ਵਿਦੇਸ਼ » ਸਿਆਸੀ ਖਬਰਾਂ

ਬਾਦਲ ਵੱਲੋਂ 27 ਤਰੀਕ ਦੇ ਇਕੱਠ ਵਿੱਚ ਮੋਰਚੇ ਦੀ ਸ਼ੁਰੂਆਤ ਕਰਕੇ ਕੌਮ ਨੂੰ ਵੰਡਣ ਦੀ ਨੀਂਹ ਰੱਖੀ ਜਾਵੇਗੀ: ਸ਼੍ਰੋਮਣੀ ਸਿੱਖ ਕੌਂਸਲ ਇੰਟਰਨੈਸ਼ਨਲ ਫਰਾਂਸ

July 25, 2014 | By

ਪੈਰਿਸ ( 24 ਜੁਲਾਈ 2014):  ਸ਼੍ਰੋਮਣੀ ਸਿੱਖ ਕੌਂਸਲ ਇੰਟਰਨੈਸ਼ਨਲ ਫਰਾਂਸ ਨੇ ਹਰਿਆਣਾ ਕਮੇਟੀ ਵਿਵਾਦ ‘ਤੇ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਸਿੱਖ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕੌਮ ਦੀ ਨੁੰਮਾਇਦਾ ਸੰਸਥਾ ਮੰਨਦੇ ਹਨ । ਪਰ ਪਿਛਲੇ ਕੁਝ ਸਮੇਂ ਤੇ ਖਾਸ ਕਰਕੇ ਜਦੋਂ ਤੋਂ ਬਾਦਲ ਪਰਿਵਾਰ ਸੱਤਾ ਉੱਤੇ ਕਾਬਜ਼ ਹੈ ਤਾਂ ਉਹਨਾਂ ਨੇ ਆਪਣੇ ਪਰਿਵਾਰ ਦੇ ਰਾਜ ਦੀ ਸਦਾ ਕਾਇਮੀ ਲਈ ਸ਼੍ਰੋਮਣੀ ਕਮੇਟੀ ਦੀ ਆਪਣੇ ਸਿਆਸੀ ਹਿੱਤਾਂ ਲਈ ਵਰਤੋਂ ਕੀਤੀ ।ਸਿੱਖ ਕੌਸਲ ਨੇ ਇਸ ਮਸਲੇ ਤੇ ਸਿੱਖ ਪੰਥ ਵਿੱਚ ਵੰਡੀਆਂ ਪਾ ਕੇ ਆਪਣੇ ਸਿਆਸੀ ਲਾਭ ਲਈ ਬਾਦਲ ਦੇ ਘਟੀਆ ਮਨਸੂਬੇ ਦੀ ਕਰੜੇ ਸ਼ਬਦਾਂ ਵਿੱਚ ਨਿੰਦਾ ਕੀਤੀ ।

ਕੌਂਸਲ ਨੇ ਕਿਹਾ ਕਿ ਕਿਸੇ ਵੀ ਕੌਮ ਜਾਂ ਕੌਮੀ ਸੰਸਥਾ ਵਿੱਚ ਪਈਆਂ ਹੋਈਆਂ ਵੰਡੀਆਂ ਮੰਦਭਾਗੀਆਂ ਹੁੰਦੀਆਂ ਹਨ ਤੇ ਇਸੇ ਤਰਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ਗੁਰਦੁਆਰਿਆਂ ਦੇ ਪ੍ਰਬੰਧ ਨੂੰ ਲੈ ਕੇ ਪਏ ਇਸ ਵਿਵਾਦ ਜਿਸ ਵਿੱਚ ਕਿ ਹਰਿਆਣਾ ਦੇ ਸਿੱਖਾਂ ਨੇ ਵੱਖਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾ ਲਈ ਹੈ, ਇੱਕ ਚਿੰਤਾਜਨਕ ਵਰਤਾਰਾ ਹੈ ।

ਜਿਸ ਤਰਾਂ ਅੱਜ ਬਾਦਲ ਪਰਿਵਾਰ ਸੱਤਾ ਦੇ ਜ਼ੋਰ ਤੇ ਜਾਂ ਲਾਲਚ ਦੇ ਕੇ ਸ਼੍ਰੋਮਣੀ ਕਮੇਟੀ ਨੂੰ ਆਪਣੇ ਹੱਕ ਤੇ ਸਿੱਖਾਂ ਦੇ ਖਿਲਾਫ ਵਰਤਦਾ ਹੈ ਇਸ ਤਰਾਂ ਕੱਲ ਹਰਿਆਣੇ ਦੇ ਸਿੱਖਾਂ ਨੂੰ ਵੀ ਸਿਆਸੀ ਮੁਫਾਦਾਂ ਲਈ ਵਰਤਿਆ ਜਾ ਸਕਦਾ ਹੈ ਕਿਉਂਕਿ ਇਸ ਸਭ ਕੁਝ ਪਿੱਛੇ ਸਿਆਸਤ ਹੀ ਕੰਮ ਕਰ ਰਹੀ ਹੈ ।

ਕੌਂਸਲ ਨੇ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਵੱਲੋਂ ਨਿਭਾਈ ਜਾ ਰਹੀ ਭੂਮਿਕਾ ‘ਤੇ ਦੁੱਖ ਜ਼ਾਹਿਰ ਕਰਦਿਆਂ ਕਿਹਾ ਕਿ ਜਦੋਂ ਸਿੱਖ ਕੌਮ ਕਿਸੇ ਅੰਦਰੂਨੀ ਜਾਂ ਬਾਹਰੀ ਮਸਲੇ ਦੇ ਦਰਪੇਸ਼ ਹੁੰਦੀ ਹੈ ਤਾਂ ਸੁਭਾਵਿਕ ਹੀ ਕੌਮ ਦੇ ਮਸਲਿਆਂ ਦੇ ਹੱਲ ਲੱਭਣ ਲਈ ਸਿੱਖ ਕੌਮ ਸ੍ਰੀ ਅਕਾਲ ਤਖਤ ਸਾਹਿਬ ਦੀ ਅਗਵਾਈ ਵੱਲ ਦੇਖਦੀ ਹੈ । ਪਰ ਇਸ ਨੂੰ ਕੌਮ ਦੀ ਤ੍ਰਾਸਦੀ ਹੀ ਕਿਹਾ ਜਾਵੇਗਾ ਕਿ ਅੱਜ ਸ੍ਰੀ ਅਕਾਲ ਤਖਤ ਸਾਹਿਬ ਦੇ ਮੌਜੂਦਾ ਜਥੇਦਾਰ ਵੀ ਕੌਮ ਦੀ ਭਾਵਨਾਵਾਂ ਦੀ ਪ੍ਰਵਾਹ ਨਾ ਕਰਦੇ ਹੋਏ ਬਾਦਲ ਦੇ ਹੱਥਾਂ ਵਿੱਚ ਹੀ ਖੇਡ ਰਹੇ ਹਨ।

ਵੱਖਰੀ ਕਮੇਟੀ ਬਨਾਉਣ ਵਾਲੇ ਹਰਿਆਣਾ ਦੇ ਸਿੱਖ ਆਗੂਆਂ ਨੂੰ ਬਾਦਲਾਂ ਦੇ ਇਸ਼ਾਰਿਆਂ ਤੇ ਪੰਥ ਵਿੱਚੋਂ ਛੇਕਣਾ ਮੰਦਭਾਗਾ ਹੈ। ਚਾਹੀਦਾ ਤਾਂ ਸੀ ਕਿ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੱਖਾਂ ਵਿੱਚ ਪੈ ਰਹੀ ਦਰਾੜ ਨੂੰ ਰੋਕਣ ਲਈ ਕਦਮ ਚੁੱਕਦੇ ਪਰ ਅਫਸੋਸ ਨਾਲ ਉਹ ਵੀ ਬਾਦਲ ਦੀ ਹੀ ਬੋਲੀ ਬੋਲ ਰਹੇ ਹਨ ਤੇ ਕੌਮ ਨੂੰ ਢਾਹ ਲਗਾ ਰਹੇ ਹਨ ।

ਸ਼੍ਰੋਮਣੀ ਸਿੱਖ ਕੌਂਸਲ ਇੰਟਰਨੈਸ਼ਨਲ ਫਰਾਂਸ ਅਕਾਲ ਤਖਤ ਦੇ ਜਥੇਦਾਰ ਨੂੰ ਵੀ ਬੇਨਤੀ ਕਰਦੀ ਹੈ ਕਿ ਉਹ ਵੀ ਸਮੇਂ ਦੀ ਨਬਜ਼ ਪਛਾਨਣ ਤੇ ਬਾਦਲ ਦੇ ਹੁਕਮ ਮੰਨਣੇ ਛੱਡ ਕੇ ਆਪਣੀ ਪਦਵੀ ਦਾ ਖਿਆਲ ਰੱਖਣ ਤੇ ਇਸ ਪਦਵੀ ਤਹਿਤ ਆਉਂਦੇ ਕੌਮ ਨੂੰ ਇਕਮੁੱਠ ਕਰਨ ਦੇ ਕੰਮ ਲਈ ਉਪਰਾਲੇ ਕਰਨ । ਜੇ ਕੌਮ ਇਕਮੁੱਠ ਹੋਏਗੀ ਤਾਂ ਫਿਰ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਵਰਗੇ ਸਿੱਖ ਵਿੱਚ ਵੰਡੀਆਂ ਪੈਣ ਵਾਲੇ ਮਸਲੇ ਕਦੇ ਵੀ ਸਾਹਮਣੇ ਨਹੀਂ ਆਉਣਗੇ।

ਮੀਡੀਆ ਨੂੰ ਭੇਜੇ ਬਿਆਨ ਵਿੱਚ ਕੌਂਸਲ ਵੱਲੋਂ ਕਿਹਾ ਗਿਆ ਕਿ ਕਿਸੇ ਵੇਲੇ ਸ਼੍ਰੋਮਣੀ ਅਕਾਲੀ ਦਲ ਪੰਥ ਦੇ ਦੁਸ਼ਮਣਾਂ ਖਿਲਾਫ ਮੋਰਚਾ ਲਾਉਂਦਾ ਸੀ ਤੇ ਕਿੱਥੇ ਅੱਜ ਆਪਣੇ ਨਿੱਜੀ ਫਾਇਦੇ ਲਈ ਬਾਦਲਾਂ ਵੱਲੋਂ ਸਿੱਖਾਂ ਖਿਲਾਫ ਹੀ ਮੋਰਚਾ ਖੋਲ ਕੇ ਸਿੱਖਾਂ ਅੰਦਰ ਖਾਨਾਜੰਗੀ ਕਰਵਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ । ਇਸੇ ਮਕਸਦ ਲਈ 27 ਤਰੀਕ ਨੂੰ ਇੱਕ ਇਕੱਠ ਵੀ ਰੱਖਿਆ ਗਿਆ ਹੈ ਜਿਸ ਵਿੱਚ ਕਥਿਤ ਤੌਰ ਤੇ ਮੋਰਚੇ ਦੀ ਸ਼ੁਰੂਆਤ ਕੀਤੀ ਜਾਵੇਗੀ ਭਾਵ ਕੌਮ ਨੂੰ ਵੰਡਣ ਦੀ ਨੀਂਹ ਰੱਖੀ ਜਾਵੇ।

ਇਸ ਸਾਰੇ ਘਟਨਾਕਰਮ ਦੇ ਮੱਦੇਨਜ਼ਰ ਸ਼੍ਰੋਮਣੀ ਸਿੱਖ ਕੌਂਸਲ ਇੰਟਰਨੈਸ਼ਨਲ ਫਰਾਂਸ ਪੰਜਾਬ ਅੰਦਰ ਵਸਦੇ ਸਿੱਖਾਂ ਨੂੰ ਅਪੀਲ ਕਰਦੀ ਹੈ ਕਿ ਉਹ ਬਾਦਲਾਂ ਦੀਆਂ ਸਿੱਖਾਂ ਨੂੰ ਵੰਡਣ ਵਾਲੀਆਂ ਇਹਨਾਂ ਮੱਕਾਰ ਚਾਲਾਂ ਵਿੱਚ ਨਾ ਆਉਣ ਤੇ ਇਸ ਸਿਆਸੀ ਸਟੰਟ ਦਾ ਹਿੱਸਾ ਨਾ ਬਨਣ । ਜੇ ਪੰਜਾਬ ਵਿੱਚ ਵਸਦੇ ਸਿੱਖ ਕੌਮ ਵਿੱਚ ਵੰਡੀਆਂ ਪੈਣ ਤੋਂ ਰੋਕਣਾ ਚਾਹੁੰਦੇ ਹਨ ਤਾਂ ਉਹ ਬਾਦਲਾਂ ਨੂੰ ਪੰਜਾਬ ਦੀ ਸਤਾ ਤੇ ਸਿੱਖ ਸਿਆਸਤ ਵਿੱਚੋਂ ਚਲਦਾ ਕਰ ਦੇਣ ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , ,