October 22, 2015 | By ਸਿੱਖ ਸਿਆਸਤ ਬਿਊਰੋ
ਪਿੰਡ ਪੰਜਗਰਾਈਂ ਦੀ ਪੰਚਾਇਤ ਨੇ ਪੁਲਿਸ ’ਤੇ ਲਾਇਆ ਬੇਕਸੂਰਾਂ ਨੂੰ ਫੜਨ ਦਾ ਦੋਸ਼
ਗਿਆਨੀ ਮੱਲ ਸਿੰਘ ਰਹੇ ਪ੍ਰਕਾਸ਼ ਸਿੰਘ ਬਾਦਲ ਤੋਂ ਪਰੇ ਪਰੇ
ਬਾਦਲ ਦੇ ਜਾਣ ਤੋਂ ਬਾਅਦ ਅਕਾਲੀ ਦਲ ਦੇ ਸਰਕਲ ਪ੍ਰਧਾਨ ਵੱਲੋਂ ਦਿੱਤਾ ਗਿਆ ਅਸਤੀਫਾ
ਅਨੰਦਪੁਰ ਸਾਹਿਬ/ਫਰੀਦਕੋਟ: ਗੁਰੂ ਗ੍ਰੰਥ ਸਾਹਿਬ ਜੀ ਦੀ ਪੰਜਾਬ ਵਿੱਚ ਵੱਖ ਵੱਖ ਥਾਵਾਂ ’ਤੇ ਹੋਈ ਬੇਅਦਬੀ ਤੋਂ ਬਾਅਦ ਸੂਬੇ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਕੱਲ੍ਹ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਪਛਚਾਤਾਪ ਅਰਦਾਸ ਕੀਤੀ ਗਈ। ਪ੍ਰਕਾਸ਼ ਸਿੰਘ ਬਾਦਲ ਨੇਂ ਸੰਗਤਾਂ ਨੂੰ ਸੰਬੋਧਨ ਹੁੰਦਿਆਂ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਨਾਲ ਸੰਬੰਧਿਤ 90 ਫੀਸਦੀ ਕੇਸ ਸੁਲਝਾ ਲਏ ਗਏ ਹਨ।ਉਨ੍ਹਾਂ ਦਾਅਵਾ ਕੀਤਾ ਕਿ ਇਹ ਕੇਸ ਆਮ ਲੋਕਾਂ ਦੀ ਮਦਦ ਨਾਲ ਹੀ ਸੁਲਝਾਏ ਗਏ ਹਨ ਇਸ ਲਈ ਜੇ ਕਿਸੇ ਵਿਅਕਤੀ ਨੂੰ ਕੋਈ ਸ਼ੰਕਾ ਹੋਵੇ ਤਾਂ ਉਹ ਸਬੰਧਿਤ ਪਿੰਡ ਵਿੱਚ ਖੁਦ ਜਾ ਕੇ ਉੱਥੋਂ ਦੇ ਲੋਕਾਂ ਨਾਲ ਗੱਲਬਾਤ ਕਰ ਸਕਦਾ ਹੈ।
ਉਨ੍ਹਾਂ ਕਿਹਾ ਕਿ ਸੂਬੇ ਦੀ ਅਮਨ ਸ਼ਾਂਤੀ ਦੀਆਂ ਦੁਸ਼ਮਣ ਤਾਕਤਾਂ ਸ਼੍ਰੋਮਣੀ ਅਕਾਲੀ ਦਲ-ਭਾਜਪਾ ਗਠਜੋੜ ਸਰਕਾਰ ਨੂੰ ਅਸਥਿਰ ਕਰਨਾ ਚਾਹੁੰਦੀਆਂ ਹਨ।
ਵਿਰੋਧੀ ਧਿਰ ਵੱਲੋਂ ਪੰਜਾਬ ਵਿੱਚ ਰਾਸ਼ਟਰਪਤੀ ਸ਼ਾਸਨ ਲਗਾਏ ਜਾਣ ਦੀ ਮੰਗ ਨੂੰ ਕਰੜੇ ਹੱਥੀਂ ਲੈਂਦਿਆਂ ਕਿਹਾ ਕਿ ਕਾਂਗਰਸ ਤਾਂ ਪੂਰੇ ਦੇਸ਼ ਵਿੱਚ ਰਾਸ਼ਟਰਪਤੀ ਰਾਜ ਲਾਗੂ ਕਰਨ ਬਾਰੇ ਵੀ ਕਹੇਗੀ।
ਬਾਦਲ ਨੇ ਅਸਤੀਫਿਆਂ ਬਾਰੇ ਬੋਲਦੇ ਹੋਏ ਆਖਿਆ ਕਿ ਕੁਝ ਸਿਆਸੀ ਨੇਤਾਵਾਂ ਵੱਲੋਂ ਰਾਜਸੀ ਲਾਭ ਖਾਤਰ ਅਹੁਦਿਆਂ ਤੋਂ ਅਸਤੀਫਾ ਦਿੱਤਾ ਗਿਆ ਹੈ ਜੋ ਕਿ ਮੰਦਭਾਗੀ ਗੱਲ ਹੈ।
ਇਸ ਮੌਕੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿ.ਮੱਲ ਸਿੰਘ ਵੱਲੋਂ ਸੂਬੇ ਵਿੱਚ ਅਮਨ ਸ਼ਾਂਤੀ, ਭਾਈਚਾਰਕ ਏਕਤਾ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਗਈ। ਪਰ ਅੱਜ ਬੇਸ਼ੱਕ ਗਿ.ਮੱਲ ਸਿੰਘ ਸਮਾਗਮ ਵਿੱਚ ਸ਼ਾਮਿਲ ਹੋਣ ਲਈ ਪਹੁੰਚੇ ਸਨ ਪਰ ਉਨ੍ਹਾਂ ਵੱਲੋਂ ਮੁੱਖ ਮੰਤਰੀ ਬਾਦਲ ਦੇ ਨਜ਼ਦੀਕ ਜਾਣ ਤੋਂ ਟਾਲਾ ਵੱਟਿਆ ਗਿਆ।ਇਸ ਗੱਲ ਦੀ ਪੰਡਾਲ ਵਿੱਚ ਖੂਬ ਚਰਚਾ ਹੋਈ। ਪੰਜਾਬੀ ਟ੍ਰਿਬਿਊਨ ਵਿੱਚ ਲੱਗੀ ਖਬਰ ਅਨੁਸਾਰ ਗਿ.ਮੱਲ ਸਿੰਘ ਵੱਲੋਂ ਪ੍ਰਕਾਸ਼ ਸਿੰਘ ਬਾਦਲ ਨਾਲ ਫਤਿਹ ਦੀ ਸਾਂਝ ਵੀ ਨਹੀਂ ਪਾਈ ਗਈ।ਅਰਦਾਸ ਕਰਨ ਤੋਂ ਬਾਅਦ ਗਿ.ਮੱਲ ਸਿੰਘ ਬਾਦਲ ਨੂੰ ਬਿਨ੍ਹਾਂ ਮਿਲੇ ਹੀ ਚਲੇ ਗਏ।
ਇਸ ਮੌਕੇ ਕੈਬਨਿਟ ਮੰਤਰੀ ਡਾ.ਦਲਜੀਤ ਸਿੰਘ ਚੀਮਾ, ਮਦਨ ਮੋਹਨ ਮਿੱਤਲ, ਲੋਕ ਸਭਾ ਮੈਂਬਰ ਪ੍ਰੋ.ਪ੍ਰੇਮ ਸਿੰਘ ਚੰਦੂਮਾਜਰਾ, ਬੀਬੀ ਜਗੀਰ ਕੌਰ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ।
ਪਿੰਡ ਪੰਜਗਰਾਈਂ ਦੀ ਪੰਚਾਇਤ ਨੇ ਪੁਲਿਸ ’ਤੇ ਲਾਇਆ ਬੇਕਸੂਰਾਂ ਨੂੰ ਫੜਨ ਦਾ ਦੋਸ਼:
ਪ੍ਰਕਾਸ਼ ਸਿੰਘ ਬਾਦਲ ਵੱਲੋਂ ਕੀਤੇ ਗਏ ਦਾਅਵੇ ਕਿ ਜੇ ਕਿਸੇ ਨੂੰ ਜਾਂਚ ਬਾਰੇ ਕੋਈ ਸ਼ੱਕ ਹੋਵੇ ਤਾਂ ਉਹ ਪਿੰਡ ਵਿੱਚ ਜਾ ਕੇ ਪਤਾ ਕਰ ਸਕਦਾ ਹੈ।ਪਰ ਕੱਲ੍ਹ ਹੀ ਪਿੰਡ ਪੰਜਗਰਾਈਂ (ਜਿਥੋਂ ਦੇ ਦੋ ਸਿੱਖ ਨੌਜਵਾਨਾਂ ਨੂੰ ਪੰਜਾਬ ਪੁਲਿਸ ਵੱਲੋਂ ਬਰਗਾੜੀ ਬੇਅਦਬੀ ਦੇ ਦੋਸ਼ ਅਧੀਨ ਗ੍ਰਿਫਤਾਰ ਕੀਤਾ ਗਿਆ ਸੀ), ਦੀ ਪੰਚਾਇਤ ਵੱਲੋਂ ਪੰਜਾਬ ਪੁਲਿਸ ਤੇ ਦੋਸ਼ ਲਗਾਇਆ ਗਿਆ ਕਿ ਗ੍ਰਿਫਤਾਰ ਕੀਤੇ ਦੋਵਾਂ ਭਰਾਵਾਂ ਦਾ ਇਸ ਕਾਂਡ ਨਾਲ ਕੋਈ ਸੰਬੰਧ ਨਹੀਂ ਹੈ।
ਪਿੰਡ ਦੇ ਸਰਪੰਚ ਬਲਦੇਵ ਸਿੰਘ ਨੇ ਕਿਹਾ ਕਿ ਇਹ ਪੂਰਾ ਪਰਿਵਾਰ ਅੰਮ੍ਰਿਤਧਾਰੀ ਹੈ।ਉਨ੍ਹਾਂ ਕਿਹਾ ਕਿ ਬੇਅਦਬੀ ਤੋਂ ਬਾਅਦ ਰੁਪਿੰਦਰ ਸਿੰਘ ਦੀ ਐਸ.ਜੀ.ਪੀ.ਸੀ ਮੈਂਬਰ ਸੁਖਦੇਵ ਸਿੰਘ ਬਾਠ ਅਤੇ ਧਰਨੇ ਤੇ ਪੁੱਜੇ ਉੱਚ ਪੁਲਿਸ ਅਧਿਕਾਰੀਆਂ ਨਾਲ ਤਕਰਾਰ ਹੋਈ ਸੀ।ਪੁਲਿਸ ਨੇ ਇਸੇ ਕਰਕੇ ਉਨ੍ਹਾਂ ਨੂੰ ਇਸ ਕੇਸ ਵਿੱਚ ਫਸਾ ਦਿੱਤਾ ਹੈ।ਦੋਵਾਂ ਭਰਾਵਾਂ ਦੀ ਆਰਥਿਕ ਹਾਲਤ ਮਾੜੀ ਹੈ।ਨੌਜਵਾਨਾਂ ਦੀ ਗ੍ਰਿਫਤਾਰੀ ਤੋਂ ਖਫਾ ਹੋਏ ਪਿੰਡ ਵਾਸੀਆਂ ਨੇ ਮੋਗਾ ਰੋਡ ’ਤੇ ਵੀ ਜਾਮ ਲਾ ਦਿੱਤਾ।ਇਸ ਸੰਬੰਧੀ ਪਿੰਡ ਦੀ ਪੰਚਾਇਤ ਵੱਲੋਂ ਜਿਲ੍ਹਾ ਪੁਲਿਸ ਮੁਖੀ ਨਾਲ ਵੀ ਗੱਲਬਾਤ ਕੀਤੀ ਗਈ।
ਬਾਦਲ ਦੇ ਜਾਣ ਤੋਂ ਬਾਅਦ ਅਕਾਲੀ ਦਲ ਦੇ ਸਰਕਲ ਪ੍ਰਧਾਨ ਵੱਲੋਂ ਦਿੱਤਾ ਗਿਆ ਅਸਤੀਫਾ:
ਪ੍ਰਕਾਸ਼ ਸਿੰਘ ਬਾਦਲ ਭਾਵੇਂ ਆਪਣੇ ਸੰਬੋਧਨ ਵਿੱਚ ਅਕਾਲੀ ਆਗੂਆਂ ਨੂੰ ਇਸ ਘੜੀ ਦਾ ਡੱਟ ਕੇ ਮੁਕਾਬਲਾ ਕਰਨ ਦਾ ਹੌਂਸਲਾ ਦਿੰਦੇ ਰਹੇ ਪਰ ਉਨ੍ਹਾਂ ਦੇ ਅਨੰਦਪੁਰ ਸਾਹਿਬ ਤੋਂ ਜਾਣ ਦੇ ਬਾਅਦ ਅਨੰਦਪੁਰ ਸਾਹਿਬ ਦੇ ਸਰਕਲ ਪ੍ਰਧਾਨ ਜਥੇਦਾਰ ਸੰਤੋਖ ਸਿੰਘ ਵੱਲੋਂ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਗਿਆ।ਜਥੇਦਾਰ ਸੰਤੋਖ ਸਿੰਘ ਨੇ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਅਤੇ ਸ਼ਾਂਤਮਈ ਰੋਸ ਪ੍ਰਗਟ ਕਰ ਰਹੀਆਂ ਸਿੱਖ ਸੰਗਤਾਂ ’ਤੇ ਸਰਕਾਰ ਦੀ ਸ਼ਹਿ ਤੇ ਢਾਹੇ ਗਏ ਅੱਤਿਆਚਾਰ, ਜਿਸ ਵਿੱਚ ਦੋ ਸਿੱਖ ਸ਼ਹੀਦ ਹੋ ਗਏ ਸਨ, ਤੋਂ ਦੁਖੀ ਹੋ ਕੇ ਉਹ ਅਸਤੀਫਾ ਦੇ ਰਹੇ ਹਨ।
Related Topics: Giani Mall Singh jathedar Takhat Sri keshgarh Sahib, Parkash Singh Badal, Sri Anandpur Sahib