July 7, 2018 | By ਸਿੱਖ ਸਿਆਸਤ ਬਿਊਰੋ
ਚੰਡੀਗੜ੍ਹ: ਬਰਗਾੜੀ ਬੇਅਦਬੀ ਕਾਂਡ ਮਾਮਲੇ ਵਿਚ ਸੀਬੀਆਈ ਦੀ ਟੀਮ ਨੇ ਡੇਰਾ ਸਿਰਸਾ ਦੇ ਤਿੰਨ ਮੈਂਬਰਾਂ ਨੂੰ ਆਪਣੀ ਹਿਰਾਸਤ ਵਿਚ ਲੈ ਕੇ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ। ਸੀਬੀਆਈ ਨੇ ਇਹਨਾਂ ਤਿੰਨ ਡੇਰਾ ਪ੍ਰੇਮੀਆਂ ਨੂੰ ਫਰੀਦਕੋਟ ਜੇਲ੍ਹ ਤੋਂ ਪ੍ਰੋਡਕਸ਼ਨ ਵਾਰੰਟ ’ਤੇ ਲੈ ਕੇ ਸੀਬੀਆਈ ਅਦਾਲਤ ਵਿਚ ਪੇਸ਼ ਕਰਕੇ 13 ਜੁਲਾਈ ਤੱਕ ਦਾ ਪੁਲੀਸ ਰਿਮਾਂਡ ਵੀ ਲੈ ਲਿਆ ਹੈ।
ਗੌਰਤਲਬ ਹੈ ਕਿ ਪੰਜਾਬ ਪੁਲਿਸ ਦੀ ਵਿਸ਼ੇਸ਼ ਜਾਂਚ ਟੀਮ ਦੀ ਪੁੱਛਗਿੱਛ ਮਗਰੋਂ ਡੇਰਾ ਸਿਰਸਾ ਦੇ 10 ਪੈਰੋਕਾਰਾਂ ਨੂੰ 19 ਜੂਨ ਨੂੰ ਫ਼ਰੀਦਕੋਟ ਜੇਲ੍ਹ ਭੇਜ ਦਿੱਤਾ ਗਿਆ ਸੀ, ਜਿੱਥੋਂ ਅੱਜ ਸੀਬੀਆਈ ਟੀਮ ਮਹਿੰਦਰਪਾਲ ਬਿੱਟੂ, ਸਨੀ ਅਤੇ ਸ਼ਕਤੀ ਨੂੰ ਪ੍ਰੋਡਕਸ਼ਨ ਵਾਰੰਟ ’ਤੇ ਲੈ ਗਈ ਹੈ। ਸੀਬੀਆਈ ਦੀ ਟੀਮ ਅੱਜ ਸੀਨੀਅਰ ਅਧਿਕਾਰੀ ਦੀ ਅਗਵਾਈ ਵਿੱਚ ਫ਼ਰੀਦਕੋਟ ਜੇਲ੍ਹ ਵਿਚ ਪੁੱਜੀ, ਜਿੱਥੇ ਪ੍ਰੋਡਕਸ਼ਨ ਵਾਰੰਟ ਪਹਿਲਾਂ ਹੀ ਪੁੱਜ ਚੁੱਕੇ ਸਨ। ਹੁਣ ਸੀਬੀਆਈ ਟੀਮ ਵੱਲੋਂ ਬਰਗਾੜੀ ਕਾਂਡ ਦੇ ਸੱਚ ਨੂੰ ਛਾਣਿਆ ਜਾਵੇਗਾ। ਸੀਬੀਆਈ ਨੇ ਮੁੱਢਲੀ ਛਾਣਬੀਣ ਮਗਰੋਂ ਤਿੰਨੋਂ ਪੈਰੋਕਾਰਾਂ ਨੂੰ ਹੀ ਨਿਸ਼ਾਨੇ ’ਤੇ ਰੱਖਿਆ ਹੈ। ਪੁੱਛਗਿੱਛ ਦੇ ਆਧਾਰ ’ਤੇ ਦੂਸਰੇ ਪੈਰੋਕਾਰਾਂ ਨੂੰ ਵੀ ਸੀਬੀਆਈ ਪ੍ਰੋਡਕਸ਼ਨ ਵਾਰੰਟ ’ਤੇ ਲਿਜਾ ਸਕਦੀ ਹੈ। ਵਿਸ਼ੇਸ਼ ਜਾਂਚ ਟੀਮ ਨੇ ਬਰਗਾੜੀ ਕਾਂਡ ਦਾ ਮੁੱਖ ਸੂਤਰਧਾਰ ਮਹਿੰਦਰਪਾਲ ਬਿੱਟੂ ਨੂੰ ਦੱਸਿਆ ਸੀ।
ਦੱਸਣਯੋਗ ਹੈ ਕਿ 1 ਜੂਨ 2015 ਨੂੰ ਫ਼ਰੀਦਕੋਟ ਦੇ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਦੇ ਗੁਰੂ ਘਰ ’ਚੋਂ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਚੋਰੀ ਹੋਏ ਸਨ ਅਤੇ 12 ਅਕਤੂਬਰ ਨੂੰ ਬਰਗਾੜੀ ‘ਚ ਸ੍ਰੀ ਗੁਰੂ ਗਰੰਥ ਸਾਹਿਬ ਦੇ ਅੰਗ ਪਾੜੇ ਹੋਏ ਮਿਲੇ ਸਨ। ਉਸ ਮਗਰੋਂ ਬਰਗਾੜੀ ਵਿੱਚ ਡੇਰਾ ਸਿਰਸਾ ਦੇ ਨਾਮ ਹੇਠ ਪੋਸਟਰ ਵੀ ਲੱਗੇ ਸਨ। ਥਾਣਾ ਬਾਜਾਖਾਨਾ ਵਿੱਚ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਦੇ ਗੁਰੂ ਘਰ ਦੇ ਗ੍ਰੰਥੀ ਗੋਰਾ ਸਿੰਘ ਦੇ ਬਿਆਨਾਂ ’ਤੇ ਸਰੂਪ ਚੋਰੀ ਹੋਣ ਦੇ ਮਾਮਲੇ ‘ਚ 2 ਜੂਨ 2015 ਨੂੰ ਐਫ.ਆਈ.ਆਰ ਨੰਬਰ 62 ਦਰਜ ਹੋਈ ਸੀ। ਉਸ ਮਗਰੋਂ ਡੇਰਾ ਸਿਰਸਾ ਦੇ ਨਾਮ ਹੇਠ ਪੋਸਟਰ ਲਾਏ ਜਾਣ ਦੀ ਥਾਣਾ ਬਾਜਾਖਾਨਾ ਵਿੱਚ 25 ਸਤੰਬਰ 2015 ਨੂੰ ਐਫ.ਆਈ .ਆਰ ਨੰਬਰ 117 ਦਰਜ ਹੋਈ ਸੀ। ਬਰਗਾੜੀ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ ਪਾੜੇ ਜਾਣ ਦੀ 12 ਅਕਤੂਬਰ 2015 ਨੂੰ ਐੱਫਆਈਆਰ ਨੰਬਰ 128 ਦਰਜ ਹੋਈ ਸੀ। ਇਨ੍ਹਾਂ ਤਿੰਨੋਂ ਕੇਸਾਂ ਦੀ ਜਾਂਚ ਸੀਬੀਆਈ ਕੋਲ ਹੈ।
Related Topics: CBI, Dera Sauda Sirsa, Incident of Beadbi of Guru Granth Shaib at Bargar Village