January 16, 2018 | By ਹਰਪ੍ਰੀਤ ਸਿੰਘ
ਲੇਖਕ: ਹਰਪ੍ਰੀਤ ਸਿੰਘ*
ਹਿੰਦੂਸਤਾਨੀ ਸਫਾਰਤਖਾਨਿਆਂ ਦੇ ਸਫੀਰਾਂ ਵੱਲੋਂ ਗੁਰੂਘਰਾਂ ‘ਚ ਦਖਲਅੰਦਾਜ਼ੀ ਕਰਨ ਉੱਤੇ ਉੱਤਰੀ ਅਮਰੀਕਾ, ਯੂਰਪ ਤੇ ਆਸਟ੍ਰੇਲੀਆ ‘ਚ ਲੱਗੀ ਰੋਕ ‘ਤੇ ਹਿੰਦੂਸਤਾਨੀ ਸਫਾਂ ‘ਚ ਕਾਫੀ ਬੁਖਲਾਹਟ ਆਈ ਹੋਈ ਏ। ਵੱਖ-ਵੱਖ ਖੇਤਰਾਂ ‘ਚ ਸਰਗਰਮ ਹਿੰਦੂਤਵੀਆਂ ਵੱਲੋਂ ਇਹ ਰੌਲਾ ਪਾਇਆ ਜਾ ਰਿਹਾ ਹੈ ਕਿ ਸਿੱਖ ਧਰਮ ਸਰਬ ਸਾਂਝੀਵਾਲਤਾ ਦਾ ਸੁਨੇਹਾ ਦਿੰਦਾ ਹੈ ਤੇ ਗੁਰੂਘਰਾਂ ਵਿੱਚ ਕਿਸੇ ਦੇ ਵੀ ਆਉਣ ਤੇ ਪਾਬੰਦੀ ਨੀ ਲੱਗਣੀ ਚਾਹੀਦੀ। ਹਾਲਾਂਕਿ ਕਿ ਕਿਸੇ ਵੀ ਗੁਰੂਦਵਾਰਾ ਸਾਹਿਬਾਨ ‘ਚ ਕਿਸੇ ਨੂੰ ਵੀ ਮੱਥਾ ਟੇਕਣ, ਆਪਣੀ ਅਰਦਾਸ ਬੇਨਤੀ ਕਰਨ ਅਤੇ ਲੰਗਰ ਛੱਕਣ ਤੇ ਕੋਈ ਪਾਬੰਦੀ ਹੈ ਵੀ ਨਹੀਂ ਪਰ ਫੇਰ ਵੀ ਹਿੰਦੋਸਤਾਨੀ ਮੀਡੀਆ ਤੇ ਹਿੰਦ ਹਕੂਮਤ ਦੇ ਸਮਰਥਕ ਮੁੜ-ਮੁੜ ਇਹੀ ਬਿਆਨ ਦੇ ਰਹੇ ਹਨ।
ਇਸ ਗੱਲ ਤੋਂ ਕੋਈ ਵੀ ਮੁਨਕਰ ਨਹੀਂ ਹੋ ਸਕਦਾ ਕਿ ਸਿੱਖੀ ‘ਚ ਕਿਸੇ ਨਾਲ਼ ਵੀ ਨਫਰਤ ਕਰਨੀ ਨਹੀਂ ਸਿੱਖਾਈ ਜਾਂਦੀ। ਪਰ ਇਸ ਗੱਲ ਤੋਂ ਵੀ ਇਨਕਾਰੀ ਨਹੀਂ ਹੋਇਆ ਜਾ ਸਕਦਾ ਕਿ ਸਿੱਖਾਂ ਦੇ ਗੁਰੂਦਵਾਰਾ ਸਾਹਿਬਾਨ ਸਿੱਖਾਂ ਲਈ ਮੀਰੀ-ਪੀਰੀ ਦੇ ਸਿਧਾਂਤ ਨੂੰ ਅਮਲੀ ਤੌਰ ‘ਤੇ ਲਾਗੂ ਕਰਨ ਅਤੇ ਪ੍ਰਚਾਰਨ ਤੇ ਪ੍ਰਸਾਰਣ ਦਾ ਇੱਕ ਧੁਰਾ ਹਨ ਜਿੱਥੇ ਧਰਮ ਦੀ ਤਾਲੀਮ ਦੇ ਨਾਲ਼-ਨਾਲ਼ ਸਿਆਸਤ ਦੇ ਪੈਂਤੜਿਆਂ ਦੀ ਵਿਉਂਤਬੰਦੀ ਵੀ ਹੁੰਦੀ ਹੈ।
ਇਤਿਹਾਸ ਗਵਾਹ ਹੈ ਕਿ ਸਿੱਖ ਗੁਰੂਘਰ ਗਦਰੀ ਬਾਬਿਆਂ ਦੀਆਂ ਰਾਜਸੀ ਗਤੀਵਿਧੀਆਂ ਦਾ ਵੀ ਕੇਂਦਰ ਰਹੇ ਨੇ ਤੇ ’47 ਦੀ ਵੰਡ ਤੋਂ ਬਾਅਦ ਪੰਜਾਬ ਦੇ ਹੱਕਾਂ ਲਈ ਉੱਠੀ ਹਰ ਲਹਿਰ ਗੁਰੂ ਦੀ ਹਜ਼ੂਰੀ ਚੋਂ ਹੀ ਅਰਦਾਸ ਕਰਕੇ ਉੱਠੀ ਹੈ।
ਹਾਂ ਸਿੱਖ ਧਰਮ ਵਿੱਚ ਉਸ ਤਰ੍ਹਾਂ ਦੀ ਸਿਆਸਤ ਹਰਗਿਜ਼ ਨਹੀਂ ਹੈ ਜਿਸ ਤਰ੍ਹਾਂ ਦੀ ਅਸੀਂ ਹਿੰਦੋਸਤਾਨੀ ਉਪਮਹਾਂਦੀਪ ਵਿਚ ਦੂਜੇ ਧਰਮ-ਸਥਾਨਾਂ ਨੂੰ ਢਾਹੁਣ ਤੇ ਉੱਥੇ ਮੰਦਰ ਉਸਾਰਨ ਨੂੰ ਸਿਆਸੀ ਤਾਕਤ ਹਾਸਲ ਕਰਨ ਦਾ ਵਸੀਲਾ ਬਣਾਏ ਜਾਣ ਦੇ ਰੂਪ ਵਿੱਚ ਵੇਖ ਰਹੇ ਹਾਂ ਜਿਸ ਵਿੱਚੋਂ ਮੋਦੀ-ਜੋਗੀ ਜਿਹੇ ਵਰਤਾਰੇ ਸਾਹਮਣੇ ਆਏ ਹਨ।
ਸੋ, ਧਰਮ ਦੀ ਅਜਿਹੀ ਰਾਜਨੀਤੀ ਕਰਨ ਵਾਲਿਆਂ ਵੱਲੋਂ ਅਤੇ ਸਾਡੇ ਕਈ ਹਿੰਦੂਸਤਾਨਵਾਦੀ ਸਿੱਖ ਭਰਾਵਾਂ ਵੱਲੋਂ ਇਹ ਜ਼ੋਰ ਪਾਉਣਾ ਕਿ ਸਿੱਖਾਂ ਨੂੰ ਸਿਆਸਤ ਨੂੰ ਧਰਮ ਤੋਂ ਵੱਖਰਾ ਕਰ ਦੇਣਾ ਚਾਹੀਦਾ ਏ ਕਿਉਂਕਿ ਹੁਣ ਸਮਾਂ ਸਾਹਿਬ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਤੇ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਵਾਲ਼ਾ ਨਹੀਂ ਰਿਹਾ, ਪ੍ਰਤੱਖ ਰੂਪ ਵਿੱਚ ਨਾਵਾਜ਼ਿਬ ਹੈ ਤੇ ਆਪਣੇ ਆਪ ਵਿਚ ਕਪਟੀ ਸਿਆਸਤ ਦਾ ਪ੍ਰਤੀਕ ਹੈ।
ਮੈਂ ਤਾਂ ਇਹ ਖਿਆਲ ਰੱਖਦਾ ਹਾਂ ਕਿ ਹਿੰਦੂਸਤਾਨ ਦੀ ਗ਼ੁਲਾਮੀ ਦੀ ਹੱਦ ਤੋਂ ਬਾਹਰ ਬੈਠੇ ਸਿੱਖਾਂ ਦੇ ਆਗੂਆਂ ਨੇ ਸਿੱਖ ਗੁਰੂਘਰਾਂ ਚ ਹਿੰਦੂਸਤਾਨੀ ਸਫੀਰਾਂ ਦੇ ਦਫਤਰੀ ਤੌਰ ਤੇ ਦਾਖਲੇ ਦੀ ਪਾਬੰਦੀ ’84 ਦੇ ਘੱਲੂਘਾਰੇ ਤੋਂ ਬਾਅਦ ਓੁਨੀ ਦੇਰ ਪੱਕੇ ਤੌਰ ਤੇ ਲਾ ਦੇਣੀ ਚਾਹੀਦੀ ਸੀ ਜਿੰਨੀ ਦੇਰ ਹਿੰਦੂਸਤਾਨੀ ਸਟੇਟ ਸਿੱਖਾਂ ਨੂੰ ਇਨਸਾਫ ਅਤੇ ਸਿੱਖਾਂ ਦੇ ਹੱਕੀ ਮਸਲੇ ਹੱਲ ਨਾ ਕਰ ਦਿੰਦੀ।
ਇਤਿਹਾਸ ਵਿੱਚ ਇਹ ਗੱਲ ਚਿੱਟੇ ਦਿਨ ਵਾਙ ਸਾਫ ਹੈ ਕਿ ਸਿੱਖ ਗੁਰੂਘਰ ਆਪਣੇ ਆਪ ‘ਚ ਇੱਕ ਪ੍ਰਭੂਸੱਤਾ ਸੰਪੰਨ ਸਟੇਟ ਹੈ ਜਿਸ ਵਿੱਚ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਰੂਹਾਨੀ ਬਰਾਬਰਤਾ ਦਾ ਪ੍ਰਤੀਕ ਹਨ ਤੇ ਉੱਚਾ ਲਹਿਰਾਉਂਦਾ ਨਿਸ਼ਾਨ ਸਾਹਿਬ ਗੁਰੂ ਦੀ ਛੱਤਰ ਛਾਇਆ ‘ਚ ਆਏ ਹਰ ਇੱਕ ਜੀਅ ਦੇ ਭੋਜਨ ਅਤੇ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਇੱਕ ਪ੍ਰਭੂਸੱਤਾ ਸੰਪੰਨ ਸਟੇਟ ਦੇ ਪਰਚਮ ਦਾ ਪ੍ਰਤੀਕ ਏ। ਇਕ ਦੇਸ਼ ਵੱਲੋਂ ਦੂਜੇ ਦੇਸ਼ ਦੇ ਨੁਮਾਇੰਦਿਆਂ ਦੇ ਦਾਖਲੇ ਤੇ ਰੋਕ ਲਾਉਣੀ ਕੋਈ ਗੁਨਾਹ ਨਹੀਂ ਹੈ ਬਲਕਿ ਇਕ ਕੂਟਨੀਤਕ (diplomatic) ਮਾਮਲਾ ਹੈ।
ਇਹ ਜਾਇਜ਼ ਤਾਂ ਵੀ ਬਣ ਜਾਂਦਾ ਹੈ ਕਿ ਹਿੰਦੂਸਤਾਨੀ ਹਕੂਮਤ ਨੇ ਆਪਣੀ ਧਿੰਙੋਜ਼ੋਰੀ ਦਿਖਾਉਂਦੇ ਹੋਏ ਸਿੱਖ ਸਟੇਟ ਦੇ ਨੁੰਮਾਇੰਦਿਆਂ ਨੂੰ, ਹਿੰਦੂਸਤਾਨੀ ਕਬਜ਼ੇ ਹੇਠਲੀ ਪੰਜਾਬ ਦੀ ਧਰਤੀ ਤੇ, ਦਾਖਿਲੇ ਤੇ ਪੂਰਨ ਤੌਰ ਤੇ ਰੋਕ ਲਗਾਈ ਹੋਈ ਹੈ। ਹਿੰਦੂਸਤਾਨੀਆਂ ਵੱਲੋਂ ਇਹ ਰੋਕ ਖਾਲਿਸਤਾਨੀਆਂ ਦੀਆਂ ਸਿਆਸੀ ਸਰਗਰਮੀਆਂ ਤੇ ਹੀ ਨੀ, ਸਗੋਂ ਉਸ ਧਰਤੀ ‘ਤੇ ਪੈਰ ਰੱਖਣ ਤੇ ਵੀ ਲਾਈ ਹੋਈ ਹੈ।
ਮੈਂ ਤਾਂ ਕਹਿੰਦਾ ਹਾਂ ਕਿ ਸਿੱਖ ਹਿੰਦੂਸਤਾਨੀਆਂ ਵਾਂਗ ਜ਼ਾਲਿਮ ਤੇ ਰੁੱਖੇ ਨਹੀਂ ਹਨ ਕਿ ਉਹ ਕਿਸੇ ਗ਼ੈਰ ਮੁਲਕੀ ਜਾਂ ਗ਼ੈਰ-ਮਜ਼ਹਬੀ ਬੰਦੇ ਨੂੰ ਗੁਰੂ ਅੱਗੇ ਨਤਮਸਤਿਕ ਹੋਣ ਤੋਂ ਰੋਕਣ, ਜਿਵੇਂ ਕਿ ਹਿੰਦੂਸਤਾਨੀਆਂ ਨੇ ਖਾਲਿਸਤਾਨੀਆਂ ‘ਤੇ ਆਪਣੀ ਮਾਂ-ਧਰਤੀ ਨੂੰ ਸਿੱਜਦਾ ਕਰਨ ਲਈ ਉਨ੍ਹਾਂ ‘ਤੇ ਉਨ੍ਹਾਂ ਦੇ ਹੀ ਦੇਸ਼ ਵਿੱਚ ਆਉਣ ਤੇ ਪਾਬੰਦੀ ਲਾਈ ਹੋਈ ਹੈ।
ਹੁਣ ਜਦੋਂ ਗ਼ੈਰ-ਹਿੰਦੂਸਤਾਨੀ ਗੁਰੂਘਰਾਂ ਚ, ਹਿੰਦੂਸਤਾਨੀ ਸਟੇਟ ਦੇ ਨੁੰਮਾਇੰਦਿਆਂ ਦੇ ਬੋਲਣ ਤੇ ਲੱਗੀ ਰੋਕ ਨੂੰ ਇਸ ਤਰਕ ਦਾ ਆਧਾਰ ਲੈ ਕੇ ਗਲਤ ਸਾਬਿਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਸਿੱਖਾਂ ਦੇ ਗੁਰੂਘਰ ਤਾਂ “ਸਭੇ ਸਾਝੀਵਾਲ ਸਦਾਇਨਿ ਤੂੰ ਕਿਸੈ ਨਾ ਦਿਸਹਿ ਬਾਹਰਾ ਜੀਉ॥” (ਅੰਗ ੯੭) ਦਾ ਉਪਦੇਸ਼ ਦਿੰਦੇ ਨੇ ਤੇ ਸਿੱਖਾਂ ਵਲੋਂ ਲਿਆ ਗਿਆ ਇਹ ਫੈਸਲਾ ਸਿੱਖੀ ਦੇ ਬਿਲਕੁਲ ਉਲਟ ਏ, ਤਾਂ ਮੈਂ ਹਿੰਦੂਸਤਾਨੀਆਂ ਤੋਂ ਇਹ ਪੁੱਛਣਾ ਚਾਹੁੰਦਾ ਹਾਂ ਕਿ ਤੁਹਾਡੇ ਆਪਣੇ ਕਹਿਣ ਅਨੁਸਾਰ ਹਿੰਦੂ ਧਰਮ ਤਾਂ ਪਾਠ ਹੀ ਅਹਿੰਸਾ ਦਾ ਪੜ੍ਹਾਉਂਦਾ ਏ ਤੇ ਜਿੰਨੀ ਕੁ ਅਹਿੰਸਾ ਦਾ ਪਾਲਣ ਹਿੰਦੋਸਤਾਨ ਵਿੱਚ ਹੋ ਰਿਹਾ ਹੈ ਕਰਦੇ ਨੇ ਉਸਦੀਆਂ ਸੌਹਾਂ ਵੀ ਅੱਜ ਕੁੱਲ ਜਹਾਨ ਖਾ ਰਿਹੈ। ਹਰ ਤੀਜੇ ਦਿਨ ਇੱਕ ਖੋਜ ਸਾਹਮਣੇ ਆ ਰਹੀ ਹੈ ਕਿ ਹਿੰਦੂਸਤਾਨ ਚ ਹਰ ਘੱਟ ਗਿਣਤੀ ਕੌਮ ਦਾ ਬੁਰੀ ਤਰ੍ਹਾਂ ਨਾਲ਼ ਘਾਣ ਕੀਤਾ ਜਾ ਰਿਹਾ ਏ। ਹਾਂ, ਜੇ ਕਿਸੇ ਨੇ ਢੀਠਤਾਈ ਨਾਲ ਇਸ ਤੱਥ ਤੋਂ ਮੁਨਕਰ ਹੋਣਾ ਏ ਤਾਂ ਚਾਹੇ ਹੋਈ ਜਾਵੇ।
ਇੱਕ ਹੋਰ ਗੱਲ ਜੋ ਹਿੰਦੂ ਫਲਸਫੇ ਦਾ ‘ਕੋਹੇਨੂਰ’ ਹੈ ਉਹ ਹੈ ਇਸ ਧਰਮ ਦੀ ਮਨੌਤ ਕਿ ਹਿੰਦੂ ਫਲਸਫੇ ਦਾ ਇੱਕ ਬਹੁਤ ਵੱਡਾ ਸਿਧਾਂਤਕ ਐਲਾਨ “वसुधैव कुटुम्बकम्” (ਮਤਲਬ ਕਿ ਸਾਰਾ ਸੰਸਾਰ ਇੱਕ ਪਰਿਵਾਰ ਹੈ)। ਇਸ ਗੱਲ ਨੂੰ ਹਿੰਦੂ ਧਰਮ ਦੀ ਸਹਿਣਸ਼ੀਲਤਾ ਅਤੇ ਸਰਬ-ਸਮਾਨਤਾ ਦੇ ਪ੍ਰਤੀਕ ਵੱਜੋਂ ਦੱਸਿਆ ਜਾਂਦਾ ਹੈ। ਹਾਂ ਅੱਖਰੀ ਲੇਖਣੀ ਚ ਇਹ ਇਬਾਰਤ ਬਹੁਤ ਮਨ-ਲੁਭਾਵੀ ਏ ਪਰ ਅਮਲੀ ਤੌਰ ਤੇ ਇਹ ਇਬਾਰਤ ਉਸ ਅਸਹਿਣਸ਼ੀਲ ਮੁਲਕ ਚ ਇੱਕ “ਪਾਪ ਵਰਗੇ ਝੂਠ” ਦੇ ਬਰੋਬਰ ਏ, ਜਿੱਥੇ ਲੋਕਾਂ ਦਾ, ਭਾਈਚਾਰਿਆਂ ਦਾ ਜਾਂ ਕੌਮਾਂ ਦਾ ਘਾਣ ਇਸ ਵਜ੍ਹਾ ਕਰਕੇ ਕੀਤਾ ਜਾਂਦੈ ਕਿਉਂਕਿ ਉਹ ਪੀੜਤ ਲੋਕ ਕਿਸੇ ਹੋਰ “ਧਾਰਮਿਕ ਫਲਸਫੇ” ਨੂੰ ਮਨਣ ਵਾਲ਼ੇ ਨੇ ਜਾਂ ਉਨ੍ਹਾਂ ਦੀ ਪਛਾਣ ਅੱਡਰੀ ਏ। ਗੱਲਾਂ ਕਰਮਾਂ ਦੀਆਂ ਕਰਨੀਆਂ ਪਰ ਵੰਡੀਆਂ ਜਨਮਾਂ ਦੇ ਆਧਾਰ ਤੇ ਪਾਉਣੀਆਂ ਇਸ ਫਲਸਫੇ ਦੀਆਂ ਮੁੱਢਲੀਆਂ ਆਇਤਾਂ ਨੇ। ਸਮਾਜ ਨੂੰ ਜ਼ਾਤਾਂ ਦੇ ਆਧਾਰ ‘ਤੇ ਅਤੇ ਜ਼ਾਤਾਂ ਨੂੰ ਜਨਮ ਦੇ ਆਧਾਰ ਤੇ ਵੰਡਿਆ ਵੀ ਗਿਆ ਅਤੇ ਨਪੀੜਿਆ ਵੀ ਗਿਆ।
ਇਸਤੋਂ ਇਲਾਵਾ ਵੀ ਚਾਹੇ ਹਿੰਦੋਸਤਾਨੀ “अहिंसा परमॊ धर्मः” ਦਾ ਪ੍ਰਚਾਰ ਕਰਦੇ ਹਨ ਪਰ ਅਮਲੀ ਜੀਵਨ ਚ ਇਹ ਸਿਧਾਂਤ ਵੀ ਹਿੰਦੋਸਤਾਨ ਦੇ ਜੀਵਣ ਦੀਆਂ ਕਾਰਵਾਈਆਂ ਚੋਂ ਬੁਰੀ ਤਰ੍ਹਾਂ ਨਾਲ ਮਨਫੀ ਏ। ਚਾਹੇ ਅੱਜ ਗਾਂਧੀ ਨੂੰ ਹਿੰਦੋਸਤਾਨ ਦਾ “ਇਸ਼ਤਿਹਾਰੀ ਕਾਕਾ” (poster boy) ਬਣਾਇਆ ਹੋਇਆ ਹੈ ਪਰ ਫਿਰ ਵੀ ਮੋਦੀ, ਕੇ. ਪੀ. ਐਸ. ਗਿੱਲ , ਸੈਣੀ ਜਾਂ ਸ਼੍ਰੀਕਾਂਤ ਪੁਰੋਹਿਤ ਵਰਗੇ “ਮਨੁੱਖਤਾ ਦੇ ਮੁਜ਼ਰਿਮ” ਇਸ ਦੇ ਨਾਇਕਾਂ ਦੀ ਫਹਰਿਸਤ ‘ਚ ਮੂਹਰਲਿਆਂ ਵਿਚ ਹਨ।
ਹਰੀਸ਼ਚੰਦਰ ਵਰਗੇ ਇਨਸਾਫ ਪਸੰਦ ਰਾਜੇ ਚਾਹੇ ਹਿੰਦੋਸਤਾਨ ਦੇ ਪ੍ਰਵਚਨਾਂ ‘ਚ ਸ਼ਾਮਿਲ ਨੇ ਪਰ ਇਨਸਾਫ ਇੱਥੋਂ ਦੀਆਂ ਅਦਾਲਤਾਂ ‘ਚੋਂ ਇੰਝ ਗਾਇਬ ਏ ਜਿਵੇਂ ਅਜਿਹੀ ਕੋਈ ਸ਼ੈਅ ਹੁੰਦੀ ਹੀ ਨਹੀਂ। ਜੇਕਰ ਕਹੀ ਜਾਂਦੀ ਸੰਸਕ੍ਰਿਤੀ ਵਿੱਚਲਾ ਕੋਈ (ਔ)ਗੁਣ ਹਿੰਦੋਸਤਾਨੀ ਸਟੇਟ ਅਪਣਾ ਰਹੀ ਹੈ ਤਾਂ ਉਹ ਹੈ ਰਾਜਸੱਤ੍ਹਾ ਲਈ ਕੌਟਲਿਆ ਨੀਤੀ, ਜਾਂ ਕਿਸੇ ਕੌਮ ਨੂੰ ਗ਼ੁਲਾਮ ਬਣਾ ਕੇ ਰੱਖਣ ਲਈ “ਫੁੱਟ ਪਾਓ ਤੇ ਰਾਜ ਕਰੋ” ਜਾਂ “ਜੰਗ ‘ਚ ਕੁਝ ਵੀ ਜਾਇਜ਼ ਹੈ” ਦਾ ਸਿਧਾਂਤ।
ਇਸ ਸਾਰੇ ਕਾਸੇ ਨੂੰ ਵਰਣਨ ਕਰਨ ਦਾ ਮਕਸਦ ਸਿਰਫ ਤੇ ਸਿਰਫ ਇਸ ਸਵਾਲ ਦੀ ਸਿਰਜਣਾ ਕਰਨਾ ਸੀ ਕਿ ਜੇ ਹਿੰਦੂਸਤਾਨੀਆਂ ਦਾ ਫਲਸਫਾ ਸਾਰੇ ਸੰਸਾਰ ਨੂੰ ਇੱਕ ਹੀ ਪਰਿਵਾਰ ਮੰਨਦਾ ਹੈ ਤਾਂ ਫਿਰ ਕਿਸੇ ਖਾਲਿਸਤਾਨੀਆਂ ਦੇ ਉਸਦੀ ਜਨਮ ਭੋਇ ਨੂੰ ਸਿੱਜਦਾ ਕਰਨ ‘ਤੇ ਰੋਕ ਕਿਉਂ? ਤੇ ਜੇਕਰ ਹਿੰਦੋਸਤਾਨੀ ਆਪ ਕਿਸੇ ‘ਤੇ ਉਸਦੀ ਆਪਣੀ ਹੀ ਮਾਤ-ਮਿੱਟੀ ਨੂੰ ਸਿੱਜਦਾ ਕਰਨ ਉੱਤੇ ਰੋਕ ਲਾਉਂਦੇ ਹਨ ਤਾਂ ਉਨ੍ਹਾਂ ਕੋਲ ਹਿੰਦੂਸਤਾਨੀ ਸਫੀਰਾਂ ਦੀਆਂ ਸਿੱਖ ਗੁਰਦਵਾਰਿਆਂ ‘ਚ ਘੁੱਸਪੈਠ ਕਰਕੇ ਫੁੱਟ ਪਾਉਣ ਦੀਆਂ ਚਾਲਾਂ ਨੂੰ ਰੋਕਣ ਲਈ ਗੁਰੂਘਰਾਂ ਦੇ ਨੁੰਮਾਇਂਦਿਆਂ ਵਲੋਂ ਹਿੰਦੂਸਤਾਨੀ ਸਫੀਰਾਂ ਦੇ ਦਫਤਰੀ ਦਾਖਲੇ (Official Visit) ‘ਤੇ ਰੋਕ ਲਾਉਣ ਨੂੰ ਗਲਤ ਦੱਸਣ ਦਾ ਕੀ ਅਧਾਰ ਬਾਕੀ ਬਚਦਾ ਹੈ?
ਸੱਚ ਤਾਂ ਇਹ ਹੈ ਕਿ ਸਿੱਖਾਂ ‘ਚ ਅਜੇ ਵੀ ਹਿੰਦੂਸਤਾਨੀ ਨਿਜ਼ਾਮ ਦੇ ਨੁੰਮਾਇੰਦਿਆਂ ਲਈ ਇੰਨੀ ਕੁ ਸੰਵੇਦਨਸ਼ੀਲਤਾ ਹੈ ਕਿ ਸਿੱਖਾਂ ਨੇ ਇਨ੍ਹਾਂ ਲੋਕਾਂ ਦੇ ਗੁਰੂ ਅੱਗੇ ਨਤਮਸਤਕ ਹੋਣ ਦੇ ਅਧਿਕਾਰ ਤੇ ਕੋਈ ਅੰਕੁਸ਼/ਰੋਕ ਨਹੀਂ ਲਾਈ। ਜੋ ਕਹਿਰ ਹਿੰਦ ਹਕੂਮਤ ਨੇ ਸਿੱਖ ਕੌਮ ‘ਤੇ ਗ਼ੁਜ਼ਾਰੇ ਹਨ ਤੇ ਅੱਜ ਵੀ ਜੋ ਸਲੂਕ ਸਿੱਖਾਂ ਨਾਲ ਹੋ ਰਿਹਾ ਹੈ ਉਨ੍ਹਾਂ ਨੂੰ ਮੁੱਖ ਰੱਖਕੇ ਇਨ੍ਹਾਂ ਉੱਤੇ ਗੁਰੂ ਘਰਾਂ ਦੀ ਹਦੂਦ ‘ਚ ਪੈਰ ਰੱਖਣ ਤੋਂ ਵੀ ਮਨਾਹੀ ਕੀਤੀ ਜਾ ਸਕਦੀ ਸੀ ਪਰ ਸਿੱਖ ਮਾਨਸਿਕਤਾ ਇਹੋ ਜਿਹੀ ਕਾਰਵਾਈ ਦੀ ਕਦੀ ਵੀ ਹਾਮੀ ਨੀ ਭਰੇਗੀ ਕਿਉਂਕਿ ਸਿੱਖ “ਸਰਬ-ਸਾਂਝੀਵਾਲਤਾ” ਦਾ ਸੁਨੇਹਾ ਓਪਰਾ-ਓਪਰਾ ਨਹੀਂ ਪ੍ਰਚਾਰਦੇ ਬਲਕਿ ਇਹ ਸਿੱਖ ਮਨਾਂ ਦੀ ਤਹਿ ਵਿਚ ਪੱਕਾ ਵੱਸਿਆ ਹੋਇਆ ਹੈ। ਹਿੰਦੋਸਤਾਨੀ ਮੀਡੀਆ ਤੇ ਹਿੰਦ ਹਕੂਮਤ ਦੇ ਕਾਰਕੁੰਨਾਂ ਤੇ ਹਿਮਾਇਤੀਆਂ ਵੱਲੋਂ ਕੀਤੀ ਜਾ ਰਹੀ ਹਾਲ ਪਾਰਿਆ ਸਿੱਖਾਂ ਦੇ ਠੋਸ ਸਿਆਸੀ ਫੈਸਲੇ ਵਿਰੁਧ ਪਾਈ ਜਾ ਰਹੀ ਕਾਵਾਂ-ਰੌਲੀ ਤੋਂ ਵੱਧ ਹੋਰ ਕੁਝ ਨਹੀਂ ਹੈ।
* ਲੇਖਕ ਨਾਲ +1-647-309-6969 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।
Related Topics: Black List Issue, Indian Satae, Sikh Diaspora, Sikh News Australia, Sikh News Canada, Sikh News UK, Sikh News USA, Sikhs in Australia, Sikhs in Canada, Sikhs in United Kingdom, Sikhs in Untied States