(ਧਿਆਨ ਦਿਓ: ਇਸ ਲਿਖਤ ਵਿੱਚ ਅੰਕ () ਵਿੱਚ ਲਿਖੇ ਹਨ, ਉਹ ਹਵਾਲਾ/ਟਿੱਪਣੀ ਸੂਚਕ ਹੋ ਸਕਦੇ ਹਨ। ਸਾਰੇ ਹਵਾਲਿਆਂ ਅਤੇ ਟਿੱਪਣੀਆਂ ਇਸ ਹਿੱਸੇ ਦੇ ਅਖੀਰ ਵਿੱਚ ਦਿੱਤੇ ਗਏ ਹਨ।)
ਦਯਾਨੰਦ ਗੁਜਰਾਤ ਤੋਂ ਨਿਰਾਸ਼ ਹੋ ਕੇ ਅਪ੍ਰੈਲ 1877 ਵਿਚ ਪੰਜਾਬ ਆਇਆ। ਉਸ ਨੇ ਗੁਜਰਾਤ ਅੰਦਰ ਆਪਣੀ ਕੀਤੀ ਕਮਾਈ ਦਾ ਪੜਚੋਲਵਾਂ ਮੁਲਾਂਕਣ ਕੀਤਾ ਅਤੇ ਆਪਣੇ ਮੱਤ ਅੰਦਰ ਲੁੜੀਂਦੀ ਸੋਧ ਸੁਧਾਈ ਕਰਕੇ ਇਸ ਨੂੰ ਵਧੇਰੇ ਸਾਦਾ ਤੇ ਮਨਭਾਉਂਦਾ ਬਣਾਇਆ। ਪੰਜਾਬ ਅੰਦਰ ਉਸ ਦੇ ਮੱਤ ਨੂੰ ਆਸ ਨਾਲੋਂ ਵੱਧ ਕਬੂਲਵਾਂ ਹੁੰਗਾਰਾ ਮਿਲਿਆ। ਇਹ ਹੁੰਗਾਰਾ, ਜ਼ਿਆਦਾ ਕਰਕੇ, ਸ਼ਹਿਰੀ ਹਿੰਦੂ ਵਰਗ ਵੱਲੋਂ ਮਿਲਿਆ ਜੋ ਆਪਣੀ ਨਿਵੇਕਲੀ ਸਥਿਤੀ ਤੇ ਚੇਤਨਾ ਸਦਕਾ ਕਿਸੇ ਅਜਿਹੀ ਨਵੀਂ ਤੇ ਆਧੁਨਿਕ ਧਾਰਮਿਕ ਵਿਚਾਰਧਾਰਾ (ਤੇ ਪਰੰਪਰਾ) ਦੀ ਤਲਾਸ਼ ਵਿਚ ਸੀ, ਜੋ ਆਧੁਨਿਕ ਜ਼ਮਾਨੇ ਅੰਦਰ ਵਧੇਰੇ ਮਾਣ ਸਤਿਕਾਰ ਤੇ ਪ੍ਰਵਾਨਗੀ ਹਾਸਲ ਕਰਨ ਦੇ ਸਮਰੱਥ ਹੋਵੇ। ਆਰੀਆ ਸਮਾਜੀ ਵਿਚਾਰਧਾਰਾ ਵਿਚ ਉਸ ਨੂੰ ਅਜਿਹੀ ਖੂਬੀ ਤੇ ਸਮਰੱਥਾ ਨਜ਼ਰ ਆਈ। ਇਸ ਨੇ ਉਸ ਨੂੰ ਇਕ ਅਜਿਹਾ ਪਲੇਟਫਾਰਮ ਮੁਹੱਈਆ ਕਰ ਦਿੱਤਾ ਜਿਥੇ ਉਹ ਪੱਛਮ ਦੇ ਨਵੇਂ ਵਿਚਾਰਾਂ ਦੇ ਸਨਮੁਖ, ਆਪਣੀ ਸਨਾਤਨੀ ਹਿੰਦੂ ਧਾਰਮਿਕ ਪਰੰਪਰਾ ਨੂੰ ਕਮਜ਼ੋਰ ਤੇ ਨਿਤਾਣੀ ਸਮਝਣ ਦੀ ਹੀਣ-ਭਾਵਨਾ ਤੋਂ ਮੁਕਤ ਹੋ ਕੇ ਪੂਰੇ ਭਰੋਸੇ ਨਾਲ ਹਿੰਦੂ ਹੋਣ ਦਾ ਗੌਰਵ ਕਰ ਸਕਦਾ ਸੀ। ਕੁਝ ਅਜਿਹੇ ਹੀ ਕਾਰਨ ਸਨ ਜਿਨ੍ਹਾਂ ਕਰਕੇ ਪੰਜਾਬ ਦਾ ਸ਼ਹਿਰੀ ਹਿੰਦੂ ਪੂਰੇ ਜੋਸ਼ੋ-ਖਰੋਸ਼ ਨਾਲ ਆਰੀਆ ਸਮਾਜੀ ਲਹਿਰ ਵੱਲ ਉੱਲਰ ਪਿਆ ਅਤੇ ਥੋੜ੍ਹੇ ਅਰਸੇ ਅੰਦਰ ਹੀ ਪੰਜਾਬ ਆਰੀਆ ਸਮਾਜੀ ਲਹਿਰ ਦਾ ਮੁੱਖ ਗੜ੍ਹ ਹੋ ਨਿਬੜਿਆ।
ਆਰੀਆ ਸਮਾਜੀ ਵਿਚਾਰਧਾਰਾ ਨਾਲ ਜੁੜ ਕੇ ਪੰਜਾਬੀ ਹਿੰਦੂ ਵਰਗ ਆਪਣੇ ਆਪ ਨੂੰ ਹੋਰ ਵੀ ਉੱਤਮ ਸਮਝਣ ਲੱਗ ਪਿਆ। ਉਸ ਅੰਦਰ ਪਹਿਲਾਂ ਹੀ ਵਿਦਮਾਨ ਸਵੈ-ਅਭਿਮਾਨੀ ਬਿਰਤੀ ਖਰਵੇ ਹੰਕਾਰ ਵਿਚ ਵਟ ਗਈ। ਉਸ ਨੇ ਗੈਰ-ਵੈਦਿਕ ਧਰਮਾਂ ਤੇ ਪਰੰਪਰਾਵਾਂ, ਇਥੋਂ ਤੱਕ ਕਿ ਹਿੰਦੂ ਸਨਾਤਨੀ ਧਾਰਾ ਵਿਰੁੱਧ ਵੀ ਕਾਟਵੀਂ ਵਿਚਾਰਧਾਰਕ ਮੁਹਿੰਮ ਵਿੱਢ ਦਿੱਤੀ। 1883 ਵਿਚ ਦਯਾਨੰਦ ਦੀ ਮੌਤ ਤੋਂ ਬਾਅਦ ਆਰੀਆ ਸਮਾਜ ਦੀ ਵਾਗਡੋਰ ਪੰਜਾਬੀ ਹਿੰਦੂ ਲਾਣੇ ਦੇ ਹੱਥ ਆ ਗਈ। ਇਸ ਨਾਲ ਆਰੀਆ ਸਮਾਜੀ ਪ੍ਰਚਾਰ ਅਤੇ ਸਰਗਰਮੀਆਂ ਅੰਦਰ ਵਧੇਰੇ ਕੋਰੀ ਫਿਰਕੂ ਸੋਚ ਤੇ ਉਨਮਾਦ ਦਾ ਬੋਲਬਾਲਾ ਹੋ ਗਿਆ।
ਇਸ ਘਟਨਾ-ਵਿਕਾਸ ਨੇ ਪੰਜਾਬ ਦੇ ਸਮਾਜੀ-ਸਭਿਆਚਾਰਕ ਤੇ ਰਾਜਸੀ ਜੀਵਨ ਉਤੇ ਬਹੁਤ ਹੀ ਡੂੰਘੇ ਤੇ ਚਿਰ-ਸਦੀਵੀ ਅਸਰ ਛੱਡ ਦਿਤੇ। ਪੰਜਾਬ ਦੀ ਰਵਾਇਤੀ ਜੀਵਨ-ਧਾਰਾ ਅੰਦਰ ਵੱਡੀ ਖਲ੍ਹਬਲੀ ਪੈਦਾ ਕਰਨ ਵਾਲੇ ਇਸ ਵਰਤਾਰੇ ਦਾ ਸਹੀ ਥਾਹ ਪਾਉਣ ਲਈ ਪੰਜਾਬ ਦੇ ਹਿੰਦੂ ਵਰਗ ਦੀਆਂ ਕੁਝ ਵਿਸ਼ੇਸ਼ ਖਾਸੀਅਤਾਂ ਨੂੰ ਸਮਝਣਾ ਜ਼ਰੂਰੀ ਹੈ।
ਪੰਜਾਬ ਨੂੰ ਅੰਗਰੇਜ਼ੀ ਰਾਜ ਵਿਚ ਸ਼ਾਮਲ ਕਰ ਲਏ ਜਾਣ ਤੋਂ ਬਾਅਦ ਨਵੇਂ ਪ੍ਰਬੰਧਕੀ ਢਾਂਚੇ ਤੇ ਸਮਾਜੀ-ਸਭਿਆਚਾਰਕ ਵਾਤਾਵਰਨ ਅੰਦਰ ਪੰਜਾਬ ਦੇ ਸ਼ਹਿਰੀ ਹਿੰਦੂ ਵਰਗ ਦੇ ਰੁਤਬੇ ਤੇ ਪੋਜ਼ੀਸ਼ਨ ਅੰਦਰ ਵੱਡੀ ਤਬਦੀਲੀ ਆਈ। ਇਹ ਵਰਗ ਅੰਗਰੇਜ਼ੀ ਵਿਦਿਆ ਹਾਸਲ ਕਰਨ ਵਿਚ ਪੰਜਾਬ ਅੰਦਰ ਸਭ ਤੋਂ ਮੋਹਰੀ ਸੀ। ਇਸ ਨਾਲ ਇਕ ਤਾਂ ਉਸ ਨੂੰ ਸਰਕਾਰੀ ਨੌਕਰੀਆਂ ਤੇ ਹੋਰਨਾਂ ਬਾਵਕਾਰ ਕਿੱਤਿਆਂ (ਵਕਾਲਤ, ਡਾਕਟਰੀ, ਇੰਜਨੀਰਿੰਗ ਆਦਿ) ਵਿਚ, ਆਪਣੀ ਵਸੋਂ ਦੇ ਅਨੁਪਾਤ ਨਾਲੋਂ ਕਿਤੇ ਵਧਵਾਂ ਦਰਜਾ ਨਸੀਬ ਹੋ ਗਿਆ (17)। ਦੂਜਾ, ਉਸ ਦਾ ਪੰਜਾਬੀ ਸਮਾਜ ਅੰਦਰ ਸਮਾਜੀ ਰੁਤਬਾ ਕਾਫੀ ਉਚਾ ਹੋ ਗਿਆ। ਉਹ ਆਪਣੇ ਆਪ ਨੂੰ ‘ਨਵੇਂ ਸੰਸਾਰ’ ਦਾ ਆਗੂ ਸਮਝਣ ਲੱਗ ਪਿਆ ਅਤੇ ਹੋਰਨਾਂ, ਅਨਪੜ੍ਹ ਜਾਂ ਘੱਟ ਪੜ੍ਹੇ ਵਰਗਾਂ ਨੂੰ ‘ਜ਼ਾਹਲ’ ਤੇ ‘ਗੰਵਾਰ’ ਪਰਖਣ ਲੱਗਾ (ਖਾਸ ਕਰਕੇ ਪੇਂਡੂਆਂ ਨੂੰ, ਅਤੇ ਹੋਰ ਖਾਸ ਕਰਕੇ ‘ਜੱਟਾਂ ਬੂਟਾਂ’ ਨੂੰ!)। ਅਸਲ ਵਿਚ ਇਹ ਵਪਾਰੀ/ਕਾਰੋਬਾਰੀ ਵਰਗ, ਵੱਧ ਪੜ੍ਹ ਲਿਖ ਕੇ, ਆਪਣੇ ਆਪ ਨੂੰ ਹੋਰਨਾਂ ਨਾਲੋਂ ਉਤਮ ਨਸਲ ਦਾ ਜੀਵ ਤਸੱਵਰ ਕਰਨ ਲੱਗ ਪਿਆ।
ਪੰਜਾਬ ਦਾ ਹਿੰਦੂ ਬਹੁਤਾ ਕਰਕੇ ਸ਼ਹਿਰੀ ਹੈ, ਸਵਰਨਜਾਤੀ ਹੈ, ਵਪਾਰੀ ਹੈ, ਪਿੰਡ ਵਿਚ ਵੀ ਹੱਟਵਾਣੀਆ ਹੈ। ਦੂਜੇ ਪਾਸੇ, ਸਿੱਖ ਵਸੋਂ ਜ਼ਿਆਦਾ ਕਰਕੇ ਪੇਂਡੂ ਹੈ ਅਤੇ ਵੱਡਾ ਹਿੱਸਾ ਜੱਟ ਕਿਸਾਨ ਹੈ। ਹਿੰਦੂ ਵਪਾਰੀ ਵਰਗ ਆਪਣੇ ਆਪ ਨੂੰ ਵੱਧ ਪੜ੍ਹਿਆ-ਲਿਖਿਆ ਤੇ ਵਧੇਰੇ ਲਾਇਕ ਸਮਝਣ ਦੀ ਧਾਰਨਾ ਦਾ ਸ਼ਿਕਾਰ ਹੋਣ ਕਰਕੇ, ਪੰਜਾਬੀ ਸਮਾਜ ਅੰਦਰ ਆਪਣੀ ਸਰਦਾਰੀ ਸਥਾਪਤ ਕਰਨ ਅਤੇ ਮੰਨਵਾਉਣ ਦੀ ਆਕਾਂਖਿਆ ਰਖਦਾ ਹੈ। ਪਰ ਪੰਜਾਬ ਅੰਦਰ, ਕੁਝ ਇਤਿਹਾਸਕ ਕਾਰਨਾਂ ਕਰਕੇ, ਮੁੱਢ ਤੋਂ ਹੀ ਸ਼ਹਿਰੀ ਹਿੰਦੂ ਵਰਗ ਦੇ ਰਾਹ ਵਿਚ ਜੱਟ ਕਿਸਾਨ ਇਕ ਵੱਡੀ ਰੁਕਾਵਟ ਬਣਿਆ ਆ ਰਿਹਾ ਹੈ। ਇਤਿਹਾਸ ਅੰਦਰ ਪੰਜਾਬ ਦੇ ਜੱਟ ਕਿਸਾਨ ਨੇ ਹਿੰਦੂ ਵਪਾਰੀ ਵਰਗ ਦੀ ਉਹ ਤੜੀ ਤੇ ਈਨ ਨਹੀਂ ਮੰਨੀ ਜੋ ਹੋਰਨਾਂ ਥਾਵਾਂ ਦਾ ਕਿਸਾਨ ਮੰਨਦਾ ਆਇਆ ਹੈ। ਹਿੰਦੂ ਵਪਾਰੀ ਵਰਗ ਨੂੰ ਹਮੇਸ਼ਾ ਇਹ ਚਿੜ੍ਹ ਰਹੀ ਹੈ ਕਿ ਹੋਰਨਾਂ ਕੌਮੀਅਤਾਂ ਵਾਂਗ ਪੰਜਾਬ ਦਾ ਕਿਸਾਨ ਵੀ ਉਸਦੇ ਅੱਗੇ ਵਿਛਿਆ ਹੋਇਆ ਕਿਉਂ ਨਹੀਂ? ਸਿਆਸੀ, ਸਮਾਜਿਕ, ਵਿਚਾਰਧਾਰਕ ਤੇ ਮਾਨਸਿਕ ਤੌਰ ’ਤੇ ਉਸਦੀ ਝੋਲੀ ਕਿਉਂ ਨਹੀਂ ਪਿਆ ਹੋਇਆ?
ਪੰਜਾਬ ਦਾ ਜੱਟ ਕਿਸਾਨ ਅਜਿਹੇ ਨਿਵੇਕਲੇ ਕਿਰਦਾਰ ਦਾ ਮਾਲਕ ਕਿਵੇਂ ਹੋ ਨਿਬੜਿਆ? ਇਹ ਸੁਆਲ ਬਹੁਤ ਅਹਿਮ ਹੈ। ਪ੍ਰਸਿਧ ਮਾਰਕਸਵਾਦੀ ਚਿੰਤਕ ਸਵਰਗਵਾਸੀ ਪ੍ਰੋ. ਕਿਸ਼ਨ ਸਿੰਘ ਦੇ ਸ਼ਬਦਾਂ ’ਚ, ‘‘ਇਸ ਪੋਜ਼ੀਸ਼ਨ ਦੇ ਬਨਾਉਣ ਵਿਚ ਸਿੱਖ ਇਨਕਲਾਬ, ਇਤਿਹਾਸ ਤੇ ਸਿੱਖ ਰੂਪ ਦਾ ਨੁਮਾਇਆ ਹਿਸਾ ਹੈ।….. ਮੁੱਢ ਕਦੀਮ ਤੋਂ ਹੀ ਪੰਜਾਬ ਦੇ ਜੱਟ ਕਿਸਾਨ ਨੇ ਬ੍ਰਾਹਮਣ ਦੀ ਉਹ ਛੱਟ ਨਹੀਂ ਪਵਾਈ….. ਵਿਚਾਰਧਾਰਾ ਨੂੰ ਤਲਵਾਰ ਤੱਕ ਪਹੁੰਚਾਉਣ ਅਤੇ ਤਲਵਾਰ ਨੂੰ ਲੋਕ-ਹਿਤ ਤੱਕ ਲਿਆਉਣ, ਅਰਥਾਤ ਤਲਵਾਰ ਤੇ ਲੋਕ-ਹਿਤ ਦਾ ਸੰਜੋਗ, ਮੁਲਕ ਦੇ ਇਤਿਹਾਸ ਵਿਚ ਪੰਜਾਬ ਦੇ ਜੱਟ ਕਿਸਾਨ ਨੇ ਹੀ ਕੀਤਾ ਅਤੇ ਕੀਤਾ ਸਿਖੀ ਦੇ ਰੂਪ ਵਿਚ, ਗੁਰੂ ਸਾਹਿਬਾਨ ਦੀ ਅਗਵਾਈ ਦੇ ਹੇਠ। ਹੋਰਨਾਂ ਥਾਵਾਂ ਦੇ ਹਰ ਕਿਸਾਨ ਨਾਲੋਂ ਇਹ ਸਿਫਤੀ ਤੌਰ ’ਤੇ ਉਚੇਰਾ ਕਾਰਜ ਸੀ ਅਤੇ ਇਹ ਇਤਿਹਾਸਕ ਅਨੁਭਵ ਇਸਦਾ ਨਿਵੇਕਲਾ ਅਨੁਭਵ ਹੀ ਹੈ। ਪੰਜਾਬ ਦਾ ਜੱਟ ਕਿਸਾਨ ਆਪਣੇ ਇਸ ਇਤਿਹਾਸਕ ਅਨੁਭਵ ਦਾ ਪੜ੍ਹਾਇਆ ਮਾਅਰਕੇ ਮਾਰਦਾ ਆਇਆ ਹੈ।’’18
ਸੋ ਇਹ ਸਿੱਖ ਵਿਚਾਰਧਾਰਾ ਤੇ ਸਿੱਖੀ ਦਾ ਜਜ਼ਬਾ ਹੀ ਹੈ ਜੋ ਪੰਜਾਬ ਦੇ ਜੱਟ ਕਿਸਾਨ ਨੂੰ, ਸਮਾਜੀ ਰੁਤਬੇ ਤੇ ਰੋਲ ਪੱਖੋਂ, ਹੋਰਨਾਂ ਥਾਵਾਂ ਦੇ ਕਿਸਾਨਾਂ ਨਾਲੋਂ ਅਹਿਮ ਰੂਪ ਵਿਚ ਵਖਰਿਆਉਂਦਾ ਹੈ। ਪੰਜਾਬ ਦਾ ਹਿੰਦੂ ਵਪਾਰੀ ਵਰਗ, ਉਪਰਲੇ ਮਨੋ ਸਿੱਖ ਧਰਮ ਪ੍ਰਤੀ ਸ਼ਰਧਾ ਦਾ ਦਿਖਾਵਾ ਕਰਦਾ ਹੋਇਆ, ਢਿਡੋਂ ਹਮੇਸ਼ਾਂ ਹੀ ਇਸ ਪ੍ਰਤੀ ਔਖ ਤੇ ਵੈਰ ਭਾਵ ਪਾਲਦਾ ਆਇਆ ਹੈ। ਇਹ ਗੱਲ ਉਸ ਨੇ ਚਿਰੋਕਣੀ ਬੁੱਝ ਲਈ ਹੋਈ ਸੀ ਕਿ ਜਿੰਨਾ ਚਿਰ ਜੱਟ ਕਿਸਾਨ ਨੂੰ ਉਸ ਦੀ ਇਸ ਨਿਵੇਕਲੀ ਵਿਚਾਰਧਾਰਕ ਮਲਕੀਅਤ ਤੇ ਵਿਰਾਸਤ ਤੋਂ ਵਿਰਵਿਆਂ ਨਹੀਂ ਕੀਤਾ ਜਾਂਦਾ, ਉਨਾਂ ਚਿਰ ਉਸ ਨੂੰ ਲੰਮਿਆਂ ਪਾਉਣਾ ਕਤਈ ਤੌਰ ’ਤੇ ਸੰਭਵ ਨਹੀਂ। ਜੇਕਰ ਸਿੱਖਾਂ ਦੇ ਮਨਾਂ ਵਿਚੋਂ ਇਹ ਗੱਲ ਨਿਕਲ ਜਾਵੇ (ਜਾਂ ਕਿਸੇ ਵਿਧ ਕੱਢ ਦਿੱਤੀ ਜਾਵੇ) ਕਿ ਉਹ ਹਿੰਦੂਆਂ ਨਾਲੋਂ ਕਿਸੇ ਵੱਖਰੀ ਜਾਂ ਬਿਹਤਰ ਪਰੰਪਰਾ ਦੇ ਮਾਲਕ ਹਨ, ਤਾਂ ਉਨਾਂ ਦੀ ਸਾਰੀ ਰੜਕ ਤੇ ਮੜਕ ਆਪਣੇ ਆਪ ਜਾਂਦੀ ਰਹੇਗੀ। ਇਸ ਤਰ੍ਹਾਂ, ਪੰਜਾਬ ਦਾ ਜੱਟ ਕਿਸਾਨ ਵੀ, ਹੋਰਨਾਂ ਥਾਵਾਂ ਵਾਂਗ, ਹਿੰਦੂ ਸਰਮਾਏਦਾਰੀ ਅੱਗੇ ਕੀਰ ਬਣ ਕੇ ਵਿਛਣ ਲਈ ਤਿਆਰ ਹੋ ਜਾਵੇਗਾ ਅਤੇ ਉਸ ਦੇ ਰਾਹ ਦਾ ਇਹ ਵੱਡਾ ਕੰਡਾ ਨਿਕਲ ਜਾਵੇਗਾ। ਇਹੀ ਹੈ ਉਹ ਅਸਲੀ ਵਜ੍ਹਾ ਜਿਸ ਕਰਕੇ ਪੰਜਾਬ ਦੇ ਹਿੰਦੂ ਵਪਾਰੀ ਵਰਗ ਨੇ, ਪਿਛਲੇ ਸਵਾ ਸੌ ਸਾਲਾਂ ਤੋਂ ‘ਸਿੱਖ ਹਿੰਦੂ ਹੈਂ’ ਦੀ ਨਿਰੰਤਰ ਰੱਟ ਲਾ ਰੱਖੀ ਹੋਈ ਹੈ। ਇਹੀ ਹੈ ਉਹ ਵਜ੍ਹਾ ਜਿਸ ਕਰਕੇ ਖਾਲਸਾ ਪੰਥ ਵੱਲੋਂ ਆਪਣੀ ਵੱਖਰੀ ਪਛਾਣ ਜਤਾਉਣ ਦਾ ਹਰ ਯਤਨ ਤੀਰ ਵਾਂਗ ਸਿੱਧਾ ਹਿੰਦੂ ਵਰਗ ਦੇ ਕਲੇਜੇ ’ਚ ਜਾ ਵੱਜਦਾ ਹੈ। ਸਿੱਖ ਧਰਮ ਨੂੰ ਹਿੰਦੂ ਮੱਤ ਦੀ ਹੀ ਇਕ ਵੰਨਗੀ ਵਜੋਂ ਪੇਸ਼ ਕਰਨਾ ਪੰਜਾਬੀ ਹਿੰਦੂ ਵਰਗ ਦੇ ਆਰਥਕ ਤੇ ਸਮਾਜੀ-ਰਾਜਨੀਤਕ ਹਿਤਾਂ ਤੇ ਉਦੇਸ਼ਾਂ ਦੇ ਰਾਸ ਬਹਿੰਦਾ ਹੈ। ਇਸ ’ਚੋਂ ਉਸਨੂੰ ਅਧਿਆਤਮਕ ਸੰਤੁਸ਼ਟੀ ਤੇ ਮਾਨਸਿਕ ਰਾਹਤ ਮਿਲਦੀ ਹੈ। ਆਪਣੀ ਇਸ ਧਾਰਨਾ ਨੂੰ (ਅਸਲ ਵਿਚ ਹਰ ਧਾਰਨਾ ਨੂੰ ਹੀ) ਸਿੱਖ ਭਾਈਚਾਰੇ ਉਤੇ ਠੋਸਣਾ ਉਹ ਆਪਣਾ ਬੌਧਿਕ ਅਧਿਕਾਰ ਸਮਝਦਾ ਹੈ। ਕਿਉਂਕਿ ਉਹ ਹਰ ਮਸਲੇ ਬਾਰੇ ਹੋਰਨਾਂ ਨਾਲੋਂ ‘ਬਿਹਤਰ ਸੋਚਣ’ ਦੀ ਭਰਮ ਚੇਤਨਾ ਦੇ ਰੋਗ ਦਾ ਸ਼ਿਕਾਰ ਹੈ। ਉਸ ਦੇ ਮਨ ਅੰਦਰ ਇਹ ਧਾਰਨਾ ਪੱਕੀ ਵੱਸੀ ਹੋਈ ਹੈ ਕਿ ਹੋਰਨਾਂ ਮਸਲਿਆਂ ਵਾਂਗ ਹੀ, ਸਿੱਖ ਧਰਮ ਬਾਰੇ ਵੀ ਜਿੰਨਾ ਬਿਹਤਰ ਉਹ ਸਮਝ ਸਕਦਾ ਹੈ, ਉਨਾਂ ਹੋਰ ਕੋਈ ਨਹੀਂ, ਸਿੱਖ ਤਾਂ ਖਾਸ ਤੌਰ ’ਤੇ ਹੀ ਨਹੀਂ! ਸੋ ਸਿੱਖ ਧਰਮ ਕੀ ਹੈ? ਖਾਲਸਾ ਪੰਥ ਕੀ ਹੈ? ਸਿੱਖ ਕੀ ਸੋਚਣ ਤੇ ਕੀ ਨਾ ਸੋਚਣ? ਸਿੱਖ ਕੀ ਕਰਨ ਅਤੇ ਕੀ ਨਾ ਕਰਨ? ਸਿੱਖ ਕੌਮ ਦੀ ਜ਼ਿੰਦਗੀ ਨਾਲ ਜੁੜੇ ਤੇ ਉਸਦੀ ਹੋਣੀ ਨੂੰ ਪ੍ਰਭਾਵਤ ਕਰਨ ਵਾਲੇ ਇਨ੍ਹਾਂ ਬੁਨਿਆਦੀ ਸੁਆਲਾਂ ਬਾਰੇ ਸੋਚਣ ਦਾ ਤੇ ਅੰਤਮ ਨਿਰਣਾ ਕਰਨ ਦਾ ਅਧਿਕਾਰ ਸਿੱਖਾਂ ਕੋਲ ਨਹੀਂ, ਕੇਵਲ ਤੇ ਕੇਵਲ ਪੰਜਾਬੀ ਹਿੰਦੂਆਂ ਕੋਲ ਹੈ ਕਿਉਂਕਿ ਓਹੀ ਅਜਿਹੇ ਸੁਆਲਾਂ ਬਾਰੇ ਠੀਕ ਸੋਚ ਸਕਣ ਦੀ ਬੌਧਿਕ ਸਮਰੱਥਾ ਤੇ ਕਾਬਲੀਅਤ ਰੱਖਦੇ ਹਨ। ਅਜਿਹਾ ਉਸਦਾ ਮੰਨਣਾ ਹੈ।
ਸ਼ੁਰੂ ਸ਼ੁਰੂ ਵਿਚ ਸਿੱਖ ਸੁਧਾਰਕਾਂ ਤੇ ਆਰੀਆ ਸਮਾਜੀਆਂ ਵਿਚਕਾਰ ਧਰਮ ਤੇ ਸਮਾਜ ਸੁਧਾਰ ਦੇ ਖੇਤਰ ਅੰਦਰ ਆਪਸੀ ਸਾਂਝ ਤੇ ਮਿਲਵਰਤਨ ਦੀ ਭਾਵਨਾ ਪ੍ਰਗਟ ਹੋਈ। ਖਾਸ ਕਰਕੇ ਈਸਾਈ ਪ੍ਰਚਾਰ ਸਰਗਰਮੀਆਂ ਦਾ ਰਲ ਕੇ ਟਾਕਰਾ ਕਰਨ ਦੀ ਲੋੜ ਦਾ ਅਹਿਸਾਸ ਪੈਦਾ ਹੋਇਆ। ਪਰ ਇਹ ਸਾਂਝ ਥੋੜ੍ਹਾ ਚਿਰ ਹੀ ਨਿਭ ਸਕੀ। ਪੰਜਾਬੀ ਹਿੰਦੂ ਵਰਗ ਦੀ ਤੁਅੱਸਬੀ ਮਾਨਸਿਕਤਾ ਨੇ, ਛੇਤੀ ਹੀ, ਆਰੀਆ ਸਮਾਜ ਨੂੰ ਸਿੱਖ ਵਿਰੋਧੀ ਫਿਰਕੂ ਸੰਸਥਾ ਵਿਚ ਤਬਦੀਲ ਕਰ ਦਿੱਤਾ। ਸਹੀ ਮਾਅਨਿਆਂ ’ਚ ਦੇਖਿਆ ਜਾਵੇ ਤਾਂ ਸਿੱਖਾਂ ਪ੍ਰਤੀ ਤਿਰਸਕਾਰ ਤੇ ਫਿਰਕੂਪੁਣੇ ਦੇ ਅੰਸ਼ ਦਯਾਨੰਦ ਦੇ ਨਜ਼ਰੀਏ ਤੇ ਵਿਚਾਰਾਂ ਅੰਦਰ ਹੀ ਪਏ ਸਨ। ਉਸ ਨੇ ਆਪਣੀ ਇਕ ਪੋਥੀ (ਸਤਿਆਰਥ ਪ੍ਰਕਾਸ਼) ਅੰਦਰ ਸ੍ਰੀ ਗੁਰੂ ਨਾਨਕ ਦੇਵ ਜੀ ਬਾਰੇ ਕਾਫੀ ਇਤਰਾਜ਼ਯੋਗ ਅਤੇ ਅਪਮਾਨਜਨਕ ਟਿਪਣੀਆਂ ਕੀਤੀਆਂ ਸਨ। ਆਪਣੇ ਕਈ ਭਾਸ਼ਨਾਂ ਅੰਦਰ ਵੀ ਉਸ ਨੇ ਗੁਰੂ ਸਾਹਿਬਾਨ ਖਿਲਾਫ਼ ਮੰਦੇ ਬਚਨ ਬੋਲਣ ਦੀ ਗੁਸਤਾਖੀ ਕੀਤੀ ਸੀ। ਬਾਅਦ ’ਚ ਸਿੱਖ ਭਾਈਚਾਰੇ ਦੇ ਤਿੱਖੇ ਵਿਰੋਧ ਸਦਕਾ ਉਹ ਆਪਣੀ ਇਸ ‘ਭੁੱਲ’ ਨੂੰ ਸੋਧਣ ਲਈ ਰਾਜ਼ੀ ਹੋ ਗਿਆ ਸੀ। ਪ੍ਰੰਤੂ ਉਸ ਦੀ ਮੌਤ ਤੋਂ ਬਾਅਦ ਪੰਜਾਬੀ ਆਰੀਆ ਸਮਾਜੀ ਧੜੇ ਨੇ ਨਾ ਸਿਰਫ ਇਸ ਗਲਤੀ ਨੂੰ ਸੁਧਾਰਨ ਤੋਂ ਇਨਕਾਰ ਕਰ ਦਿੱਤਾ ਸਗੋਂ ਸਿੱਖ ਧਰਮ ਤੇ ਸਿੱਖ ਗੁਰੂ ਸਾਹਿਬਾਨ ਵਿਰੁੱਧ ਤੁਅੱਸਬੀ ਪ੍ਰਚਾਰ ਦੀ ਸੁਰ ਹੋਰ ਉੱਚੀ ਚੁੱਕ ਦਿੱਤੀ। ਜਾਤਪਾਤ ਦੀ ਲਾਹਨਤ ਤੋਂ ਸੁਰਖੁਰੂ ਹੋਣ ਲਈ ਸਿੱਖ ਬਣੇ ਹਿੰਦੂ ਦਲਿਤ ਵਰਗ ਨੂੰ ਮੁੜ ਹਿੰਦੂ ਸਮਾਜ ਦਾ ਅੰਗ ਬਨਾਉਣ ਦੇ ਮੰਤਵ ਨਾਲ, ਆਰੀਆ ਸਮਾਜ ਨੇ ‘ਸ਼ੁਧੀਕਰਨ’ ਦੀ ਮੁਹਿੰਮ ਆਰੰਭ ਦਿੱਤੀ। ਇਨ੍ਹਾਂ ਸ਼ੁਧੀਕਰਨ ਸਭਾਵਾਂ ਅੰਦਰ ਸਿੱਖ ਧਰਮ ਤੇ ਗੁਰੂ ਸਾਹਿਬਾਨ ਖਿਲਾਫ ਭੜਕਾਊ ਲਹਿਜੇ ਵਾਲੇ ਭਾਸ਼ਨ ਕੀਤੇ ਜਾਣ ਲੱਗੇ। 25 ਨਵੰਬਰ 1888 ਵਾਲੇ ਦਿਨ ਲਾਹੌਰ ਵਿਖੇ ਆਰੀਆ ਸਮਾਜ ਦੀ ਸਲਾਨਾ ਸਭਾ ਅੰਦਰ ਪੰਡਤ ਗੁਰੂ ਦੱਤ, ਪੰਡਤ ਲੇਖ ਰਾਜ ਤੇ ਲਾਲਾ ਮੁਰਲੀਧਰਨ ਵਰਗੇ ਚੋਟੀ ਦੇ ਨੇਤਾਵਾਂ ਨੇ ਸਿੱਖ ਧਰਮ ਤੇ ਗੁਰੂ ਸਾਹਿਬਾਨ ਦਾ ਬਹੁਤ ਹੀ ਹੋਛੇ ਤੇ ਗੈਰ-ਜ਼ਿੰਮੇਵਾਰਾਨਾ ਲਹਿਜੇ ਵਿਚ ਮਖੌਲ ਉਡਾਇਆ। ਜੂਨ 1890 ਵਿਚ ਇਕ ‘ਸ਼ੁਧੀਕਰਨ ਸਭਾ’ ਅੰਦਰ ਦਰਜਨਾਂ ਦੀ ਗਿਣਤੀ ਵਿਚ ‘ਰਹਿਤੀਏ’ ਸਿੱਖਾਂ ਦੇ ਖੁੱਲ੍ਹੀ ਸਟੇਜ ’ਤੇ ਤਾੜੀਆਂ ਦੀ ਗੂੰਜ ਵਿਚ ਕੇਸ ਕਤਲ ਕੀਤੇ ਗਏ ਅਤੇ ਉਨ੍ਹਾਂ ਨੂੰ ਮੁੜ ਹਿੰਦੂ ਸਮਾਜ ਵਿਚ ਸ਼ਾਮਲ ਕਰਨ ਦੀਆਂ ਰਸਮਾਂ ਅਦਾ ਕੀਤੀਆਂ ਗਈਆਂ। ਅਜਿਹੀਆਂ ਕੋਝੀਆਂ ਤੇ ਭੜਕਾਊ ਕਾਰਵਾਈਆਂ ਨੇ ਸਿੱਖ ਭਾਈਚਾਰੇ ਅੰਦਰ ਹੋਰ ਵੀ ਗੁੱਸੇ ਦੀ ਲਹਿਰ ਪੈਦਾ ਕਰ ਦਿੱਤੀ ਅਤੇ ਉਸ ਅੰਦਰ, ਇਸ ਆਰੀਆ ਸਮਾਜੀ ਬਦਤਮੀਜ਼ੀ ਦਾ ਬਕਾਇਦਾ ਜਥੇਬੰਦ ਰੂਪ ’ਚ ਟਾਕਰਾ ਕਰਨ ਦੀ ਲੋੜ ਦਾ ਅਹਿਸਾਸ ਜਾਗ ਉਠਿਆ।(19)
ਲਾਹੌਰ ਸਿੰਘ ਸਭਾ ਨੇ ਪ੍ਰੋ. ਗੁਰਮੁਖ ਸਿੰਘ ਦੀ ਪ੍ਰਤਿਭਾਸ਼ੀਲ ਅਗਵਾਈ ਹੇਠ ਇਸ ਆਰੀਆ ਸਮਾਜੀ ਹਮਲੇ ਵਿਰੁੱਧ ਸਿਧਾਂਤਕ ਲੜਾਈ ਦਾ ਮੈਦਾਨ ਗਰਮਾ ਦਿੱਤਾ। ਆਰੀਆ ਸਮਾਜ ਦੀ ਸਿੱਖ ਵਿਰੋਧੀ ਮੁਹਿੰਮ ਤੋਂ ਨਰਾਜ਼ ਹੋ ਕੇ ਇਸ ਨਾਲੋਂ ਅਲੱਗ ਹੋਏ ਭਾਈ ਜਵਾਹਰ ਸਿੰਘ ਤੇ ਭਾਈ ਦਿੱਤ ਸਿੰਘ ਇਸ ਸਿਧਾਂਤਕ ਜੰਗ ਅੰਦਰ ਪੰਥ ਲਈ ਵਡਮੁੱਲੇ ਰਤਨ ਸਾਬਤ ਹੋਏ। ਜਿਥੇ ਭਾਈ ਜਵਾਹਰ ਸਿੰਘ ਅੱਵਲ ਦਰਜੇ ਦੀ ਜਥੇਬੰਦਕ ਯੋਗਤਾ ਦੇ ਮਾਲਕ ਸਨ, ਉਥੇ ਭਾਈ ਦਿੱਤ ਸਿੰਘ ਬਹਿਸ-ਕਲਾ ਵਿਚ ਨਿਪੁੰਨ ਅਤੇ ਆਹਲਾ ਦਰਜੇ ਦੇ ਪ੍ਰਚਾਰਕ ਸਨ। ਉਨੀਵੀਂ ਸਦੀ ਦੇ ਆਖਰੀ ਸਾਲਾਂ ਵਿਚ ਆਰੀਆ ਸਮਾਜ ਤੇ ਸਿੰਘ ਸਭਾ ਵਿਚਕਾਰ ਸਿਧਾਂਤਕ ਵਿਵਾਦ ਸਿਖਰਾਂ ’ਤੇ ਪਹੁੰਚ ਗਿਆ। ਅਸਲ ਵਿਚ ਇਹ ਦੌਰ ਪੰਜਾਬ ਅੰਦਰ ਆਮ ਰੂਪ ਵਿਚ ਹੀ ਧਾਰਮਿਕ ਵਿਵਾਦਾਂ ਅਤੇ ਬਖੇੜਿਆਂ ਦਾ ਦੌਰ ਸੀ, ਜਦੋਂ ਨਾ ਸਿਰਫ ਅਲੱਗ-ਅਲੱਗ ਧਾਰਮਿਕ ਭਾਈਚਾਰਿਆਂ ਵਿਚਕਾਰ ਆਪਸ ਵਿਚ ਸਗੋਂ ਉਨ੍ਹਾਂ ਦੇ ਅੰਦਰ ਵੀ ਸਿਧਾਂਤਕ ਵਿਵਾਦਾਂ ਦਾ ਇਕ ਤੂਫਾਨ ਜਿਹਾ ਉਠ ਖੜ੍ਹਾ ਹੋਇਆ ਸੀ। ਸਿੱਖ ਪੰਥ ਨੂੰ ਕਈ ਪਾਸਿਆਂ ਤੋਂ ਹਮਲਿਆਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਅੰਦਰੋਂ ਵੀ (ਜਿੱਥੇ ‘ਬਿਪਰਨ ਕੀ ਰੀਤ’ ਦਾ ਪੂਰਨ ਬੋਲਬਾਲਾ ਸੀ), ਈਸਾਈ ਪ੍ਰਚਾਰਕਾਂ ਵੱਲੋਂ ਵੀ (ਜਿਨ੍ਹਾਂ ਨੇ ਸਿੱਖਾਂ ਨੂੰ, ਖਾਸ ਕਰਕੇ ਇਸ ਦੇ ਗਰੀਬ ਵਰਗਾਂ ਨੂੰ ਈਸਾਈ ਧਰਮ ਵੱਲ ਪ੍ਰੇਰਿਤ ਕਰਨ ਲਈ ਪ੍ਰਚਾਰ ਸਰਗਰਮੀਆਂ ਦੀ ਵਿਆਪਕ ਮੁਹਿੰਮ ਚਲਾ ਰੱਖੀ ਸੀ), ਮੁਸਲਮਾਨਾਂ ਦੀ ਅਹਿਮਦੀਆ ਜਮਾਤ ਵੱਲੋਂ (ਜੋ ਗੁਰੂ ਨਾਨਕ ਦੇਵ ਜੀ ਨੂੰ ਮੁਸਲਮਾਨ ਵਜੋਂ ਪੇਸ਼ ਕਰਨ ਦੀਆਂ ਬੇਹੂਦਾ ਕੋਸ਼ਿਸ਼ਾਂ ਕਰ ਰਹੇ ਸਨ), ਅਤੇ ਸਭ ਤੋਂ ਗੰਭੀਰ ਹਮਲਾ ਆਰੀਆ ਸਮਾਜੀਆਂ ਵੱਲੋਂ ਸੀ ਜੋ ਸਿੱਖ ਧਰਮ ਦੀ ਹਿੰਦੂਵਾਦ ਨਾਲੋਂ ਅੱਡਰੀ ਪਛਾਣ ਦੀ ਧਾਰਨਾ ਨੂੰ ਕੱਟੜਤਾ ਨਾਲ ਠੁਕਰਾ ਰਹੇ ਸਨ ਅਤੇ ਸਿੱਖ ਪੰਥ ਨੂੰ ਹਿੰਦੂ ਸਮਾਜ ਦਾ ਹੀ ਅੰਗ ਬਣਾ ਕੇ ਪੇਸ਼ ਕਰਨ ਦੀ ਜ਼ਿਦ ਕਰ ਰਹੇ ਸਨ।
1877 ਵਿਚ ਡਾ. ਅਰਨੈਸਟ ਟਰੰਪ (ਇਕ ਜਰਮਨ ਭਾਸ਼ਾ-ਵਿਗਿਆਨੀ) ਦੁਆਰਾ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਅਧੂਰਾ ਅੰਗਰੇਜ਼ੀ ਤਰਜਮਾ ਪ੍ਰਕਾਸ਼ਤ ਹੋਣ ਨਾਲ ‘ਸਿੱਖ ਪਛਾਣ’ ਦੇ ਮਸਲੇ ’ਤੇ ਚੱਲ ਰਹੀ ਬਹਿਸ ਹੋਰ ਗਰਮਾਇਸ਼ ਫੜ ਗਈ। ਕੁਝ ਤਾਂ ਸਿੱਖ ਪਰੰਪਰਾ ਤੋਂ ਆਪਣੀ ਕੋਰੀ ਅਗਿਆਨਤਾ ਦੀ ਵਜ੍ਹਾ ਕਰਕੇ ਅਤੇ ਕੁਝ ਤਰਜਮੇ ਦੇ ਕੰਮ ਵਿਚ ਆਪਣੇ ਹਿੰਦੂ ਹੱਥ-ਵਟਾਵਿਆਂ ਦੇ ਅਸਰ ਸਦਕਾ, ਡਾ. ਟਰੰਪ ਨੇ ਆਪਣੀ ਲੰਮੀ ਤੇ ਬੇਤੁਕੀ ਭੂਮਿਕਾ ਅੰਦਰ ਸਿੱਖਾਂ ਬਾਰੇ ਕਈ ਅਪਮਾਨਜਨਕ ਤੇ ਅਨਉਚਿਤ ਟਿਪਣੀਆਂ ਕਰ ਮਾਰੀਆਂ। ਡਾ. ਟਰੰਪ ਦੋ ਮਨੌਤਾਂ ਦਾ ਪੱਲਾ ਫੜ ਕੇ ਤੁਰਿਆ। ਇੱਕ ਇਹ ਕਿ ਸਿੱਖ ਹਿੰਦੂ ਹਨ ਅਤੇ ਉਨ੍ਹਾਂ ਦੇ ਵੱਖਰੀ ਪਛਾਣ ਦੇ ਦਾਅਵੇ ’ਚ ਕੋਈ ਦਮ ਨਹੀਂ ਹੈ। ਦੂਜਾ ਇਹ ਕਿ ਜੇਕਰ ਉਹ ਹਿੰਦੂ ਨਹੀਂ ਵੀ ਤਾਂ ਵੀ ਉਹ ਹਿੰਦੂਵਾਦ ਦੀ ਏਨੀ ਮਾਰੂ ਗ੍ਰਿਫਤ ਵਿਚ ਆ ਚੁੱਕੇ ਹਨ ਕਿ ਉਹ, ਧਾਰਮਿਕ ਪੱਖ ਤੋਂ, ਲਗਭਗ ਮਰਨੇ ਪਏ ਹੋਏ ਹਨ। ਉਸ ਨੇ ਤੱਤ ਇਹ ਕੱਢਿਆ ਕਿ ‘‘ਸਿੱਖ ਧਰਮ ਇਕ ਖਾਤਮੇ ਵੱਲ ਵਧ ਰਿਹਾ ਮੱਤ ਹੈ ਜੋ ਜਲਦੀ ਹੀ ਇਤਿਹਾਸ ਦੀ ਬੁੱਕਲ ਵਿਚ ਸਮੋਅ ਜਾਵੇਗਾ?”(20)
ਡਾ. ਟਰੰਪ ਦੀਆਂ ਇਨ੍ਹਾਂ ਟਿੱਪਣੀਆਂ ਨੇ ਦੋਹਰਾ ਪ੍ਰਭਾਵ ਛੱਡਿਆ। ਜਿਥੇ ਇਸ ਨੇ ਸਿੱਖ ਧਰਮ ਦੇ ਦੋਖੀਆਂ, ਖਾਸ ਕਰਕੇ ਆਰੀਆ ਸਮਾਜੀ ਨਿੰਦਕਾਂ ਦੇ ਹੌਂਸਲੇ ਵਧਾਏ ਅਤੇ ਉਨ੍ਹਾਂ ਨੂੰ ਸਿੱਖਾਂ ਖਿਲਾਫ ਢੇਰ ਸਾਰੀ ਪ੍ਰਚਾਰ ਸਮੱਗਰੀ ਮੁਹੱਈਆ ਕੀਤੀ, ਉਥੇ ਨਾਲ ਹੀ, ਇਸ ਨੇ ਸਿੱਖ ਕੌਮ ਦੇ ਬੌਧਿਕ ਤੱਤਾਂ ਨੂੰ ਖਤਰੇ ਤੋਂ ਚੁਕੰਨਿਆਂ ਕਰਨ ਅਤੇ ਆਪਣੀ ਧਾਰਮਿਕ ਤੇ ਕੌਮੀ ਹਸਤੀ ਬਚਾਉਣ ਲਈ ਬੌਧਿਕ ਆਲਸ ਤਿਆਗਣ ਵਾਸਤੇ ਪ੍ਰੇਰਿਤ ਕਰਨ ਵਿਚ ਅਹਿਮ ਭੂਮਿਕਾ ਨਿਭਾਈ। ਸਿੱਖ ਵਿਦਵਾਨਾਂ ਨੇ ਸਿੱਖ ਭਾਈਚਾਰੇ ਅੰਦਰ ਧਾਰਮਿਕ ਜਾਗਰਿਤੀ ਲਿਆਉਣ ਲਈ ਬੌਧਿਕ ਸਰਗਰਮੀਆਂ ਦਾ ਤੋਰਾ ਤੋਰਿਆ। ਵਿਚਾਰਾਂ ਦੇ ਪ੍ਰਗਟਾਵੇ ਤੇ ਪ੍ਰਸਾਰ ਵਾਸਤੇ ਅਨੇਕਾਂ ਸਿੱਖ ਰਸਾਲੇ ਛਪਣੇ ਸ਼ੁਰੂ ਹੋਏ। ਗੁਰਬਾਣੀ, ਸਿੱਖ ਇਤਿਹਾਸ ਅਤੇ ਗੁਰੂਆਂ ਤੇ ਸ਼ਹੀਦਾਂ ਦੇ ਜੀਵਨ ਬਾਰੇ ਲਿਖਤਾਂ ਤੇ ਵਿਆਖਿਆਵਾਂ ਦਾ ਵਿਆਪਕ ਸਿਲਸਿਲਾ ਸ਼ੁਰੂ ਹੋ ਗਿਆ। ਪ੍ਰੋ. ਗੁਰਮੁਖ ਸਿੰਘ ਤੇ ਭਾਈ ਕਾਹਨ ਸਿੰਘ ਨਾਭਾ ਨੇ ਸਾਰੇ ਪੰਜਾਬ ਵਿਚ ਫਿਰ ਫਿਰ ਕੇ ਛਪਿਆ ਅਣਛਪਿਆ ਤੇ ਅਣਗੌਲਿਆ ਸਿੱਖ ਸਾਹਿਤ ਲੱਭਿਆ ਅਤੇ ਇਸ ਨੂੰ ਵੱਡੀ ਪੱਧਰ ’ਤੇ ਛਾਪਣ ਤੇ ਵੰਡਣ ਦਾ ਕਾਰਜ ਆਰੰਭਿਆ। ਗੈਰ-ਪ੍ਰਮਾਣਿਕ ਗ੍ਰੰਥਾਂ ਤੇ ਲਿਖਤਾਂ ਨੂੰ ਛਾਂਟਣ ਤੇ ਪੜਚੋਲਣ ਲਈ ਵਿਸ਼ੇਸ਼ ਸਭਾਵਾਂ ਤੇ ਕਮੇਟੀਆਂ ਬਣਨ ਲੱਗੀਆਂ। ਨਿੰਦਕਾਂ ਦੇ ਵਿਚਾਰਾਂ ਤੇ ਦਲੀਲਾਂ ਦਾ ਮੱਤ ਖੰਡਨ ਕਰਨ ਲਈ ਵਿਸ਼ਾਲ ਪੈਮਾਨੇ ’ਤੇ ਟਰੈਕਟਾਂ, ਪੈਫਲਿਟਾਂ ਦੀ ਛਪਾਈ ਤੇ ਵੰਡ-ਵੰਡਾਈ ਦਾ ਕੰਮ ਸ਼ੁਰੂ ਹੋ ਗਿਆ। ਇਸ ਮਕਸਦ ਲਈ ਵਿਸ਼ੇਸ ਸੰਗਠਨ ਤੇ ਸਭਾਵਾਂ ਹੋਂਦ ’ਚ ਆ ਗਈਆਂ। ਗਿਆਨੀ ਗਿਆਨ ਸਿੰਘ, ਭਾਈ ਦਿਤ ਸਿੰਘ ਤੇ ਭਾਈ ਕਾਹਨ ਸਿੰਘ ਨਾਭਾ ਇਸ ਬੌਧਿਕ ਲਹਿਰ ਦੇ ਅਗਵਾਨੂੰ ਬਣ ਕੇ ਉਭਰੇ ਜਿਨ੍ਹਾਂ ਨੇ ਅਥਾਹ ਲਗਨ ਤੇ ਮਿਹਨਤ ਨਾਲ ਅਨੇਕਾਂ ਹੀ ਪੱਖਾਂ ’ਤੇ ਖੋਜ ਭਰਪੂਰ ਲੇਖਾਂ, ਕਿਤਾਬਾਂ, ਪੋਥੀਆਂ ਤੇ ਪੈਂਫਲਿਟਾਂ ਦੀਆਂ ਛਹਿਬਰਾਂ ਲਾ ਦਿੱਤੀਆਂ। ਬਾਅਦ ਵਿਚ ਭਾਈ ਮੋਹਨ ਸਿੰਘ ਵੈਦ ਤੇ ਭਾਈ ਵੀਰ ਸਿੰਘ ਇਸ ਬੌਧਿਕ ਪਰੰਪਰਾ ਦੇ ਹੋਣਹਾਰ ਵਾਰਸ ਬਣ ਕੇ ਅੱਗੇ ਆਏ। ਕੁਝ ਬਾਰਸੂਖ ਪੰਥਕ ਹਸਤੀਆਂ ਦੀਆਂ ਦਹਾਕੇ ਭਰ ਦੀਆਂ ਸਿਰੜੀ ਕੋਸ਼ਿਸ਼ਾਂ ਨਾਲ 1892 ਵਿਚ ਅੰਮ੍ਰਿਤਸਰ ਵਿਖੇ ਖਾਲਸਾ ਕਾਲਜ ਦੀ ਸਥਾਪਨਾ ਦਾ ਕੰਮ ਸ਼ੁਰੂ ਹੋ ਗਿਆ। ਓਧਰ ਪ੍ਰੋ. ਗੁਰਮੁਖ ਸਿੰਘ ਤੇ ਹੋਰਨਾਂ ਸਿੱਖ ਵਿਦਵਾਨਾਂ ਨੇ ਮੈਕਸ ਆਰਥੁਰ ਮੈਕਾਲਿਫ ਨਾਉਂ ਦੇ ਇਕ ਬੁੱਧੀਮਾਨ ਅੰਗਰੇਜ਼ ਅਫਸਰ (ਜੱਜ) ਨੂੰ ਆਪਣੀ ਬਾਵਕਾਰ ਨੌਕਰੀ ਤਿਆਗ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗਰੇਜ਼ੀ ਵਿਚ ਤਰਜਮੇ ਦਾ ਮਹਾਨ ਕਾਰਜ ਹੱਥ ਲੈਣ ਲਈ ਰਜ਼ਾਮੰਦ ਕਰ ਲਿਆ।
ਇਸ ਬੌਧਿਕ ਸਰਗਰਮੀ ਦੇ ਫਲਸਰੂਪ ਸਿੱਖ ਭਾਈਚਾਰੇ ਅੰਦਰ ਧਾਰਮਿਕ ਚੇਤੰਨਤਾ ਤੇ ਜਾਗਰਤੀ ਦੀ ਲਹਿਰ ਨੇ ਨਵਾਂ ਸਰੂਪ ਧਾਰਨਾ ਸ਼ੁਰੂ ਕਰ ਦਿੱਤਾ। ਸਿੱਖ ਜਨਤਾ ਆਪਣੇ ਧਰਮ ਦੀਆਂ ਵਿਸ਼ੇਸ਼ ਖਾਸੀਅਤਾਂ ਤੇ ਮੌਲਿਕ ਪਰੰਪਰਾਵਾਂ ਤੋਂ ਜਾਣੂ ਹੋਣ ਲੱਗੀ। ਸਿੱਖ ਵਿਦਵਾਨਾਂ ਦੀਆਂ ਲਿਖਤਾਂ ਤੇ ਪਰਵਚਨਾਂ ਦੇ ਜ਼ਰੀਏ ਸਿੱਖ ਭਾਈਚਾਰੇ ਅੰਦਰ ਆਪਣੀ ਧਾਰਮਿਕ ਪਛਾਣ ਬਾਰੇ ਵੱਧ ਸੋਝੀ ਤੇ ਸਪਸ਼ਟਤਾ ਆਉਣੀ ਸ਼ੁਰੂ ਹੋਈ। ਸਿੱਖ ਪਛਾਣ, ਜੋ ਕਿ ਹਿੰਦੂਵਾਦ ਨਾਲ ਬੁਰੀ ਤਰ੍ਹਾਂ ਰਲਗੱਡ ਹੋ ਚੁੱਕੀ ਸੀ, ਦੀਆਂ ਹੱਦਾਂ ਦੀ ਨਿਸ਼ਚਤ ਰੂਪ ’ਚ ਨਿਸ਼ਾਨਦੇਹੀ ਕਰਨ ਅਤੇ ਇਨ੍ਹਾਂ ਨੂੰ ਉਘਾੜ ਕੇ ਪੇਸ਼ ਕਰਨ ਦਾ ਬੌਧਿਕ ਅਮਲ, ਉਨੀਵੀਂ ਸਦੀ ਦੇ ਆਖਰੀ ਸਾਲਾਂ ਅੰਦਰ ਪੂਰਾ ਜਲੌਅ ਫੜ ਗਿਆ। ਸਿੱਖ ਕੌਮ ਦੇ ਜੀਵਨ ਅੰਦਰ ਏਸ ਰੂਪ ’ਚ ਇਹ ਕੰਮ ਪਹਿਲੀ ਵਾਰ ਹੋ ਰਿਹਾ ਸੀ।
ਹਵਾਲੇ ਅਤੇ ਟਿੱਪਣੀਆਂ
16. Ganda Singh, The origin of Hindu-Sikh Tension, Punjab Past and Present, Vol XI, Part II (1977)
17. Harjot Oberoi, The Construction of Religious Bounderies (1997), pp. 364-365
18. ਪ੍ਰੋ. ਕਿਸ਼ਨ ਸਿੰਘ, ਪੰਜਾਬੀ ਸੂਬਾ (ਕਿਤਾਬਚਾ)
19. Kenneth W. Jones, Hum Hindu Nahin : The Arya-Sikh Relations (1877-1905), Punjab Past and Present, Vol XI Part II, 1977, pp. 330-355
20. N. Gerald Barrier, Op. cit., pp. xix-xx