January 31, 2012 | By ਸਿੱਖ ਸਿਆਸਤ ਬਿਊਰੋ
ਬਾਪੂ ਕਸ਼ਮੀਰ ਸਿੰਘ ਪੰਜਵੜ ਜਿਹਨਾਂ ਨੇ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਵੱਲੋਂ ਅਰੰਭੇ ਸਿੱਖ ਸੰਘਰਸ਼ ਦੌਰਾਨ ਸਿੱਖ ਕੌਮ ਦੀ ਸੇਵਾ ਕਰਨ ਲਈ ਆਪਣੇ ਦਿਲ ਦੇ ਟੁੱਕੜੇ ਸ: ਪ੍ਰਮਜੀਤ ਸਿੰਘ ਪੰਜਵੜ ਨੂੰ ਯੋਗਦਾਨ ਪਾਉਣ ਲਈ ਭੇਜਿਆ ਉਦੋਂ ਤੋਂ ਹੀ ਆਪ ਨੇ ਆਪਣੇ ਪਿੰਡੇ ‘ਤੇ ਅਨੇਕਾਂ ਵਾਰੀ ਸਰਕਾਰੀ ਤਸ਼ੱਦਦ ਹੰਡਾਇਆ ਅਤੇ ਆਪ ਦੀ ਧਰਮ ਪਤਨੀ ਮਹਿੰਦਰ ਕੌਰ ਨੂੰ 1992 ਵਿਚ ਪੰਜਾਬ ਪੁਲਿਸ ਨੇ ਜਬਰ ਦਾ ਸ਼ਿਕਾਰ ਬਣਾਇਆ ਅਤੇ ਉਸ ਨੂੰ ਤਰਨ ਤਾਰਨ ਪੁਲਿਸ ਨੇ 6 ਮਹੀਨੇ ਆਪਣੀ ਹਿਰਾਸਤ ਵਿਚ ਰੱਖ ਕੇ ਤਸੀਹ ਦੇ ਕੇ ਸ਼ਹੀਦ ਕਰ ਦਿੱਤਾ ਅਤੇ ਆਪਦਾ ਪਰਿਵਾਰ 1992 ਤੋਂ ਲੈ ਕੇ 1994 ਤੱਕ ਘਰੋਂ ਬੇਘਰ ਹੋ ਗਿਆ। ਬਾਪੂ ਕਸ਼ਮੀਰ ਸਿੰਘ ਦਾ ਘਰ ਪੁਲਿਸ ਨੇ ਢਹਿ ਢੇਰੀ ਕਰ ਦਿੱਤਾ ਤੇ ਸਾਰਾ ਹੀ ਸਮਾਨ, ਪੱਕੀ ਫਸਲ ਤੇ ਰੁੱਖ ਪੰਜਾਬ ਪੁਲਿਸ ਵੱਢ ਕੇ ਲੈ ਗਈ ਅਤੇ ਜ਼ਮੀਨ 2 ਸਾਲ ਬੰਜਰ ਬਣਾ ਦਿੱਤੀ ਗਈ ਅਤੇ 1995 ਵਿਚ ਇਕ ਪੁਲਿਸ ਅਧਿਕਾਰੀ ਨੇ ਆਪ ਦੇ ਪਰਿਵਾਰ ਤੇ ਜਬਰ ਦਾ ਕੁਹਾੜਾ ਚਲਾ ਦਿੱਤਾ ਆਪ ਦੇ ਛੋਟੇ ਲੜਕੇ ਰਾਜਵਿੰਦਰ ਸਿੰਘ ਰਾਜੂ ਨੂੰ ਫਰਵਰੀ 1995 ਵਿਚ ਘਰੋਂ ਚੁੱਕ ਕੇ ਸ਼ਹੀਦ ਕਰ ਦਿੱਤਾ ਅਤੇ ਬਾਪੂ ਕਸ਼ਮੀਰ ਸਿੰਘ ਨੇ ਇਨੀਆਂ ਮੁਸ਼ਕਿਲਾਂ ਦੇ ਬਾਵਜੂਦ ਵੀ ਦਿਲ ਨਹੀਂ ਛੱਡਿਆ। ਕਸ਼ਮੀਰ ਸਿੰਘ ਨੇ ਸਿੱਖ ਕੌਮ ਦੀ ਬਹੁਤ ਸੇਵਾ ਕੀਤੀ ਤੇ ਕਈ ਮੁਸੀਬਤਾਂ ਦਾ ਸਾਹਮਣਾ ਕੀਤਾ ਪਰ ਕਦੇ ਵੀ ਇਹਨਾ ਮੁਸੀਬਤਾਂ ਦੀ ਪ੍ਰਵਾਹ ਨਹੀਂ ਕੀਤੀ। ਉਹ ਪਿਛਲੇ ਦਿਨੀਂ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਕੇ ਹਮੇਸ਼ਾ ਲਈ ਵਾਹਿਗੁਰ ਦੇ ਚਰਨਾਂ ਵਿਚ ਜਾ ਬਿਰਾਜੇ ਸਨ। ਉਨ੍ਹਾਂ ਦੀ ਆਤਮਿਕ ਸ਼ਾਤੀ ਲਈ ਰਖਾਏ ਗਏ ਸ੍ਰੀ ਅਖੰਡ ਪਾਠ ਦਾ ਭੋਗ ਤੇ ਅੰਤਿਮ ਅਰਦਾਸ 31 ਜਨਵਰੀ ਮੰਗਲਵਾਰ ਨੂੰ ਉਨ੍ਹਾਂ ਦੇ ਗ੍ਰਹਿ ਪਿੰਡ ਪੰਜਵੜ ਜ਼ਿਲ੍ਹਾ ਤਰਨਤਾਰਨ ਵਿਖੇ ਹੋਵੇਗੀ।
– ਸਰਬਜੀਤ ਸਿੰਘ ਗੱਗੋਬੂਹਾ
Related Topics: Bapu Kashmir Singh Panjwar, Khalistan, Sikh Struggle