June 27, 2011 | By ਸਿੱਖ ਸਿਆਸਤ ਬਿਊਰੋ
ਨਾਭਾ (27 ਜੂਨ, 2011): ਇਥੋਂ ਦੀ ਬਹੁਤ ਸਖਤ ਸੁਰੱਖਿਆ ਵਾਲੀ ਜੇਲ੍ਹ ਵਿੱਚ ਬੰਦ ਬਖਸ਼ੀਸ ਸਿੰਘ ਉਰਫ ਬਾਬਾ ਸਪੁੱਤਰ ਸ੍ਰ, ਰਤਨ ਸਿੰਘ ਪਿੰਡ ਨਿਜਾਮੀਵਾਲਾ ਬਾਰੇ ਇਹ ਖਬਰ ਮਿਲੀ ਹੈ ਕਿ ਉਹ ਪਿਛਲੇ ਹਫਤੇ ਤੋਂ ਸਖਤ ਬੀਮਾਰ ਹੈ ਅਤੇ ਉਸ ਦੀ ਹਾਲਤ ਬੇਹੱਦ ਚਿੰਤਾਜਨਕ ਬਣ ਚੁੱਕੀ ਹੈ, ਪਰ ਜੇਲ ਪ੍ਰਸਾਸ਼ਨ ਵਲੋਂ ਉਸਦਾ ਢੁੱਕਵਾਂ ਇਲਾਜ ਨਹੀਂ ਕਰਵਾਇਆ ਜਾ ਰਿਹਾ ਜੋ ਕਿ ਸਰਕਾਰ ਦੀ ਬਦਨੀਤੀ ਦਾ ਪ੍ਰਤੀਕ ਜਾਪਦਾ ਹੈ ।
ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬ ਦੇ ਮੁੱਖ ਜੱਜ ,ਰਾਜਪਾਲ ਅਤੇ ਪੰਜਾਬ ਦੇ ਜੇਲ ਇੰਸਪਕੈਟਰ ਜਨਰਲ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਬਖਸ਼ੀਸ ਸਿੰਘ ਦਾ ਇਮਾਨਦਾਰੀ ਨਾਲ ਸਹੀ ਢੰਗ ਨਾਲ ਇਲਾਜ ਕਰਵਾਏ । ਅਗਰ ਉਸਦਾ ਕੋਈ ਜਾਨੀ ਨੁਕਸਾਨ ਹੋਇਆ ਤਾਂ ਪੰਜਾਬ ਸਰਕਾਰ ਸਮੇਤ ਸਮੁੱਚਾ ਜੇਲ ਪ੍ਰਸਾਸ਼ਨ ਜਿੰਮੇਵਾਰ ਹੋਵੇਗਾ ਅਤੇ ਸਿੱਖ ਕੌਮ ਇਸ ਨੂੰ ਬਰਦਾਸ਼ਤ ਨਹੀਂ ਕਰੇਗੀ । ਸਰਕਾਰ ਦੇ ਇਸ ਵਤੀਰੇ ਬਾਰੇ ਸਿੱਖ ਹਲਕਿਆਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ ਤੇ ਇਹ ਖਦਸ਼ਾ ਪ੍ਰਗਟ ਕੀਤਾ ਜਾ ਰਿਹਾ ਹੈ ਕਿ ਇਹ ਅਣਗਹਿਲੀ ਅਤੇ ਟਾਲ ਮਟੋਲ ਸਿਰਸੇ ਵਾਲੇ ਸਾਧ ਰਾਮ ਰਹੀਮ ਦੇ ਇਸ਼ਾਰੇ ਤੇ ਕੀਤੀ ਜਾ ਰਹੀ ਹੈ ।
ਇਹ ਜਾਣਕਾਰੀ ਵੀ ਮਿਲੀ ਹੈ ਕਿ ਵੱਖ ਵੱਖ ਕੇਸਾਂ ਵਿੱਚ ਨਜ਼ਰਬੰਦ ਕੀਤੇ ਗਏ ਗਏ ਬਖਸ਼ੀਸ਼ ਸਿੰਘ ਦੀ ਲੜਕੀ ਹੱਡੀਆਂ ਦੇ ਕੈਂਸਰ ਤੋਂ ਪੀੜ੍ਹਤ ਹੈ ਅਤੇ ਉਸ ਦਾ ਪਰਿਵਾਰ ਆਰਥਿਕ ਮੰਦਹਾਲੀ ਦਾ ਸਿ਼ਕਾਰ ਹੈ । ਜਥੇਦਾਰਾਂ ਵਲੋਂ ਸ੍ਰੀ ਅਕਾਲ ਤਖਤ ਸਾਹਿਬ ਤੋਂ ਸਿਰਸੇ ਅਖੌਤੀ ਸਾਧ ਵਾਲੇ ਖਿਲਾਫ ਹੁਕਮਨਾਮਾ ਜਾਰੀ ਕਰ ਦਿੱਤਾ ਗਿਆ ਪਰ ਜਿਹਨਾਂ ਸੂਰਬੀਰ ਯੋਧਿਆਂ ਨੇ ਇਸ ਨੂੰ ਅਮਲੀ ਜਾਮਾ ਪਹਿਨਾਉਣ ਲਈ ਯਤਨ ਕੀਤੇ ਉਹ ਅੱਜ ਤੱਕ ਜੇਹਲਾਂ ਵਿੱਚ ਬੰਦ ਹਨ ਜਾਂ ਘਰੋਂ ਬੇਘਰ ਹੋ ਚੁੱਕੇ ਹਨ ਜਦਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਜਾਂ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵਲੋਂ ਉਹਨਾਂ ਸਿੰਘ ਦੀ ਕੋਈ ਪੈਰਵਈ ਨਹੀਂ ਕੀਤੀ ਗਈ ।
Related Topics: Sikhs in Jails