May 19, 2020 | By ਸਿੱਖ ਸਿਆਸਤ ਬਿਊਰੋ
ਚੰਡੀਗੜ੍ਹ: ਸਿੱਖ ਸਿਆਸਤ ਵੱਲੋਂ ਰਾਣਾ ਅਯੂਬ ਦੀ ਲਿਖੀ ਕਿਤਾਬ ‘ਗੁਜਰਾਤ ਫਾਈਲਾਂ’ ਦੀ ਬੋਲਦੀ ਕਿਤਾਬ ਜਾਰੀ ਕੀਤੀ ਗਈ ਹੈ। ਇਹ ਬੋਲਦੀ ਕਿਤਾਬ ਪੰਜਾਬੀ ਬੋਲੀ ਵਿੱਚ ਹੈ ਅਤੇ ਇਹ ਸਿੱਖ ਸਿਆਸਤ ਦੀ ਐਪਲ ਅਤੇ ਐਂਡਰਾਇਡ ਐਪ ਰਾਹੀਂ ਸੁਣੀ ਜਾ ਸਕੇਗੀ।
ਖੋਜੀ ਪੱਤਰਕਾਰ ਰਾਣਾ ਅਯੂਬ ਦੀ ਕਿਤਾਬ ‘ਗੁਜਰਾਤ ਫਾਈਲਾਂ: ਪਰਦਾਪੋਸ਼ੀ ਦੀ ਚੀਰਫਾੜ’ ਮੂਲ ਰੂਪ ਵਿਚ ਵਿੱਚ ਅੰਗਰੇਜ਼ੀ ਬੋਲੀ ਵਿੱਚ ਪ੍ਰਕਾਸ਼ਿਤ ਹੋਈ ਸੀ ਅਤੇ ਇਸਦਾ ਕਈ ਹੋਰ ਬੋਲੀਆਂ ਵਿੱਚ ਉਲੱਥਾ ਕੀਤਾ ਗਿਆ ਹੈ। ਗੁਜਰਾਤ ਫਾਈਲਾਂ ਦਾ ਪੰਜਾਬੀ ਅਨੁਵਾਦ ਬੂਟਾ ਸਿੰਘ ਨਵਾਂਸ਼ਹਿਰ ਵੱਲੋਂ ਕੀਤਾ ਗਿਆ ਹੈ ਅਤੇ ਇਹ ਬਾਬਾ ਬੂਝਾ ਸਿੰਘ ਪ੍ਰਕਾਸ਼ਨ ਵੱਲੋਂ ਪ੍ਰਕਾਸ਼ਿਤ ਕੀਤਾ ਗਿਆ ਸੀ।
ਕਿਤਾਬ ਬਾਰੇ – ਖੋਜੀ ਪੱਤਰਕਾਰ ਰਾਣਾ ਅਯੂਬ ਵੱਲੋਂ ਗੁਜਰਾਤ ਨਸਲਕੁਸ਼ੀ, ਫਰਜ਼ੀ ਮੁਕਾਬਲਿਆਂ ਅਤੇ ਸਿਆਸੀ ਕਤਲਾਂ ਦੀ ਰੂਪੋਸ਼ ਰਹਿ ਕੇ ਕੀਤੀ ਗਈ ਛਾਣਬੀਣ ਉੱਤੇ ਅਧਾਰਿਤ ਹੈ ਜਿਸ ਵਿਚ ਹੈਰਾਨੀਕੁਨ ਇਕਸ਼ਾਫ ਸਾਹਮਣੇ ਆਏ ਹਨ।ਅਮਰੀਕਨ ਫਿਲਮ ਇੰਸਟੀਚਿਊਟ ਕਾਨਜ਼ਰਵੇਟਰੀ ਦੀ ਇਕ ਫਿਲਮਸਾਜ਼, ਮੈਥਿਲ਼ੀ ਤਿਆਗੀ, ਬਣਕੇ ਰਾਣਾ ਨੇ ਗੁਜਰਾਤ ਦੇ ਉਹਨਾਂ ਨੌਕਰਸ਼ਾਹਾਂ ਅਤੇ ਆਹਲਾ ਪੁਲਿਸ ਅਫਸਰਾਂ ਨਾਲ ਮੁਲਾਕਾਤਾਂ ਕੀਤੀਆਂ ਜੋ 2001 ਅਤੇ 2010 ਦਰਮਿਆਨ ਉਸ ਸੂਬੇ ਵਿਚ ਅਹਿਮ ਅਹੁਦਿਆਂ ਉੱਪਰ ਤਾਈਨਾਤ ਰਹੇ ਸਨ।
ਇਸ ‘ਸਟਿੰਗ ਉਪਰੇਸ਼ਨ’ ਉੱਤੇ ਅਧਾਰਿਤ ਇਹ ਉਤਾਰਾ ਰਾਜ-ਤੰਤਰ ਅਤੇ ਇਸਦੇ ਅਧਿਕਾਰੀਆਂ ਦੀ ਮਨੁੱਖਤਾ ਵਿਰੁੱਧ ਜੁਰਮਾਂ ਵਿੱਚ ਮਿਲੀਭੁਗਤ ਦਾ ਪਰਦਾ ਫਾਸ਼ ਕਰਦਾ ਹੈ।
ਉਹਨਾਂ ਮਾਮਲਿਆਂ ਬਾਰੇ, ਜੋ ਨਰਿੰਦਰ ਮੋਦੀ ਅਤੇ ਅਮਿਤ ਸ਼ਾਹ ਦੇ ਗੁਜਰਾਤ ਵਿੱਚ ਸੱਤਾਧਾਰੀ ਹੋਣ ਅਤੇ ਉਹਨਾਂ ਦੇ ਗੁਜਰਾਤ ਤੋਂ ਦਿੱਲੀ ਤਕ ਪਹੁੰਚਣ ਦੇ ਸਫਰ ਦੇ ਨਾਲੋਂ ਨਾਲ ਚੱਲਦੇ ਹਨ, ਸਨਸਨੀਖੇਜ਼ ਖ਼ੁਲਾਸੇ ਕਰਦੀ ਹੋਈ ਇਹ ਕਿਤਾਬ ਉਹਨਾਂ ਲੋਕਾਂ ਦੀ ਜ਼ੁਬਾਨੀ ਗੁਜਰਾਤ ਦੇ ਸੱਚ ਨੂੰ ਦਬਾਉਣ ਦੀ ਦਾਸਤਾਨ ਬਿਆਨ ਕਰਦੀ ਹੈ ਜਿਹਨਾਂ ਨੇ ਜਾਂਚ ਕਮਿਸ਼ਨਾਂ ਅੱਗੇ ਬਿਆਨ ਦੇਣ ਸਮੇਂ ਕੁਝ ਵੀ ਚੇਤੇ ਨਾ ਹੋਣ ਦਾ ਖੇਖਣ ਕੀਤਾ ਸੀ ਪਰ ‘ਸਟਿੰਗ ਰਿਕਾਰਡਿੰਗ’ ਵਿਚ ਉਹਨਾਂ ਨੇ ਕੁਝ ਵੀ ਨਹੀਂ ਛੁਪਾਇਆ। ਉਹਨਾਂ ਦੇ ਬਿਆਨ ਇਸ ਕਿਤਾਬ ਦਾ ਆਧਾਰ ਹਨ।
Related Topics: Gujarat Files, Hindutva, Indian Politics, Indian State, Muslim Genocide of 2002 in Gujarat, Narendra Modi, Rana Ayyub