਗਿਣਤੀ ਹਿੰਦੂਆਂ ਵੱਲੋਂ ਕੀਤੇ ਜਾ ਰਹੇ ਅਪਰਾਧਾ ਜਾਂ ਜੁਰਮਾਂ ਨੂੰ ਵੀ ਬਹੁਗਿਣਤੀ ਨਾਲ ਸੰਬੰਧਤ ਵਕੀਲ ਅਤੇ ਸਿਆਸਤਦਾਨ ਪਿੱਠ ਪੂਰ ਰਹੇ ਹਨ । ਇਥੇ ਇਹ ਵਰਣਨ ਕਰਨਾ ਜ਼ਰੂਰੀ ਹੈ ਕਿ ਬੀਤੇ ਕੁਝ ਦਿਨ ਪਹਿਲੇ ਜੰਮੂ-ਕਸ਼ਮੀਰ ਦੇ ਕਠੂਆ ਵਿਖੇ 8 ਸਾਲਾ ਮਾਸੂਮ ਬੱਚੀ ਆਸਿਫਾ ਨਾਲ ਜ਼ਬਰ-ਜਿ਼ਨਾਹ ਕਰਨ ਉਪਰੰਤ ਉਸ ਨੂੰ ਮਾਰ ਦੇਣ ਦੇ ਦੋਸ਼ੀ ਹਿੰਦੂਆਂ ਨੂੰ ਵੀ ਬਣਦੀਆ ਸਜ਼ਾਵਾਂ ਦੇਣ ਦੀ ਬਜਾਇ ਇਥੋਂ ਦੇ ਜੱਜ, ਅਦਾਲਤਾਂ ਸਬੂਤਾਂ ਦੀ ਘਾਟ ਦਾ ਬਹਾਨਾ ਬਣਾਕੇ ਬਰੀ ਕਰ ਸਕਦੇ ਹਨ । ਫਿਰ ਇਥੇ ਕਾਨੂੰਨ, ਜੱਜ ਤੇ ਅਦਾਲਤਾਂ ਦਾ ਕੀ ਮਹੱਤਵ ਰਹਿ ਗਿਆ ਹੈ ?
ਪ੍ਰੈਸ ਬਿਆਨ ਵਿਚ ਕਿਹਾ ਗਿਆ ਹੈ ਕਿ ਇਥੋਂ ਦੀ ਹਿੰਦੂ ਪ੍ਰੈਸ ਜਿਨ੍ਹਾਂ ਵਿਚ ਅੰਗਰੇਜ਼ੀ ਦੇ ਹਿੰਦੂਸਤਾਨ ਟਾਈਮਜ਼, ਦਾ ਟ੍ਰਿਬਿਊਨ, ਇੰਡੀਅਨ ਐਕਸਪ੍ਰੈਸ ਅਤੇ ਟਾਈਮਜ਼ ਆਫ਼ ਇੰਡੀਆਂ ਤੇ ਹੋਰ ਮੀਡੀਏ ਵੱਲੋਂ ਇਕ ਸੋਚੀ ਸਮਝੀ ਸਾਜਿ਼ਸ ਅਧੀਨ ‘ਸਰਬੱਤ ਦਾ ਭਲਾ’ ਚਾਹੁੰਣ ਵਾਲੀ ਅਤੇ ਹਰ ਕੌਮ, ਫਿਰਕੇ, ਧਰਮ ਜਿਸ ਨਾਲ ਵੀ ਹੁਕਮਰਾਨ ਬੇਇਨਸਾਫ਼ੀ ਕਰਦੇ ਹਨ, ਉਸਦੇ ਹੱਕ ਵਿਚ ਖੜ੍ਹਨ ਵਾਲੀ ਸਿੱਖ ਕੌਮ ਨੂੰ ਅੱਤਵਾਦੀ, ਗਰਮਦਲੀਏ, ਸਰਾਰਤੀ ਅਨਸਰ, ਵੱਖਵਾਦੀ ਆਦਿ ਬੁਰਾਈ ਵਾਲੇ ਨਾਮ ਦੇ ਕੇ ਨਿਰੰਤਰ ਬਦਨਾਮ ਕਰਨ ਅਤੇ ਫਿਰ ਉਨ੍ਹਾਂ ਉਤੇ ਪੁਲਿਸ ਅਤੇ ਸਰਕਾਰੀ ਦਹਿਸਤਗਰਦੀ ਕਰਨ ਲਈ ਮਾਹੌਲ ਤਿਆਰ ਕਰ ਰਹੇ ਹਨ । ਜਦੋਂਕਿ ਸਿੱਖ ਕੌਮ ਦਾ ਉਪਰੋਕਤ ਕਿਸੇ ਵੀ ਬੁਰੀ ਕਾਰਵਾਈ ਨਾਲ ਰਤੀਭਰ ਵੀ ਨਾ ਤਾਂ ਕੋਈ ਸੰਬੰਧ ਪਹਿਲੇ ਰਿਹਾ ਹੈ ਅਤੇ ਨਾ ਹੀ ਅੱਜ ਹੈ । ਉਨ੍ਹਾਂ ਕਿਹਾ ਕਿ ਜੇਕਰ ਇਥੋਂ ਦੀ ਪ੍ਰੈਸ ਸਿੱਖਾਂ ਨੂੰ ਬਦਨਾਮ ਕਰਨ ਲਈ ਉਪਰੋਕਤ ਬੁਰੇ ਨਾਮਾਂ ਦਾ ਪ੍ਰਚਾਰ ਕਰਦੀ ਹੈ ਤਾਂ ਸਾਨੂੰ ਦੱਸਿਆ ਜਾਵੇ ਕਿ ਜਿਹੜੇ ਹਿੰਦੂ ਸਿਆਸਤਦਾਨ, ਅਫ਼ਸਰਾਨ, ਹੁਕਮਰਾਨ ਹਿੰਦੂ ਵਿਧਾਨ ਦੀ ਧਾਰਾ 14 ਦਾ ਉਲੰਘਣ ਕਰਕੇ ਇਥੋਂ ਦੀਆਂ ਧੀਆਂ-ਭੈਣਾਂ ਨਾਲ ਜ਼ਬਰ-ਜ਼ਨਾਹ ਕਰਦੇ ਹਨ ਅਤੇ ਫਿਰ ਉਨ੍ਹਾਂ ਨੂੰ ਮੌਤ ਦੀ ਘਾਟ ਉਤਾਰ ਦਿੰਦੇ ਹਨ ਅਤੇ ਘੱਟ ਗਿਣਤੀ ਕੌਮਾਂ ਦਾ ਕੱਟੜਵਾਦੀ ਸੋਚ ਅਧੀਨ ਕਤਲੇਆਮ ਤੇ ਨਸ਼ਲਕੁਸੀ ਕਰਦੇ ਆ ਰਹੇ ਹਨ, ਉਨ੍ਹਾਂ ਹਿੰਦੂਆਂ ਨੂੰ ਫਿਰ ਉਪਰੋਕਤ ਪ੍ਰੈਸ ਬਲਾਤਕਾਰੀ ਅਤੇ ਕਾਤਲ ਕਿਉਂ ਨਹੀਂ ਪੁਕਾਰਦੀ ? ਇਹ ਪ੍ਰੈਸ ਅਤੇ ਮੀਡੀਆ ਦੀ ਵੀ ਘੱਟ ਗਿਣਤੀ ਕੌਮਾਂ ਨਾਲ ਵੱਡਾ ਵਿਤਕਰਾ ਤੇ ਜੁਰਮ ਕੀਤਾ ਜਾ ਰਿਹਾ ਹੈ । ਇਸ ਲਈ ਇਥੇ ਵੱਸਣ ਵਾਲੀਆ ਸਭ ਘੱਟ ਗਿਣਤੀ ਕੌਮਾਂ ਨੂੰ ਆਪਣੇ ਜਾਨ-ਮਾਲ ਅਤੇ ਆਪਣੀਆ ਧੀਆਂ-ਭੈਣਾਂ ਦੀ ਪੂਰਨ ਸੁਰੱਖਿਆ ਲਈ ਹੁਣ ਜਾਗਰੂਕ ਹੋ ਕੇ ਆਪਣੇ ਵੋਟ ਹੱਕ ਦੀ ਦ੍ਰਿੜਤਾ ਨਾਲ ਵਰਤੋਂ ਕਰਦੇ ਹੋਏ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ), ਭਾਰਤੀ ਮੁਕਤੀ ਪਾਰਟੀ, ਬਾਮਸੇਫ, ਦਲਿਤ ਤੇ ਪੱਛੜੇ ਵਰਗ, ਐਸ.ਸੀ/ਐਸ.ਟੀ. ਵਰਗਾਂ ਦੇ ਬੀਤੇ ਸਮੇਂ ਵਿਚ ਕੋਰੇਗਾਓ ਵਿਖੇ ਬਣੇ ਸਾਂਝੇ ਪਲੇਟਫਾਰਮ ਨੂੰ ਸਮਰਪਿਤ ਹੋ ਕੇ ਮਨੁੱਖਤਾ ਪੱਖੀ ਅਤੇ ਇਨਸਾਨੀਅਤ ਪੱਖੀ ਇਮਾਨਦਾਰ ਪ੍ਰਤੀਨਿਧਾ ਨੂੰ ਹਕੂਮਤ ਉਤੇ ਬਿਠਾਉਣ ਅਤੇ ਉਪਰੋਕਤ ਸਭ ਵਰਗਾਂ ਦੀ ਬਿਹਤਰੀ ਲਈ ਸਾਂਝੇ ਤੌਰ ਤੇ ਬੇਗਮਪੁਰਾ ਸਹਿਰ ਕੋ ਨਾਓ ਦੀ ਸੋਚ ਅਧੀਨ ਬਣਨ ਜਾ ਰਹੇ ਖ਼ਾਲਿਸਤਾਨ ਲਈ ਇਮਾਨਦਾਰੀ ਤੇ ਦ੍ਰਿੜਤਾ ਨਾਲ ਆਪਣੀ ਜਿ਼ੰਮੇਵਾਰੀ ਨਿਭਾਉਣੀ ਪਵੇਗੀ ਅਤੇ ਜਦੋਂ ਵੀ ਕਿਸੇ ਜੇਲ੍ਹ ਵਿਚ ਜਾਂ ਥਾਣੇ ਆਦਿ ਵਿਚ ਕਿਸੇ ਵੀ ਘੱਟ ਗਿਣਤੀ ਕੌਮ ਦੇ ਕੈਦੀ ਨਾਲ ਭਾਈ ਜਗਤਾਰ ਸਿੰਘ ਤਾਰਾ ਜਾਂ ਭਾਈ ਹਰਮਿੰਦਰ ਸਿੰਘ ਮਿੰਟੂ ਦੀ ਤਰ੍ਹਾਂ ਸਾਜਿ਼ਸ ਦਾ ਸਿਕਾਰ ਬਣਾਉਣ ਦੀ ਗੱਲ ਸਾਹਮਣੇ ਆਉਣ ਲੱਗੇ ਤਾਂ ਉਪਰੋਕਤ ਸਭ ਵਰਗਾਂ ਨੂੰ ਇਸ ਇਨਸਾਨੀਅਤ ਅਤੇ ਸਮਾਜ ਪੱਖੀ ਸੋਚ ਦੀ ਆਵਾਜ਼ ਬਣਕੇ ਕੰਧ ਬਣਕੇ ਖੜ੍ਹਨਾ ਪਵੇਗਾ ਅਤੇ ਅਸੀਂ ਕਿਸੇ ਵੀ ਹੁਕਮਰਾਨ, ਸਿਆਸਤਦਾਨ ਜਾਂ ਅਫ਼ਸਰਾਨ ਨੂੰ ਕਿਸੇ ਵੀ ਘੱਟ ਗਿਣਤੀ ਕੌਮ ਦੇ ਕੈਦੀ ਨਾਲ ਭਾਈ ਹਰਮਿੰਦਰ ਸਿੰਘ ਮਿੰਟੂ ਦੀ ਤਰ੍ਹਾਂ ਮਨੁੱਖਤਾ ਵਿਰੋਧੀ ਅਮਲ ਕਰਨ ਦੀ ਇਜ਼ਾਜਤ ਬਿਲਕੁਲ ਨਹੀਂ ਦੇਵਾਂਗੇ ।
Related Topics: Bhai Jagtar Singh Tara, Simranjeet Singh Mann