September 9, 2016 | By ਸਿੱਖ ਸਿਆਸਤ ਬਿਊਰੋ
ਸਾਉਥਹਾਲ (ਲੰਡਨ): ਵਿਦੇਸ਼ਾਂ ’ਚ ਰਹਿ ਰਹੇ ਪੰਜਾਬੀਆਂ ਨੂੰ ਪੰਜਾਬ ਦੇ ਵਿਕਾਸ ਬਾਰੇ ਖੁਦ ਤੱਥਾਂ ਤੇ ਸੱਚਾਈ ਨੂੰ ਜਾਣਨ ਲਈ ਆਪਣੇ ਵਤਨ ਜਾਣਾ ਚਾਹੀਦਾ ਹੈ। ਸ਼੍ਰੋਮਣੀ ਅਕਾਲੀ ਦਲ ਦੇ ਸਕੱਤਰ ਜਨਰਲ ਤੇ ਮੈਂਬਰ ਰਾਜਸਭਾ ਸ. ਸੁਖਦੇਵ ਸਿੰਘ ਢੀਂਡਸਾ ਦੀ ਅਗਵਾਈ ਹੇਠ ਇੰਗਲੈਂਡ ਦੇ ਦੌਰੇ ’ਤੇ ਆਏ ਹੋਏ ਬਾਦਲ ਦਲ ਦੇ ਡੇਲੀਗੇਸ਼ਨ ਦਾ ਪਾਰਕ ਐਵੇਨਿਊ ਸਾਉਥਹਾਲ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਵਾਗਤ ਕਰਨ ਮੌਕੇ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਪਿਛਲੇ 9 ਸਾਲਾਂ ’ਚ ਬਾਦਲ ਦਲ ਅਤੇ ਭਾਜਪਾ ਗੱਠਜੋੜ ਸਰਕਾਰ ਨੇ ਜੋ ‘ਰਿਕਾਰਡ’ ਵਿਕਾਸ ਕੀਤਾ ਹੈ ਉਸ ਨਾਲ ਸੂਬਾ ‘ਮੁੜ ਤਰੱਕੀ’ ਦੀ ਲੀਹ ’ਤੇ ਚੱਲਣ ਲੱਗਾ ਹੈ। ਪ੍ਰਵਾਸੀ ਪੰਜਾਬੀਆਂ ਨੂੰ ਵਿਕਾਸ ਦੀ ਸੱਚਾਈ ਜਾਣਨ ਲਈ ਖੁਦ ਅੱਗੇ ਆਉਣਾ ਚਾਹੀਦਾ ਹੈ ਨਾ ਕਿ ਉਹ ਪੰਜਾਬ ਵਿਰੋਧੀ ਸ਼ਕਤੀਆਂ ਵੱਲੋਂ ਫੈਲਾਏ ਜਾ ਰਹੇ ਕੂੜ ਪ੍ਰਚਾਰ ਤੋਂ ਪ੍ਰਭਾਵਤ ਹੋਣ। ਉਨ੍ਹਾਂ ਕਿਹਾ ਕਿ ਵਿਦੇਸ਼ਾਂ ਵਿਚ ਨਸ਼ਿਆਂ ਦੇ ਮੁੱਦੇ ’ਤੇ ਪੰਜਾਬ ਨੂੰ ਬਦਨਾਮ ਕੀਤਾ ਜਾ ਰਿਹਾ ਹੈ। ਬਾਦਲ ਦਲ ਦੇ ਡੇਲੀਗੇਸ਼ਨ ਨੇ ਪ੍ਰਵਾਸੀ ਪੰਜਾਬੀਆਂ ਦੀਆਂ ਸਮੱਸਿਆਵਾਂ ਜਾਣਨ ਲਈ ਉਨ੍ਹਾਂ ਨਾਲ ਵਿਚਾਰ-ਵਟਾਂਦਰਾ ਕੀਤਾ।
ਸਿਰਸਾ ਨੇ ਪ੍ਰਵਾਸੀ ਅਕਾਲੀ ਨੇਤਾਵਾਂ ਨੂੰ ਵਿਸ਼ਵਾਸ ਦਿਵਾਇਆ ਕਿ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਨੇ ਸੁਨੇਹਾ ਭੇਜਿਆ ਹੈ ਕਿ ਜਦੋਂ ਤੱਕ ਇੰਗਲੈਂਡ ਵਿਚ ਪਾਰਟੀ ਦਾ ਜਥੇਬੰਦਕ ਢਾਂਚਾ ਬਣਾ ਕੇ ਐਲਾਨ ਨਹੀਂ ਕਰ ਦਿੱਤਾ ਜਾਂਦਾ ਉਦੋਂ ਤੱਕ ਡੇਲੀਗੇਸ਼ਨ ਦੇ ਨੇਤਾ ਇੰਗਲੈਂਡ ਹੀ ਰੁਕਣਗੇ। ਸ੍ਰੀ ਗੁਰੂ ਸਿੰਘ ਸਭਾ ਸਾਉਥਹਾਲ ਦੇ ਪ੍ਰਧਾਨ ਗੁਰਮੇਲ ਸਿੰਘ ਮੱਲ੍ਹੀ ਤੇ ਮੀਤ ਪ੍ਰਧਾਨ ਸੋਹਨ ਸਿੰਘ ਸਮਰਾ ਸਮੇਤ ਕਮੇਟੀ ਮੈਂਬਰਾਂ ਨੇ ਡੇਲੀਗੇਸ਼ਨ ਦੇ ਮੁਖੀ ਸੁਖਦੇਵ ਸਿੰਘ ਢੀਂਡਸਾ ਤੇ ਮਨਜਿੰਦਰ ਸਿੰਘ ਸਿਰਸਾ ਨੂੰ ਸਿਰੋਪਾਓ ਅਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ। ਸਾਉਥਹਾਲ ਨੇੜਲੇ ਖੇਤਰ ਹੰਸਲੋ, ਹੇਜ, ਬਰਮਿੰਘਮ, ਡਰਬੀ ਸਲੋਹ ਆਦਿ ਵੱਖ-ਵੱਖ ਸ਼ਹਿਰਾਂ ਤੋਂ ਵੀ ਬਾਦਲ ਦਲ ਦੇ ਆਗੂ ਪਹੁੰਚੇ ਹੋਏ ਸਨ। ਇਸ ਮੌਕੇ ਮਲਕੀਤ ਸਿੰਘ ਗਰੇਵਾਲ, ਅਮਰਜੀਤ ਸਿੰਘ ਢਿੱਲੋਂ, ਸੁਰਜੀਤ ਸਿੰਘ ਬਿਲਗਾ, ਸੁਖਵਿੰਦਰ ਸਿੰਘ, ਮੋਹਨ ਸਿੰਘ, ਸਾਧੂ ਸਿੰਘ, ਜੋਗੀ, ਡਾ. ਪੀਵੀ ਜੌਹਲ, ਮਲਕੀਤ ਸਿੰਘ ਡਰਬੀ, ਸੁੱਚਾ ਸਿੰਘ ਅਟਵਾਲ, ਹਿੰਮਤ ਸਿੰਘ ਨਾਨ ਅਤੇ ਬਾਬੂ ਸਿੰਘ ਆਦਿ ਨੇ ਸੰਬੋਧਨ ਕੀਤਾ।
ਦੂਜੇ ਪਾਸੇ ਖ਼ਾਲਿਸਤਾਨ ਸਮਰਥਕ ਆਗੂਆਂ ਨੇ ਵੀ ਬਿਆਨ ਜਾਰੀ ਕਰਕੇ ਕਿਹਾ ਕਿ ਯੂ.ਕੇ. ਦੀਆਂ ਸਿੱਖ ਜਥੇਬੰਦੀਆਂ ਦੇ ਆਗੂਆਂ ਨੇ ਬਾਦਲ ਦਲ ਦਾ ਬਾਈਕਾਟ ਕੀਤਾ ਹੈ।
ਸਬੰਧਤ ਖ਼ਬਰ:
ਯੂਕੇ ਪੁੱਜੇ ਬਾਦਲ ਦਲ ਦੇ ਆਗੂਆਂ ਵਲੋਂ ਗੱਲਬਾਤ ਦੀ ਪੇਸ਼ਕਸ ਨੂੰ ਖਾਲਿਸਤਾਨੀ ਜਥੇਬੰਦੀਆਂ ਨੇ ਠੁਕਰਾਇਆ …
Related Topics: Badal Dal, Black List, Federation Of Sikh Organizations UK, Gurmail Singh Malhi, Khalistan issue, Manjinder Sirsa, Punjab Politics, Sikh Diaspora, Sikhs In UK, Sukhdev Singh Dhindsa